ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਉਚੀ ਹਵੇਲੀ ਵਾਲੇ ਨਿਹਾਲ ਸਿੰਘ ਦੇ ਘਰ ਵਿਆਹ ਦੇ ਬਾਰਾਂ ਸਾਲਾਂ ਪਿਛੋਂ ਵੀ ਕੋਈ ਧੀ-ਪੁੱਤ ਨਹੀਂ ਸੀ ਹੋਇਆ। ਚੰਗੀ ਜ਼ਮੀਨ ਜਾਇਦਾਦ ਸੀ ਪਰ ਸਾਂਭਣ ਵਾਲਾ ਵਾਰਸ ਅਜੇ ਪੈਦਾ ਨਹੀਂ ਸੀ ਹੋਇਆ। ਘਰਵਾਲੀ ਭਾਨ ਕੌਰ ਨਾਲ ਸਲਾਹ ਕੀਤੀ ਕਿ ਦੂਜਾ ਵਿਆਹ ਕਰਵਾਇਆ ਜਾਵੇ।
ਭਾਨ ਕੌਰ ਘਰ ਵਿਚ ਸੌਕਣ ਦੇ ਦਾਖਲੇ ਤੋਂ ਡਰ ਗਈ ਸੀ। ਨਿਹਾਲ ਸਿੰਘ ਦੀ ਜ਼ਿਦ ਅੱਗੇ ਭਾਨ ਕੌਰ ਝੁਕ ਗਈ। ਉਹ ਆਪਣੇ ਬਾਪ ਜ਼ੈਲ ਸਿੰਘ ਕੋਲ ਛੋਟੀ ਭੈਣ ਤਾਰੋ ਦਾ ਹੱਥ ਮੰਗਣ ਚਲੀ ਗਈ। ਜ਼ੈਲ ਸਿੰਘ ਉਸ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ।
“ਭਾਨੋ! ਤੂੰ ਕਿਵੇਂ ਸੋਚ ਲਿਆ ਕਿ ਮੈਂ ਤਾਰੋ ਦਾ ਰਿਸ਼ਤਾ ਨਿਹਾਲ ਸਿੰਘ ਵੱਲ ਕਰ ਦੇਵਾਂਗਾ। ਉਹ ਤਾਂ ਉਸ ਤੋਂ ਵੀਹ ਵਰ੍ਹੇ ਛੋਟੀ ਹੈ। ਸਿਆਣਪ ਤੋਂ ਕੰਮ ਲਈਦਾ।” ਜ਼ੈਲ ਸਿੰਘ ਬੋਲਿਆ।
“ਜੇ ਤਾਰੋ ਦਾ ਰਿਸ਼ਤਾ ਨਾ ਦਿੱਤਾ ਤਾਂ ਉਹ ਕਿਤੇ ਹੋਰ ਵਿਆਹ ਕਰਵਾ ਲਵੇਗਾ। ਫਿਰ ਮੇਰਾ ਉਸ ਹਵੇਲੀ ਵਿਚ ਹੀ ਦਮ ਘੁਟ ਜਾਵੇਗਾ। ਮੈਂ ਕੱਖਾਂ ਤੋਂ ਹੌਲੀ ਹੋ ਜਾਵਾਂਗੀ। ਤਾਰੋ ਦੀ ਡੋਲੀ ਉਠਣ ਤੋਂ ਪਹਿਲਾਂ ਮੇਰੀ ਅਰਥੀ ਹਵੇਲੀ ਵਿਚੋਂ ਨਿਕਲੇਗੀ।” ਭਾਨੋ ਨੇ ਰੋਂਦਿਆਂ ਕਿਹਾ।
ਜ਼ੈਲ ਸਿੰਘ ਨੇ ਤਾਰੋ ਨਾਲ ਸਲਾਹ ਕੀਤੀ। ਉਹ ਵਿਚਾਰੀ ਨਾ ਚਾਹੁੰਦਿਆਂ ਵੀ ਭੈਣ ਖਾਤਰ ਅੰਗਿਆਰਾਂ ‘ਤੇ ਚੱਲਣ ਲਈ ਤਿਆਰ ਹੋ ਗਈ। ਤਾਰੋ ਦੀਆਂ ਅੱਖਾਂ ਵਿਚ ਗਮੀ ਦੇ ਅੱਥਰੂ ਆ ਗਏ ਤੇ ਭਾਨੋ ਦੀਆਂ ਅੱਖਾਂ ਵਿਚ ਖੁਸ਼ੀ ਛਲਕ ਪਈ। ਦੋਵੇਂ ਪਾਸੇ ‘ਹਾਂ’ ਦੇ ਸੁਨੇਹੇ ਆ ਗਏ, ਤੇ ਨਿਹਾਲ ਸਿੰਘ ਰੋਂਦੀ ਤਾਰੋ ਨੂੰ ਡੋਲੀ ਬਿਠਾ ਲਿਆਇਆ। ਤਕੜੇ ਦਾ ਸੱਤੀ ਵੀਹੀਂ ਸੌ ਹੋ ਗਿਆ। ਉਧਰ, ਤਾਰੋ ਦਾ ਕਲੇਜਾ ਮੂੰਹ ਨੂੰ ਆਉਣ ਲੱਗਿਆ। ਭਾਨੋ ਭੈਣ ਨੂੰ ਤਸੱਲੀਆਂ ਦਿੰਦੀ ਰਹੀ। ਔਲਾਦ ਖਾਤਰ ਉਸ ਨੇ ਭੈਣ ਨੂੰ ਬਲੀ ਦਾ ਬੱਕਰਾ ਬਣਾ ਲਿਆ ਸੀ।
ਵਿਆਹ ਦੇ ਜਸ਼ਨਾਂ ਤੋਂ ਬਾਅਦ ਹਵੇਲੀ ਦਾ ਮਾਹੌਲ ਆਮ ਵਰਗਾ ਹੋ ਗਿਆ। ਤਾਰੋ ਦਾ ਦੀਵੇ ਵਾਂਗ ਜਗਦਾ ਹੁਸਨ, ਬੁਝਦਾ ਦਿਖਾਈ ਦਿੱਤਾ। ਭਾਨੋ ਨੇ ਉਸ ਨੂੰ ਗਹਿਣਿਆਂ ਨਾਲ ਲੱਦ ਦਿੱਤਾ ਸੀ, ਸੂਟਾਂ ਦਾ ਤਾਂ ਕੋਈ ਅੰਤ ਨਹੀਂ ਸੀ, ਪਰ ਵਿਚੇ-ਵਿਚ ਝੋਰਾ ਸੀ ਕਿ ਹਾਣ ਦਾ ਹਾਣੀ ਨਹੀਂ ਮਿਲਿਆ। ਦਿਲ ਦੇ ਸੁਪਨੇ ਦਿਲ ਵਿਚ ਹੀ ਦਫ਼ਨ ਹੋ ਗਏ ਸਨ। ਨਿਹਾਲ ਸਿੰਘ ਨੇ ਤਾਰੋ ਨੂੰ ਮਜਬੂਰੀ ਤੇ ਹਕੀਕਤ ਸੁਣਾਈ ਸੀ। ਤਾਰੋ ਸਮਝਦੀ ਵੀ ਸੀ, ਪਰ ਮੰਨਣ ਤੋਂ ਇਨਕਾਰੀ ਸੀ।
ਸਾਲ ਬੀਤ ਗਿਆ। ਤਾਰੋ ਵੱਲੋਂ ਖੁਸ਼ੀ ਦੀ ਕੋਈ ਖ਼ਬਰ ਕੰਨੀ ਨਾ ਪਈ। ਭਾਨੋ ਦਾ ਜੀਅ ਘਬਰਾਉਣ ਲੱਗਿਆ। ਉਸ ਨੇ ਆਪਣੇ ਦਿਨਾਂ ਦੀ ਗਿਣਤੀ ਕੀਤੀ ਤਾਂ ਪੰਦਰਾਂ ਦਿਨ ਟੱਪ ਗਏ ਸਨ। ਪਿੰਡ ਦੀ ਦਾਈ ਨੂੰ ਸੱਦਿਆ। ਉਸ ਨੇ ਭਾਨੋ ਦਾ ਪੇਟ ਟੋਹ ਕੇ ਦੱਸਿਆ ਕਿ ਇਹ ਤਾਂ ਮਾਂ ਬਣਨ ਵਾਲੀ ਹੈ। ਹਵੇਲੀ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਨਿਹਾਲ ਸਿੰਘ ਤਾਂ ਤਾਰੋ ਵੱਲ ਦੇਖਦਾ ਸੀ, ਪਰ ਖ਼ਬਰ ਭਾਨੋ ਨੇ ਸੁਣਾ ਦਿੱਤੀ। ਉਹ ਸੋਚਦਾ ਕਿ ਜੇ ਕੁਝ ਸਮਾਂ ਪਰਮਾਤਮਾ ‘ਤੇ ਭਰੋਸਾ ਰੱਖ ਲੈਂਦਾ, ਤਾਂ ਇਹ ਗਊ ਕਤਲ ਹੋਣ ਤੋਂ ਬਚ ਜਾਂਦੀ। ਹਵੇਲੀ ਨੂੰ ਹੁਣ ਵਾਰਸ ਮਿਲਣ ਦੀ ਆਸ ਬੱਝ ਗਈ ਸੀ।
ਭਾਨੋ ਨੂੰ ਪੰਜਵਾਂ ਮਹੀਨਾ ਸ਼ੁਰੂ ਹੋ ਗਿਆ ਸੀ ਕਿ ਇਕ ਦਿਨ ਤਾਰੋ ਨੂੰ ਉਲਟੀਆਂ ਲੱਗ ਗਈਆਂ। ਦਾਈ ਨੂੰ ਫਿਰ ਸੱਦਿਆ ਗਿਆ। ਦਾਈ ਨੇ ਆਉਂਦਿਆਂ ਹੀ ਦੱਸ ਦਿੱਤਾ, “ਸਰਦਾਰਾ! ਹੁਣ ਤੇਰੇ ਦੋਵੇਂ ਹੱਥ ਲੱਡੂ ਆ ਗਏ। ਤੂੰ ਇਕ ਭਰੀ ਕੁੱਖ ਨੂੰ ਉਡੀਕਦਾ ਸੀ, ਇਧਰ ਦੋਵੇਂ ਕੁੱਖਾਂ ਭਰ ਗਈਆਂ।” ਨਿਹਾਲ ਸਿੰਘ ਨੇ ਉਂਗਲ ਵਿਚੋਂ ਛਾਪ ਲਾਹ ਕੇ ਦਾਈ ਦੇ ਬੁੱਕ ਵਿਚ ਰੱਖ ਦਿੱਤੀ। ਦਾਈ ਤੋਂ ਚਾਅ ਨਾ ਚੁੱਕਿਆ ਜਾਵੇ। ਭਾਨੋ ਤੇ ਤਾਰੋ ਦੋਵਾਂ ਦਾ ਬੜਾ ਖਿਆਲ ਰੱਖਿਆ ਜਾਂਦਾ। ਨਿਹਾਲ ਸਿੰਘ ਵਿਹੜੇ ਵਿਚ ਬੈਠਾ ਦੁਨਾਲੀ ਸਾਫ਼ ਕਰਦਾ ਬੋਲਿਆ, “ਭਾਨ ਕੁਰੇ! ਮੈਂ ਆਪਣੇ ਪੁੱਤ ਦਾ ਨਾਂ ਨਵਾਬ ਸਿੰਘ ਰੱਖਣਾ।”
“ਪਹਿਲਾਂ ਇੰਜ ਨਹੀਂ ਕਹੀਦਾ। ਕੀ ਪਤਾ ਕੁੜੀ ਹੋਵੇ, ਫਿਰ ਕੀ ਨਾਂ ਰੱਖੋਗੇ?” ਭਾਨੋ ਨੇ ਕਿਹਾ।
“ਕੁੜੀ ਤਾਂ ਹੋਣੀ ਨਹੀਂ। ਜੇ ਹੋਈ ਤਾਂ ਉਸ ਦਾ ਨਾਂ ਨਸੀਬ ਕੌਰ ਰੱਖਾਂਗਾ। ਨਸੀਬਾਂ ਵਾਲੀ ਹੋਵੇਗੀ ਜਿਸ ਦੀ ਪਹਿਲੀ ਕਿਲਕਾਰੀ ਹਵੇਲੀ ਵਿਚ ਗੂੰਜੇਗੀ।” ਨਿਹਾਲ ਸਿੰਘ ਨੇ ਦੁਨਾਲੀ ਮੰਜੇ ‘ਤੇ ਰੱਖਦਿਆਂ ਕਿਹਾ।
ਭਾਨੋ ਦਾ ਸਮਾਂ ਨੇੜੇ ਆਉਣ ਲੱਗਿਆ ਤੇ ਤਾਰੋ ਅੱਧ ਵਿਚ ਪਹੁੰਚਣ ਵਾਲੀ ਸੀ। ਭਾਨੋ ਨੇ ਨਸੀਬ ਕੌਰ ਨੂੰ ਜਨਮ ਦਿੱਤਾ। ਨਿਹਾਲ ਸਿੰਘ ਖੁਸ਼ ਤਾਂ ਹੋਇਆ, ਪਰ ਜਿਵੇਂ ਉਹਦਾ ਪੁੱਤ ਬੁੱਕਲ ਵਿਚੋਂ ਖਿਸਕ ਗਿਆ ਹੋਵੇ, ਤੇ ਧੀ ਦੀ ਬਾਂਹ ਫੜ ਹੋ ਗਈ ਹੋਵੇ। ਹੁਣ ਨਿਹਾਲ ਸਿੰਘ ਦਾ ਸਾਰਾ ਧਿਆਨ ਤਾਰੋ ਵੱਲ ਲੱਗਿਆ ਰਹਿੰਦਾ। ਤਾਰੋ ਨੇ ਵੀ ਧੀ ਨੂੰ ਜਨਮ ਦਿੱਤਾ। ਹਵੇਲੀ ਦੀਆਂ ਆਸਾਂ ਵਾਲੇ ਦੀਵੇ ਬੁਝ ਗਏ। ਦੋ-ਚਾਰ ਦਿਨ ਸੋਗ ਵਿਚ ਡੁੱਬੀ ਹਵੇਲੀ ਫਿਰ ਪਹਿਲੇ ਟਿਕਾਣੇ ਆਉਣ ਲੱਗੀ। ਭਾਨੋ ਤੇ ਤਾਰੋ ਆਪਣੇ ਕਰਮਾਂ ਦੀਆਂ ਕਹਾਣੀਆਂ ਛੇੜ ਲੈਂਦੀਆਂ।
ਭਾਨੋ ਨਸੀਬ ਨੂੰ ਕਹਿੰਦੀ, “ਜੇ ਤੈਂ ਹੀ ਆਉਣਾ ਸੀ ਤਾਂ ਸਾਲ ਪਹਿਲਾਂ ਹੀ ਆ ਜਾਂਦੀ। ਤੇਰੀ ਮਾਸੀ ਤਾਂ ਚਿੰਤਾ ਦੀ ਚਿਤਾ ਉਤੇ ਨਾ ਸੜਦੀ।” ਖੈਰ! ਧੀ ਦੇ ਜਨਮ ਤੋਂ ਬਾਅਦ ਤਾਰੋ ਨੇ ਵੀ ਮਨ ਟਿਕਾ ਲਿਆ ਸੀ। ਨਿਹਾਲ ਸਿੰਘ ਨੇ ਮਨ ਸਮਝਾ ਲਿਆ ਕਿ ਜਵਾਈ ਕਿਹੜਾ ਪੁੱਤਾਂ ਨਾਲੋਂ ਘੱਟ ਹੁੰਦੇ ਨੇ, ਉਹ ਇਕ ਜਵਾਈ ਨੂੰ ਘਰ ਰੱਖ ਲਵੇਗਾ। ਭਾਨੋ ਦੀ ਨਸੀਬ ਕੌਰ ਅਤੇ ਤਾਰੋ ਦੀ ਕਰਮ ਕੌਰ, ਦੋਵੇਂ ਇਕੱਠੀਆਂ ਖੇਡਦੀਆਂ ਵੱਡੀਆਂ ਹੋਈਆਂ। ਇਕੱਠੀਆਂ ਹੀ ਪੜ੍ਹਨ ਲੱਗੀਆਂ। ਦੋਵੇਂ ਹੀ ਪੜ੍ਹਨ ਵਿਚ ਹੁਸ਼ਿਆਰ ਨਿਕਲੀਆਂ। ਨਿਹਾਲ ਸਿੰਘ ਨੇ ਦੋਵਾਂ ਨੂੰ ਪੁੱਤਾਂ ਵਾਂਗ ਪਾਲਿਆ। ਦੋਵੇਂ ਹੀ ਦੁਨਾਲੀ ਦੇ ਫਾਇਰ ਕਰ ਲੈਂਦੀਆਂ। ਘੋੜ-ਸਵਾਰੀ ਵੀ ਕਰ ਲੈਂਦੀਆਂ। ਸਮਾਂ ਬੀਤਿਆ। ਨਸੀਬ ਕੌਰ ਲਈ ਰਿਸ਼ਤਾ ਲੱਭਿਆ ਗਿਆ। ਚੰਗੇ ਖਾਨਦਾਨ ਦੇ ਇਕੱਲੇ ਵਾਰਸ ਦਿਲਬਾਗ ਸਿੰਘ ਨਾਲ ਨਸੀਬ ਕੌਰ ਦਾ ਵਿਆਹ ਕਰ ਦਿੱਤਾ। ਨਿਹਾਲ ਸਿੰਘ ਨੇ ਆਪਣੇ ਸਿਰੋਂ ਭਾਰ ਉਤਾਰ ਦਿੱਤਾ, ਪਰ ਭਾਨੋ ਨੂੰ ਹਵੇਲੀ ਦਾ ਵਿਹੜਾ ਖਾਲੀ ਖਾਲੀ ਜਾਪਦਾ। ਉਸ ਦੀਆਂ ਅੱਖਾਂ ਨਸੀਬ ਕੌਰ ਨੂੰ ਲੱਭਦੀਆਂ।
ਹੁਣ ਵਿਆਹ ਦੀ ਵਾਰੀ ਕਰਮ ਕੌਰ ਦੀ ਸੀ। ਨਿਹਾਲ ਸਿੰਘ ਘਰ-ਜਵਾਈ ਰੱਖਣਾ ਚਾਹੁੰਦਾ ਸੀ। ਫਿਰ ਉਨ੍ਹਾਂ ਨੂੰ ਦਰਮਿਆਨੇ ਜ਼ਿਮੀਂਦਾਰ ਦੇ ਪੁੱਤ ਦਾ ਰਿਸ਼ਤਾ ਲੱਭ ਗਿਆ। ਕਰਮ ਕੌਰ ਇਕ ਵਾਰ ਸਹੁਰੇ ਪੈਰ ਪਾ ਕੇ ਵਾਪਸ ਆ ਗਈ ਤੇ ਹਵੇਲੀ ਵਿਚ ਹੀ ਰਹਿਣ ਲੱਗ ਪਈ। ਉਸ ਦਾ ਪਤੀ ਬਚਨ ਸਿੰਘ ਵੀ ਸਾਊ ਤੇ ਸਿਆਣਾ ਸੀ। ਉਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਸੀ ਜਿਸ ਨੇ ਨੀਵਿਓਂ ਉਚਾ ਕੀਤਾ ਸੀ। ਉਹ ਆਪਣੇ ਭਰਾਵਾਂ ਦੀ ਭੀੜ ਵਿਚੋਂ ਕਰਮਾਂ ਵਾਲਾ ਨਿਕਲਿਆ ਸੀ। ਨਿਹਾਲ ਸਿੰਘ ਖੁਸ਼ ਸੀ ਕਿ ਦੋਵੇਂ ਜਵਾਈ ਵਧੀਆ ਮਿਲੇ। ਹੁਣ ਉਸ ਨੂੰ ਆਸ ਸੀ ਕਿ ਉਹ ਆਪਣੇ ਦੋਹਤੇ ਦਾ ਮੂੰਹ ਦੇਖ ਲਵੇਗਾ। ਪਰਮਾਤਮਾ ਨੇ ਉਸ ਦੀ ਦਿਲੀ ਖਵਾਹਿਸ਼ ਪੂਰੀ ਕੀਤੀ। ਕਰਮ ਕੌਰ ਨੇ ਪੁੱਤ ਨੂੰ ਜਨਮ ਦਿੱਤਾ।
ਨਿਹਾਲ ਸਿੰਘ ਦੇ ਜਨਮ ਤੋਂ ਬਾਅਦ ਅੱਜ ਫਿਰ ਹਵੇਲੀ ਅੰਦਰੋਂ ਪੁੱਤ ਦੀਆਂ ਕਿਲਕਾਰੀਆਂ ਦੀ ਆਵਾਜ਼ ਸੁਣਾਈ ਦਿੱਤੀ। ਬਚਨ ਸਿੰਘ ਵੀ ਖੁਸ਼ੀ ਵਿਚ ਖੀਵਾ ਹੋ ਗਿਆ। ਭਾਨੋ ਨੇ ਵੀ ਰੱਜ ਕੇ ਖੁਸ਼ੀ ਮਨਾਈ। ਤਾਰੋ ਦੇ ਹੰਝੂ ਖੁਸ਼ੀਆਂ ਵਿਚ ਵਟ ਗਏ। ਹਵੇਲੀ ਦਾ ਵਾਰਸ ਪੈਦਾ ਹੋ ਗਿਆ। ਸੰਤਾਂ, ਮਹਾਂ-ਪੁਰਸ਼ਾਂ ਦੇ ਹਵੇਲੀ ਵਿਚ ਚਰਨ ਪੁਆਏ ਗਏ। ਵਾਰਸ ਦੀ ਭਵਿੱਖਵਾਣੀ ਕਰਵਾਈ ਗਈ। ਕਿਸੇ ਸਿਆਣੇ ਜੋਤਸ਼ੀ ਨੇ ਹਵੇਲੀ ਨੂੰ ਖੰਡਰ ਹੋਇਆ ਦਿਖਾ ਦਿੱਤਾ। ਕਿਸੇ ਨੇ ਵਾਰਸ ਦੀ ਚੜ੍ਹਦੀ ਉਮਰੇ ਮੌਤ ਦਿਖਾ ਦਿੱਤੀ ਤੇ ਕਿਸੇ ਨੇ ਹਵੇਲੀ ਦਾ ਭਾਗ ਜਗਾ ਦਿੱਤਾ।
ਨਸੀਬ ਕੌਰ ਨੂੰ ਵਿਆਹਿਆਂ ਪੰਜ ਸਾਲ ਹੋ ਗਏ ਸਨ, ਪਰ ਕੋਈ ਧੀ-ਪੁੱਤ ਨਾ ਹੋਇਆ। ਉਸ ਦੀ ਸੱਸ ਮਿਹਣੇ ਮਾਰਦੀ ਕਿ ਮਾਂ ‘ਤੇ ਗਈ ਹੈ। ਚੌਦਾਂ ਸਾਲਾਂ ਬਾਅਦ ਪੱਥਰ ਜੰਮੂਗੀ। ਨਸੀਬ ਕੌਰ ਸਬਰ ਦਾ ਘੁੱਟ ਪੀ ਜਾਂਦੀ। ਇਧਰ ਭਾਨ ਕੌਰ ਧੀ ਦੇ ਦੁੱਖ ਤੋਂ ਉਦਾਸ ਸੀ। ਧਨ-ਦੌਲਤ ਨਾਲ ਸਭ ਕੁਝ ਖਰੀਦਿਆ ਜਾਂਦਾ, ਪਰ ਪੁੱਤ ਨਹੀਂ। ਭਾਨ ਕੌਰ ਨਿੱਤ ਨੱਕ ਰਗੜਦੀ, ਪਹਿਲਾਂ ਆਪਣੇ ਲਈ ਤੇ ਹੁਣ ਧੀ ਲਈ। ਧਨ-ਦੌਲਤ ਦੀ ਮਾਲਕ ਹੁੰਦਿਆਂ ਵੀ ਉਹ ਗਰੀਬਾਂ ਤੋਂ ਮਾੜੀ ਸੀ, ਪਰ ਅਜੇ ਉਸ ਦੀ ਆਸ ਦਾ ਦੀਵਾ ਜਗਦਾ ਸੀ। ਨਿਹਾਲ ਸਿੰਘ ਬੁੱਢੇ ਅੰਗਾਂ ਨਾਲ ਵਾਰਸ ਨੂੰ ਪਿਆਰ ਕਰਦਾ। ਉਸ ਦੀ ਹਰ ਗੱਲ ਮੰਨਦਾ। ਉਸ ਦੇ ਪਾਲਣ-ਪੋਸਣ ਵਿਚ ਕੋਈ ਕਮੀ ਨਾ ਆਉਣ ਦਿੰਦਾ। ਅਚਾਨਕ ਹਵੇਲੀ ਵਿਚ ਗਮ ਦਾ ਮਾਹੌਲ ਛਾ ਗਿਆ। ਦਿਲ ਦਾ ਦੌਰਾ ਪੈਣ ਕਰ ਕੇ ਭਾਨ ਕੌਰ ਦੀ ਮੌਤ ਹੋ ਗਈ।
ਚੌਦਾਂ ਸਾਲ ਟੱਪ ਗਏ। ਨਸੀਬ ਕੌਰ ਦੇ ਕੋਈ ਬੱਚਾ ਨਾ ਹੋਇਆ। ਉਸ ਦੇ ਘਰਵਾਲੇ ਨੇ ਦੂਜਾ ਵਿਆਹ ਕਰਵਾ ਲਿਆ। ਨਸੀਬ ਕੌਰ ਸਹੁਰਾ ਪਰਿਵਾਰ ਛੱਡ ਕੇ ਵਾਪਸ ਹਵੇਲੀ ਆ ਗਈ। ਆਪਣੀ ਭੈਣ ਕਰਮ ਕੌਰ ਦੇ ਗਲ ਲੱਗ ਰੋਣ ਲੱਗੀ। ਹੁਣ ਸਭ ਦੀਆਂ ਆਸਾਂ ਬੱਸ ਵਾਰਸ ਉਤੇ ਸਨ। ਵਾਰਸ ਵੱਡਾ ਹੋਇਆ, ਪਰ ਉਸ ਦੀਆਂ ਆਦਤਾਂ ਵਿਗੜਨ ਲੱਗੀਆਂ। ਸਵੇਰੇ ਦੇਰ ਨਾਲ ਉਠਣਾ ਤੇ ਰਾਤ ਨੂੰ ਘਰੋਂ ਬਾਹਰ ਰਹਿਣਾ। ਸਮੇਂ ਸਿਰ ਪੜ੍ਹਨ ਵੀ ਨਾ ਜਾਣਾ। ਯਾਰਾਂ-ਦੋਸਤਾਂ ਨੂੰ ਲੈ ਕੇ ਸ਼ਿਕਾਰ ਖੇਡਣ ਤੁਰ ਜਾਣਾ। ਉਹ ਨਿੱਤ ਨਵੇਂ ਉਲਾਂਭੇ ਲਿਆਉਂਦਾ। ਕਰਮ ਕੌਰ ਤੇ ਨਸੀਬ ਬਹੁਤ ਦੁਖੀ ਹੁੰਦੀਆਂ। ਭਾਨ ਕੌਰ ਵਾਂਗ ਇਕ ਦਿਨ ਤਾਰੋ ਵੀ ਤੁਰ ਗਈ। ਨਿਹਾਲ ਸਿੰਘ ਆਪ ਮੌਤ ਮੰਗਣ ਲੱਗਿਆ। ਭਾਨੋ ਤੇ ਤਾਰੋ ਤੋਂ ਬਿਨਾਂ ਉਹ ਵੀ ਜੱਗ ‘ਤੇ ਰਹਿਣਾ ਨਹੀਂ ਸੀ ਚਾਹੁੰਦਾ, ਪਰ ਅਜੇ ਉਸ ਨੇ ਹੋਰ ਦੁੱਖ ਦੇਖਣੇ ਸਨ। ਵਾਰਸ ਦੀਆਂ ਵਿਗੜੀਆਂ ਆਦਤਾਂ ਨੇ ਉਸ ਦੀ ਮੌਤ ਸਹੇੜ ਲਈ। ਕਿਸੇ ਨੇ ਦੁਸ਼ਮਣੀ ਕੱਢਦਿਆਂ ਵਾਰਸ ਨੂੰ ਰੁੱਖ ਨਾਲ ਲਟਕਾ ਦਿੱਤਾ।
ਹਵੇਲੀ ਉਤੇ ਸਿਖਰ ਦੁਪਹਿਰੇ ਬਿਜਲੀ ਡਿੱਗ ਪਈ। ਕਰਮ ਕੌਰ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਥਾਏਂ ਢੇਰੀ ਹੋ ਗਈ। ਮਾਂ-ਪੁੱਤ ਦੀਆਂ ਅਰਥੀਆਂ ਇਕੋ ਸਮੇਂ ਹੀ ਹਵੇਲੀਓਂ ਨਿਕਲੀਆਂ। ਨਿਹਾਲ ਸਿੰਘ ਟੁੱਟ ਚੁੱਕਾ ਸੀ। ਹਵੇਲੀ ਉਚੀ ਹੁੰਦੀ ਹੋਈ ਵੀ ਨੀਵੀਂ ਹੋ ਗਈ। ਲੋਕ ਉਧਰ ਦਾ ਰਾਹ ਛੱਡਣ ਲੱਗ ਪਏ। ਸਭ ਨੂੰ ਡਰ ਲੱਗਣ ਲੱਗਿਆ। ਹਵੇਲੀ ਵਿਚ ਨਸੀਬ ਕੌਰ ਤੇ ਕਰਮ ਕੌਰ ਦਾ ਘਰਵਾਲਾ ਬਚਨ ਸਿੰਘ ਰਹਿ ਗਿਆ।
ਫਿਰ ਇਕ ਦਿਨ ਨਿਹਾਲ ਸਿੰਘ ਨੇ ਨਸੀਬ ਕੌਰ ਨੂੰ ਬਿਠਾ ਕੇ ਕਿਹਾ, “ਧੀਏ! ਤੂੰ ਬਚਨ ਸਿਉਂ ਨਾਲ ਵਿਆਹ ਕਰਵਾ ਲੈ, ਸ਼ਾਇਦ ਪਰਮਾਤਮਾ ਇਸ ਹਵੇਲੀ ਦਾ ਵਾਰਸ ਵਾਪਸ ਮੋੜ ਦੇਵੇ।” ਬਚਨ ਸਿੰਘ ਨਾਲ ਸਲਾਹ ਕੀਤੀ ਤੇ ਉਹ ਮੰਨ ਗਿਆ। ਦੋਵਾਂ ਨੇ ਗੁਰਦੁਆਰੇ ਜਾ ਕੇ ਅਨੰਦ ਕਾਰਜ ਕਰਵਾ ਲਏ। ਹਵੇਲੀ ਵਿਚ ਮੁੜ ਖੁਸ਼ੀਆਂ ਆਉਣ ਲੱਗੀਆਂ। ਪਿਛਲੀ ਉਮਰੇ ਬਚਨ ਸਿੰਘ ਤੇ ਨਸੀਬ ਕੌਰ ਦੇ ਤਿੰਨ ਪੁੱਤ ਹੋਏ। ਨਿਹਾਲ ਸਿੰਘ ਤਿੰਨੇ ਦੋਹਤੇ ਦੇਖ ਕੇ ਜਹਾਨ ਤੋਂ ਗਿਆ।
ਨਸੀਬ ਕੌਰ ਦੇ ਤਿੰਨੇ ਪੁੱਤ ਗੁਰਸਿੱਖ ਨਿਕਲੇ। ਇਕ ਪੁੱਤ ਨੇ ਖਾੜਕੂ ਸੰਘਰਸ਼ ਵਿਚ ਕਈ ਪੁਲਿਸ ਅਫ਼ਸਰ ਮਾਰੇ ਜਿਨ੍ਹਾਂ ਨੇ ਅਨੇਕਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਾਰਿਆ ਸੀ। ਅੰਤ ਵਿਚ ਆਪ ਸ਼ਹੀਦੀ ਦਾ ਜਾਮ ਪੀਤਾ। ਪਿੰਡ ਵਾਲੇ ਕਹਿੰਦੇ ਸਨ ਕਿ ਨਿਹਾਲ ਸਿੰਘ ਦੇ ਵਡੇਰੇ ਅੰਗਰੇਜ਼ਾਂ ਦੇ ਮੁਖ਼ਬਰ ਸਨ। ਹਵੇਲੀ ਅਤੇ ਮੁਰੱਬੇ ਮੁਖ਼ਬਰੀ ਦਾ ਹੀ ਇਨਾਮ ਸੀ। ਤਿੰਨ ਪੀੜ੍ਹੀਆਂ ਨੇ ਇਸੇ ਕਰ ਕੇ ਹੀ ਦੁੱਖ ਝੱਲੇ। ਅੰਤ ਸ਼ਹੀਦ ਹੋਏ ਪੁੱਤ ਨੇ ਵਡੇਰਿਆਂ ਦਾ ਦਾਗ ਧੋ ਦਿੱਤਾ। ਦੂਜੇ ਦੋਵੇਂ ਪੁੱਤ ਨਸੀਬ ਕੌਰ ਨੇ ਵਿਆਹ ਲਏ। ਭਰਿਆ ਬਾਗ ਪਰਿਵਾਰ ਛੱਡ ਕੇ ਨਸੀਬ ਕੌਰ ਤੇ ਬਚਨ ਸਿੰਘ ਜਹਾਨੋਂ ਤੁਰ ਗਏ। ਅੱਜ ਹਵੇਲੀ ਨੂੰ ਅੰਗਰੇਜ਼ਾਂ ਦੇ ਪਿੱਠੂ ਨਹੀਂ, ਸ਼ਹੀਦਾਂ ਦੀ ਸ਼ਾਨ ਸਮਝਿਆ ਜਾਂਦਾ ਹੈ। ਸ਼ਹੀਦ ਹੋਏ ਸਿੰਘ ਦੀ ਬਰਸੀ ਹਵੇਲੀ ਵਿਚ ਮਨਾਈ ਜਾਂਦੀ ਹੈ।