ਪੰਜਾਬੀ ਦਾ ਸ਼ੇਕਸਪੀਅਰ ਗੁਰਬਖਸ਼ ਸਿੰਘ ਪ੍ਰੀਤ ਲੜੀ

ਗੁਰਬਖਸ਼ ਸਿੰਘ ਪ੍ਰੀਤ ਲੜੀ ਮਿਸਾਲੀ ਸੁਪਨਸਾਜ਼ ਸੀ। ਬਹੁਤੇ ਲੋਕਾਂ ਨੂੰ ਬੱਸ ਇੰਨਾ ਕੁ ਹੀ ਪਤਾ ਹੈ ਕਿ ਉਨ੍ਹਾਂ ਪੰਜਾਬੀ ਵਾਰਤਕ ਨੂੰ ਬੜਾ ਮਾਲਾਮਾਲ ਕੀਤਾ, ਪਰ ਉਨ੍ਹਾਂ ਜੋ ਸੁਪਨੇ ਲਏ, ਉਸ ਦਾ ਖੁਲਾਸਾ ਸਾਡੇ ਕਾਲਮਨਵੀਸ ਜਸਵੰਤ ਸਿੰਘ ਘਰਿੰਡਾ ਨੇ ਆਪਣੇ ਇਸ ਲੇਖ ਵਿਚ ਕੀਤਾ ਹੈ।

ਲੇਖਕ ਨੇ ਉਨ੍ਹਾਂ ਸਭ ਸਰੋਕਾਰਾਂ ਦੀ ਵਿਥਿਆ ਛੋਹੀ ਹੈ ਜਿਸ ਦੇ ਲਈ ਉਨ੍ਹਾਂ ਜੀਵਨ ਦਾ ਖਾਸ ਸਮਾਂ ਲੇਖੇ ਲਾ ਦਿੱਤਾ। -ਸੰਪਾਦਕ

ਜਸਵੰਤ ਸਿੰਘ ਸੰਧੂ ਘਰਿੰਡਾ
ਫੋਨ: 510-516-5971

ਗੁਰਬਖਸ਼ ਸਿੰਘ ਦਾ ਜਨਮ 26 ਅਪਰੈਲ 1985 ਨੂੰ ਪਿਤਾ ਪਸ਼ੌਰਾ ਸਿੰਘ ਤੇ ਮਾਤਾ ਮਾਲਣੀ ਦੀ ਕੁੱਖੋਂ ਸਿਆਲਕੋਟ ਵਿਖੇ ਹੋਇਆ। ਉਹ ਅਜੇ ਅੱਠ ਸਾਲਾਂ ਦੇ ਸਨ, ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਪਰ ਭਾਈਚਾਰਕ ਸਾਂਝ ਸਦਕਾ ਉਨ੍ਹਾਂ ਦੀ ਪੜ੍ਹਾਈ ਵਿਚ ਕੋਈ ਵਿਘਨ ਨਾ ਪਿਆ। ਦਸਵੀਂ ਪਾਸ ਕਰਨ ਪਿਛੋਂ ਉਨ੍ਹਾਂ ਨੇ ਫਾਰਮਨ ਕ੍ਰਿਸਚਨ ਕਾਲਜ ਲਾਹੌਰ ਵਿਚ ਦਾਖ਼ਲਾ ਲਿਆ। ਉਨ੍ਹਾਂ ਦਾ ਵਿਆਹ ਜਗਜੀਤ ਕੌਰ ਨਾਲ 1912 ਵਿਚ ਹੋਇਆ। ਆਰਥਿਕ ਤੰਗੀ ਕਾਰਨ ਉਨ੍ਹਾਂ ਫੌਜ ਵਿਚ ਨੌਕਰੀ ਕਰ ਲਈ। ਅੱਗੇ ਵਧਣ ਦੀ ਰੀਝ ਪੂਰੀ ਕਰਨ ਲਈ ਉਹ ਬਾਮਸਨ ਇੰਜੀਨੀਅਰਿੰਗ ਕਾਲਜ (ਅੱਜ ਕੱਲ੍ਹ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ) ਵਿਚ ਦਾਖ਼ਲ ਹੋ ਗਏ। 1919 ਵਿਚ ਉਹ ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿਚ ਪੜ੍ਹਨ ਲਈ ਗਏ ਜਿਥੇ ਮਿਸਟਰ ਰੀਨਵਾਰਡ ਦੀ ਅਗਵਾਈ ਨੇ ਉਨ੍ਹਾਂ ਅੰਦਰ ਵਧੀਆ ਯੋਜਨਾਕਾਰ ਦਾ ਗੁਣ ਪੈਦਾ ਕੀਤਾ।
ਸਾਂਝੇ ਪਰਿਵਾਰ ਦੇ ਗੁਜ਼ਾਰੇ ਲਈ ਉਹ ਸੜਕਾਂ ਤੋਂ ਬਰਫ਼ ਹਟਾਉਂਦੇ ਅਤੇ ਅੰਗੀਠੀਆਂ ਵਿਚੋਂ ਸਵਾਹ ਕੱਢਦੇ ਰਹੇ। ਅਜਿਹੇ ਹਾਲਾਤ ਵਿਚ ਉਨ੍ਹਾਂ ਦੀ ਮਦਦ ਪ੍ਰੋæ ਰਿਗਜ਼ ਨੇ ਕੀਤੀ। ਉਹ ਪ੍ਰੋæ ਰਿਗਜ਼ ਦੇ ਪਸੰਦਦੀਦਾ ਵਿਦਿਆਰਥੀ ਸਨ।
ਗੁਰਬਖਸ਼ ਸਿੰਘ ਜਦੋਂ ਕਦੇ ਇਕੱਲ ਮਹਿਸੂਸ ਕਰਦੇ, ਆਪਣੀ ਪਤਨੀ ਨੂੰ 60-60 ਸਫ਼ਿਆਂ ਦੀਆਂ ਲੰਬੀਆਂ ਚਿੱਠੀਆਂ ਲਿਖਦੇ। ਇਹੋ ਲੰਬੀਆਂ ਚਿੱਠੀਆਂ ‘ਚਿੱਠੀਆਂ ਜੀਤਾਂ ਦੇ ਨਾਂ’ ਸਿਰਲੇਖ ਹੇਠ ‘ਪ੍ਰੀਤ ਲੜੀ’ ਵਿਚ ਲੜੀਵਾਰ ਛਪਦੀਆਂ ਰਹੀਆਂ ਤੇ ਆਪਣੀ ਜੀਵਨ ਕਹਾਣੀ ‘ਮੰਜ਼ਿਲ ਦਿਸ ਪਈ’ ਦੇ ਅਖੀਰ ਵਿਚ ਛਾਪੀਆਂ ਹਨ।
ਪੜ੍ਹਾਈ ਖਤਮ ਕਰਨ ਪਿਛੋਂ ਯੂਰਪ ਦੇ ਕਈ ਦੇਸ਼ਾਂ ਦਾ ਦੌਰਾ ਕਰਨ ਉਪਰੰਤ ਦੇਸ਼ ਪਰਤ ਆਏ ਅਤੇ ਰੇਲਵੇ ਮਹਿਕਮੇ ਵਿਚ ਬਤੌਰ ਇੰਜੀਨੀਅਰ ਨੌਕਰੀ ਕੀਤੀ। ਆਪਣਾ ਪੱਕਾ ਟਿਕਾਣਾ ਸੂਬਾ ਸਰਹੱਦ (ਅੱਜ ਕੱਲ੍ਹ ਖੈਬਰ ਪਖਤੂਨਖਵਾ) ਦੇ ਨੌਸ਼ਹਿਰਾ ਸ਼ਹਿਰ ਵਿਚ ਬਣਾਇਆ। ਉਹ ਇਕੋ ਹੀ ਭਾਰਤੀ ਸਿੱਖ ਇੰਜੀਨੀਅਰ ਸਨ ਜਿਨ੍ਹਾਂ ਨੂੰ ਅੰਗਰੇਜ਼ ਇੰਜੀਨੀਅਰਾਂ ਦੇ ਬਰਾਬਰ ਸਹੂਲਤਾਂ ਮਿਲੀਆਂ ਸਨ ਪਰ ਸਾਦਾ ਜੀਵਨ ਤੇ ਉਚ ਵਿਚਾਰਾਂ ਦਾ ਫਲਸਫ਼ਾ ਰੱਖਣ ਵਾਲੇ ਗੁਰਬਖਸ਼ ਸਿੰਘ ਨੂੰ ਇਹ ਸਹੂਲਤਾਂ ਰਾਸ ਨਾ ਆਈਆਂ ਤੇ ਉਨ੍ਹਾਂ ਰੇਲਵੇ ਮਹਿਕਮਾ ਛੱਡ ਦਿੱਤਾ।
ਉਨ੍ਹਾਂ ਇੰਜੀਨੀਅਰ ਤੋਂ ਕਿਸਾਨ ਬਣਨ ਦਾ ਮਨ ਬਣਾਇਆ। ਮਹਾਰਾਜਾ ਰਣਜੀਤ ਸਿੰਘ ਨੇ ਮਹਾਨ ਸਿੰਘ ਜਰਨੈਲ ਤੇ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਸਮਾਧ ਬਣਾਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਹਜ਼ਾਰਾਂ ਏਕੜ ਜ਼ਮੀਨ ਇਸ ਸਮਾਧ ਦੇ ਨਾਮ ਲਵਾਈ ਸੀ। ਗੁਰਬਖਸ਼ ਸਿੰਘ ਨੇ ਸਮਾਧ ਕਮੇਟੀ ਤੋਂ ਕੁਝ ਜ਼ਮੀਨ ਠੇਕੇ ‘ਤੇ ਲੈ ਕੇ ਕੱਚੇ ਕੋਠਿਆਂ ਵਿਚ ਰਿਹਾਇਸ਼ ਕਰ ਲਈ। ਜੌਹਨ ਡੀਅਰ ਟਰੈਕਟਰ ਵਿਦੇਸ਼ ਤੋਂ ਮੰਗਵਾ ਕੇ ਨਵੇਂ ਢੰਗ ਨਾਲ ਮਸ਼ੀਨੀ ਖੇਤੀ ਕੀਤੀ। ਇਉਂ ਉਨ੍ਹਾਂ ਨੂੰ ਅਸੀਂ ਪੰਜਾਬ ਵਿਚ ਮਸ਼ੀਨੀ ਖੇਤੀ ਦਾ ਬਾਨੀ ਕਹਿ ਸਕਦੇ ਹਾਂ।
ਸ਼ ਗੁਰਬਖਸ਼ ਸਿੰਘ ਰੂਸੀ ਇਨਕਲਾਬ ਤੋਂ ਪ੍ਰਭਾਵਿਤ ਸਨ। ਉਨ੍ਹਾਂ ਦਾ ਨਜ਼ਰੀਆ ਪੂਰੀ ਤਰ੍ਹਾਂ ਪ੍ਰਯੋਗਵਾਦੀ ਸੀ। ਸਤੰਬਰ 1933 ਵਿਚ ਉਨ੍ਹਾਂ ‘ਪ੍ਰੀਤ ਲੜੀ’ ਨਾਂ ਦਾ ਮਾਸਕ ਪਰਚਾ ਕੱਢਣਾ ਸ਼ੁਰੂ ਕੀਤਾ। ਇਸ ਪਤ੍ਰਿਕਾ ਨੇ ਸੌੜੀਆਂ ਪਰੰਪਰਾਵਾਂ ਪ੍ਰਤੀ ਵਿਰੋਧ ਪ੍ਰਗਟਾ ਕੇ ਧਰਮ ਦੇ ਸੱਚੇ ਆਦਰਸ਼ ਤੇ ਮਨੁੱਖੀ ਭਾਈਚਾਰੇ ਨੂੰ ਪ੍ਰਚਾਰਨ ਦਾ ਬੀੜਾ ਚੁੱਕਿਆ। ਚਿੱਤਰਕਾਰ ਤੋਂ ‘ਪ੍ਰੀਤ ਲੜੀ’ ਦੇ ਟਾਈਟਲ ਲਈ ਤਿੰਨ ਰੰਗਾ ਚਿੱਤਰ ਬਣਵਾਇਆ ਜਿਸ ਦੀ ਵਿਆਖਿਆ ਉਨ੍ਹਾਂ ਇਸ ਤਰ੍ਹਾਂ ਕੀਤੀ:
“ਸਿਰਜਣ ਸ਼ਕਤੀ, ਕਾਮਦੇਵ ਦੇ ਵਸੀਲੇ ਨਾਲ ਆਪਣੀ ਏਕਤਾ ਨੂੰ ਅਨੇਕਤਾ ਵਿਚ ਵੰਡਦੀ ਹੈ, ਪਰ ਅਨੇਕਤਾ ਦੇ ਹਰ ਅੰਗ ਵਿਚ ਏਕਤਾ ਦੀ ਲੋਚਨਾ ਮਾਲਾ ਵਿਚ ਅਦਿਖ ਧਾਗੇ ਵਾਂਗ ਲੁਕਾ ਕੇ ਰੱਖਦੀ ਹੈ, ਜਿਹਦੇ ਕਰ ਕੇ ਅਨੇਕਤਾ ਦੇ ਹਰ ਅੰਗ ਦਾ ਰੁਖ ਸੁਚੇਤ ਜਾਂ ਅਚੇਤ, ਏਕਤਾ ਵੱਲ ਰਹਿੰਦਾ ਹੈ; ਪਰ ਜਦ ਤੱਕ ਇਹ ਅਨੇਕਤਾ ਤਜਰਬਿਆਂ ਦੇ ਗੋਰਖ ਧੰਦਿਆਂ ਵਿਚੋਂ ਗੁਜ਼ਰ ਕੇ ਅਤਿ ਸੂਖਮ ਤੇ ਸਾਦੀ ਹੋ ਨਹੀਂ ਜਾਂਦੀ, ਸਚਿਦਾਨੰਦ ਵਿਚ ਨਹੀਂ ਸਮਾ ਸਕਦੀ।æææਸਚਿਦਾਨੰਦ ਦੀ ਮਹਾਨ ਦਿਲ-ਧੜਕਣ ਕਦੇ ਕਦੇ ਸਾਰੇ ਦਿਲਾਂ ਨੂੰ ਅਨੁਭਵ ਹੁੰਦੀ ਹੈ, ਅਨੰਦ ਗੀਤ ਦੀ ਲੈਅ ਕਦੇ ਕਦੇ ਸਾਰੇ ਦਿਲਾਂ ਵਿਚ ਪੈਂਦੀ ਹੈ, ਤੇ ਮਨੁੱਖ ਆਖ ਉਠਦਾ ਹੈ-ਕਿਸੇ ਦਿਲ ਸਾਂਝੇ ਦੀ ਧੜਕਣ, ਕਿਸੇ ਪ੍ਰੀਤ-ਗੀਤ ਦੀ ਲੈਅ। ਪੱਤੇ ਪ੍ਰੀਤ ਲੜੀ ਦੇ ਦੱਸਣ, ਜਿਸ ਵਿਚ ਪ੍ਰੋਤੀ ਸਭੋ ਸ਼ੈਅ।”
ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਤੋਂ ਉਨ੍ਹਾਂ ‘ਪ੍ਰੀਤ ਲੜੀ’ ਦਾ ਪਹਿਲਾ ਅੰਕ ਪੰਜ ਸੌ ਦੀ ਗਿਣਤੀ ਵਿਚ ਛਪਵਾਇਆ। ਦੋ ਸੌ ਵਧੀਆ ਆਰਟ ਪੇਪਰ ‘ਤੇ ਅਤੇ ਤਿੰਨ ਸੌ ਸਾਧਾਰਨ ਕਾਗਜ਼ ਉਤੇ। ਲਗਭਗ ਤੀਜਾ ਹਿੱਸਾ ਇਹਦਾ ਅੰਗਰੇਜ਼ੀ ਵਿਚ ਛਪਦਾ। ਹੈਰਲਡ ਆਈਗੋ ਲਗਭਗ ਹਰ ਅੰਕ ਲਈ ਮਜ਼ਮੂਨ ਭੇਜਦਾ ਰਿਹਾ ਤੇ ‘ਪ੍ਰੀਤ ਲੜੀ’ ਬਾਰੇ ਆਪਣੇ ਅਮਰੀਕਨ ਮਿੱਤਰਾਂ ਦੀ ਪ੍ਰਸੰæਸਾ ਵੀ ਉਨ੍ਹਾਂ ਨੂੰ ਭੇਜਦਾ ਰਿਹਾ।
‘ਪ੍ਰੀਤ ਲੜੀ’ ਦੇ ਪਾਠਕ ਘੇਰੇ ਵਿਚ ਹਿੰਦੂ, ਸਿੱਖ, ਮੁਸਲਮਾਨ ਸਾਰੇ ਆਏ। ਧਰਮ ਬਾਰੇ ਉਨ੍ਹਾਂ ਲਿਖਿਆ, “ਬੇਸ਼ੱਕ ਦਲੇਰ ਹੋ ਕੇ ਆਖ ਦਿਓ ਕਿ ਤੁਸਾਂ ਮਜ਼ਹਬ ਦੇ ਅਰਥ ਸਮਝ ਲਏ ਹਨ। ਅਸਲੀ ਮਜ਼ਹਬ ‘ਦੇਣ’ ਦਾ ਨਾਮ ਹੈ, ‘ਲੈਣ’ ਦਾ ਨਹੀਂ। ਅਸਲੀ ਮਜ਼ਹਬ ਪ੍ਰੀਤ ਵਲਵਲੇ ਪੈਦਾ ਕਰਨਾ ਹੈ, ਘਿਰਣਾ ਉਪਜਾਉਣਾ ਨਹੀਂ। ਅਸਲੀ ਮਜ਼ਹਬ ਮਿਲਾਪ ਹੈ, ਵਿਛੋੜਾ ਨਹੀਂ। ਮਜ਼ਹਬ ਖੇੜੇ ਦਾ ਨਾਮ ਹੈ, ਲਹੂ ਡੋਲ੍ਹਣਾ ਮਜ਼ਹਬ ਨਹੀਂ।”
ਜਦ ਗੁਰਬਖਸ਼ ਸਿੰਘ ਖੇਤੀ ਕਰਦੇ ਸਨ, ਉਨ੍ਹਾਂ ਦੇ ਖੇਤ ਮਜ਼ਦੂਰ ਪਠਾਣ ਤੇ ਸਿੱਖ ਸਨ। ਮਜ਼ਦੂਰਾਂ ਦੇ ਬੱਚਿਆਂ ਨੂੰ ਨਾ ਚੰਗੀ ਖੁਰਾਕ ਮਿਲਦੀ ਤੇ ਨਾ ਤਨ ਦੇ ਚੰਗੇ ਕੱਪੜੇ। ਜਦ ਕਦੇ ਗੁਰਬਖਸ਼ ਸਿੰਘ ਅੰਮ੍ਰਿਤਸਰ ਜਾਂਦੇ, ਉਹ ਗਰੀਬ ਕਿਸਾਨ ਉਨ੍ਹਾਂ ਨੂੰ ਆਪਣੇ ਬੱਚਿਆਂ ਦੀਆਂ ਲੋੜਾਂ ਰੋਕ ਕੇ, ਸਵਾ ਰੁਪਏ ਪ੍ਰਸ਼ਾਦ ਕਰਾਉਣ ਲਈ ਜ਼ਰੂਰ ਦਿੰਦੇ। ਗੁਰਬਖਸ਼ ਸਿੰਘ ਮਨ ਵਿਚ ਸੋਚਦੇ, ‘ਤੁਹਾਨੂੰ ਕੀ ਪਤਾ, ਇਸ ਸਵਾ ਰੁਪਏ ਨਾਲ ਅੰਮ੍ਰਿਤਸਰ ਮਾਝੇ ਤੇ ਮਾਲਵੇ ਦੇ ਧੜੇ ਪਿੱਟੇ ਜਾਣੇ ਹਨ’।
ਉਨ੍ਹਾਂ ਦਿਨਾਂ ਵਿਚ ਗਿਆਨੀ ਸਤਨਾਮ ਸਿੰਘ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਮਾਸਕ ਪੱਤਰ ‘ਗੁਰੂ ਨਾਨਕ ਦਰਸ਼ਨ’ ਕੱਢਦੇ ਸਨ। ਗਿਆਨੀ ਜੀ ਗੁਰਬਖਸ਼ ਸਿੰਘ ਦੀਆਂ ਲਿਖਤਾਂ ਦੇ ਇੰਨੇ ਪ੍ਰੇਮੀ ਹੋ ਗਏ ਕਿ ਉਨ੍ਹਾਂ ਗੁਰੂ ਨਾਨਕ ਪੁਰਬ ‘ਤੇ ਉਨ੍ਹਾਂ ਦਾ ਲੇਖ ਆਪਣੇ ਮਾਸਕ ਪੱਤਰ ਵਿਚ ਛਾਪਿਆ। ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ‘ਤੇ ਗਿਆਨੀ ਜੀ ਨੇ ਫਿਰ ਲੇਖ ਦੀ ਮੰਗ ਕੀਤੀ ਤਾਂ ਗੁਰਬਖਸ਼ ਸਿੰਘ ਨੇ ਲਿਖਿਆ ਕਿ ਧਰਮ ਉਨ੍ਹਾਂ ਦਾ ਖੇਤਰ ਨਹੀਂ, ਉਹ ਉਨ੍ਹਾਂ ਨੂੰ ਖਿਮਾਂ ਕਰ ਦੇਣ। ਗਿਆਨੀ ਜੀ ਨੇ ਕਿਹਾ, “ਜੇ ਤੁਸਾਂ ਆਪਣਾ ਲੇਖ ਨਾ ਭੇਜਿਆ ਤਾਂ ਉਹ ਇੰਨੇ ਸਫ਼ੇ ਆਪਣੇ ਮਾਸਕ ਪੱਤਰ ਵਿਚ ਅਣਛਪੇ ਛੱਡ ਦੇਣਗੇ ਜਿਨ੍ਹਾਂ ਉਤੇ ਲਿਖਿਆ ਹੋਵੇਗਾ, ਇਥੇ ਗੁਰਬਖਸ਼ ਸਿੰਘ ਦਾ ਲੇਖ ਛਪਣਾ ਸੀ ਜਿਹੜਾ ਉਨ੍ਹਾਂ ਨਹੀਂ ਘੱਲਿਆ।” ਗੁਰਬਖਸ਼ ਸਿੰਘ ਨੇ ‘ਪਰਮ ਮਨੁੱਖ ਗੁਰੂ ਗੋਬਿੰਦ ਸਿੰਘ ਜੀ’ ਦੇ ਸਿਰਲੇਖ ਥੱਲੇ ਲੇਖ ਦੂਜੇ ਦਿਨ ਡਾਕ ਵਿਚ ਪਾ ਦਿੱਤਾ। ਇਸ ਵਾਰ ਉਨ੍ਹਾਂ ਹੋਰ ਅਖਬਾਰਾਂ ਨੂੰ ਵੀ ਇਸ ਦੀਆਂ ਨਕਲਾਂ ਭੇਜ ਦਿੱਤੀਆਂ। ਗੁਰਬਖਸ਼ ਸਿੰਘ ਆਪਣੀ ਜੀਵਨ ਕਹਾਣੀ ‘ਮੰਜ਼ਿਲ ਦਿਸ ਪਈ’ ਵਿਚ ਲਿਖਦੇ ਹਨ, ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ ਆਈ ਕਿ ਗਿਆਨੀ ਜੀ ਨੇ ਦੂਜੇ ਅਖਬਾਰਾਂ ਨੂੰ ਨਕਲਾਂ ਭੇਜਣ ਜਾਂ ਗੁਰੂ ਗੋਬਿੰਦ ਸਿੰਘ ਨੂੰ ਪਰਮ ਮਨੁੱਖ ਲਿਖਣ ਦਾ ਬੁਰਾ ਮਨਾਇਆ ਜਾਂ ਉਹ ਲੇਖ ਧਾਰਮਿਕ ਕਦਰਾਂ-ਕੀਮਤਾਂ ਦੀ ਉਲੰਘਣਾ ਸੀ। ਇਕਦਮ ਜਹਾਦ ਵਰਗੀ Ḕਪ੍ਰੀਤ ਲੜੀ’ ਗੁਰਸਿੱਖੀ ਲਈ ਖਤਰਨਾਕ ਹੋਣ ਦੀ ਚਿਤਾਵਨੀ ਪੰਥਕ ਪੱਧਰ ‘ਤੇ ਕਰ ਦਿੱਤੀ। ਫਿਰ ਤਾਂ ਬਿਨਾ ਲੇਖ ਪੜ੍ਹਿਆਂ ਉਨ੍ਹਾਂ ਖਿਲਾਫ਼ ਗੁਰਦੁਆਰਿਆਂ ਵਿਚ ਗੁਰਮਤੇ ਪਾਸ ਹੋਣ ਲਗੇ। ਮਨਮਤੀਏ ਨਾਸਤਿਕ ਦਾ ਜੈਕਾਰਾ ਉਠ ਖਲੋਤਾ।
ਇਸ ਭੰਡੀ ਪ੍ਰਚਾਰ ਖਿਲਾਫ਼ ਪ੍ਰੋæ ਜੋਧ ਸਿੰਘ, ਪ੍ਰੋæ ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ, ਪ੍ਰੋæ ਨਿਰੰਜਨ ਸਿੰਘ ਤੇ ਮਾਸਟਰ ਤਾਰਾ ਸਿੰਘ ਨੇ ਵੀ ਲੇਖ ਦਾ ਪੱਖ ਲਿਆ। ਗੁਰਬਖਸ਼ ਸਿੰਘ ਨੇ ਆਪ ਉਸ ਵੇਲੇ ਦੇ ਅਕਾਲੀ ਲੀਡਰ, ਪੰਥ ਦੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਨੂੰ ਪੜ੍ਹ ਕੇ ਸੁਣਾਇਆ। ਉਨ੍ਹਾਂ ਨੇ ਸਰਦਾਰ ਬਹਾਦਰ ਮਹਿਤਾਬ ਸਿੰਘ, ਜੋ ਉਸ ਵੇਲੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧਕ ਸਨ, ਨੂੰ ਚਿੱਠੀ ਲਿਖੀ। ਉਨ੍ਹਾਂ ਇਸ ਵਿਸ਼ੇ ‘ਤੇ ਲਿਖਣੋਂ ਰੋਕ ਦਿੱਤਾ। ਗਿਆਨੀ ਜੀ ਨੇ ਨੌਕਰੀ ਛੱਡ ਕੇ ਵੀ ਭੰਡੀ ਪ੍ਰਚਾਰ ਜਾਰੀ ਰੱਖਿਆ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਨੇ ਭਾਵੇਂ ਆਪਣੇ ਮਾਸਕ ਪੱਤਰ ਨੂੰ ਉਨ੍ਹਾਂ ਖਿਲਾਫ਼ ਲਿਖਣੋਂ ਰੋਕ ਦਿੱਤਾ ਸੀ, ਪਰ ਪੈਰੋ-ਪੈਰ ਵਧਦੇ ਵਿਰੋਧ ਦੇ ਰੂ-ਬ-ਰੂ ਉਨ੍ਹਾਂ ਦਾ ਯਕੀਨ ਡੋਲਣੋਂ ਨਾ ਰਹਿ ਸਕਿਆ। ਸ਼ ਗੁਰਬਖਸ਼ ਸਿੰਘ ਨੇ ਨੌਸ਼ਹਿਰਾ ਛੱਡ ਕੇ ਮਾਡਲ ਟਾਊਨ ਲਾਹੌਰ ਆ ਡੇਰਾ ਲਾਇਆ। ਇਥੇ ਉਨ੍ਹਾਂ ਆਪਣਾ ਸੁਪਨਾ ਪੂਰਾ ਕਰਨ ਲਈ ਚੰਗੇ ਵਿਦਵਾਨਾਂ ਦੀ ਸਲਾਹ ਨਾਲ ‘ਪ੍ਰੀਤ ਸੈਨਾ’ ਦਾ ਵਿਧਾਨ ਬਣਾਇਆ ਅਤੇ ਇਸ ਦਾ ਨਾਂ ‘ਸੰਸਾਰ ਪ੍ਰੀਤ ਮੰਡਲ’ ਰਖਿਆ। ਧੜਾ-ਧੜ ਇਸ ਦੇ ਮੈਂਬਰ ਬਣਨੇ ਸ਼ੁਰੂ ਹੋ ਗਏ। ਨਾਨਕ ਸਿੰਘ ਨਾਵਲਕਾਰ, ਗਿਆਨੀ ਹਰਭਜਨ ਸਿੰਘ, ਪਿਆਰਾ ਸਿੰਘ ਸਹਿਰਾਈ, ਦੀਨ ਦਿਆਲ ਵਕੀਲ, ਪਿਆਰਾ ਸਿੰਘ ਦਾਤਾ, ਬਖਸ਼ੀਸ਼ ਸਿੰਘ ਜਾਗੀਰਦਾਰ, ਤਾਰਾ ਸਿੰਘ ਮਲਹੋਤਰਾ ਆਦਿ ਸੱਜਣ ਮਾਡਲ ਟਾਊਨ ਲਾਹੌਰ ਪਹੁੰਚ ਗਏ। ਨਿਸਬਤ ਰੋਡ ਤੋਂ ਗੁਰਬਖਸ਼ ਸਿੰਘ ਨਿਰੰਕਾਰੀ ਦਾ ਦਰਬਾਰ ਪ੍ਰੈਸ ਵੀ ਮਾਡਲ ਟਾਊਨ ਆ ਗਿਆ।
ਹੁਣ ਉਨ੍ਹਾਂ ਆਪਣਾ ਪ੍ਰੀਤ ਸੁਪਨਾ ਸਾਕਾਰ ਕਰਨ ਲਈ ‘ਦਸ ਸਾਲਾ ਮੈਂਬਰੀ’ ਦੀ ਸਕੀਮ ਸ਼ੁਰੂ ਕੀਤੀ। ਹਰ ਮੈਂਬਰ ਨੂੰ ਦਸ ਸਾਲਾਂ ਲਈ ਸੌ ਰੁਪਿਆ ਜਮ੍ਹਾਂ ਰੱਖਣ ਉਤੇ ਦਸ ਵਰ੍ਹੇ ਬਿਨਾਂ ਚੰਦੇ ‘ਪ੍ਰੀਤ ਲੜੀ’ ਅਤੇ ਦੋ ਕਿਤਾਬਾਂ ਮੁਫਤ ਘੱਲੀਆਂ ਜਾਣੀਆਂ ਸਨ। ਧੜਾ-ਧੜ ਮਨੀਆਡਰ ਤੇ ਚੈਕ ਆਉਣ ਲੱਗੇ। ਬੈਂਕ ਵਿਚ ਇਨਾ ਰੁਪਿਆ ਹੋ ਗਿਆ ਜਿਸ ਨਾਲ ਜ਼ਮੀਨ ਖਰੀਦੀ ਜਾ ਸਕਦੀ ਸੀ।
ਇਸ ਦੌਰਾਨ ਕਵੀ ਧਨੀ ਰਾਮ ਚਾਤ੍ਰਿਕ ਨੇ ਲੋਪੋ ਕੀ ਲਾਗੇ ਚਾਰ ਸੌ ਵਿਘੇ ਜ਼ਮੀਨ ਦੀ ਦੱਸ ਪਾਈ। ਲੋਪੋ ਕੀ ਚਾਤ੍ਰਿਕ ਦਾ ਪੁਰਾਣਾ ਪਿੰਡ ਸੀ। ਇਹ ਜ਼ਮੀਨ ਰਾਣੀ ਬੁਧਵੰਤੀ ਦੇ ਵਾਰਸ ਪਰਿਵਾਰ ਕੋਲ ਸੀ। ਚਾਤ੍ਰਿਕ ਇਸ ਪਰਿਵਾਰ ਤੇ ਜਾਗੀਰ ਦੇ ਸਰਬਰਾਹ ਰਹੇ ਸਨ, ਲਾਹੌਰ ਤੇ ਅੰਮ੍ਰਿਤਸਰ ਸ਼ਹਿਰਾਂ ਦੇ ਵਿਚਕਾਰ ਹੋਣ ਕਰ ਕੇ ਪ੍ਰੀਤ ਨਗਰ ਲਈ ਬਹੁਤ ਵਧੀਆ ਟਿਕਾਣਾ ਸੀ। ਚਾਲੀ ਹਜ਼ਾਰ ‘ਤੇ ਸੌਦਾ ਮੁੱਕ ਗਿਆ। ਦਸੰਬਰ 1937 ਵਿਚ ਰਜਿਸਟਰੀ ਹੋ ਗਈ। ਅਰੂੜ ਸਿੰਘ ਇੰਜੀਨੀਅਰ ਦੀ ਨਿਗਰਾਨੀ ਹੇਠ 35 ਵਿਘਿਆਂ ਦੁਆਲੇ ਬਣੀ ਫਸੀਲ ਢਾਹ ਕੇ ਛੋਟੀਆਂ ਇੱਟਾਂ ਨਾਲ ਅੱਠ ਕੋਠੀਆਂ, ਸਾਂਝਾ ਲੰਗਰ, ਦਫ਼ਤਰ ਤੇ ਛਾਪਾਖਾਨਾ ਉਸਰਨ ਲੱਗ ਪਏ ਤੇ ਮਾਡਲ ਟਾਊਨ ਵਿਚ ਬੈਠੀ ‘ਪ੍ਰੀਤ ਸੈਨਾ’ ਆਪਣੀ ਪ੍ਰੀਤ ਛਾਉਣੀ ਦੀ ਉਸਾਰੀ ਲਈ ਬੇਸਬਰ ਹੋਣ ਲੱਗ ਪਈ।
7 ਜੂਨ 1938 ਨੂੰ ਪ੍ਰੀਤ ਸੈਨਾ ਪ੍ਰਤੀ ਨਗਰ ਪ੍ਰਵੇਸ਼ ‘ਤੇ ਪਿਆਰਾ ਸਿੰਘ ਸਹਿਰਾਈ ਨੇ ਉਤਸ਼ਾਹ ਭਰੀ ਕਵਿਤਾ ਪ੍ਰੀਤ ਨਗਰ ਦੇ ਇਤਿਹਾਸਕ ਪੌੜਾਂ ਤੇ ਉਤਰੇ ਪ੍ਰੀਤ ਸੈਨਕਾਂ ਨੂੰ ਸੁਣਾਈ:
ਪ੍ਰੀਤ ਨਗਰ ਦੀਆਂ ਖੁੱਲ੍ਹੀਆਂ ਥਾਂਵਾਂ,
ਰੁਮਕ ਰੁਮਕ ਕੇ ਵਗਣ ‘ਵਾਵਾਂ,
ਅੱਜ ਇਥੇ ਹੈ ਕੋਈ
ਅਰਸ਼ੀ ਆਸ ਪਲਮਦੀ ਆਈ,
ਪਿਆਰੇ ਪਿਆਰੇ ਵਾਸੀ ਇਸਦੇ,
ਸੁਹਣੇ ਸੁਹਣੇ ਦਿਲ ਨੇ ਜਿਨ੍ਹਾਂ ਦੇ,
ਨਾ ਕੋਈ ਵੈਰੀ, ਨਹੀਂ ਬਿਗਾਨਾ,
ਸਗਲ ਸੰਗ ਬਣ ਆਈ।
ਚੰਨ ਚਾਨਣੀ ਹੇਠ ਤਲਾਅ ਤੇ,
ਬਹਿ ਗਿਆ ਪ੍ਰੀਤ ਕਾਫ਼ਲਾ ਆ ਕੇ,
ਟੱਲੀਆਂ ਦੀ ਛਣਕਾਰ ਏ ਦੱਸਦੀ
ਦੂਰ ਮੰਜ਼ਲ ਦੇ ਰਾਹੀ।
ਮੈਂ 1962 ਵਿਚ ‘ਪ੍ਰੀਤ ਲੜੀ’ ਦਾ ਪਾਠਕ ਬਣਿਆ। ਪ੍ਰੀਤ ਨਗਰ ਮੇਰੇ ਪਿੰਡ ਘਰਿੰਡਾ ਤੋਂ ਦਸ ਮੀਲ ਹੈ। ਮੈਂ ਗੁਰਬਖਸ਼ ਸਿੰਘ, ਨਵਤੇਜ ਸਿੰਘ, ਨਾਨਕ ਸਿੰਘ ਤੇ ਹਿਰਦੇ ਪਾਲ ਸਿੰਘ ਨੂੰ ਪ੍ਰੀਤ ਨਗਰ ਜਾ ਕੇ ਮਿਲਦਾ। ਅੱਜ ਭਾਵੇਂ ਪ੍ਰੀਤ ਨਗਰ ਖੰਡਰ ਬਣ ਚੁੱਕਾ ਹੈ, ਪਰ ਪੰਜਾਬ ਵਿਚ ਪ੍ਰੀਤ ਨਗਰ ਪਹਿਲਾ ਯੋਜਨਾਬਧ ਵਸੇਬਾ ਸੀ। ਪੁਰਾਣੇ ਲੋਕ ਦੱਸਦੇ ਨੇæææਨਵੇਂ ਵਸੇ ਪ੍ਰੀਤ ਨਗਰ ਦੀਆਂ ਲਿਸ਼ ਲਿਸ਼ ਕਰਦੀਆਂ ਕੋਠੀਆਂ ਅੱਜ ਕੱਲ੍ਹ ਦੇ ਚੰਡੀਗੜ੍ਹ ਦਾ ਭੁਲੇਖਾ ਪਾਉਂਦੀਆਂ ਸਨ।
ਮੁੰਡੇ-ਕੁੜੀਆਂ ਨੂੰ ਸਾਂਝੀ ਸਿੱਖਿਆ ਦੀ ਲੋੜ ਸਮਝਦਿਆਂ ਗੁਰਬਖਸ਼ ਸਿੰਘ ਨੇ ਅੱਠ ਏਕੜ ਵਿਚ ਐਕਟਿਵਟੀ ਸਕੂਲ ਖੋਲ੍ਹਿਆ ਜਿਸ ਵਿਚ ਵਿਦਿਆ ਦੇ ਨਾਲ ਨਾਲ ਹੱਥੀਂ ਕੰਮ ਕਰਨਾ ਵੀ ਸਿੱਖਾਇਆ ਜਾਂਦਾ। ਮਨੋਵਿਗਿਆਨ ਦੇ ਮਾਹਿਰ ਜਗਦੀਸ਼ ਸਿੰਘ ਸਕੂਲ ਦੇ ਪਹਿਲੇ ਪ੍ਰਿੰਸੀਪਲ ਸਨ। ਵਿਦਿਆਰਥੀਆਂ ਨੂੰ ਜੀਵਨ ਪੰਧ ਵਿਚ ਅੱਗੇ ਤੋਰਨ ਵਾਲਿਆਂ ਵਿਚ ਉਘੇ ਚਿੱਤਰਕਾਰ ਸੋਭਾ ਸਿੰਘ ਤੇ ਕਵੀ ਪਿਆਰਾ ਸਿੰਘ ਸਹਿਰਾਈ ਵੀ ਸ਼ਾਮਲ ਸਨ। ਇਸ ਸਕੂਲ ਵਿਚ ਦੇਸ-ਪਰਦੇਸ, ਆਲੇ-ਦੁਆਲੇ ਦੇ ਪਿੰਡਾਂ ਤੇ ਪ੍ਰੀਤ ਲੜੀ ਦੇ ਪਾਠਕਾਂ ਦੇ ਬੱਚੇ ਪੜ੍ਹਦੇ ਸਨ।
ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰਬਖਸ਼ ਸਿੰਘ ਨੇ ਪ੍ਰੀਤ ਮਿਲਣੀਆਂ ਕਰਨੀਆਂ ਤੇ ਨਾਟਕ ਖੇਡਣੇ ਸ਼ੁਰੂ ਕੀਤੇ। ਬਲਵੰਤ ਗਾਰਗੀ ਦਾ ‘ਲੋਹਾ ਕੁੱਟ’ ਨਾਟਕ ਇਥੋਂ ਦੇ ਤਲਾਅ ਵਿਚ ਪਹਿਲੀ ਵਾਰ ਖੇਡਿਆ ਗਿਆ। ਨਾਟਕਾਂ ਵਿਚ ਕੁੜੀਆਂ ਦਾ ਰੋਲ ਮੁੰਡੇ ਕਰਦੇ ਸਨ, ਪਰ ਪ੍ਰੀਤ ਨਗਰ ਵਿਚ ਪਹਿਲੀ ਵਾਰ ਕੁੜੀਆਂ ਦਾ ਰੋਲ ਕੁੜੀਆਂ ਨੇ ਕੀਤਾ। ਨਾਟਕਾਂ ਰਾਹੀਂ ਲੋਕਾਂ ਨੂੰ ਸਮਾਜਕ ਬੁਰਾਈਆਂ ਬਾਰੇ ਜਾਗਰੂਕ ਕੀਤਾ ਜਾਂਦਾ।
ਬੁੱਧੀਜੀਵੀ ਤੇ ਸਿਆਸੀ ਲੀਡਰ ਪ੍ਰੀਤ ਨਗਰ ਦੀ ਮਹਿਮਾ ਸੁਣ ਕੇ ਇਸ ਨੂੰ ਵੇਖਣ ਲਈ ਮਜਬੂਰ ਹੋ ਗਏ। ਇਨ੍ਹਾਂ ਵਿਚ ਨਾਟਕ ਦੀ ਨਕੜਦਾਦੀ ਨੋਰਾ ਰਿਚਰਡਜ਼, ਅੰਮ੍ਰਿਤਾ ਪ੍ਰੀਤਮ, ਪ੍ਰੋæ ਮੋਹਨ ਸਿੰਘ, ਬਲਰਾਜ ਸਾਹਨੀ, ਸ਼ਰੀਫ ਕੁੰਜਾਹੀ, ਹਿੰਦੀ ਲੇਖਕ ਉਪੇਂਦਰ ਨਾਥ ਅਸ਼ਕ, ਫੈਜ਼ ਅਹਿਮਦ ਫੈਜ਼, ਸਾਹਿਰ ਲੁਧਿਆਣਵੀ, ਸੰਤੋਖ ਸਿੰਘ ਧੀਰ, ਭਾਅਜੀ ਗੁਰਸ਼ਰਨ ਸਿੰਘ, ਨਾਵਲਕਾਰ ਗੁਰਦਿਆਲ ਸਿੰਘ ਤੇ ਵਰਿਆਮ ਸਿੰਘ ਸੰਧੂ ਆਦਿ ਦੀ ਲੰਮੀ ਲੜੀ ਸ਼ਾਮਲ ਹੈ। 1941 ਵਿਚ ਰਾਬਿੰਦਰ ਨਾਥ ਟੈਗੋਰ ਨੇ ਆਪਣੇ ਵਿਸ਼ਵ ਭਾਰਤੀ ਵਿਸ਼ਵ-ਵਿਦਿਆਲੇ ਦੇ ਉਪ ਕੁਲਪਤੀ ਗੁਰਦਿਆਲ ਮਲਿਕ ਨੂੰ ਪ੍ਰੀਤ ਨਗਰ ਦਾ ‘ਸ਼ਾਂਤੀ ਨਿਕੇਤਨ’ ਵੇਖਣ ਲਈ ਭੇਜਿਆ। ਉਹ ਇੰਨੇ ਪ੍ਰਭਾਵਿਤ ਹੋਏ ਕਿ ਲਿਖਿਆ, “ਮੇਰੇ ਲਈ ਪ੍ਰੀਤ ਨਗਰ ਸ਼ਾਂਤੀ ਨਿਕੇਤਨ ਦੀ ਭੈਣ ਹੈ।” 23 ਮਈ, 1942 ਨੂੰ ਜਵਾਹਰ ਲਾਲ ਨਹਿਰੂ ਵੀ ਇਹ ਨਗਰ ਵੇਖਣ ਆਏ। ਉਨ੍ਹਾਂ ਸਕੂਲ ਦੇ ਬੱਚਿਆਂ ਨੂੰ ਸੰਦੇਸ਼ ਦਿੱਤਾ, “ਮੈਂ ਸਾਰੀਆਂ ਸ਼ੁਭ ਇਛਾਵਾਂ ਇਸ ਅੰਦੋਲਨ ਨੂੰ ਦਿੰਦਾ ਹਾਂ ਜਿਹੜਾ ਉਤਸ਼ਾਹ ਤੇ ਆਦਰਸ਼ਾਂ ਨਾਲ ਭਰਪੂਰ ਹੈ। ਅੱਜ ਦੀ ਬੇ-ਸੁਰ ਤੇ ਝਗੜੇ-ਝਾਂਜਿਆਂ ਭਰੀ ਦੁਨੀਆਂ ਵਿਚ ਚੰਗੇ ਆਦਮੀਆਂ ਤੇ ਇਸਤਰੀਆਂ ਨੂੰ ਇਸ ਦਲੇਰ ਕੋਸ਼ਿਸ਼ ਵਿਚ ਜੁਟਿਆਂ ਵੇਖ ਕੇ ਖੁਸ਼ੀ ਹੁੰਦੀ ਹੈ।”
1947 ਦੀ ਖੂਨੀ ਹਨੇਰੀ ਨੇ ਪ੍ਰੀਤ ਨਗਰ ਨੂੰ ਉਜਾੜ ਦਿੱਤਾ। ਬਾਰਡਰ ‘ਤੇ ਹੋਣ ਕਰ ਕੇ ਸਾਰੇ ਪ੍ਰੀਤ ਸੈਨਿਕ ਇਸ ਨੂੰ ਛੱਡ ਗਏ। ਜਿਨ੍ਹਾਂ ਪਖੰਡੀ ਬਾਬਿਆਂ ਦੇ ਬਰਖਿਲਾਫ਼ ਗੁਰਬਖਸ਼ ਸਿੰਘ ਨੇ ਲਿਖਿਆ, ਉਹ ਉਸ ਦੇ ਵਸਾਏ ਪ੍ਰੀਤ ਨਗਰ ਦੇ ਆਲੇ-ਦੁਆਲੇ ਖੁੰਬਾਂ ਵਾਂਗ ਉਗ ਰਹੇ ਨੇ। ਅਜੋਕਾ ਪ੍ਰੀਤ ਨਗਰ ਗੁਰਬਖਸ਼ ਸਿੰਘ ਦੇ ਸੁਪਨਿਆਂ ਨੂੰ ਡੂੰਘਾ ਦਫ਼ਨ ਕਰ ਚੁੱਕਾ ਹੈ। ਪ੍ਰੀਤ ਨਹੀਂ, ਸਨੇਹ ਨਹੀਂ, ਇਕ ਦੂਜੇ ਪ੍ਰਤੀ ਸੰਵੇਦਨਾ ਨਹੀਂ; ਜੇ ਹੈ ਤਾਂ ਬੱਸ ਈਰਖਾ, ਸਾੜਾ, ਨਿੱਜੀ ਮੁਫਾਦ, ਮਤਲਬ। ਪ੍ਰੀਤ ਫ਼ਲਸਫ਼ੇ ਦਾ ਮਜ਼ਾਰ, ਸਹਿਜ ਪ੍ਰੀਤ ਦੇ ਜਾਦੂ ਦੀ ਕਬਰ ਤੇ ਮੁਹੱਬਤੀ ਸੁਪਨੇ ਦੀ ਦਰਗਾਹ! ਹੁਣ ‘ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ’ ਦੀ ਸਥਾਪਨਾ ਨਾਲ ਇਸ ਦੇ ਪੁਨਰਵਾਸ ਦੀ ਆਸ ਬੱਝੀ ਹੈ। ਕੇਵਲ ਧਾਲੀਵਾਲ ਮਹੀਨੇ ਦੇ ਤੀਜੇ ਬੁੱਧਵਾਰ ਉਥੇ ਨਾਟਕ ਖੇਡਦਾ ਹੈ।
ਪੰਜਾਬੀ ਜ਼ੁਬਾਨ ਦਾ ਸ਼ੇਕਸਪੀਅਰ ਤੇ ਪ੍ਰੀਤਾਂ ਦਾ ਪਹਿਰੇਦਾਰ 20 ਅਗਸਤ, 1977 ਨੂੰ ਵਿਛੋੜਾ ਦੇ ਗਿਆ। ਉਨ੍ਹਾਂ ਦਾ ਕਹਿਣਾ ਸੀ, “ਮਨੁੱਖ ਜ਼ਿੰਦਗੀ ਦੇ ਸਕੂਲ ਦਾ ਵਿਦਿਆਰਥੀ ਹੈ, ਜੰਮਣ ਤੋਂ ਲੈ ਕੇ ਮਰਨ ਤੱਕ ਸਿੱਖਦਾ ਰਹਿੰਦਾ ਹੈ।” ਸੂਰਜ ਛਿਪ ਗਿਆ, ਪਰ ਬਹੁਤ ਦੇਰ ਤੱਕ ਆਕਾਸ਼ ਨੂੰ ਲਾਲ ਕਰ ਗਿਆ।