ਰੰਗਸ਼ਾਲਾ ਦਾ ਰੰਗ ਦੂਣ-ਸਵਾਇਆ

ਨਿਮਰਤਾ ਪਾਖੀ
ਮਹਾਰਾਸ਼ਟਰ ਵਿਚ ਦੋ ਤਰਕਸ਼ੀਲ ਆਗੂਆਂ ਨਰੇਂਦਰ ਦਭੋਲਕਰ ਅਤੇ ਗੋਵਿੰਦ ਪਨਸਾਰੇ ਦੇ ਕਾਤਲਾਂ ਦਾ ਖੋਜ-ਖੁਰਾ ਪੁਲਿਸ ਅਜੇ ਤੱਕ ਲੱਭ ਨਹੀਂ ਸਕੀ ਹੈ। ਅਸਲ ਵਿਚ ਪੁਲਿਸ ਅਤੇ ਪ੍ਰਸ਼ਾਸਨ ਦੀ ਨੀਅਤ ਕਾਤਲਾਂ ਨੂੰ ਲੱਭਣ ਦੀ ਹੈ ਵੀ ਨਹੀਂ।

ਇਨ੍ਹਾਂ ਦੋਵਾਂ ਆਗੂਆਂ ਨੂੰ ਹਿੰਦੂ ਕੱਟੜਪੰਥੀਆਂ ਨੇ ਕਤਲ ਕਰ ਦਿੱਤਾ ਸੀ। ਕਤਲ ਤੋਂ ਪਹਿਲਾਂ ਉਨ੍ਹਾਂ ਨੂੰ ਧਮਕੀਆਂ ਵੀ ਮਿਲਦੀਆਂ ਰਹੀਆਂ ਸਨ, ਪਰ ਉਹ ਆਪਣੇ ਅਕੀਦੇ ਤੋਂ ਟੱਸ ਤੋਂ ਮੱਸ ਨਹੀਂ ਹੋਏ। ਇਹ ਦੋਵੇਂ ਆਗੂ ਸੂਬੇ ਵਿਚ ਅੰਧ-ਵਿਸ਼ਵਾਸਾਂ ਦੇ ਖਿਲਾਫ਼ ਲੋਕ ਚੇਤਨਾ ਪੈਦਾ ਕਰ ਰਹੇ ਸਨ। ਕਾਤਲਾਂ ਖਿਲਾਫ਼ ਕਰਵਾਈ ਲਈ ਸਿਆਸੀ ਪੱਧਰ ਉਤੇ ਬਥੇਰੀ ਚਾਰਾਜੋਈ ਕੀਤੀ ਗਈ, ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ।
ਹੁਣ ਮਹਾਰਸ਼ਟਰ ਦੇ ਰੰਗਕਰਮੀ ਅਤੁਲ ਪੇਠੇ ਨੇ ਆਪਣੇ ਨਾਟਕ ‘ਸੁਕਰਾਤ ਤੋਂ ਦਭੋਲਕਰ ਪਨਸਾਰੇ, ਬਰਾਸਤਾ ਤੁਕਾਰਾਮ’ ਰਾਹੀਂ ਲੋਕਾਂ ਨੂੰ ਜਗਾਉਣ ਦਾ ਬੀੜਾ ਚੁੱਕਿਆ ਹੈ। ਅਤੁਲ ਪੇਠੇ, ਦਭੋਲਕਰ ਵੱਲੋਂ ਬਣਾਈ ਮਹਾਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ (ਮਾਨਸ) ਦੇ ਤਖਤੇ ਹੇਠ ਇਹ ਨਾਟਕ ਪਿਛਲੇ ਇਕ ਸਾਲ ਤੋਂ ਖੇਡ ਰਿਹਾ ਹੈ। ਇਸ ਨਾਟਕ ਦੀਆਂ 300 ਤੋਂ ਉਪਰ ਪੇਸ਼ਕਾਰੀਆਂ ਹੋ ਚੁੱਕੀਆਂ ਹਨ। ਹਾਲ ਹੀ ਵਿਚ ਸਮਿਤੀ ਦੇ ਕਾਰਕੁਨ ਨਵੀਂ ਦਿੱਲੀ ਵਿਚ ਇਹ ਨਾਟਕ ਖੇਡ ਕੇ ਗਏ ਹਨ।
ਨਾਟਕ ਵਿਚ ਦਿਖਾਇਆ ਗਿਆ ਹੈ ਕਿ ਵੱਖ ਵੱਖ ਸਮਿਆਂ ਵਿਚ ਲੋਕ ਚੇਤਨਾ ਭਖਾ ਰਹੇ ਲੋਕਾਂ ਨੂੰ ਕਿਸ ਤਰ੍ਹਾਂ ਮੁਸੀਬਤਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ। ਨਾਟਕ ਵਿਚ ਯੂਨਾਨੀ ਫਿਲਾਸਫਰ ਸੁਕਰਾਤ ਤੋਂ ਲੈ ਕੇ ਮੱਧ ਯੁੱਗ ਵਿਚ ਜਨਮੇ ਸੰਤ ਸ਼ਾਇਰ ਤੁਕਾਰਾਮ ਦੀ ਗੱਲ ਕੀਤੀ ਗਈ ਹੈ ਅਤੇ ਇਨ੍ਹਾਂ ਲੋਕਾਂ ਵੱਲੋਂ ਬੁਲੰਦ ਕੀਤੀ ਆਵਾਜ਼ ਨੂੰ ਨਰੇਂਦਰ ਦਭੋਲਕਰ ਤੇ ਗੋਵਿੰਦ ਪਨਸਾਰੇ ਦੀ ਆਵਾਜ਼ ਨਾਲ ਬਾਖੂਬੀ ਜੋੜਿਆ ਗਿਆ ਹੈ। ਅਤੁਲ ਪੇਠੇ ਨੇ ਇਹ ਨਾਟਕ ਥਿਏਟਰ ਵਰਕਸ਼ਾਪ ਵਿਚ ਤਿਆਰ ਕੀਤਾ ਸੀ।
ਯਾਦ ਰਹੇ ਕਿ ਦਭੋਲਕਰ ਨੂੰ 20 ਅਗਸਤ 2013 ਨੂੰ ਕਤਲ ਕਰ ਦਿੱਤਾ ਗਿਆ ਸੀ। ਉਸ ਨੇ ਮਿਰਾਜ ਦੇ ਸਰਕਾਰੀ ਮੈਡੀਕਲ ਕਾਲਜ ਤੋਂ ਐਮæਐਮæਬੀæਐਸ਼ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਬਾਅਦ ਵਿਚ 12 ਸਾਲ ਡਾਕਟਰੀ ਵੀ ਕੀਤੀ, ਪਰ ਪਿੱਛੋ ਉਸ ਨੇ ਸਮਾਜ ਸੇਵਾ ਨੂੰ ਆਪਣਾ ਟੀਚਾ ਬਣਾ ਲਿਆ। ਉਸ ਨੇ ‘ਇਕ ਪਿੰਡ ਇਕ ਖੂਹ’ ਅਤੇ ਇਸ ਤਰ੍ਹਾਂ ਦੀਆਂ ਕਈ ਹੋਰ ਲੋਕ ਮੁਖੀ ਮੁਹਿੰਮਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ। ਨਾਲ ਹੀ ਦਲਿਤਾਂ ਲਈ ਬਰਾਬਰੀ ਦੀ ਲਹਿਰ ਵੀ ਚਲਾਈ ਅਤੇ ਸਾਥੀਆਂ ਨਾਲ ਰਲ ਕੇ ਅੰਧ-ਵਿਸ਼ਵਾਸਾਂ ਖਿਲਾਫ਼ ਕਾਨੂੰਨ ਬਣਾਉਣ ਲਈ ਸਰਗਰਮੀ ਕੀਤੀ।
ਇਸੇ ਤਰ੍ਹਾਂ ਗੋਵਿੰਦ ਪਨਸਾਰੇ ਨੂੰ 20 ਫਰਵਰੀ 2015 ਨੂੰ ਕਤਲ ਕਰ ਦਿੱਤਾ ਗਿਆ। ਉਸ ਵੇਲੇ ਉਸ ਦੀ ਉਮਰ 81 ਸਾਲ ਦੀ ਸੀ। ਹਿੰਦੂ ਕਟੜਪੰਥੀਆਂ ਨੇ ਉਸ ਉਤੇ 16 ਫਰਵਰੀ 2015 ਨੂੰ ਹਮਲਾ ਕਰ ਦਿੱਤਾ ਸੀ ਅਤੇ ਬਾਅਦ ਵਿਚ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਸ਼ਿਵਾ ਜੀ ਬਾਰੇ ਲਿਖੀ ਜੀਵਨੀ ‘ਸ਼ਿਵਾ ਕੌਣ ਸੀ’ ਬਹੁਤ ਮਸ਼ਹੂਰ ਹੋਈ ਸੀ ਅਤੇ ਉਸ ਨੇ ਕਈ ਪੱਖਾਂ ਤੋਂ ਸ਼ਿਵਾ ਜੀ ਬਾਰੇ ਪ੍ਰਚੱਲਤ ਤੱਥਾਂ ਦੀ ਚੀਰ ਫਾੜ ਕੀਤੀ ਸੀ। ਇਸ ਗੱਲ ਤੋਂ ਹਿੰਦੂਵਾਦੀ ਬਹੁਤ ਔਖੇ ਸਨ।
_________________________________
ਇਨਸਾਫ ਤੇ ਤਰਕ ਦੀ ਬੁਲੰਦੀ ਦਾ ਬਾਜਾ
ਮਹਾਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ (ਮਾਨਸ) 1989 ਵਿਚ ਕਾਇਮ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਲੋਕਾਂ ਵਿਚ ਅੰਧ-ਵਿਸ਼ਵਾਸਾਂ ਖਿਲਾਫ਼ ਚੇਤਨਾ ਪੈਦਾ ਕਰਨਾ ਸੀ। ਪ੍ਰਸਿੱਧ ਤਰਕਸ਼ੀਲ ਆਗੂ ਨਰੇਂਦਰ ਦਭੋਲਕਰ ਇਸ ਸਮਿਤੀ ਦੇ ਮੋਢੀ ਪ੍ਰਧਾਨ ਬਣੇ। ਉਨ੍ਹਾਂ ਦੀ ਅਗਵਾਈ ਵਿਚ ਇੰਨੀ ਜ਼ੋਰਦਾਰ ਮੁਹਿੰਮ ਚਲਾਈ ਗਈ ਕਿ ਮਹਾਰਾਸ਼ਟਰ ਸਰਕਾਰ ਨੂੰ ਅੰਧ-ਵਿਸ਼ਵਾਸਾਂ ਖਿਲਾਫ਼ ਕਾਨੂੰਨ ਬਣਾਉਣ ਬਾਰੇ ਵਿਚਾਰਾਂ ਕਰਨੀਆਂ ਪੈ ਗਈਆਂ। ਅੱਜ ਕੱਲ੍ਹ ਇਸ ਸਮਿਤੀ ਦੀ ਅਗਵਾਈ ਅਵਿਨਾਸ਼ ਪਾਠਕ ਕਰ ਰਹੇ ਹਨ। ਯਾਦ ਰਹੇ ਕਿ ਇਸ ਸਮਿਤੀ ਨੇ ਮਦਰ ਟੈਰੇਸਾ ਨੂੰ ਚਮਤਕਾਰਾਂ ਦੇ ਆਧਾਰ ‘ਤੇ ਸੰਤਣੀ ਦੀ ਪਦਵੀ ਵੀ ਦੇਣ ਦਾ ਤਿੱਖਾ ਵਿਰੋਧ ਕੀਤਾ, ਪਰ ਨਾਲ ਹੀ ਉਸ ਵੱਲੋਂ ਸਮਾਜ ਭਲਾਈ ਲਈ ਕੀਤੇ ਕੰਮਾਂ ਦੀ ਤਾਰੀਫ਼ ਵੀ ਖੂਬ ਕੀਤੀ ਸੀ। ਸਮਿਤੀ ਦਾ ਕਹਿਣਾ ਸੀ ਕਿ ਲੋਕਾਂ ਨੂੰ ਚਮਤਕਾਰਾਂ ਬਾਰੇ ਦੱਸ ਕੇ ਅੰਧ-ਵਿਸ਼ਵਾਸਾਂ ਵੱਲ ਧੱਕਣ ਦੀ ਥਾਂ ਵਿਗਿਆਨਕ ਚੇਤਨਾ ਨਾਲ ਜੋੜਨਾ ਚਾਹੀਦਾ ਹੈ।