ਸਾਡੇ ਵਿਹੜੇ ਆਈ ਸਿਆਸਤ

ਗੁਲਜ਼ਾਰ ਸਿੰਘ ਸੰਧੂ
ਮੇਰਾ ਭਾਣਜਾ ਅਮਰਜੀਤ ਸਿੰਘ ਲਾਲੀ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਹੈ। ਸਾਡੇ ਪਰਿਵਾਰ ਵਿੱਚੋਂ ਉਹ ਪਹਿਲਾ ਵਿਅਕਤੀ ਹੈ ਜਿਹੜਾ ਅਪਣੀ ਸੋਚ ਤੇ ਦ੍ਰਿਸ਼ਟੀ ਦੇ ਆਧਾਰ ਉਤੇ ਏਸ ਪਦਵੀ ਉਤੇ ਪਹੁੰਚਿਆ ਹੈ। ਉਸ ਦਾ ਪਿਤਾ ਪਰਮਜੀਤ ਸਿੰਘ ਡਾਕਟਰੀ ਦੀ ਪ੍ਰੈਕਟਿਸ ਕਰਦਾ ਸੀ ਤੇ ਮਾਂ ਬਲਵਿੰਦਰ ਕੌਰ ਬੀ ਐਡ ਕਾਲਜ, ਨਵਾਂ ਸ਼ਹਿਰ ਦੀ ਪ੍ਰਿੰਸੀਪਲ ਰਹਿ ਚੁੱਕੀ ਹੈ। ਲਾਲੀ ਗਿਆਰਾਂ ਸਾਲਾਂ ਦਾ ਸੀ ਜਦੋਂ ਪਿਤਾ ਜੀ ਛਾਂ ਸਿਰ ਤੋਂ ਚਲੀ ਗਈ।

ਲਾਲੀ ਕਿਵੇਂ ਤੇ ਕਿਉਂ ਰਾਜਨੀਤੀ ਵਿਚ ਕੁੱਦਿਆ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ। ਏਨਾ ਜ਼ਰੂਰ ਹੈ ਕਿ ਜਦੋਂ ਉਚੇਰੀ ਵਿਦਿਆ ਤੋਂ ਮੂੰਹ ਮੋੜ ਕੇ ਕੈਨੇਡਾ ਗਿਆ ਤਾਂ ਚਾਰ ਕੁ ਮਹੀਨੇ ਉਥੇ ਰਹਿ ਕੇ ਵੀ ਪਿੱਛੇ ਵਲ ਹੀ ਤਾਂਘਦਾ ਸੀ। ਉਸ ਨੂੰ ਆਪਣੀ ਧਰਤੀ ਦੇ ਮੋਹ ਨੇ ਵਾਪਸ ਖਿੱਚ ਲਿਆਂਦਾ। ਇਸ ਮੋਹ ਨੂੰ ਪਾਲਦਿਆਂ ਸਾਬਕਾ ਸੰਸਦ ਮੈਂਬਰ ਵਿਜੇਇੰਦਰ ਸਿੰਗਲਾ, ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੀ ਜਨਰਲ ਸਕੱਤਰ ਅੰਬਿਕਾ ਸੋਨੀ ਦਾ ਚਹੇਤਾ ਹੋ ਕੇ ਉਭਰਿਆ। ਉਹ ਪੂਰਨ ਤੌਰ ਤੇ ਗੈਰ ਸਿਆਸੀ ਪਰਿਵਾਰ ਵਿਚੋਂ ਹੋਣ ਦੇ ਬਾਵਜੂਦ ਅਪਣੇ ਹਾਣ ਦੇ ਨੌਜਵਾਨ ਕਾਂਗਰਸੀਆਂ ਵਿਚ ਸਭ ਤੋਂ ਅੱਗੇ ਵੱਧ ਗਿਆ ਹੈ।
ਮੇਰੇ ਲਈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਪੰਜਾਬ ਯੂਥ ਕਾਂਗਰਸ ਦੇ ਨਵੀਂ ਟੀਮ ਦੇ ਸੀਨੀਅਰ ਮੀਤ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਖਾਲਸਾ ਕਾਲਜ ਮਾਹਿਲਪੁਰ ਦੇ ਐਡਮਨਿਸਟ੍ਰੇਟਰ ਤੇ ਮੇਰੇ ਮਿੱਤਰ ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ ਦਾ ਦੋਹਤ ਜੁਆਈ ਹੈ। ਦੋਵੇਂ ਰਲ ਕੇ ਪੰਜਾਬ ਦੀ ਜਵਾਨੀ ਨੂੰ ਕਿਸ ਪਾਸੇ ਤੋਰਦੇ ਹਨ, ਸਮੇਂ ਨੇ ਦੱਸਣਾ ਹੈ। ਕੰਮ ਬੜਾ ਕਠਿਨ ਹੈ ਕਿਉਂਕਿ ਗਵਾਂਢੀ ਦੇਸ਼ ਇਸ ਨੂੰ ਮੂਧੇ ਮੂੰਹ ਸੁੱਟਣ ਉਤੇ ਤੁਲੇ ਹੋਏ ਹਨ। ਹਾਲ ਦੀ ਘੜੀ ਨਵੀਂ ਟੀਮ ਦਾ ਸਵਾਗਤ ਹੈ, ਬਾਕੀ ਇਨ੍ਹਾਂ ਦਾ ਕੰਮ ਵੇਖਣ ਤੋਂ ਪਿੱਛੋਂ।
ਸੁਦੇਸ਼ ਸ਼ਰਮਾ ਦਾ ਰੰਗ ਮੰਚ ਸੰਸਾਰ: ਚੰਡੀਗੜ੍ਹ ਦੇ ‘ਥੀਏਟਰ ਫਾਰ ਥੀਏਟਰ’ ਨਾਲ ਜੁੜਿਆ ਸੁਦੇਸ਼ ਸ਼ਰਮਾ ਇਕ ਤਰ੍ਹਾਂ ਦੀ ਸੰਸਥਾ ਹੈ। ਕੁਝ ਸਾਲ ਪਹਿਲਾਂ ਜਦੋਂ ਉਸ ਨੇ ਬਲਵੰਤ ਗਾਰਗੀ ਦੇ ਨਾਟਕ ‘ਲੋਹਾ ਕੁੱਟ’ ਵਿਚ ਨਾਇਕ ਦਾ ਰੋਲ ਕੀਤਾ, ਉਦੋਂ ਤੋਂ ਮੈਂ ਉਸ ਦੀ ਪੇਸ਼ਕਾਰੀ ਤੋਂ ਪ੍ਰਭਾਵਤ ਹਾਂ। ਉਸ ਦੀ ਅਦਾਕਾਰੀ ਵਿਚ ਏਨੀ ਸਰਲਤਾ ਹੈ ਕਿ ਦਰਸ਼ਕ ਖੁਦ ਉਸ ਦੀ ਦੁਨੀਆਂ ਦਾ ਹਿੱਸਾ ਬਣ ਜਾਂਦੇ ਹਨ।
ਉਹ ‘ਥੀਏਟਰ ਫਾਰ ਥੀਏਟਰ’ ਦੀ ਸਥਾਪਨਾ ਦੇ ਸਮੇਂ ਤੋਂ ਇਸ ਦਾ ਉਘਾ ਮੈਂਬਰ ਹੈ। ਉਸ ਨੇ ਮੁਢਲੇ ਦਿਨਾਂ ਵਿਚ ਇਸ ਦਾ ਸਕੱਤਰ ਹੁੰਦਿਆਂ, ਇਸ ਦੀਆਂ ਅਜਿਹੀਆਂ ਨੀਹਾਂ ਰੱਖੀਆਂ ਕਿ ਇਹ ਸੰਸਥਾ ਤੀਹ ਸਾਲ ਤੋਂ ਚੰਡੀਗੜ੍ਹ ਤੇ ਆਸ ਪਾਸ ਦੇ ਦਰਸ਼ਕਾਂ ਨੂੰ ਨਿਹਾਲ ਕਰਦੀ ਆ ਰਹੀ ਹੈ। ਪਿਛਲੇ ਸਪਤਾਹ ਦਾ ਤਿੰਨ ਰੋਜ਼ਾ ਨਾਟਕ ਮੇਲਾ ਇਸ ਦੀ ਮੂੰਹ ਬੋਲਦੀ ਤਸਵੀਰ ਸੀ। ‘ਪਾਰਸਾਈ ਦੇ ਕਿੱਸੇ’ ਵਿਚ ਉਸ ਦੇ ਚੇਲੇ ਗੁਰਦੀਪ ਸਿੰਘ ਗੁਰਾ ਤੇ ਪਿੰ੍ਰਸ ਸ਼ਰਮਾ ਦੀ ਅਦਾਕਾਰੀ ਨੇ ਅਪਣੀ ਹਾਸ ਵਿਅੰਗ ਅਦਾਕਾਰੀ ਨਾਲ ਦਰਸ਼ਕਾਂ ਨੂੰ ਨਿਹਾਲ ਕੀਤਾ। ਅਗਲੇ ਦਿਨ ‘ਸੰਧਿਆਂ ਛਾਇਆ’ ਵਿਚ ਉਸ ਦੀ ਅਪਣੀ ਤੇ ਸੈਕੰਡ ਰੋਲ ਅਦਾ ਕਰ ਰਹੀ ਮਧੂ ਬਾਲਾ ਦੀ ਅਦਾਕਾਰੀ ਨੇ ਇਕਹਿਰੇ ਪਰਿਵਾਰਾਂ ਦੀ ਜੀਵਨ ਲੀਲ੍ਹਾ ਵਿਚ ਆਏ ਠਹਿਰਾਓ ਨੇ ਮੇਰੀ ਉਮਰ ਦੇ ਦਰਸ਼ਕ ਮਨਾਂ ਨੂੰ ਖਿਚ ਕੇ ਮੰਚ ਉਤੇ ਬਿਠਾਈ ਰੱਖਿਆ। ਦੋਵਾਂ ਦੀ ਅਦਾਕਾਰੀ ਏਨੀ ਕੁਦਰਤੀ ਸੀ ਕਿ ਉਹ ਜੁਗਾਂ-ਜੁਗਾਂਤਰਾਂ ਤੋਂ ਇਕਠੇ ਰਹਿ ਰਹੇ ਜਾਪਦੇ ਸਨ। ਤੀਜੇ ਦਿਨ ‘ਗਧੇ ਦੀ ਬਰਾਤ’ ਨਾਂ ਦਾ ਨਾਟਕ ਵੀ ਠੀਕ ਸੀ ਪਰ ਪਹਿਲੇ ਦੋ ਤੋਂ ਕਾਫੀ ਪਿਛੇ। ਸ਼ਾਇਦ ਇਸ ਲਈ ਕਿ ਇਸ ਨਾਟਕ ਦਾ ਨਿਰਦੇਸ਼ਨ ਸੁਦੇਸ਼ ਨੇ ਖੁਦ ਨਹੀਂ ਸੀ ਕੀਤਾ। ਸੁਦੇਸ਼ ਵਾਲੀ ਸੰਸਥਾ ਨੇ ਚੰਡੀਗੜ੍ਹ ਦੇ ਰੰਗ ਸ਼ਾਲਾ ਜੀਵਨ ਨੂੰ ਏਨਾ ਰੰਗੀਲਾ ਬਣਾ ਦਿੱਤਾ ਹੈ ਕਿ ਏਸ ਸ਼ਹਿਰ ਵਿਚ ਹੋਰ ਵੀ ਵਧੀਆ ਟੋਲੀਆਂ ਉਭਰ ਆਈਆਂ ਹਨ। ਚੰਡੀਗੜ੍ਹ ਦਾ ਨਾਟਕੀ ਸੰਸਾਰ ਅੱਜ ਪੰਜਾਬ, ਹਰਿਆਣਾ, ਹਿਮਾਚਲ ਤੇ ਦਿੱਲੀ ਨੂੰ ਮਾਤ ਪਾ ਰਿਹਾ ਹੈ। ਚੰਡੀਗੜ੍ਹ ਨੂੰ ਚੰਡੀਗੜ੍ਹ ਦੀਆਂ ਤਰਕਾਲਾਂ ਮੁਬਾਰਕ!
ਸੀਰੀਆ ਦੀ ਮਲਾਲਾ: ਸੀਰੀਆ ਵਿਚ ਫੈਲੀ ਹਿੰਸਾ ਕਾਰਨ ਪ੍ਰਭਾਵਿਤ ਵੱਸੋਂ ਸ਼ਰਨਾਰਥੀ ਕੈਂਪਾਂ ਵਿਚ ਰਹਿਣ ਲਈ ਮਜਬੂਰ ਹੈ। ਪਰ ਇੱਕ ਮਾਜੂਨ ਅਲਮੇਲੇਹਨ ਨਾਂ ਦੀ ਸੋਲਾ ਸਾਲਾ ਮੁਟਿਆਰ ਅਪਣੇ ਤਿੰਨ ਭੈਣ ਭਰਾਵਾਂ ਸਮੇਤ ਜਾਰਡਨ ਕੈਂਪ ਵਿੱਚ ਰਹਿੰਦਿਆਂ ਉਨ੍ਹਾਂ ਦੀ ਦੇਖ ਭਾਲ ਦੇ ਨਾਲ-ਨਾਲ ਅਪਣੀ ਸਿੱਖਿਆ ਦੀ ਚੇਟਕ ਵੀ ਪਾਲ ਰਹੀ ਹੈ। ਕੈਂਪ ਦੀਆਂ ਮਾਵਾਂ ਕੈਪਾਂ ਦੇ ਅਸੁਰੱਖਿਅਤ ਜੀਵਨ ਤੋਂ ਡਰਦੀਆਂ ਅਪਣੀਆਂ ਧੀਆਂ ਨੂੰ ਵਿਆਹ ਕੇ ਮੁਕਤ ਹੋਣਾ ਚਾਹੁੰਦੀਆਂ ਹਨ ਪਰ ਮਾਜੂਨ ਇਸ ਦੇ ਉਲਟ ਅਪਣੇ ਤੇ ਦੂਜੇ ਕੈਪਾਂ ਦੇ ਮਾਪਿਆਂ ਨੂੰ ਵਿਦਿਆ ਦੇਣ ਲਈ ਪ੍ਰੇਰਦੀ ਹੈ। ਇਹ ਕਹਿ ਕੇ ਕਿ ਵਿਆਹ ਅਸਫਲ ਹੋ ਸਕਦੇ ਹਨ ਪਰ ਵਿਦਿਆ ਨਹੀਂ। ਪਿਛਲੇ ਸਾਲ ਦੇ ਫਰਵਰੀ ਮਹੀਨੇ ਉਸ ਦੀ ਮੁਲਾਕਾਤ ਮਲਾਲਾ ਯੂਸਫਜ਼ਈ ਨਾਲ ਹੋਈ ਤਾਂ ਦੋਵੇਂ ਗੂੜ੍ਹੀਆਂ ਸਹੇਲੀਆਂ ਬਣ ਗਈਆਂ। ਸੀਰੀਆ ਵਾਲੀ ਮਲਾਲਾ ਅੰਗਰੇਜ਼ੀ ਪੜ੍ਹ ਕੇ ਪੱਤਰਕਾਰ ਬਣਨ ਦਾ ਸੁਪਨਾ ਲੈ ਰਹੀ ਹੈ। ਉਸ ਨੂੰ ਉਸ ਦਾ ਸੁਪਨਾ ਮੁਬਾਰਕ!
ਅੰਤਿਕਾ: (ਸੁਖਵਿੰਦਰ ਅੰਮ੍ਰਿਤ)
ਇਸ਼ਕ ਦਾ ਇਹ ਹਾਲ ਹੈ ਕਿ ਔੜ੍ਹਦਾ ਕੁਝ ਵੀ ਨਹੀਂ,
ਇਕ ਪਾਸੇ ਬੇਖੁਦੀ ਹੈ ਇਕ ਪਾਸੇ ਬੇਬਸੀ।