ਜਿੰਮੇਵਾਰ ਹੋਣ ਦਾ ਮਤਲਬ

ਅਵਤਾਰ ਗੋਂਦਾਰਾ
ਜੇ ਅਸੀਂ ਵਾਕਿਆ ਹੀ ਜਿੰਮੇਵਾਰ ਹਾਂ ਤਾਂ ਨਿੱਜੀ ਜਾਂ ਪਰਿਵਾਰਕ ਫਿਕਰਾਂ ਦੇ ਨਾਲ ਨਾਲ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਬੇਮੁੱਖ ਨਹੀਂ ਹੋ ਸਕਦੇ। ਵੱਡੀ ਉਮਰ ਦੇ ਬਚਕਾਨਾ ਬੰਦਿਆਂ ਦੀ ਆਪਾਂ ਗੱਲ ਨੀਂ ਕਰਾਂਗੇ। ਅਸੀਂ ਜਾਣਦੇ ਹਾਂ, ਬ੍ਰਹਿਮੰਡ ਵਿਚ ਸਭ ਕੁਝ ਆਪਸ ਵਿਚ ਜੁੜਿਆ ਹੋਇਆ ਹੈ, ਇਹ ਟਿਕਾ ‘ਚ ਨਹੀਂ। ਰਿਸ਼ਤਿਆਂ ਦਾ ਤਾਣਾ-ਬਾਣਾ ਬੁਣਦਿਆਂ ਜਾਂ ਬੁਣੇ ਹੋਇਆਂ ‘ਚ ਬਝੇ ਅਸੀਂ ਤੁਰੇ ਜਾਂਦੇ ਹਾਂ।

ਰੰਕ ਤੋਂ ਰਾਜੇ ਤੱਕ, ਕੋਈ ਬੰਦਾ ਸੌ ਫੀਸਦੀ ਸਵੈਨਿਰਭਰ ਹੋਣ ਦਾ ਦਾਅਵਾ ਨੀਂ ਕਰ ਸਕਦਾ। ਉਹ ਆਵਦੀਆਂ ਅੰਦਰਲੀਆਂ ਬਾਹਰਲੀਆਂ ਲੋੜਾਂ ਲਈ, ਨਾਲਦਿਆਂ ਤੇ ਨਿਰਭਰ ਹੈ। ਇਹੀ ਅੰਤਰ-ਨਿਰਭਰਤਾ, ਸਮਾਜਿਕਤਾ ਹੈ, ਇਨਸਾਨੀਅਤ ਹੈ। ਕੀ ਇਹ ਸਾਵੀਂ ਹੈ? ਇਸ ਵਿਚ ਕਾਣ ਤਾਂ ਨ੍ਹੀਂ? ਕੀ ਇਸ ਵਿਚ ਕੁਝ ਖੁਸ ਰਿਹਾ ਲੱਗਦਾ ਹੈ ਜਾਂ ਭਰਿਆ ਭਰਿਆ ਮਹਿਸੂਸ ਕੀਤਾ ਜਾ ਰਿਹਾ ਹੈ? ਹੱਕਾਂ ਦੀ ਹੱਦ ਕਿੱਥੋਂ ਤੱਕ ਜਾਂਦੀ ਹੈ। ਇੰਨ੍ਹਾਂ ਸਾਰੇ ਸੁਆਲਾਂ ਵੱਲ ਸਾਡਾ ਚੇਤੰਨ ਹੁੰਗਾਰਾ ਹੀ ਸਾਡੀ ਜਿੰਮੇਵਾਰੀ ਤੈਅ ਕਰਦਾ ਹੈ।
ਇਸੇ ਜਿੰਮੇਵਾਰੀ ਚੋਂ ਪਤਾ ਲਗਦੈ ਕਿ ਅਸੀਂ, ਇੱਕ ਸੈਲੇ ਜੀਵ ਰਾਹੀਂ ਲੱਖਾਂ ਵਰ੍ਹਿਆਂ ਦਾ ਸਫਰ ਤੈਅ ਕਰਕੇ ਇੱਕ ਜਟਿਲ ਅਤੇ ਚਿੰਤਨਸ਼ੀਲ ਜੀਵ ਵਜੋਂ ਜੀਵ ਵਿਕਾਸ ਦੀ ਉਚੇਰੀ ਪੌੜੀ ਤੇ ਬਿਰਾਜਮਾਨ ਹਾਂ। ਕਿਸੇ ਨੇ ਠੀਕ ਹੀ ਕਿਹਾ ਹੈ, ਕਿ ਅਸੀਂ ਬੋਲੀ ਜਾਂਦੀ ਭਾਸ਼ਾ, ਲਿਖੇ ਜਾਂਦੇ ਅੱਖਰਾਂ, ਪਹਿਨੇ ਜਾਂਦੇ ਕੱਪੜਿਆਂ, ਖਾਧੀ ਜਾਂਦੀ ਖੁਰਾਕ, ਮਾਣੀਆਂ ਜਾਂਦੀਆਂ ਸਹੂਲਤਾਂ ਲਈ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਦੇ ਕੀਤੇ ਗਏ, ਸਿਲਸਿਲੇਵਾਰ ਸੰਘਰਸ਼ ਦੇ ਦੇਣਦਾਰ ਹਾਂ। ਇਸ ਦੇਣਦਾਰੀ ਤੋਂ ਮੁਨਕਰ ਹੋਣਾ ਕ੍ਰਿਤਘਣਤਾ ਹੈ, ਗੈਰਜਿੰਮੇਵਾਰੀ ਹੈ। ਸਮਾਜਿਕ ਜੀਵਨ ਦੀ ਰੀਲੇਅ ਰੇਸ ਦੇ ਸਿਰੇ ਤੋਂ ਅੱਗੇ ਸਾਡੀ ਵਾਰੀ ਹੈ। ਬੀਤ ਗਏ ‘ਚੋਂ ਕੁਝ ਚੰਗਾ ਲੈ ਕੇ ਅਗਾਂਹ ਵਧੀਆ ਬਣਾ ਕੇ ਦੇਣਾ ਹੈ।
ਸਭਿਆਚਾਰਕ ਵਿਰਸੇ ਦਾ ਸਾਰਾ ਕੁਝ ਅਪਨਾਉਣਯੋਗ ਨਹੀਂ ਹੁੰਦਾ। ਵਿਰਸੇ ਦੇ ਪਿਛਾਖੜੀ ਗੌਰਵ ਤੇ ਪਛਾਣ ਦੇ ਨਿਆਰੇਪਣ ਵਰਗੀਆਂ ਗੱਲਾਂ ਦੀ ਤਿਲਕਣਬਾਜੀ ਤੋਂ ਵੀ ਬਚਣ ਦੀ ਲੋੜ ਹੈ, ਜੋ ਤੁਹਾਡੇ ਤੇ ਹੋਰਨਾਂ ਵਿਚਕਾਰ ਝੂਠੀ ਲਕੀਰ ਖਿੱਚਦੀਆਂ ਹਨ। ਜੋ ਕੁਝ ਵੀ ਵਿਰਸੇ ਵਿਚ ਮਿਲਿਆ ਹੈ, ਉਸ ਵਿਚੋਂ ਮਾੜੇ ਨੂੰ ਛਡ ਕੇ, ਚੰਗੇ ਨੂੰ ਅਪਨਾਉਣਾ ਤੇ ਉਸ ਨੂੰ ਹੋਰ ਜਿਉਣਯੋਗ ਬਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਪੁਰਦ ਕਰਨਾ, ਇਸੇ ਸ਼ੰਘਰਸ਼ ਦਾ ਹਿੱਸਾ ਹੈ।
ਸਾਡੀ ਚੋਣ ਇਹ ਤਾਂ ਹੋ ਹੀ ਨਹੀਂ ਸਕਦੀ ਕਿ ਅਸੀਂ ਸੰਘਰਸ਼ ਵਿਚ ਭਾਗ ਲੈਣਾ ਹੈ ਜਾਂ ਨਹੀਂ। ਚਾਹੇ-ਅਣਚਾਹੇ ਅਸੀਂ ਇਸ ਵਿਚ ਪਹਿਲਾਂ ਹੀ ਸ਼ਾਮਿਲ ਹਾਂ। ਸਾਡੀ ਚੋਣ ਤਾਂ ਸਿਰਫ ਇਹੀ ਹੋ ਸਕਦੀ ਹੈ ਕਿ ਅਸੀਂ ਕਿਸ ਧਿਰ ਨਾਲ ਖੜ੍ਹਨਾ ਹੈ: ਗਲਤ ਜਾਂ ਸਹੀ ਨਾਲ, ਪਿਛਾਖੜੀ ਜਾਂ ਭਵਿੱਖਮੁਖੀ ਨਾਲ, ਕੁਹਜ ਜਾਂ ਸੁਹਜ ਨਾਲ…। ਆਪਣੇ ਆਪ ਨੂੰ ਨਿਰਪੱਖ ਸਮਝਦਾ ਬੰਦਾ, ਸ਼ੋਸ਼ਿਤ ਦੇ ਵਿਰੁੱਧ ਭੁਗਤਦਾ ਹੈ।
ਇਮਾਨਦਾਰ ਬੰਦਾ ਕਿਹੜੀ ਧਿਰ ਨਾਲ ਖੜਾ ਹੋਵੇ, ਇਸ ਦਾ ਛੇਤੀ ਪਤਾ ਨ੍ਹੀਂ ਲਗਦਾ। ਅੱਜ ਕੱਲ ਲੋਕ-ਪੱਖੀ ਭੇਖ ਤੇ ਲੁਭਾਉਣੇ ਨਾਅਰਿਆਂ ਵਾਲੀਆਂ ਧਿਰਾਂ ਆਪਣੇ ਵੱਲ ਖਿੱਚ ਰਹੀਆਂ ਹਨ। ਇਨ੍ਹਾਂ ਤੋਂ ਬਚਣਾ ਪਹਿਲੀ ਲੋੜ ਹੈ, ਮੁੱਖ ਸੰਘਰਸ਼ ਤਾਂ ਉਸ ਤੋਂ ਅਗਲਾ ਪੜਾਅ ਹੈ। ਸੰਘਰਸ਼ ਕਿਸੇ ਵੀ ਮੁੱਦੇ ਖਿਲਾਫ ਹੋ ਸਕਦਾ ਹੈ; ਬੇਰੁਜ਼ਗਾਰੀ ਦੇ ਖਿਲਾਫ, ਥੁੜ ਦੇ ਖਿਲਾਫ, ਮਹਿੰਗਾਈ ਦੇ ਖਿਲਾਫ; ਸੱਤਾ ਦੇ ਦਮਨ, ਸਮਾਜ ਦੀਆਂ ਰੂੜੀਆਂ, ਜਨੂੰਨੀਆਂ ਦੀਆਂ ਬੰਦਸ਼ਾਂ ਅਤੇ ਨਸਲੀ ਜਾ ਹੋਰ ਵਿਤਕਰੇ ਵਿਰੁੱਧ। ਇਸ ਬਾਰੇ ਚੌਕਸ ਹੋਣ ਦੀ ਲੋੜ ਹੈ ਕਿ ਮੁੱਖ ਸੰਘਰਸ਼ ਦੇ ਨਾਲ ਨਾਲ, ਉਪ-ਸੰਘਰਸ਼ਾਂ ਦੇ ਮੁਹਾਜ ਵੀ ਖੁੱਲ੍ਹ ਜਾਂਦੇ ਹਨ। ਆਦਰਸ਼ ਪ੍ਰਤੀ ਸ਼ੰਕਾ, ਨਿੱਜ ਤੇ ਪਰ ਦੀਆਂ ਲੋੜਾਂ ਦੀ ਖਿੱਚੋਤਾਣ, ਅੰਦਰ ਦੀ ਦੁਬਿੱਧਾ ਰਾਹ ਮੱਲ ਲੈਂਦੀਆ ਹਨ। ਬਾਹਰਲੇ ਸੰਘਰਸ਼ ‘ਚ ਕੁੱਦਣ ਤੋਂ ਪਹਿਲਾਂ, ਆਪਣੇ ਸਵੈ ਨਾਲ ਵੀ ਦੋ-ਚਾਰ ਹੋਣਾ ਪੈਂਦਾ ਹੈ।
ਮੌਜ ਮੇਲਾ ਕਰ ਰਿਹਾ ਬੰਦਾ ਕਹਿ ਸਕਦਾ ਹੈ ਕਿ ਸੰਘਰਸ਼ ਦਾ ਰਾਹ ਰੁੱਖਾ, ਸਿਰਫ ਨਾਅ੍ਹਰੇ-ਧਰਨੇ ਲਾਉਣ ਤੱਕ ਹੀ ਹੁੰਦਾ ਹੈ। ਹੁੰਦਾ ਸਗੋਂ ਉਲਟ ਹੈ, ਮਾਨਵੀ ਪੀੜ ਤੋਂ ਵਿਹੂਣਾ ਬੰਦਾ ਚੰਗੇ ਸਮਾਜ ਲਈ ਸੰਘਰਸ਼ ਕਰਨ ਬਾਰੇ ਸੋਚ ਹੀ ਨਹੀਂ ਸਕਦਾ। ਉਸ ਦਾ ਆਕਾਸ਼ ਤਾਂ ਘਰ ਦੀ ਵਲਗਣ ਹੀ ਹੁੰਦਾ ਹੈ। ਇਸ ਗੱਲ ਦਾ ਅਹਿਸਾਸ ਜਦੋਂ ਹੋ ਜਾਵੇ ਕਿ ਸਾਡੀ ਨਿੱਜੀ ਤੇ ਪਰਿਵਾਰਕ ਖੁਸ਼ੀ ਨਿਰਲੇਪ ਨਹੀਂ ਹੈ ਤੇ ਨਾ ਹੀ ਆਸੇ ਪਾਸੇ ਨਾਲੋਂ ਟੁੱਟੀ ਹੋਈ ਹੈ। ਇਸ ਦਾ ਨਾੜੂਆ, ਆਲੇ ਦੁਆਲੇ ਅਤੇ ਆਵਦੇ ਵਰਗੇ ਬੰਦਿਆਂ ਦੇ ਦੁੱਖ-ਸੁੱਖ ਨਾਲ ਜੁੜਿਆ ਹੋਇਆ ਹੈ; ਜਿਵੇਂ ਪੱਤੇ ਦੀ ਹਰਿਆਲੀ ਰੁੱਖ ਦੀ ਸਿਹਤ ਨਾਲ।
ਅੱਜ ਸੰਸਾਰੀਕਰਣ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਖੁਸ਼ਹਾਲੀ ਅਤੇ ਖੁਸ਼ੀ ਅਵੰਡ ਹਨ। ਕੋਈ ਇੱਕ ਮੁਲਕ, ਤਬਕਾ, ਕੋਈ ਭਾਈਚਾਰਾ ਦੂਜਿਆਂ ਨੂੰ ਮੰਦਹਾਲੀ ‘ਚ ਸੁੱਟ ਕੇ-ਕੁੱਟ ਕੇ ਮੁਕੰਮਲ ਤੌਰ ਤੇ ਖੁਸ਼ ਨਹੀਂ ਰਹਿ ਸਕਦਾ। ਦਿਲ-ਬਹਿਲਾਵੇ ਲਈ ਉਹ ਸੌ ਬੰਨ-ਸੁਬ ਕਰੀ ਜਾਵੇ, ਮੋੜਵੇਂ ਵਾਰ ਦਾ ਧੁੜਕੂ ਉਸ ਨੂੰ ਲੱਗਿਆ ਰਹਿੰਦਾ ਹੈ। ਜੇ ਥੁੜੇ ਨੂੰ ਵਿਗੋਚੇ ਦਾ ਝੋਰਾ ਹੈ ਤਾਂ ਧਨੀ ਨੂੰ ਅਮੀਰੀ ਦੇ ਖੁੱਸਣ ਦਾ ਭੈਅ ਹੈ। ਐਸੇ ਮਾਹੌਲ ਵਿਚ ਸਾਧਾਂ ਸੰਤਾਂ ਵਲੋਂ ਧਾਰਮਿਕ ਚੈਨਲਾਂ ਤੋਂ ਭਾਈਚਾਰਾ ਬਣਾਈ ਰੱਖਣ ਅਤੇ ਆਪਸੀ ਮੁਹੱਬਤ ਦੇ ਕੀਤੇ ਜਾਂਦੇ ਪ੍ਰਵਚਨ ਵੱਖ ਵੱਖ ਧਿਰਾਂ ਵਿਚ ਲਗਾਤਾਰ ਵਧ ਰਿਹਾ ਤਣਾਅ, ਟਕਰਾਅ, ਬੇਵਸਾਹੀ ਅਤੇ ਹਿੰਸਾ ਖਤਮ ਨਹੀਂ ਕਰ ਸਕਦੇ। ਖੁਸ਼ਹਾਲ ਦਿਸਦੇ ਤਬਕੇ ਨੂੰ ਵੀ ਆਪਣੀ ਹੈਸੀਅਤ ਖੁੱਸਣ ਦਾ ਭੈਅ ਲਗਾਤਾਰ ਬਣਿਆ ਰਹਿੰਦਾ ਹੈ। ਘਰਾਂ ਦੀਆਂ ਤਿੱਖੀਆਂ ਗਰਿੱਲਾਂ ਵਾਲੀਆਂ ਉਚੀਆਂ ਕੰਧਾਂ, ਰਾਖੀ ਲਈ ਲਾਏ ਗਏ ਵੱਡੇ ਗੇਟ ਤੇ ਦਰਵਾਜੇ ‘ਚ ਖੜੇ ਸੁਰੱਖਿਆ ਗਾਰਡ ਇਸ ਭੈਅ ਦੀਆਂ ਅਲਾਮਤਾਂ ਹਨ।
ਆਮ ਬੰਦੇ ਲਈ ਇੰਨ੍ਹਾਂ ਗੱਲਾਂ ਦੀ ਸ਼ਾਇਦ ਇੰਨੀ ਮਹੱਤਤਾ ਨਾ ਹੋਵੇ, ਉਹ ਆਪਣੀ ਨਿੱਕੀ ਹਉਂ ਦੇ ਚੱਕਰਵਿਊ ‘ਚ ਫਸਿਆ ਜੁਆਕ ਪਾਲਦਾ ਅਉਧ ਹੰਢਾ ਲੈਂਦਾ ਹੈ। ਪਰ ਜਿਹੜਾ ਫਿਕਰਮੰਦ ਹੈ, ਜਿੰਮੇਵਾਰ ਹੈ, ਕਾਇਆ-ਕਲਪ ਦੀ ਆਸ ਰੱਖਦਾ ਹੈ, ਉਸ ਲਈ ਜ਼ਰੂਰੀ ਹੈ, ਇਕੱਲਾ ‘ਆਜ਼ਾਦੀ’ ਲਈ ਸੰਘਰਸ਼ ਦੀਆਂ ਗੱਲਾਂ ਹੀ ਨਾ ਕਰੇ, ਆਜ਼ਾਦੀ ਦੇ ਅਰਥ ਵੀ ਸਮਝੇ ਤੇ ਇਸ ਦੇ ਰਾਹ ਦੇ ਰੋੜਿਆਂ ਦੀ ਸਹੀ ਨਿਸ਼ਾਨਦੇਹੀ ਵੀ ਕਰੇ। ਆਜ਼ਾਦੀ ਦੇ ਨਾਂ ‘ਤੇ ਉਠ ਰਹੇ ਪਿੱਛਾਖੜੀ, ਫਿਰਕੂ ਉਭਾਰਾਂ ਦੀ ਚਕਾਚੌਂਧ ‘ਚ ਸਮਾਂ ਨਾ ਗੰਵਾਏ ਅਤੇ ਇਨ੍ਹਾਂ ‘ਚ ਰਸ ਲੈਣ ਦੀ ਥਾਂ, ਵਿੱਤ ਅਤੇ ਰੁਚੀ ਮੁਤਾਬਿਕ, ਮਨੁੱਖੀ ਆਜ਼ਾਦੀ ਦੇ ਚਲ ਰਹੇ ਸਹੀ ਤੇ ਸੱਚੇ ਸੰਘਰਸ਼ਾਂ ਦੇ ਕਿਸੇ ਵੀ ਮੁਹਾਜ਼ ਤੇ ਮੋਰਚਾ ਸੰਭਾਲੇ। ਮੋਰਚਾ ਸਿਆਸੀ, ਸਾਹਿਤਕ, ਸੱਭਿਆਚਾਰਕ, ਸਮਾਜ਼ਿਕ ਕੋਈ ਵੀ ਹੋ ਸਕਦਾ ਹੈ।
ਅਸੀਂ ਦੋ ਅੱਖਰ ਪੜ੍ਹੇ, ਅਕਸਰ ਆਲੇ ਦੁਆਲੇ ਖਿੱਲਰੀ ਗੰਦਗੀ, ਅਫਰਾਤਫਰੀ, ਭ੍ਰਿਸ਼ਟਾਚਾਰ, ਨਸਲੀ ਵਿਤਕਰੇ, ਖੋਹ-ਖਿੰਝ, ਲੁੱਟ, ਨਾਬਰਾਬਰੀ, ਨਿਹੱਕੀ ਹਿੰਸਾ ਬਾਰੇ ਕੁੜ੍ਹਨ ‘ਚ ਗੁੱਸਾ ਜਾਇਆ ਕਰ ਦਿੰਦੇ ਹਾਂ, ਜਦੋਂ ਕਿ ਚਾਹੀਦਾ ਇਹ ਹੈ ਕਿ, ਹਾਲਤਾਂ ਵਿਚ ਲੁਕੀ ਸੰਭਾਵਨਾ ਦੇ ਤੀਲਿਆਂ ਨੂੰ ਠੁੱਕ-ਸਿਰ ਕਰੀਏ ਤੇ ਜਿੱਥੋਂ ਤੱਕ ਮਾਰ ਜਾਂਦੀ ਹੈ, ਇਸ ਗੰਦਗੀ ‘ਤੇ ਹੂੰਝਾ ਫੇਰੀਏ। ਜਿੰਦਗੀ ਦਾ ਜਸ਼ਨ ਇਸੇ ‘ਚ ਨਿਹਿਤ ਹੈ। ਇਕੱਲ, ਬੋਰੀਅਤ, ਨਸ਼ਾਖੋਰੀ ਅਤੇ ਖੁਦਕੁਸ਼ੀਆਂ ਤੋਂ ਬਚਣ ਦਾ ਵੀ ਇਹੀ ਗਾਡੀ ਰਾਹ ਹੈ।