ਸਿੰਘ ਇਜ਼ ਕਿੰਗ ਅਭਿਨਵ ਸਿੰਘ ਬਿੰਦਰਾ

ਪ੍ਰਿੰæ ਸਰਵਣ ਸਿੰਘ
ਅਭਿਨਵ ਬਿੰਦਰਾ ਕਿਸੇ ਵਿਅਕਤੀਗਤ ਖੇਡ ਵਿਚ ਭਾਰਤ ਦਾ ਇਕੋ-ਇਕ ਓਲੰਪਿਕ ਚੈਂਪੀਅਨ ਹੈ। ਬੀਜਿੰਗ ਓਲੰਪਿਕ-2008 ਵਿਚ ਓਲੰਪਿਕ ਚੈਂਪੀਅਨ ਬਣਨ ਤੋਂ ਪਹਿਲਾਂ ਉਹ 2006 ਵਿਚ ਵਿਸ਼ਵ ਚੈਂਪੀਅਨ ਬਣ ਗਿਆ ਸੀ। ਇਹ ਪਹਿਲੀ ਵਾਰ ਸੀ ਕਿ ਕੋਈ ਭਾਰਤੀ ਨਿਸ਼ਾਨੇਬਾਜ਼ ਵਿਸ਼ਵ ਚੈਂਪੀਅਨ ਬਣਿਆ।

ਕਾਮਨਵੈਲਥ ਖੇਡਾਂ ਦਾ ਉਹ ਚਾਰ ਵਾਰ ਚੈਂਪੀਅਨ ਬਣਿਆ। ਉਹ ਸੱਚਮੁੱਚ ‘ਸਿੰਘ ਇਜ਼ ਕਿੰਗ’ ਹੈ। ਉਸ ਨੇ 2014 ਤਕ ਤਿੰਨ ਓਲੰਪਿਕ ਖੇਡਾਂ, ਤਿੰਨ ਏਸ਼ਿਆਈ ਖੇਡਾਂ ਤੇ ਪੰਜ ਕਾਮਨਵੈਲਥ ਖੇਡਾਂ ਵਿਚ ਭਾਗ ਲਿਆ। ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਕਾਮਨਵੈਲਥ ਖੇਡਾਂ ਤੇ ਏਸ਼ਿਆਈ ਖੇਡਾਂ ਵਿਚੋਂ ਉਸ ਨੇ 6 ਸੋਨੇ, 3 ਚਾਂਦੀ ਤੇ 3 ਕਾਂਸੀ ਦੇ ਤਮਗ਼ੇ ਜਿੱਤੇ ਹਨ। 1896 ਤੋਂ ਸ਼ੁਰੂ ਹੋਈਆਂ ਓਲੰਪਿਕ ਖੇਡਾਂ ਵਿਚੋਂ ਭਾਰਤ ਦੀਆਂ ਹਾਕੀ ਟੀਮਾਂ ਹੀ ਸੋਨ ਤਮਗ਼ੇ ਜਿੱਤੀਆਂ ਸਨ। ਕੋਈ ‘ਕੱਲਾ ਖਿਡਾਰੀ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਨਹੀਂ ਸੀ ਜਿੱਤ ਸਕਿਆ। ਭਾਰਤ ਨੂੰ ਕਿਸੇ ਵਿਅਕਤੀਗਤ ਖੇਡ ਵਿਚ ਓਲੰਪਿਕ ਸੋਨ ਤਮਗ਼ਾ ਜਿੱਤਣ ਦਾ ਮਾਣ ਪੰਜਾਬ ਦੇ ਇਸੇ ਹੋਣਹਾਰ ਖਿਡਾਰੀ ਨੇ ਦੁਆਇਆ।
ਉਹਦੀਆਂ ਖੇਡ ਪ੍ਰਾਪਤੀਆਂ ਸਦਕਾ ਭਾਰਤ ਸਰਕਾਰ ਨੇ ਉਸ ਨੂੰ 2000 ਵਿਚ ਅਰਜਨ ਅਵਾਰਡ, 2001 ਵਿਚ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਤੇ 2009 ਵਿਚ ਪਦਮ ਭੂਸ਼ਨ ਪੁਰਸਕਾਰ ਨਾਲ ਸਨਮਾਨਤ ਕੀਤਾ। 2011 ਵਿਚ ਭਾਰਤੀ ਫੌਜ ਨੇ ਉਸ ਨੂੰ ਟੈਰੀਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿਚ ਲੈਫਟੀਨੈਂਟ ਕਰਨਲ ਦਾ ਆਨਰੇਰੀ ਅਹੁਦਾ ਦਿੱਤਾ। ਉਸ ਨੂੰ ਦੇਸ਼-ਵਿਦੇਸ਼ ਦੇ ਹੋਰ ਵੀ ਅਨੇਕਾਂ ਮਾਣ ਸਨਮਾਨ ਮਿਲੇ। ਜ਼ਿਲ੍ਹਾ ਪੱਧਰ ਤੋਂ ਵਿਸ਼ਵ ਪੱਧਰ ਤਕ ਉਸ ਦੇ ਜਿੱਤੇ ਤਮਗ਼ਿਆਂ ਤੇ ਟਰਾਫੀਆਂ ਦੀ ਗਿਣਤੀ ਸੌ ਤੋਂ ਵੱਧ ਹੈ। ਉਹ ਭਾਰਤ ਦੇ ਕਰੋੜਾਂ ਬੱਚਿਆਂ ਤੇ ਨੌਜੁਆਨਾਂ ਦਾ ਰੋਲ ਮਾਡਲ ਹੈ।
ਅਭਿਨਵ ਦਾ ਜਨਮ ਮਾਤਾ ਕੰਵਰਜੀਤ ਕੌਰ ਬਬਲੀ ਦੀ ਕੁੱਖੋਂ ਪਿਤਾ ਡਾæ ਅਪਜੀਤ ਸਿੰਘ ਬਿੰਦਰਾ ਦੇ ਘਰ 28 ਸਤੰਬਰ 1982 ਨੂੰ ਦੇਹਰਾਦੂਨ ਵਿਖੇ ਹੋਇਆ। ਬਾਅਦ ਵਿਚ ਅਭਿਨਵ ਨੇ 5 ਫੁੱਟ 8 ਇੰਚ ਕੱਦ ਕੀਤਾ ਤੇ ਓਲੰਪਿਕ ਚੈਂਪੀਅਨ ਬਣਨ ਸਮੇਂ ਉਸ ਦਾ ਵਜ਼ਨ 65æ5 ਕਿੱਲੋਗਰਾਮ ਸੀ। ਉਸ ਦਾ ਰੰਗ ਗੋਰਾ-ਗੰਦਮੀ, ਸਿਰ ਤੇ ਸਿਹਲੀਆਂ ਦੇ ਵਾਲ ਕਾਲੇ ਸੰਘਣੇ, ਬੁੱਲ੍ਹ ਢਾਲਵੇਂ, ਅੱਖਾਂ ਮੋਟੀਆਂ ਤੇ ਚਿਹਰਾ ਗੋਲ ਹੈ। ਉਹਦੇ ਮੂੰਹ ਉਤੇ ਮਾਸੂਮੀਅਤ ਝਲਕਦੀ ਰਹਿੰਦੀ ਹੈ। ਉਹ ਵਧੇਰੇ ਕਰ ਕੇ ਗੰਭੀਰ ਦਿਸਦਾ ਹੈ ਤੇ ਕਦੇ-ਕਦੇ ਹੀ ਮੁਸਕਰਾਉਂਦਾ ਹੈ।
ਉਸ ਦੀ ਮਾਤਾ ਕੰਵਰਜੀਤ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਪੰਜਵੀਂ ਪੀੜ੍ਹੀ ਵਿਚੋਂ ਹੈ। ਹਰੀ ਸਿੰਘ ਨਲੂਆ ਨੇ ਖਾਲੀ ਹੱਥਾਂ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ, ਉਸ ਦੀ ਛੇਵੀਂ ਪੀੜ੍ਹੀ ਦੇ ਵਾਰਸ ਅਭਿਨਵ ਨੇ ਰਾਈਫਲ ਨਾਲ ਓਲੰਪਿਕ ਖੇਡਾਂ ਦਾ ਸੋਨ ਤਮਗ਼ਾ ਫੁੰਡਿਆ ਹੈ। ਅਭਿਨਵ ਦੀ ਮਾਤਾ ਜਿਸ ਦਾ ਨਿੱਕਾ ਨਾਂ ਬਬਲੀ ਹੈ, ਕੌਮੀ ਪੱਧਰ ਦੀ ਹੈਂਡਬਾਲ ਖਿਡਾਰਨ ਰਹੀ ਹੈ। ਸਕੂਲ ਤੇ ਕਾਲਜ ਵਿਚ ਪੜ੍ਹਦਿਆਂ ਉਹ ਬਾਸਕਟਬਾਲ, ਟੇਬਲ ਟੈਨਿਸ ਤੇ ਹਾਕੀ ਦੀਆਂ ਟੀਮਾਂ ਦੀ ਕਪਤਾਨ ਰਹੀ। ਅਭਿਨਵ ਦੇ ਪਿਤਾ ਅਪਜੀਤ ਸਿੰਘ ਬਿੰਦਰਾ ਨੇ ਵੈਟਰਨਰੀ ਸਾਇੰਸ ਦੀ ਮਾਸਟਰ ਡਿਗਰੀ ਕਰ ਕੇ ਡਾਕਟਰੇਟ ਕੀਤੀ ਤੇ ਆਪਣਾ ਬਿਜਨਸ ਸ਼ੁਰੂ ਕੀਤਾ ਜਿਸ ਨੂੰ ਬੜੇ ਰੰਗ ਭਾਗ ਲੱਗੇ। ਉਨ੍ਹਾਂ ਦੇ ਘਰ ਪਹਿਲਾਂ ਧੀ ਦਿਵੀਆ ਨੇ ਜਨਮ ਲਿਆ ਜੋ ਵਿਆਹੀ ਜਾ ਚੁੱਕੀ ਹੈ। ਅਭਿਨਵ ਨੇ ਅਜੇ ਵਿਆਹ ਨਹੀਂ ਕਰਵਾਇਆ ਤੇ ਨਾ ਉਸ ਦੀ ਕੋਈ ਸਖੀ ਸਹੇਲੀ (ਗਰਲ ਫਰੈਂਡ) ਹੈ। ਉਸ ਦੀ ਸਹੇਲੀ 1994-95 ਤੋਂ ਹੁਣ ਤਕ ਉਹਦੀ ਏਅਰ ਰਾਈਫ਼ਲ ਹੀ ਹੈ ਜਿਸ ਨਾਲ ਉਹ ਵੱਧ ਤੋਂ ਵੱਧ ਸਮਾਂ ਬਿਤਾ ਰਿਹੈ।
ਅਭਿਨਵ ਦੇ ਬਾਬਾ ਜੀ ਕਰਨਲ ਬੀਰ ਸਿੰਘ, ਮੇਜਰ ਧਿਆਨ ਚੰਦ ਦੀ ਕਪਤਾਨੀ ਵਿਚ ਭਾਰਤੀ ਫੌਜ ਦੀ ਹਾਕੀ ਟੀਮ ਵਿਚ ਖੇਡਦੇ ਰਹੇ ਸਨ। ਇੰਜ ਬਿੰਦਰਾ ਪਰਿਵਾਰ ਪੁਰਖਿਆਂ ਤੋਂ ਹੀ ਖੇਡ ਪ੍ਰੇਮੀ ਹੈ। ਅਭਿਨਵ ਨੇ ਦੇਹਰਾਦੂਨ ਦੇ ਦੂਨ ਸਕੂਲ ਤੋਂ ਪੜ੍ਹਨਾ ਸ਼ੁਰੂ ਕੀਤਾ ਤੇ ਨੌਂਵੀ ਜਮਾਤ ਵਿਚ ਚੰਡੀਗੜ੍ਹ ਦੇ ਸੇਂਟ ਸਟੀਫਨਜ਼ ਸਕੂਲ ਵਿਚ ਪੜ੍ਹਨ ਆ ਲੱਗਾ। ਉਸ ਦੇ ਪਿਤਾ ਜੀ ਨੇ ਛੱਤ ਬੀੜ ਨੇੜੇ ਜ਼ੀਰਕਪੁਰ-ਪਟਿਆਲਾ ਸੜਕ ‘ਤੇ ਬਿੰਦਰਾ ਫਾਰਮਜ਼ ਨਾਂ ਦਾ ਆਲੀਸ਼ਾਨ ਨਿਵਾਸ ਬਣਾ ਲਿਆ ਸੀ। ਇਹ ਪਿੰਡ ਕਿਸ਼ਨਪੁਰਾ, ਜ਼ਿਲ੍ਹਾ ਮੁਹਾਲੀ ਦੀ ਜ਼ਮੀਨ ਵਿਚ ਹੈ। ਤੇਰ੍ਹਾਂ ਏਕੜ ਦੇ ਇਸ ਵਿਸ਼ਾਲ ਬਿੰਦਰਾ ਫਾਰਮਜ਼ ਵਿਚ ਪਿਤਾ ਨੇ ਪੁੱਤਰ ਨੂੰ ਨਿਸ਼ਾਨੇਬਾਜ਼ੀ ਦੀ ਟ੍ਰੇਨਿੰਗ ਦੇਣ ਲਈ ਓਲੰਪਿਕ ਪੱਧਰ ਦੀ ਇਨਡੋਰ ਸ਼ੂਟਿੰਗ ਰੇਂਜ ਬਣਵਾਈ ਤੇ ਵਧੀਆ ਕੋਚਿੰਗ ਦਾ ਪ੍ਰਬੰਧ ਕੀਤਾ।
ਅਭਿਨਵ ਅਜੇ ਬੱਚਾ ਹੀ ਸੀ ਜਦੋਂ ਉਸ ਨੇ ਅਮਰੀਕਾ ਦੇ ਅਥਲੀਟ ਕਾਰਲ ਲੁਇਸ ਦੀਆਂ ਬਾਤਾਂ ਸੁਣੀਆਂ। ਉਸ ਨੇ ਓਲੰਪਿਕ ਖੇਡਾਂ ਵਿਚੋਂ ਕਈ ਮੈਡਲ ਜਿੱਤੇ ਸਨ। ਉਸ ਦੀ ਮਹਿਮਾ ਸੁਣ ਕੇ ਉਹਦੇ ਮਨ ਵਿਚ ਵੀ ਖਿਡਾਰੀ ਬਣਨ ਤੇ ਓਲੰਪਿਕ ਖੇਡਾਂ ‘ਚੋਂ ਮੈਡਲ ਜਿੱਤਣ ਦਾ ਚਾਅ ਪੈਦਾ ਹੋ ਗਿਆ। ਉਸ ਨੂੰ ਤੋਹਫੇ ਵਜੋਂ ਏਅਰ ਰਾਈਫਲ ਮਿਲ ਗਈ ਤਾਂ ਉਹ ਸ਼ੌਕ ਨਾਲ ਸ਼ੂਟਿੰਗ ਕਰਨ ਲੱਗਾ। ਇਕ ਦਿਨ ਉਹਦੇ ਪਿਤਾ ਜੀ ਉਹਦੀ ਪੜ੍ਹਾਈ ਲਈ ਸਾਇੰਸ ਦਾ ਟਿਊਟਰ ਲੱਭਣ ਚੰਡੀਗੜ੍ਹ ਗਏ। ਉਥੇ ਉਨ੍ਹਾਂ ਦਾ ਮੇਲ ਪੀ ਜੀ ਆਈ ਦੇ ਰਿਸਰਚ ਸਕਾਲਰ ਡਾæ ਅਮਿਤ ਭੱਟਾਚਾਰਜੀ ਨਾਲ ਹੋਇਆ। ਤਦ ਤਕ ਅਭਿਨਵ ਲੈਫਟੀਨੈਂਟ ਕਰਨਲ ਜੇæ ਐਸ਼ ਢਿੱਲੋਂ ਤੋਂ ਸ਼ੂਟਿੰਗ ਦੀ ਕੋਚਿੰਗ ਲੈਣ ਲੱਗ ਪਿਆ ਸੀ। ਅਭਿਨਵ ਦੀ ਪੜ੍ਹਾਈ ਤੇ ਸ਼ੂਟਿੰਗ ਬਾਰੇ ਦੱਸਿਆ ਗਿਆ ਤਾਂ ਭੱਟਾਚਾਰਜੀ ਡਾæ ਬਿੰਦਰਾ ਦੇ ਨਾਲ ਅਭਿਨਵ ਨੂੰ ਆ ਮਿਲਿਆ। ਉਦੋਂ ਉਸ ਦੀ ਉਮਰ ਤੇਰ੍ਹਾਂ ਕੁ ਸਾਲ ਦੀ ਸੀ। ਭੱਟਾਚਾਰਜੀ ਨੇ ਡਾਕਟਰੀ ਦੀਆਂ ਡਿਗਰੀਆਂ ਨਾਲ ਕਈ ਸਰਟੀਫਾਈਡ ਕੋਰਸ ਵੀ ਕੀਤੇ ਹੋਏ ਸਨ। ਉਹ ਮਨੋਵਿਗਿਆਨਕ ਦਬਾਅ, ਪੱਠਿਆਂ ਦੀ ਹਰਕਤ ਤੇ ਸਾਹ ਕਿਰਿਆ ਦੀ ਸਿੱਖਿਆ ਦਾ ਮਾਹਿਰ ਕੋਚ ਸੀ। ਕਰਨਲ ਢਿੱਲੋਂ ਨਾਲ ਉਹ ਵੀ ਉਹਦਾ ਕੋਚ ਬਣ ਗਿਆ।
ਅਭਿਨਵ ਬਿੰਦਰਾ ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਉਸ ਨੂੰ ਖੁਸ਼ਹਾਲ ਮਾਪੇ ਮਿਲੇ ਜਿਨ੍ਹਾਂ ਨੇ ਪੁੱਤਰ ਨੂੰ ਚੋਟੀ ਦਾ ਨਿਸ਼ਾਨੇਬਾਜ਼ ਬਣਾਉਣ ਲਈ ਲੱਖਾਂ ਕਰੋੜਾਂ ਰੁਪਏ ਖਰਚੇ। ਅਭਿਨਵ ਵਿਚ ਏਨੀ ਲਗਨ ਸੀ ਕਿ ਉਹ ਹਰ ਰੋਜ਼ ਬਾਰਾਂ-ਬਾਰਾਂ ਘੰਟੇ ਸ਼ੂਟਿੰਗ ਕਰਦਾ ਨਾ ਥੱਕਦਾ। ਅਰਜਨ ਦੇ ਮੱਛੀ ਦੀ ਅੱਖ ਵੇਖਣ ਵਾਂਗ ਉਹਦਾ ਇਕੋ ਨਿਸ਼ਾਨਾ ਸੀ ਕਿ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਹੈ। ਭਾਰਤ ਵਿਚ ਬਹੁਤੇ ਖਿਡਾਰੀ ਸਹੂਲਤਾਂ ਤੋਂ ਸੱਖਣੇ ਰਹਿ ਜਾਂਦੇ ਹਨ ਪਰ ਅਭਿਨਵ ਨੂੰ ਸਹੂਲਤਾਂ ਦੀ ਕੋਈ ਕਮੀ ਨਹੀਂ ਸੀ। ਉਹ ਛੋਟੀ ਉਮਰ ਵਿਚ ਹੀ ਜ਼ਿਲ੍ਹੇ, ਸੂਬੇ ਤੇ ਕੌਮੀ ਪੱਧਰ ਦੇ ਮੁਕਾਬਲੇ ਜਿੱਤਣ ਲੱਗਾ। ਉਹ ਅਜੇ ਸੋਲ੍ਹਵੇਂ ਸਾਲ ਵਿਚ ਸੀ ਕਿ ਭਾਰਤ ਵੱਲੋਂ ਕਾਮਨਵੈਲਥ ਖੇਡਾਂ ਵਿਚ ਭਾਗ ਲੈਣ ਗਿਆ। ਅਠਾਰਵੇਂ ਸਾਲ ਵਿਚ ਉਸ ਨੇ ਸਿਡਨੀ-2000 ਦੀਆਂ ਓਲੰਪਿਕ ਖੇਡਾਂ ਵਿਚ ਹਿੱਸਾ ਲਿਆ।
ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਉਸ ਨੇ ਬੈਚਲਰ ਆਫ ਬਿਜਨਿਸ ਐਡਮਨਿਸਟ੍ਰੇਸ਼ਨ ਤੇ ਮਾਸਟਰ ਆਫ ਬਿਜਨਸ ਦੀਆਂ ਡਿਗਰੀਆਂ ਅਮਰੀਕਾ ਦੀ ਯੂਨੀਵਰਸਿਟੀ ਆਫ ਕਾਲੋਰਾਡੋ ਤੋਂ ਹਾਸਲ ਕੀਤੀਆਂ। 2001 ਵਿਚ ਉਹ ਮਿਊਨਿਖ ਵਿਖੇ 10 ਮੀਟਰ ਏਅਰ ਰਾਈਫ਼ਲ ਨਿਸ਼ਾਨੇਬਾਜ਼ੀ ਵਿਚ 597/600 ਅੰਕ ਲੈ ਕੇ ਨਵੇਂ ਰਿਕਾਰਡ ਨਾਲ ਜੂਨੀਅਰ ਵਰਲਡ ਚੈਂਪੀਅਨ ਬਣਿਆ। ਫਿਰ ਤਾਂ ਚੱਲ ਸੋ ਚੱਲ ਹੋ ਗਈ ਤੇ ਉਹ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਭਾਰਤ ਲਈ ਤਮਗ਼ੇ ਜਿੱਤਣ ਲੱਗਾ। 2002 ਵਿਚ ਉਸ ਨੇ ਯੂਰਪੀ ਸਰਕਟ ਚੈਂਪੀਅਨਸ਼ਿਪਾਂ ‘ਚੋਂ 7 ਸੋਨੇ, 1 ਕਾਂਸ਼ੀ ਤੇ 4 ਚਾਂਦੀ ਦੇ ਤਮਗ਼ੇ ਜਿੱਤੇ। ਉਨ੍ਹਾਂ ਵਿਚ ਇਕ ਗੋਲਡ ਤੇ ਇਕ ਸਿਲਵਰ ਮੈਡਲ ਮਾਨਚੈਸਟਰ ਦੀਆਂ ਕਾਮਨਵੈਲਥ ਖੇਡਾਂ ਦੇ ਸਨ। ਕੋਚ ਕਰਨਲ ਢਿੱਲੋਂ ਤੋਂ ਬਾਅਦ ਡਾæ ਭੱਟਾਚਾਰਜੀ, ਲਾਜ਼ਲੋ ਸਜੂਜਕ, ਗੈਬਰੀਲਾ ਬੁਲ੍ਹਮੈਨ ਤੇ ਸਨੀ ਥਾਮਸ ਉਸ ਦੇ ਕੋਚ ਰਹੇ। ਭੱਟਾਚਾਰਜੀ ਤਾਂ ਹਮੇਸ਼ਾ ਉਸ ਦੇ ਅੰਗ-ਸੰਗ ਰਿਹਾ।
ਏਥਨਜ਼-2004 ਦੀਆਂ ਓਲੰਪਿਕ ਖੇਡਾਂ ਵਿਚ ਉਸ ਨੇ ਪੁਰਾਣਾ ਓਲੰਪਿਕ ਰਿਕਾਰਡ ਤੋੜ ਦਿੱਤਾ ਪਰ ਕੋਈ ਮੈਡਲ ਨਾ ਜਿੱਤ ਸਕਿਆ। 2005 ਵਿਚ ਉਸ ਨੇ ਏਸ਼ਿਆਈ ਸ਼ੂਟਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਤੇ 2006 ਵਿਚ ਜਗਰੇਬ ਤੋਂ ਵਰਲਡ ਚੈਂਪੀਅਨਸ਼ਿਪ ਦਾ ਗੋਲਡ ਮੈਡਲ 669æ1 ਅੰਕ ਹਾਸਲ ਕਰ ਕੇ ਜਿੱਤਿਆ। 2006 ਵਿਚ ਹੀ ਉਸ ਨੂੰ ਰੀੜ੍ਹ ਦੀ ਹੱਡੀ ਦਾ ਦਰਦ ਸ਼ੁਰੂ ਹੋ ਗਿਆ ਜਿਸ ਕਰਕੇ ਉਹ ਦੋਹਾ ਦੀਆਂ ਏਸ਼ਿਆਈ ਖੇਡਾਂ ਵਿਚ ਭਾਗ ਨਾ ਲੈ ਸਕਿਆ। ਇਲਾਜ ਕਰਾਉਣ ਨਾਲ ਉਹ ਫਿਰ ਕਾਇਮ ਹੋ ਗਿਆ ਤੇ ਮੁੜ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਨ ਲੱਗਾ।
ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ਤੋਂ ਪਹਿਲਾਂ ਅਭਿਨਵ ਨੇ ਜਰਮਨੀ ਵਿਚ ਤਿੰਨ ਹਫ਼ਤਿਆਂ ਦੀ ਕਮਾਂਡੋ ਟ੍ਰੇਨਿੰਗ ਲਈ। ਬੀਜਿੰਗ ਵਿਚ ਉਸ ਨੇ ਉਹ ਕੁਝ ਕਰ ਵਿਖਾਇਆ ਜਿਸ ਉਤੇ ਭਾਰਤਵਾਸੀ ਮਾਣ ਕਰਦੇ ਰਹਿਣਗੇ। ਉਥੇ ਉਸ ਨੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਵਿਚ 700æ5 ਨਿਸ਼ਾਨੇ ਲਾ ਕੇ ਗੋਲਡ ਮੈਡਲ ਜਿੱਤਿਆ ਜਿਸ ਨੇ ਭਾਰਤ ਵਾਸੀਆਂ ਵਿਚ ਖ਼ੁਸ਼ੀ ਤੇ ਉਤਸ਼ਾਹ ਦੀ ਲਹਿਰ ਪੈਦਾ ਕਰ ਦਿੱਤੀ। ਉਦੋਂ ਤੋਂ ਭਾਰਤ ਵਿਚ ਏਅਰ ਰਾਈਫ਼ਲਾਂ ਦੀ ਵਿਕਰੀ ਵਧ ਗਈ।
ਪੰਜਾਬ ਸਰਕਾਰ ਨੇ ਉਸ ਨੂੰ ਖੇਡਾਂ ਦਾ ਸਰਬੋਤਮ ਪੁਰਸਕਾਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਪਹਿਲਾਂ ਹੀ ਦੇ ਦਿੱਤਾ ਸੀ, ਓਲੰਪਿਕ ਚੈਂਪੀਅਨ ਬਣਨ ਉਤੇ ਇਕ ਕਰੋੜ ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ। ਕੇਂਦਰ ਸਰਕਾਰ, ਹਰਿਆਣਾ ਤੇ ਹੋਰ ਕਈਆਂ ਸੂਬਿਆਂ ਦੀਆਂ ਸਰਕਾਰਾਂ ਅਤੇ ਸਨਅਤੀ ਘਰਾਣਿਆਂ ਨੇ ਕਰੋੜਾਂ ਰੁਪਏ ਦੇ ਇਨਾਮ ਦਿੱਤੇ। ਉਹ ਮਾਲਾ ਮਾਲ ਹੋ ਗਿਆ। ਭਾਰਤ ਦੇ ਰਾਸ਼ਟਰਪਤੀ ਨੇ ਉਸ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਨਿਵਾਜਿਆ। ਚੇਨਈ ਦੀ ਇਕ ਯੂਨੀਵਰਸਿਟੀ ਨੇ ਉਸ ਨੂੰ ਡੀæ ਲਿਟæ ਦੀ ਆਨਰੇਰੀ ਡਿਗਰੀ ਦਿੱਤੀ। ਪੰਜਾਬ ਦੇ ਰਾਜਪਾਲ ਤੋਂ ਲੈ ਕੇ ਭਾਰਤ ਦੇ ਰਾਸ਼ਟਰਪਤੀ ਤਕ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਤਕ ਸਭ ਨੇ ਉਸ ਨੂੰ ਵਧਾਈਆਂ ਦਿੱਤੀਆਂ। ਓਲੰਪਿਕ ਚੈਂਪੀਅਨ ਬਣਨ ਨਾਲ ਉਸ ਦੀ ਚਾਰੇ ਪਾਸੇ ਜੈ ਜੈ ਕਾਰ ਹੋ ਗਈ। ਉਸ ਦੇ ਪਿਤਾ ਨੇ ਉਹਨੂੰ ਇਕ ਆਲੀਸ਼ਾਨ ਹੋਟਲ ਦਾ ਤੋਹਫ਼ਾ ਦਿੱਤਾ। ਬਹੁਤ ਸਾਰੀਆਂ ਸੰਸਥਾਵਾਂ ਨੇ ਉਸ ਨੂੰ ਆਪਣਾ ਮਾਣਯੋਗ ਮੈਂਬਰ ਬਣਾਇਆ। ਫਿਲਮੀ ਕਲਾਕਾਰਾਂ ਨੇ ਉਸ ਨੂੰ ਅੱਖਾਂ ‘ਤੇ ਬਿਠਾਇਆ ਤੇ ਉਹਦੇ ਨਾਲ ਫੋਟੋ ਖਿਚਵਾਏ। ਉਹ ਪ੍ਰਸਿੱਧ ਕੰਪਨੀਆਂ ਸੈਮਸੰਗ ਤੇ ਸਹਾਰਾ ਗਰੁਪ ਦਾ ਅੰਬੈਸਡਰ ਬਣਿਆ। ਹੁਣ ਉਹ ਅਭਿਨਵ ਫਿਊਰਿਸਟਿਕਸ ਕੰਪਨੀ ਦਾ ਸੀ ਈ ਓ ਹੈ। ਉਸ ਨੇ ਬੱਚਿਆਂ ਤੇ ਨੌਜੁਆਨਾਂ ਵਿਚ ਖੇਡਾਂ ਦਾ ਸ਼ੌਕ ਪੈਦਾ ਕਰਨ ਤੇ ਲੋੜੀਂਦੀਆਂ ਖੇਡ ਸਹੂਲਤਾਂ ਦੇਣ ਲਈ ਅਭਿਨਵ ਸਪੋਰਟਸ ਟਰਸਟ ਬਣਾਇਆ। ਉਸ ਨੂੰ ਬਾਹਰ ਦੇ ਖਾਣੇ ਨਾਲੋਂ ਮਾਂ ਦਾ ਬਣਾਇਆ ਖਾਣਾ ਵਧੇਰੇ ਪਸੰਦ ਹੈ ਤੇ ਚਿਕਨ ਕੱਰੀ ਉਹਦੀ ਮਨਭਾਉਂਦੀ ਤਰਕਾਰੀ ਹੈ। ਫਿਲਮਾਂ ਉਹ ਘੱਟ ਹੀ ਵੇਖਦਾ ਹੈ। ਫਿਰ ਵੀ ਕ੍ਰਿਸ਼ਮਾ ਕਪੂਰ ਉਹਦੀ ਮਨਭਾਉਂਦੀ ਅਦਾਕਾਰਾ ਹੈ। ਉਸ ਨੇ ਦੋ ਪਾਲਤੂ ਕੁੱਤੇ ਰੱਖੇ ਹਨ ਜਿਨ੍ਹਾਂ ਨਾਲ ਉਹ ਵਿਹਲੇ ਵੇਲੇ ਖੇਡਦਾ ਹੈ। ਉਸ ਨੇ ਖੇਡ ਲੇਖਕ ਰੋਹਿਤ ਬ੍ਰਿਜਨਾਥ ਨਾਲ ਮਿਲ ਕੇ ਆਪਣੀ ਸਵੈਜੀਵਨੀ ‘ਏ ਸ਼ਾਟ ਐਟ ਹਿਸਟਰੀ: ਮਾਈ ਓਬਸੈਸਿਵ ਜਰਨੀ ਟੂ ਓਲੰਪਿਕ ਗੋਲਡ’ ਲਿਖੀ ਜੋ ਭਾਰਤ ਦੇ ਖੇਡ ਮੰਤਰੀ ਨੇ ਅਕਤੂਬਰ 2011 ਵਿਚ ਲੋਕ ਅਰਪਨ ਕੀਤੀ।
ਅਭਿਨਵ ਸਿੰਘ ਬਿੰਦਰਾ ਚਾਹੁੰਦਾ ਹੈ ਕਿ ਭਾਰਤ ਦੇ ਬੱਚੇ ਤੇ ਨੌਜੁਆਨ ਖੂਬ ਪੜ੍ਹਾਈ ਕਰਨ, ਨਸ਼ਿਆਂ ਵਿਚ ਨਾ ਪੈਣ ਸਗੋਂ ਕਸਰਤਾਂ ਕਰਨ ਤੇ ਖੇਡਾਂ ਖੇਡਣ। ਇੰਜ ਉਹ ਆਪਣੀ ਸਿਹਤ ਨਰੋਈ ਰੱਖ ਸਕਦੇ ਹਨ ਅਤੇ ਖੇਡਾਂ ਦੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਤੇ ਦੇਸ਼ ਦਾ ਨਾਂ ਰੌਸ਼ਨ ਕਰ ਸਕਦੇ ਹਨ।