ਸਤਿਆਰਥ ਦਾ ਰਚਨਾਕਾਰ ਮਹਾਂਰਿਸ਼ੀ

ਸਤਿਆਰਥੀ-11
ਗੁਰਬਚਨ ਸਿੰਘ ਭੁੱਲਰ
ਮੇਰੇ ਘਰ ਦੇ ਕਮਰੇ ਵਿਚ ਸਤਿਆਰਥੀ ਜੀ ਸਨ ਤੇ ਮੈਂ ਸੀ। ਆਥਣ ਡੂੰਘੀ ਹੁੰਦੀ ਜਾਂਦੀ ਸੀ। ਉਨ੍ਹਾਂ ਦਾ ਮੇਜ਼ ਤੋਂ ਚੁੱਕਿਆ ਖਰੜਾ ਬਹੁਤ ਮੋਟਾ ਸੀ। ਇਸ ਖਰੜੇ ਦੇ ਅਖੰਡ ਪਾਠ ਨੇ ਤਾਂ ਸਵੇਰ ਕਰ ਦੇਣੀ ਸੀ। ਮੈਂ ਆਵਾਜ਼ ਵਿਚਲਾ ਭੈ ਛੁਪਾਉਂਦਿਆਂ ਬੇਨਤੀ ਕੀਤੀ, “ਸਤਿਆਰਥੀ ਜੀ, ਰਚਨਾ ਤਾਂ ਕਾਫੀ ਵੱਡੀ ਹੈæææ।”

ਉਹ ਹੱਸੇ, “ਦਰਅਸਲ ਜੀ ਵਰਕੇ ਤਾਂ ਨੌਂ ਹੀ ਹਨ, ਇਕੋ ਪਾਸੇ ਲਿਖੇ ਹੋਏ। ਯਾਨੀ ਕੁੱਲ ਨੌਂ ਸਫ਼ੇ ਹੀ ਹੋਏ। ਚੇਪੀਆਂ ਲੱਗ-ਲੱਗ ਕੇ ਵਰਕੇ ਮੋਟੇ ਹੋ ਗਏ।”
ਵਰਕੇ, ਭਾਵ ਸਫ਼ੇ ਨੌਂ ਹੀ ਸਨ। ਸੰਘਣੇ ਲਿਖੇ ਹੋਣ ਦੇ ਬਾਵਜੂਦ ਮੈਂ ਤਸੱਲੀ ਦਾ ਸਾਹ ਲਿਆ ਅਤੇ ਪੁੱਛਿਆ, “ਰਚਨਾ ਦਾ ਨਾਂ ਕੀ ਐ?”
“ਅਗਿਆਰੀ।” ਉਨ੍ਹਾਂ ਨੇ ਪਹਿਲਾ ਪੰਨਾ ਖੋਲ੍ਹਦਿਆਂ ਦਸਿਆ।
“ਅਗਿਆਰੀ? ਇਹ ਤਾਂ ਮੈਂ ਬਾਰਾਂ-ਤੇਰਾਂ ਸਾਲ ਪਹਿਲਾਂ ਸੁਣੀ ਹੋਈ ਹੈ”, ਮੈਂ ਕਥਾ ਮੁਕਦੀ ਹੋਣ ਦਾ ਰਾਹ ਖੁੱਲ੍ਹਦਾ ਦੇਖ ਕੇ ਆਖਿਆ।
“ਦਰਅਸਲ ਜੀ ਉਸ ਪਿਛੋਂ ਤਾਂ ਇਸ ਵਿਚ ਬਹੁਤ ਸਾਰੇ ਪਰਿਵਰਤਨ ਆਏ ਨੇ। ਪੁਲਾਂ ਹੇਠੋਂ ਬਹੁਤ ਪਾਣੀ ਵਹਿ ਗਿਆ ਹੈ, ਭੁੱਲਰ ਜੀ। ਚੇਪੀ-ਚੇਪੀ ਨਈ ਲਿਖਾਵਟ, ਕਾਗਜ਼ ਬਣ ਗਿਆ ਗੱਤਾ।” ਉਨ੍ਹਾਂ ਨੇ ਮੁਸਕਰਾ ਕੇ ਆਪਣੀ ਕਵਿਤਾ ਦੀ ਸਤਰ ਦੁਹਰਾਈ ਅਤੇ ਪੜ੍ਹਨ ਲਗ ਪਏ, “ਮਹਾਂਨਗਰ ਦੇ ਵਿਚੋਂ-ਵਿਚ ਵਹਿੰਦੀ ਜਵਾਲਾ ਨਦੀ। ਉਸ ਉਤੇ ਪੰਜ ਪੁਲ–ਪੁਲ ਸ਼ਨੀਵਾਰ, ਪੁਲ ਸਮਾਚਾਰ, ਪੁਲ ਹੀਰਾ ਮੋਤੀ, ਸੁੰਦਰ ਪੁਲ ਅਤੇ ਔਲੀਆ ਪੁਲ। ਕਿਸੇ ਪੁਲ ਉਤੇ ਕਾਲੀ ਬਿੱਲੀ ਦੰਦ ਕਢਦੀ, ਕਿਸੇ ਪੁਲ ਉਤੇ ਸਫੈਦ ਬਿੱਲੀ। ਰੋਸ਼ਨਦਾਨ, ਕਬੂਤਰਾਂ ਦਾ ਬਸੇਰਾæææ।”
ਉਹ ਜਨਮ ਸਮੇਂ ਸੋਨੇ ਦੀ ਸਲਾਈ ਮਾਖਿਉਂ ਵਿਚ ਡੋਬ ਕੇ ਓਮ ਲਿਖੇ ਵਾਲੀ ਜੀਭ ਨਾਲ ਬੜੀ ਮਿੱਠੀ ਅਤੇ ਲੈਅ-ਭਰੀ ਆਵਾਜ਼ ਵਿਚ ਪੜ੍ਹ ਰਹੇ ਸਨ। ਤੇ ਉਨ੍ਹਾਂ ਦੀ ਇਸ ਆਵਾਜ਼ ਵਿਚ ਅਨੇਕ ਕਾਲਾਂ ਦੀ ਆਵਾਜ਼, ਅਨੇਕ ਦੇਸਾਂ ਦੀ ਆਵਾਜ਼ ਮਿਲੀ ਹੋਈ ਸੀ। ਭੋਗ ਪਿਆ ਤਾਂ ਮੈਨੂੰ ਖ਼ਿਆਲ ਆਇਆ, ਜੇ ਪਹਿਲਾਂ ਸੋਚਿਆ ਹੁੰਦਾ, ਬਾਬਿਆਂ ਦੀ ਕਥਾ ਸੁਣਨ ਵਾਸਤੇ ਗਲੀ ਦੀਆਂ ਭਗਤਨੀਆਂ ਬੁਲਾਈਆਂ ਜਾ ਸਕਦੀਆਂ ਸਨ। ਉਹ ਵੀ ਉਸ ਸਰੋਤਾ-ਮੰਡਲੀ ਵਿਚ ਸੁਣਾ ਕੇ ਜ਼ਿਆਦਾ ਖ਼ੁਸ਼ ਹੁੰਦੇ। ਅਨੇਕ ਲੇਖਕਾਂ ਨੇ ਨਾਰੀ ਦੀ ਸੁੰਦਰਤਾ, ਚੰਚਲਤਾ ਤੇ ਚਤੁਰਾਈ ਬਾਰੇ ਪੋਥਿਆਂ ਦੇ ਪੋਥੇ ਲਿਖੇ ਹਨ ਪਰ ਸਤਿਆਰਥੀ ਜੀ ਦੀ ਇਕ ਕਵਿਤਾ ਦੀ ਇਕ ਸਤਰ ਉਨ੍ਹਾਂ ਸਭ ਉਤੇ ਭਾਰੂ ਹੈ। ਸਾਡੇ ਇਲਾਕੇ ਵਿਚ ‘ਬਾਜੀ ਬਾਜੀ’ ਦਾ ਮਤਲਬ ‘ਕੋਈ ਕੋਈ’ ਹੁੰਦਾ ਹੈ ਅਤੇ ਉਨ੍ਹਾਂ ਦੀ ਉਹ ਇਕ ਸਤਰ ਹੈ: “ਬਾਜੀਆਂ ਬਾਜੀਆਂ ਤੀਮੀਆਂ, ਹਾਇ ਓ ਰੱਬਾ, ਅੱਖਾਂ ਕਰਨ ਨਾ ਨੀਵੀਆਂ!”
ਮੈਂ ਕਿਹਾ, “ਸਤਿਆਰਥੀ ਜੀ, ਸਾਡੀ ਗਲੀ ਵਿਚ ਜ਼ਨਾਨੀਆਂ ਮਿਲ ਕੇ ਕਦੀ ਕਾਸੇ ਦਾ, ਕਦੀ ਕਾਸੇ ਦਾ ਪਾਠ ਕਰਵਾਉਂਦੀਆਂ ਰਹਿੰਦੀਆਂ ਨੇ, ਜੇ ਤੁਹਾਡੇ ਰਸੀਲੇ ਪਾਠ ਬਾਰੇ ਆਪਾਂ ਪਹਿਲਾਂ ਸੋਚਿਆ ਹੁੰਦਾ, ਉਨ੍ਹਾਂ ਨੂੰ ਬੁਲਾ ਲੈਂਦੇ।”
“ਲਓ ਜੀ, ਸੋਚਿਆ ਕਿਉਂ ਨਾ? ਇਹ ਤਾਂ ਬਹੁਤ ਹੀ ਵਧੀਆ ਗੱਲ ਹੋਣੀ ਸੀ”, ਉਨ੍ਹਾਂ ਨੂੰ ਜਿਵੇਂ ਝੋਰਾ ਹੋ ਰਿਹਾ ਸੀ।
‘ਅਗਿਆਰੀ’ ਸਰਵਣ ਕਰ ਕੇ ਮੈਂ ਕਿਹਾ, “ਭੋਜਨ ਕੀਤਿਆਂ ਕਾਫ਼ੀ ਸਮਾਂ ਹੋ ਗਿਆ, ਕੋਈ ਚਾਹ-ਦੁੱਧ ਲੈ ਲਈਏ।” ਕਹਿਣ ਲਗੇ, “ਇਥੋਂ ਰੁਪਾਣਾ ਜੀ ਦਾ ਘਰ ਕਿੰਨੀ ਕੁ ਦੂਰ ਹੈ? ਉਹ ਕਹਿੰਦਾ ਸੀ ਕਿਤੇ ਤੁਹਾਡੇ ਨੇੜੇ ਹੀ ਰਹਿੰਦਾ ਹੈ। ਚੱਲੀਏ? ਚਾਹ ਤਾਂ ਉਥੇ ਵੀ ਪੀਣੀ ਹੀ ਪੈਣੀ ਹੈ।”
ਮੈਂ ਦਸਿਆ, “ਕਾਲੋਨੀ ਤਾਂ ਇਹੋ ਹੈ, ਪਰ ਘਰ ਉਹਦਾ ਹੈ ਕੋਈ ਦੋ ਕਿਲੋਮੀਟਰ ਦੂਰ।”
ਉਨ੍ਹਾਂ ਨੇ ਤੁਰ ਕੇ ਜਾਣ ਲਈ ਫ਼ਾਈਲਾਂ ਤੇ ਖਰੜੇ ਕੱਛੇ ਮਾਰ ਲਏ, ਪਰ ਮੈਂ ਧਕ-ਧਕਾ ਕੇ ਬਸ ਚੜ੍ਹਾ ਲਏ। ਰੁਪਾਣੇ ਦੇ ਘਰ ਨੇੜੇ ਉਤਰ ਕੇ ਸੜਕ ਪਾਰ ਕੀਤੀ ਹੀ ਸੀ ਕਿ ਦੂਜੇ ਪਾਸਿਓਂ ਇਕ ਬਸ ਆAੁਂਦੀ ਦਿੱਸ ਪਈ। ਉਨ੍ਹਾਂ ਨੇ ਪੁੱਛਿਆ, “ਭੁੱਲਰ ਜੀ, ਇਹ ਕਿਥੇ ਨੂੰ ਚੱਲੀ ਹੈ?” ਕਨਾਟ ਪਲੇਸ ਦੱਸੇ ਤੋਂ ਉਹ ਕਾਹਲੇ ਪੈਰੀਂ ਬਸ ਚੜ੍ਹਨ ਲਗੇ ਤਾਂ ਮੈਂ ਵਰਜਿਆ, “ਇਹ ਤੁਹਾਡੇ ਘਰ ਕੋਲੋਂ ਦੀ ਨਹੀਂ ਜਾਂਦੀ।” ਉਨ੍ਹਾਂ ਨੇ ਬਸ ਦੇ ਪੈਰ-ਦਾਨ ਉਤੇ ਖਲੋ ਕੇ ਹੱਥ ਹਿਲਾਇਆ, “ਕਨਾਟ ਪਲੇਸ ਹੀ ਜਾਵਾਂਗਾ ਜੀ, ਘਰ ਤਾਂ ਮੈਂ ਕਿਤੇ ਅੱਧੀ ਰਾਤ ਨੂੰ ਜਾਣਾ ਹੈ।…ਰੁਪਾਣਾ ਜੀ ਨੂੰ ਕਹਿ ਦੇਣਾ, ਉਨ੍ਹਾਂ ਦੇ ਘਰ ਕਦੀ ਫੇਰ ਆਵਾਂਗੇ।” ਬਸ ਤੁਰੀ ਗਈ ਤਾਂ ਮੈਨੂੰ ਹੋਸ਼ ਆਈ ਕਿ ਇਸ ਨੇ ਤਾਂ ਮੇਰੇ ਘਰ ਕੋਲੋਂ ਹੋ ਕੇ ਜਾਣਾ ਸੀ। ਪਿਛੇ-ਪਿਛੇ ਆ ਰਹੀ ਇਕ ਹੋਰ ਬਸ ਵਿਚ ਸਵਾਰ ਹੋ ਕੇ ਮੈਂ ਵੀ ਘਰ ਪਰਤ ਆਇਆ।
ਬਹੁਤ ਮਗਰੋਂ ਜਦੋਂ ਬੇਬੇ ਨੇ ਉਨ੍ਹਾਂ ਦੇ ਇਕੱਲਿਆਂ ਬਾਹਰ ਜਾਣ ਉਤੇ ਪਾਬੰਦੀ ਲਾ ਦਿੱਤੀ, ਇਕ ਦਿਨ ਮੈਂ ਛੇੜਿਆ, “ਚਲੋ, ਆਵਾਰਾਗਰਦੀ ਕਰਾਂਗੇ।” ਤੇ ਬੇਬੇ ਨੂੰ ਆਖਿਆ, “ਬੇਬੇ, ਇਹ ਸ਼ਾਮ ਤਕ ਸਹੀ-ਸਲਾਮਤ ਵਾਪਸ ਘਰ ਪਹੁੰਚਦੇ ਹੋ ਜਾਣਗੇ।”
ਬੇਬੇ ਸਹਿਮਤ ਨਹੀਂ ਸੀ। ਉਹਨੇ ਸਿਰ ਮਾਰਿਆ, “ਕਿਥੇ ਧੂਹੀਂ ਫਿਰੇਂਗਾ ਪੁੱਤ ਇਨ੍ਹਾਂ ਨੂੰ! ਹੁਣ ਇਨ੍ਹਾਂ ਦਾ ਸਰੀਰ ਏਨੀ ਧੰਗੇੜ ਝੱਲਣ ਜੋਗਾ ਹੈ ਨਹੀਂ। ਨਾਲੇ ਬੋਲੇ ਕੁੱਕੜ ਨੂੰ ਕੁਝ ਸੁਣਦਾ ਤਾਂ ਹੈ ਨਹੀਂ।”
ਦਾੜ੍ਹੀ ਨੂੰ ਗਲਵਕੜੀ ਪਾਉਣ ਲਈ ਹੇਠਾਂ ਨੂੰ ਪਲਮੀਆਂ ਹੋਈਆਂ ਮੁੱਛਾਂ ਪਿੱਛੋਂ ਸਤਿਆਰਥੀ ਜੀ ਮੁਸਕਰਾਏ, “ਦੇਖੋ ਜੀ, ਮੰਟੋ ਇਕ ਵਾਰ ਬੇਦੀ ਨੂੰ ਕਹਿਣ ਲਗਿਆ, ਦਾੜ੍ਹੀ-ਕਟੇ ਸਰਦਾਰ ਕੀ ਹਾਲ ਹੈ? ਬੇਦੀ ਬੋਲਿਆ, ਮੀਆਂ, ਮੇਰਾ ਹਾਲ ਪੁੱਛਦਾ ਹੈ ਕਿ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ ਕਰ ਰਿਹਾ ਹੈਂ!æææਭੁੱਲਰ ਜੀ, ਲੋਕ-ਮਾਤਾ ਨੂੰ ਪੁੱਛੋ, ਮੇਰੀ ਸੱਟ-ਫੇਟ ਦੀ ਚਿੰਤਾ ਕਰ ਰਹੀ ਹੈ ਕਿ ਬਹਾਨੇ ਨਾਲ ਮੈਨੂੰ ਬੋਲਾ ਕੁੱਕੜ ਆਖ ਰਹੀ ਹੈ।” ਫੇਰ ਕਹਿਣ ਲਗੇ, “ਲਓ ਤੁਸੀਂ ਨਾਲ ਚੱਲਣ ਦੇ ਸੱਦੇ ਦੀ ਗੱਲ ਵੀ ਸੁਣ ਲਓ। ਇਕ ਵਾਰ ਬਾਪੂ ਪੁੱਛਣ ਲਗੇ ਕਿ ਤੇਰਾ ਕੀ ਕਾਰਜਕਰਮ ਹੈ? ਮੈਥੋਂ ਬੰਬਈ ਜਾਣਾ ਸੁਣ ਕੇ ਕਹਿੰਦੇ, ਮੇਰੇ ਨਾਲ ਵਾਰਧਾ ਚਲੋ। ਮੈਂ ਕਿਹਾ, ਤੁਸੀਂ ਮੇਰੇ ਨਾਲ ਬੰਬਈ ਚਲੋ! ਬੋਲੇ, ਬੰਬਈ ਕੀ ਪਿਆ ਹੈ? ਮੈਂ ਠਾਹ ਉਤਰ ਦਿੱਤਾ, ਵਾਰਧਾ ਕੀ ਪਿਆ ਹੈ? ਬਾਪੂ ਨੂੰ ਤਾਂ ਜੀ ਇਉਂ ਮਿੱਤਰਾਂ ਵਾਂਗੂੰ ਕੋਈ ਕਦੀ ਬੋਲਦਾ ਹੀ ਨਹੀਂ ਸੀ। ਉਹ ਕੱਚੇ ਜਿਹੇ ਹੋ ਕੇ ਬੋੜੀ ਹਾਸੀ ਹੱਸੇ ਅਤੇ ਕੋਲ ਖਲੋਤੇ ਇਕ ਆਦਮੀ ਨੂੰ ਕਹਿਣ ਲਗੇ, ਮੁਣਸ਼ੀ ਕੋ ਬੁਲਾਓ। ਕੇæਐਮæ ਮੁਣਸ਼ੀ ਭਜਿਆ-ਭਜਿਆ ਆਇਆ। ਬਾਪੂ ਬੋਲੇ, ਬਈ ਮੁਣਸ਼ੀ, ਤੂੰ ਬੰਬਈ ਆਪਣੀ ਨਵੀਂ ਕੋਠੀ ਵਿਚ ਜੋ ਕਮਰਾ ਵਿਸ਼ੇਸ਼ ਮੇਰੇ ਲਈ ਬਣਵਾਇਆ ਹੈ, ਉਹ ਏਸ ਦਾੜ੍ਹੀ ਵਾਲੇ ਲਈ ਖੋਲ੍ਹ ਦੇਈਂ। ਇਹ ਬੰਬਈ ਜਾ ਰਿਹਾ ਹੈ। ਅਗੋਂ ਵੀ ਇਹ ਜਦੋਂ ਬੰਬਈ ਆਵੇ, ਮੇਰੇ ਵਾਲਾ ਕਮਰਾ ਇਹਦਾ।æææਸੋ ਤੁਸੀਂ, ਭੁੱਲਰ ਜੀ, ਮੈਨੂੰ ਆਪਣੇ ਨਾਲ ਚੱਲਣ ਲਈ ਕਹਿੰਦੇ ਹੋ, ਮੈਂ ਕਹਿੰਦਾ ਹਾਂ, ਤੁਸੀਂ ਅੱਜ ਮੇਰੇ ਕੋਲ ਇਥੇ ਘਰ ਹੀ ਬੈਠੋ। ਕਹਿੰਦੇ ਨੇ ਨਾ ਜੀ, ਟਪਦੀ ਫਿਰਦੀ ਵੱਛੀ ਮੌਜ ਨਾਲ ਧੁੱਪੇ ਪਏ ਕੱਟੇ ਨੂੰ ਕਹਿਣ ਲਗੀ, ਆ ਜਾ ਵੇ ਕਟਿਆ, ਖੇਡੀਏ। ਕੱਟਾ ਬੋਲਿਆ, ਤੂੰ ਹੀ ਟਪਦੀ ਫਿਰ, ਅਸੀਂ ਤਾਂ ਇਥੇ ਪਏ ਹੀ ਕੰਨ ਹਿਲਾ-ਹਿਲਾ ਕੇ ਖੇਡਾਂਗੇ। ਹੁਣ ਤਾਂ ਜੀ ਅਸੀਂ ਘਰੇ ਬੈਠੇ-ਪਏ ਹੀ ਕੰਨ ਹਿਲਾ-ਹਿਲਾ ਕੇ ਖੇਡਣ ਜੋਗੇ ਰਹਿ ਗਏ ਹਾਂ।”
ਬਾਹਰ ਆਉਂਦਿਆਂ ਉਮਰ ਵੱਲ ਦੇਖ ਕੇ ਉਨ੍ਹਾਂ ਦੀ ਸਿਹਤ ਅਤੇ ਸੁਰਤ ਬਾਰੇ ਮਨ ਸੰਤੁਸ਼ਟ ਸੀ। ਸਰੋਜਨੀ ਨਾਇਡੂ ਦੇ ਅਨੁਭਵੀ, ਜਾਂ ਸ਼ਾਇਦ ਅਨੁਭਵ-ਆਧਾਰਿਤ ਬੋਲ ਫੇਰ ਚੇਤੇ ਆਏ ਅਤੇ ਪਹਿਲਾਂ ਨਾਲੋਂ ਵੀ ਵਧੀਕ ਸੱਚੇ ਜਾਪਣੇ ਲਗੇ: ਸਤਿਆਰਥੀ ਓਨਾ ਬੁੱਢਾ ਨਹੀਂ, ਜਿੰਨਾ ਦਾੜ੍ਹੀ ਕਰਕੇ ਲਗਦਾ ਹੈ।
ਅਗਲੀ ਵਾਰ ਕਹਿਣ ਲੱਗੇ, “ਭੁੱਲਰ ਜੀ, ਤੁਹਾਨੂੰ ਇਕ ਵਾਰ ਦੱਸਿਆ ਸੀ ਕਿ ਭਾਪਾ ਜੀ ਮੇਰੀਆਂ ਸਾਰੀਆਂ ਪੰਜਾਬੀ ਰਚਨਾਵਾਂ ਪਤਾ ਨਹੀਂ ਕਿਸ ਮਨੋਰਥ ਨਾਲ ਲੈ ਗਏ ਹਨ। ਹੁਣ ਉਹ ਆਏ ਸਨ ਤੇ ਦਸਦੇ ਸਨ ਕਿ ਉਹ ਸਭ ਕੁਝ ਇਕੋ ਜਿਲਦ ਵਿਚ ਛਾਪਣਾ ਚਾਹੁੰਦੇ ਹਨ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਰਤੀਬ ਵੀ ਦੇਣੀ ਪਵੇਗੀ ਤੇ ਹਰ ਪੁਸਤਕ ਦੇ ਅਗਲੇ ਪੰਨਿਆਂ ਵਾਲੀ ਜਾਣਕਾਰੀ ਵੀ ਪੁਸਤਕ-ਸੰਗ੍ਰਹਿ ਦੀ ਲੋੜ ਅਨੁਸਾਰ ਸੰਖੇਪ ਕਰਨੀ ਪਵੇਗੀ। ਫੇਰ ਘੱਟੋ-ਘੱਟ ਦੋ ਵਾਰ ਪਰੂਫ਼ ਪੜ੍ਹਨੇ ਹੋਣਗੇ। ਯਾਨੀ ਸਾਰਾ ਕੰਮ ਕਾਫ਼ੀ ਮਿਹਨਤ, ਸਗੋਂ ਮੁਸ਼ੱਕਤ ਵੀ ਮੰਗਦਾ ਹੈ ਤੇ ਸਮਾਂ ਵੀ। ਮੈਂ ਤਾਂ ਭੁੱਲਰ ਜੀ ਹੁਣ ਇਹ ਕੰਮ ਕਰਨ ਜੋਗਾ ਹਾਂ ਨਹੀਂ।”
ਮੈਂ ਉਨ੍ਹਾਂ ਦੀ ਗੱਲ ਵੀ ਸਮਝ ਗਿਆ ਤੇ ਸਾਰੀ ਹਾਲਤ ਵੀ, ਪਰ ਮਚਲਾ ਹੋ ਕੇ ਕਿਹਾ, “ਫੇਰ ਕਿਵੇਂ ਕਰੀਏ, ਸਤਿਆਰਥੀ ਜੀ?”
ਉਹ ਬੋਲੇ, “ਦੇਖੋ ਭੁੱਲਰ ਜੀ, ਜਦੋਂ ਮੱਸੇ ਰੰਘੜ ਨੂੰ ਸੋਧਣ ਦਾ ਮਸਲਾ ਖੜ੍ਹਾ ਹੋਇਆ ਸੀ, ਸਭ ਇਕ ਦੂਜੇ ਨੂੰ ਦੇਖਣ ਲੱਗੇ ਸਨ। ਆਖ਼ਰ ਆਪਣੇ ਇਲਾਕੇ ਵਿਚੋਂ ਦਮਦਮਾ ਸਾਹਿਬ ਤੋਂ ਬਾਬਾ ਦੀਪ ਸਿੰਘ ਨੇ ਖੰਡਾ ਚੁੱਕਿਆ ਸੀ। ਇਹ ਮੇਰੀਆਂ ਸਾਰੀਆਂ ਪੁਸਤਕਾਂ ਨੂੰ ਇਕੋ ਗਰੰਥ ਦਾ ਰੂਪ ਦੇਣ ਦਾ ਕੰਮ ਮੱਸੇ ਰੰਘੜ ਨੂੰ ਸੋਧਣ ਨਾਲੋਂ ਘੱਟ ਮੁਸ਼ਕਿਲ ਨਹੀਂ!” ਉਨ੍ਹਾਂ ਨੇ ਮੇਰੇ ਮੋਢੇ ਉਤੇ ਹੱਥ ਰਖਿਆ, “ਖੰਡਾ ਤਾਂ ਜੀ ਹੁਣ ਵੀ ਆਪਣੇ ਇਲਾਕੇ ਦੇ ਕਿਸੇ ਨੂੰ ਹੀ ਚੁੱਕਣਾ ਪਵੇਗਾ!”
ਮੈਂ ਉਨ੍ਹਾਂ ਦੇ ਗੋਡੇ ਛੋਹੇ, “ਠੀਕ ਹੈ, ਸਤਿਆਰਥੀ ਜੀ, ਬੇਫ਼ਿਕਰ ਹੋ ਜਾਓ, ਇਸ ਮੱਸੇ ਰੰਘੜ ਨੂੰ ਮੈਂ ਹੀ ਸੋਧਾਂਗਾ। ਘਰ ਜਾ ਕੇ ਭਾਪਾ ਜੀ ਨੂੰ ਅੱਜ ਹੀ ਪੁਸਤਕਾਂ ਭੇਜਣ ਵਾਸਤੇ ਫੋਨ ਕਰ ਦੇਵਾਂਗਾ।”
ਪੁਸਤਕਾਂ ਮੰਗੀਆਂ ਤਾਂ ਨਾਲ ਹੀ ਮੈਂ ਭਾਪਾ ਜੀ ਨੂੰ ਇਹ ਵੀ ਆਖ ਦਿੱਤਾ, “ਤੁਸੀਂ ਮੈਥੋਂ ਵੱਧ ਜਾਣਦੇ ਹੋ, ਕੰਮ ਬੜਾ ਵੱਡਾ, ਫ਼ੈਲਵਾਂ ਤੇ ਸਮਾਂ-ਖਾਊ ਹੈ। ਬਾਬਿਆਂ ਦੀ ਸਿਹਤ ਛੱਪੜ ਦੇ ਪਾਣੀ ਵਾਂਗ ਸੁਕਦੀ ਜਾਂਦੀ ਹੈ। ਸਭ ਕੰਮ ਛੱਡ ਕੇ ਇਸੇ ਨੂੰ ਲੱਗ ਜਾਈਏ। ਗ੍ਰੰਥ ਛਪ ਜਾਵੇ, ਪੰਜਾਬੀ ਭਵਨ ਵਿਚ ਵੱਡਾ ਇਕੱਠ ਕਰ ਕੇ ਪੂਰੇ ਆਦਰ-ਮਾਣ ਤੇ ਜਲੌਅ ਨਾਲ ਉਨ੍ਹਾਂ ਨੂੰ ਭੇਟ ਕਰ ਦੇਈਏ।”
ਭਾਪਾ ਜੀ ਬੋਲੇ, “ਤੁਸਾਂ ਮੇਰੇ ਮਨ ਦੀ ਬੁੱਝ ਲਈ ਏ। ਬਿਲਕੁਲ ਇੰਜ ਹੀ ਕਰਾਂਗੇ।”
“ਪਰ ਇਕ ਜਿਲਦ ਬਹੁਤ ਵੱਡੀ ਨਾ ਹੋ ਜਾਊ?” ਮੈਂ ਸ਼ੰਕਾ ਜ਼ਾਹਿਰ ਕੀਤਾ ਅਤੇ ਸੁਝਾਅ ਦਿੱਤਾ, “ਦੋ ਸੈਂਚੀਆਂ ਨਾ ਬਣਾ ਦੇਈਏ?”
“ਇਹ ਸਭ ਗੱਲਾਂ ਤੁਸੀਂ ਮੇਰੇ ਉਤੇ ਛੱਡ ਦੇਵੋ।” ਨਾਲ ਹੀ ਉਨ੍ਹਾਂ ਨੇ ਇਸ਼ਾਰਾ ਕੀਤਾ, “ਦੋ ਸੈਂਚੀਆਂ ਵਿਚ ਉਹ ਸ਼ਾਨ ਨਹੀਂ ਰਹਿੰਦੀ। ਕਿਸੇ ਪਾਠਕ ਦੇ ਹੱਥ ਇਕ ਸੈਂਚੀ ਆ ਜਾਂਦੀ ਹੈ, ਦੂਜੀ ਮਿਲਦੀ ਹੀ ਨਹੀਂ! ਟੁੱਟਵਾਂ ਕੰਮ ਟੁੱਟਵਾਂ ਹੀ ਹੁੰਦਾ ਹੈ!”
ਗ੍ਰੰਥ ਦਾ ਨਾਂ ਮੈਂ ‘ਸਤਿਆਰਥ’ ਰੱਖ ਦਿੱਤਾ। ਪਹਿਲੇ ਪਰੂਫ਼ ਆਏ ਤਾਂ ਸਾਧਾਰਨ ਪੁਸਤਕ ਤੋਂ ਦੁਗਣੇ ਆਕਾਰ ਵਿਚ ਸੰਘਣੀ ਜੜਤ ਦੇ 880 ਪੰਨੇ ਬਣੇ ਹੋਏ ਸਨ। ਦੂਜੇ ਪਰੂਫ਼ਾਂ ਨੂੰ ਛਪਣਜੋਗ ਬਣਾ ਕੇ ਮੈਂ ਪੁਲੰਦਾ ਭਾਪਾ ਜੀ ਨੂੰ ਦੇਣ ਤੁਰਿਆ ਤਾਂ ਸਤਿਆਰਥੀ ਜੀ ਵਾਲੇ ਰਾਹੋਂ ਹੋ ਲਿਆ। ਉਹ ਤਾਂ ਆਪ ਸੰਪਾਦਨ ਤੇ ਦਿੱਖ ਦੇ ਮਹਾਂ-ਅਨੁਭਵੀ ਸਨ, ਪਰੂਫ਼ ਫਰੋਲੇ-ਦੇਖੇ ਤਾਂ ਉਨ੍ਹਾਂ ਦੇ ਚਿਹਰੇ ਦਾ ਰੰਗ ਦੇਖਣ ਵਾਲਾ ਸੀ। ਬੋਲੇ, “ਇਹਨੂੰ ਕਹਿੰਦੇ ਨੇ ਜੀ ਮੱਸੇ ਰੰਘੜ ਨੂੰ ਸੋਧਣਾ!”
ਬਹੁਤ ਪਹਿਲਾਂ ਜਦੋਂ ਉਨ੍ਹਾਂ ਦੀ 60ਵੀਂ ਵਰ੍ਹੇਗੰਢ ਸੀ, ਆਪਣੀਆਂ ਬੱਚੀਆਂ ਨੂੰ ਅਤੇ ਉਨ੍ਹਾਂ ਦੀ ਮਾਂ ਨੂੰ ਕੋਲ ਬਿਠਾ ਕੇ ਕਹਿਣ ਲਗੇ, “ਮੈਨੂੰ ਵਧਾਈ ਦਿਉ, ਮੈਂ ਸੱਠਾਂ ਸਾਲਾਂ ਦਾ ਹੋ ਗਿਆ ਹਾਂ। ਪਰ ਯਕੀਨ ਰਖੋ, ਹਾਲੇ ਮੈਂ ਅੱਧਾ ਆਦਮੀ ਹਾਂ, ਕਿAੁਂਕਿ ਹਾਲੇ ਮੈਂ ਅੱਧੀ ਆਯੂ ਹੀ ਭੋਗੀ ਹੈ। ਮੇਰੀ ਆਯੂ ਸੌ ਤੋਂ ਉਪਰ ਜਾਵੇਗੀ, ਪੂਰੇ ਇਕ ਸੌ ਵੀਹ ਵਰ੍ਹੇ।”
ਉਨ੍ਹਾਂ ਦਾ 95ਵਾਂ ਸਾਲ ਮੁੱਕਣ ਵੱਲ ਜਾ ਰਿਹਾ ਸੀ ਤੇ ‘ਸਤਿਆਰਥ’ ਦੇ ਫ਼ਰਮੇ ਫਟਾਫਟ ਛਪ ਰਹੇ ਸਨ ਕਿ 12 ਫ਼ਰਵਰੀ 2003 ਨੂੰ ਪੈਰਾਂ ਵਿਚ ਲਗਾਤਾਰ ਯਾਤਰਾ ਲਿਖੀ ਵਾਲਾ ਯਾਤਰੀ ਲੰਮੀ ਇਕ-ਮਾਰਗੀ ਯਾਤਰਾ ਉਤੇ ਤੁਰ ਗਿਆ ਤੇ ਪਿੱਛੇ ਅਜਿਹਾ ਖਾਲੀ ਆਸਨ ਛੱਡ ਗਿਆ ਜਿਸ ਉਤੇ ਬੈਠਣ ਵਾਲਾ ਪੰਜਾਬੀ ਸਾਹਿਤ ਨੂੰ ਕਦੀ ਕੋਈ ਨਹੀਂ ਲੱਭੇਗਾ! ਝੋਰਾ ਹੋਇਆ, ਉਨ੍ਹਾਂ ਦੇ ਦੇਖੇ ਹੋਏ ਪਰੂਫ਼ਾਂ ਤੋਂ ਬਣਿਆ ਸੁੰਦਰ-ਸਜੀਲਾ ਗ੍ਰੰਥ ‘ਸਤਿਆਰਥ’ ਅਸੀਂ ਉਨ੍ਹਾਂ ਨੂੰ ਹਾਲ-ਗੁੰਜਾਵੀਆਂ ਤਾੜੀਆਂ ਵਿਚ ਭੇਟ ਨਾ ਕਰ ਸਕੇ ਪਰ ਕੁਝ ਕੁਝ ਤਸੱਲੀ ਵੀ ਰਹੀ, ਘੱਟੋ-ਘੱਟ ਉਹ ਗ੍ਰੰਥ ਨੂੰ ਛਪਾਈ ਵਿਚ ਪਿਆ ਤਾਂ ਦੇਖ ਹੀ ਗਏ ਸਨ!
(ਸਮਾਪਤ)