ਕਈ ਬੰਦੇ ਆਪਣੇ ਹੱਕਾਂ ਪ੍ਰਤੀ ਇੰਨੇ ਸੁਚੇਤ ਤੇ ਜਾਗਰੂਕ ਹੋ ਗਏ ਕਿ ਜਿਉਣਾ ਹੀ ਭੁੱਲ ਗਏ। ਯੁੱਗ ਬਦਲ ਗਏ ਨੇ, ਵਿਗਿਆਨ ਗਲ-ਗਲ ਤੀਕਰ ਚੜ੍ਹ ਗਿਆ ਹੈ, ਕਬੂਤਰ ਅਮਰੀਕਾ ਦਾ ਕਹਿਣਾ ਮੰਨ ਕੇ ਪੈਰਾਂ ‘ਚ ਕੈਮਰਾ ਬੰਨ੍ਹੀ ਦੁਨੀਆਂ ਦੀ ਜਸੂਸੀ ਕਰ ਰਹੇ ਹਨ ਪਰ ਬਾਂਦਰ ਚੁਸਤ ਤਾਂ ਭਾਵੇਂ ਪਹਿਲਾਂ ਨਾਲੋਂ ਵੀ ਵੱਧ ਹੋ ਗਿਆ ਹੋਵੇ, ਅਕਲਮੰਦ ਨਹੀਂ ਹੋ ਸਕਿਆ। ਬਾਂਦਰੀ ਇਕ ਮਾਮਲੇ ਵਿਚ ਹੀ, ਸਿਰਫ਼ ਆਪਣੇ ਅਧਿਕਾਰਾਂ ਪ੍ਰਤੀ ਇੰਨੀ ਸੁਚੇਤ ਹੈ ਕਿ ਬਾਂਦਰ ਉਸ ਤੋਂ ਬਹੁਤ ਖੌਫ਼ ਖਾਂਦਾ ਆ ਰਿਹਾ ਹੈ। ਬਾਂਦਰੀ ਦਾ ਜਦੋਂ ਵੀ ਢਿੱਡ ਦੁਖਦਾ ਹੈ, ਉਹ ਬਾਂਦਰ ਦਾ ਮੂੰਹ ਚਪੇੜਾਂ ਨਾਲ ਭੰਨ ਦਿੰਦੀ ਹੈ। ਬਾਂਦਰ ਅੱਖਾਂ ‘ਚੋਂ ਅੱਥਰੂ ਭਾਵੇਂ ਮਣ-ਮਣ ਪੱਕੇ ਸੁੱਟੇ ਪਰ ਬਾਂਦਰੀ ਅੱਗੇ ਬੋਲਣ ਦੀ ਜੁਰਅਤ ਨਹੀਂ ਕਰਦਾ। ਬਾਂਦਰੀ ਜਦੋਂ ਵੀ ਚਪੇੜ ਚੁੱਕਦੀ ਹੈ, ਬਾਂਦਰ ਸਮਝ ਜਾਂਦਾ ਹੈ, ਇਹਦਾ ਢਿੱਡ ਦੁਖਣ ਲੱਗਾ ਹੈ ਤੇ ਉਸ ਲਈ ਜਵੈਣ-ਫੱਕੀ ਦਾ ਪ੍ਰਬੰਧ ਕਰਨ ਲਗਦਾ ਹੈ। ਬਾਂਦਰੀ ਦੇ ਜਦੋਂ ਜਣੇਪਾ-ਪੀੜ ਉਠਦੀ ਹੈ ਤਾਂ ਉਹਦੇ ਲਈ ਇਹ ਅਸਹਿ ਹੁੰਦੀ ਹੈ, ਉਹ ਕੰਧਾਂ-ਕੌਲਿਆਂ ‘ਚ ਸਿਰ ਮਾਰਦੀ ਹੈ। ਆਪਣੇ ਦੁੱਖ ਦਾ ਸੁਭਾਅ ਬਦਲਣ ਲਈ ਉਹ ਬਾਂਦਰ ਨੂੰ ਇਸ ਕਰ ਕੇ ਕੁੱਟਦੀ ਐ ਕਿ ‘ਮੇਰੇ ਪੇ ਦਿਆ ਸਾਲਿਆ, ਇੰਨਾ ਦੁੱਖ ‘ਕੱਲੀ ਕਿਉਂ ਝੱਲਾਂ?’ ਬਾਂਦਰ ਸੁਭਾਅ ਹੋਣ ਕਰ ਕੇ ਬਾਂਦਰੀ ਦੇ ਜਦੋਂ ਮਾੜੀ-ਮੋਟੀ ਦਰਦ ਵੀ ਉਠਦੀ ਹੈ ਤਾਂ ਉਹ ਇਹੋ ਸਮਝਦੀ ਹੈ-ਮੈਂ ਫਿਰ ਮਾਂ ਬਣਨ ਲੱਗੀ ਹਾਂ। ਦੂਜੇ ਪਾਸੇ ਔਰਤ ਜਦੋਂ ਮਾਂ ਬਣਨ ਦੀ ਪ੍ਰਕਿਰਿਆ ‘ਚੋਂ ਲੰਘਦੀ ਹੈ ਤਾਂ ਉਹਦੇ ਅੰਦਰ ਭਾਅ ਦੀਆਂ ਬਣੀਆਂ ਹੁੰਦੀਆਂ ਹਨ ਪਰ ਬਾਹਰ ਉਹਦਾ ਮਰਦ ਚੁੱਪ ਕਰ ਕੇ ਬੈਠਾ ਜਾਂ ਮੁੰਡਾ ਜੰਮਣ ਦੀ ਖ਼ੁਸ਼ੀ ਵਿਚ ਪੈਗ ਲਾ ਰਿਹਾ ਹੁੰਦਾ ਹੈ। ਮਾਂ ਬਣ ਕੇ ਹਟਣਸਾਰ ਜਦੋਂ ਮਰਦ ਅੰਦਰ ਜਾਂਦਾ ਹੈ ਤਾਂ ਕਾਰਗਿਲ ਜਿੱਤ ਕੇ ਹਟੀ ਮਾਂ ਸਾਰਾ ਕੁਝ ਭੁੱਲ ਕੇ ਆਖਦੀ ਐ, “ਮੇਰੀਆਂ ਛਾਂਈਆਂ-ਮਾਈਆਂæææਅਹੁ ਵੇਖ ਤੇਰੇ ਪਾਪਾ ਆਏ ਨੇ।” ਇਸ ਲਈ ਬਾਂਦਰੀ ਇਕ ਥਾਂ ਔਰਤ ਨਾਲੋਂ ਜਾਗਰੂਕ ਲਗਦੀ ਹੈ। ਜੇ ਜ਼ਿੰਦਗੀ ‘ਚ ਸਿਰਫ਼ ਮਿਠਾਸ ਹੀ ਹੋਵੇਗੀ ਤਾਂ ਇਹ ਗੁਜ਼ਰ ਤਾਂ ਚੰਗੀ ਰਹੀ ਹੋਵੇਗੀ ਪਰ ਜੇ ਸੁਆਦ ਤੇ ਲੁਤਫ਼ ਲੈਣਾ ਹੈ ਤਾਂ ਇਹਦੇ ‘ਚ ਨਮਕੀਨ ਦਾ ਰੰਗ ਵੀ ਭਰਨਾ ਪਵੇਗਾ; ਵਰਨਾ ਹਾਲਤ ਨਾਈਆਂ ਵੱਲੋਂ ਲਿਆਂਦੀ ਉਸ ਭੇਡ ਵਰਗੀ ਹੋਵੇਗੀ ਜੋ ਸਾਰੇ ਟੱਬਰ ਨੇ ਉਨ ਲਾਹੁਣ ਦੇ ਚੱਕਰ ਵਿਚ ਉਸਤਰਾ ਫੇਰ-ਫੇਰ ਕੇ ਸਵੇਰ ਤੱਕ ਮੁਰਗੀ ਵਾਂਗ ਭੇਡ ਹੀ ਵਿਚਾਰੀ ਮਾਰ ਮੁਕਾਈ। ਜ਼ਿੰਦਗੀ ਨੂੰ ਹਰ ਕੋਈ ਜਿੱਤਣਾ ਚਾਹੁੰਦਾ ਹੈ ਪਰ ਦੂਜਿਆਂ ਦੇ ਪੱਤੇ ਵੇਖ ਕੇ ਕਈ ਵਾਰ ਤਾਸ਼ ਦੋ ਜਣੇ ਖੇਡ ਰਹੇ ਹੁੰਦੇ ਹਨ ਪਰ ਭੇਤ ਚਾਰ ਜਣੇ ਦੱਸ ਰਹੇ ਹੁੰਦੇ ਹਨ। ਪੀਂਘ ‘ਤੇ ਹੁਲਾਰਾ ਲੈਣ ਦਾ ਜਿਨ੍ਹਾਂ ਨੇ ਅਨੰਦ ਲਿਆ, ਉਹ ਜ਼ਿੰਦਗੀ ਭੋਗ ਗਏ ਤੇ ਜਿਹੜੇ ਡਾਹਣ ਤੇ ਰੱਸੀ ਟੁੱਟਣ ਡਰੋਂ ਝੂਟਦੇ ਰਹੇ, ਉਨ੍ਹਾਂ ਦੀ ਜ਼ਿੰਦਗੀ ਕੱਚੇ ਭਾਂਡੇ ਵਾਂਗ ਖੜਕਦੀ ਰਹੀ।
ਐਸ਼ ਅਸ਼ੋਕ ਭੌਰਾ
ਵਰਤਮਾਨ ਯੁੱਗ ਵਿਚ ਦੂਜਿਆਂ ਤੋਂ ਅੱਗੇ ਨਿਕਲਣ ਜਾਂ ਮੰਜ਼ਿਲ ਤੀਕਰ ਪਹੁੰਚਣ ਲਈ ਦੌੜਨ ਦਾ ਤਰੀਕਾ ਅਪਨਾਇਆ ਜਾ ਰਿਹਾ ਹੈ, ਜਦੋਂ ਕਿ ਜਿੱਤ ਕੱਛੂ ਵਾਂਗ ਤੁਰ ਕੇ ਹੀ ਮਿਲੇਗੀ। ਕਈ ਖਰਗੋਸ਼ ਵਾਂਗ ਬਣਨ ਤਾਂ ਪਤਵੰਤੇ ਗਏ ਸਨ, ਧੂੜ ‘ਚ ਟੱਟੂ ਵਾਂਗ ਗੁਆਚੇ ਮੁੜ ਲੱਭੇ ਹੀ ਨਹੀਂ। ਕਿਸੇ ਸੜਕ ਦੁਰਘਟਨਾ ਵਿਚ ਬੱਸ ‘ਚ ਸਵਾਰ ਤੀਹ ਲੋਕ ਮਰ ਗਏ, ਇਕੱਤੀਵਾਂ ਇਹ ਸੋਚ ਕੇ ਮਰ ਗਿਆ ਕਿ ਉਹ ਕਿਵੇਂ ਬਚ ਗਿਆ!
ਜਿਵੇਂ ਚੁਬਾਰੇ ‘ਤੇ ਚੜ੍ਹਨ ਤੇ ਹੇਠਾਂ ਉਤਰਨ ਲਈ ਪੌੜੀਆਂ ਦੀ ਲੋੜ ਹੈ, ਇਵੇਂ ਜ਼ਿੰਦਗੀ ਦੀਆਂ ਕਈ ਖਾਈਆਂ ਟੱਪਣ ਲਈ ਵਿਚੋਲੇ ਦੀ ਲੋੜ ਹੈ। ਚੰਗੇ ਭਲੇ ਵੇਲਿਆਂ ਵਿਚ ਵਿਚੋਲੇ ਦਾ ਅਰਥ ਹੁੰਦਾ ਸੀ, ‘ਜਿਹੜਾ ਵਿਚਲਾ ਓਹਲਾ ਨਾ ਰਹਿਣ ਦੇਵੇ ਤੇ ਸਭ ਕੁਝ ਸਾਫ਼ ਕਰ ਦੇਵੇ।’ ਉਦੋਂ ਗ੍ਰਹਿਸਥ ਸਵਰਗ ਲਗਦੀ ਸੀ। ਪਤੀ-ਪਤਨੀ ਇਕ-ਦੂਜੇ ‘ਤੇ ਕੁਰਬਾਨ ਹੋਣ ਲਈ ਕਾਹਲੇ ਹੁੰਦੇ ਸਨ। ਉਦੋਂ ਸਮਾਜ ਵਿਚ ਵਿਚੋਲੇ ਦਾ ਕਿਰਦਾਰ ਸਤਿਕਾਰਿਆ ਤੇ ਵਡਿਆਇਆ ਜਾਂਦਾ ਸੀ ਤੇ ਜਦੋਂ ਦਾ ਵਿਚੋਲੇ ਦਾ ਅਰਥ ‘ਬਹੁਤ ਕੁਝ ਓਹਲਾ ਰੱਖਣਾ’ ਹੋ ਗਿਆ ਹੈ, ਇਵੇਂ ਲੱਗਦਾ ਹੈ ਕਿ ਰਿਸ਼ਤੇ ਇਉਂ ਟੁੱਟ ਰਹੇ ਹਨ ਜਿਵੇਂ ਕੱਚ ਦਾ ਗਿਲਾਸ ਰੇਤ ਨਾਲ ਵੱਜ ਕੇ ਠੀਕਰੀਆਂ ਹੋ ਰਿਹਾ ਹੋਵੇ। ਜਦੋਂ ਦਾ ਵਿਚੋਲਿਆਂ ਦੀ ਮਿਹਰਬਾਨੀ ਨਾਲ ਪਰੀਆਂ, ਲੰਗੂਰਾਂ ਦੇ ਲੜ ਲੱਗ ਰਹੀਆਂ ਹਨ ਜਾਂ ਦੇਵਤੇ ਚੁੜੇਲਾਂ ਦੇ ਵੱਸ ਪੈ ਰਹੇ ਹਨ, ਲੋਕ ਇਨ੍ਹਾਂ ਪਿੱਛੇ ਜੁੱਤੀ ਲਈ ਘੁੰਮ ਰਹੇ ਹਨ। ‘ਲਵ ਮੈਰਿਜ’ ਦਾ ਰਿਵਾਜ਼ ਪ੍ਰਚਲਿਤ ਹੋਣ ਨਾਲ ਨਵੀਂ ਪੀੜ੍ਹੀ ਵਿਚੋਲੇ ਨੂੰ ਆਖਣ ਲੱਗ ਪਈ ਹੈ, ‘ਚੱਲ ਚੱਲ, ਤੂੰ ਕੌਣ ਆਂ?’ ਵਿਦੇਸ਼ੀ ਲਾੜਿਆਂ ਨੇ ਵਿਚੋਲਿਆਂ ਦੀ ਸਾਜ਼ਿਸ਼ ਨਾਲ ਸ਼ਰੀਫ ਘਰਾਂ ਦੀਆਂ ਧੀਆਂ ਨੂੰ ਲੁੱਟਣਾ ਸ਼ੁਰੂ ਕੀਤਾ ਸੀ ਪਰ ਜਦੋਂ ਦਾ ਇਹ ਕੰਮ ਵਿਦੇਸ਼ਣਾਂ ਕਰਨ ਲੱਗੀਆਂ ਹਨ, ਵਿਚੋਲੇ ਨੂੰ ਵੇਖ ਕੇ ਸ਼ਰੀਫ਼ ਬੰਦੇ ਨਹੀਂ ਮੰਨਦੇ ਕਿ ਪੁਰਾਣੇ ਜ਼ਮਾਨੇ ਵਿਚ ਨਾਰਦਮੁਨੀ ਵੀ ਹੁੰਦੇ ਹੋਣਗੇ। ਅਸਲ ਵਿਚ ਵੀਹ ਗਜ਼ ਦਾ ਘੱਗਰਾ ਸੱਠ ਗਜ਼ ਦੀ ਗੇੜੀ ਦੇਣ ਲੱਗ ਪਿਆ ਹੈ। ਅੱਜਕੱਲ੍ਹ ਨੰਗੀ ਅੱਖ ਨਾਲੋਂ ਨਜ਼ਰ ਦੀਆਂ ਐਨਕਾਂ ਨਾਲ ਘੱਟ ਦਿਸਣ ਦੀਆਂ ਖ਼ਬਰਾਂ ਵੱਧ ਆਉਣ ਲੱਗ ਪਈਆਂ ਹਨ। ਅੱਗੇ ਕਿਹਾ ਜਾਂਦਾ ਸੀ, ‘ਤੈਨੂੰ ਪਤਾ, ਤੂੰ ਪੁੱਤ ਕੀਹਦੈਂ?’ ਉਦੋਂ ਕਹਿ ਦਈਦਾ ਸੀ ਕਿ ਮਾਪਿਆਂ ਦੀ ਅਣਗਹਿਲੀ, ਹਉਮੈ ਤੇ ਆਕੜ ਨਾਲ ਬੱਚੇ ਵਿਗੜ ਰਹੇ ਹਨ, ਪਰ ਜਦੋਂ ਦਾ ਇਹ ਕਿਹਾ ਜਾਣ ਲੱਗ ਪਿਆ ਕਿ ‘ਤੈਨੂੰ ਪਤਾ ਕਿ ਤੂੰ ਸਾਲਾ ਕੀਹਦੈਂ?’ ਤਾਂ ਪਤਾ ਨ੍ਹੀਂ ਲਗਦਾ ਕਿ ਉਲਾਂਭਾ ਕੀਹਨੂੰ ਦਈਏ! ਨੱਕ ਚਲੋ ਸ਼ਰਮ ਹਯਾ ਦਾ ਗਹਿਣਾ ਹੁੰਦਾ ਹੈ ਪਰ ਜੇ ਨੱਕ ਚੱਪਣ ਵਰਗਾ ਤੋੜੇ ਜਿੱਡਾ ਹੋਵੇ ਤਾਂ ਬੰਦਾ ਸੋਚਦੈ, ਸਾਹ ਲੈਣ ਦੀ ਵਿਵਸਥਾ ਕੰਨਾਂ ਰਾਹੀਂ ਵੀ ਹੋਣੀ ਚਾਹੀਦੀ ਸੀ। ਖ਼ੈਰ! ਜੇ ਰਾਮ ਲੀਲ੍ਹਾ ‘ਚ ਰਾਵਣ ਨਾ ਹੁੰਦਾ ਤਾਂ ਲੋਕਾਂ ਨੇ ਕਹਿਣ ਵਿਚ ਬਿੰਦ ਨ੍ਹੀਂ ਲਾਉਣਾ ਸੀ, “ਲੈ ਇਹ ਵੀ ਕੋਈ ਕਹਾਣੀ ਹੈ?” ਅਜਿਹੀ ਗੁਸਤਾਖੀ ਮੈਂ ਵੀ ਕਰਨ ਲੱਗਾ ਹਾਂ। ਚੰਗੀ ਨਾ ਲੱਗੇ ਤਾਂ ਮੁਆਫ਼ ਕਰ ਦੇਣਾ ਕਿਉਂਕਿ ਹਰ ਰਾਹ ‘ਚ ਖ਼ਤਰੇ ਦੀ ਸੰਭਾਵਨਾ ਹੁੰਦੀ ਹੈ।
ਛੋਟੇ ਜਿਹੇ ਪਿੰਡ ਦੇ ਵੱਡੇ-ਵੱਡੇ ਕੱਦਾਂ ਵਾਲੇ ਲੋਕ, ਚੜ੍ਹਦੇ ਪਾਸੇ ਦੇ ਵਸੀਵੇਂ ਵੱਲ ‘ਜੀ ਆਇਆਂ ਨੂੰ’ ਕਹਿਣ ਵਾਲੀ ਸੰਘਣੀ ਛਾਂ ਵਾਲੀ ਬੋਹੜ ਹੇਠ ਪਰ੍ਹਿਆ ਦੇ ਰੂਪ ਵਿਚ ਜੁੜੇ ਹੋਏ ਸਨ। ਸਵੇਰੇ ਤੋਂ ਹੀ ਇਸ ਥਾਂ ‘ਤੇ ਲੋਕਾਂ ਦਾ ਆਉਣਾ-ਜਾਣਾ ਜਾਰੀ ਸੀ। ਇਹ ‘ਕੱਠ ਪੰਚਾਇਤ ਦਾ ਨਹੀਂ ਸੀ ਬਲਕਿ ਸਿਆਣੇ ਅਖਵਾਉਣ ਵਾਲੇ ਲੋਕਾਂ ਦਾ ਸੀ। ਅੱਜ ਪਿੰਡ ਦੀ ਭਲਾਈ ਅਤੇ ਇਕਮੁਠਤਾ ਬਾਰੇ ਗੱਲ ਹੋਣੀ ਸੀ। ਥੜ੍ਹੇ ਉਤੇ ਪਤਵੰਤੇ ਲੋਕ ਬੈਠ ਰਹੇ ਸਨ ਤੇ ਹੇਠਾਂ ਆਮ ਪਿੰਡ ਵਾਸੀ। ਨਿੱਘੀ-ਨਿੱਘੀ ਧੁੱਪ ਸੀ, ਫਿਰ ਵੀ ਖੇਸੀਆਂ ਤੇ ਕੰਬਲਾਂ ਦੀਆਂ ਬੁੱਕਲਾਂ ਮਾਰੀ ਜੁੜੇ ਲੋਕ ਮੂੰਹੋਂ-ਮੂੰਹੀ, ਕੰਨੋਂ-ਕੰਨੀ ਕੁਝ ਨਾ ਕੁਝ ਬੋਲਦੇ ਮਹਿਸੂਸ ਹੋ ਰਹੇ ਸਨ। ਮਸਲਾ ਇਹ ਸੀ ਕਿ ਪੰਚਾਇਤ ਚੋਣਾਂ ਵਿਚ ਸਿਰਫ਼ ਅੱਠ ਕੁ ਦਿਨ ਬਚਦੇ ਸਨ ਤੇ ਸਿਆਣੇ ਬੰਦੇ ਇਤਫਾਕ ਦਾ ਸਿਰ ਜੋੜਨ ਲਈ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰਨ ਦੀ ਗੱਲ ਕਹਿਣ ਆਏ ਸਨ।
æææਤੇ ਆਖਿਰ ਸਰਪੰਚ ਜਗਬੀਰ ਸਿੰਘ ਨੇ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਈ ਤੇ ਕਹਿਣ ਲੱਗਾ, “ਨਗਰ ਨਿਵਾਸੀਓ, ਤੁਹਾਡੇ ਚਰਨਾਂ ਵਿਚ ਨਿਮਰਤਾ ਨਾਲ ਬੇਨਤੀ ਕਰਾਂਗਾ ਕਿ ਭਾਵੇਂ ਪਿਛਲੀ ਵਾਰ ਦੋ ਕੁ ਸੱਜਣਾਂ ਦੀ ਸਹਿਮਤੀ ਨਾ ਹੋਣ ਕਾਰਨ ਸਾਡੀ ਪੰਚਾਇਤ ਵੋਟਾਂ ਨਾਲ ਚੁਣੀ ਗਈ ਸੀ ਪਰ ਮੈਂ ਇਸ ਵਾਰ ਮੁਕਾਬਲੇ ਤੋਂ ਬਾਹਰ ਹਾਂ; ਜੇ ਇਸ ਵਾਰ ਸਾਰਾ ਪਿੰਡ ‘ਕੱਠਾ ਹੋ ਕੇ ਪਿਆਰ-ਮੁਹੱਬਤ ਦਾ ਸਬੂਤ ਦੇ ਕੇ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰ ਜਾਵੇ ਤਾਂ ਸਿਆਣਿਆਂ ਦੇ ਕਹਿਣ ਵਾਂਗ ਚਿੱਬੜ ਵੀ ਖ਼ਰਬੂਜ਼ੇ ਵਰਗਾ ਸੁਆਦ ਦੇ ਸਕਦਾ ਹੈ। ਇਸ ਲਈ ਆਸ ਹੈ ਕਿ ਸਾਰਾ ਨਗਰ ਮੇਰੇ ਹੱਥ ਜੋੜਿਆਂ ਦਾ ਮਾਣ ਰੱਖੇਗਾ।” ਸਰਪੰਚ ਦੀਆਂ ਇਨ੍ਹਾਂ ਗੱਲਾਂ ਨੂੰ ਦਾਨੇ ਬੰਦਿਆਂ ਨੇ ਕਾਫ਼ੀ ਸਲਾਹਿਆ ਤੇ ਇਸ ਗੱਲ ਦੀ ਸਿਫ਼ਤ ਕੀਤੀ ਕਿ ਸਰਪੰਚ ਨੇ ਅਹੁਦੇ ਦਾ ਲਾਲਚ ਤਿਆਗ ਕੇ ਸਿਆਣਪ ਦਾ ਸਬੂਤ ਦਿੱਤਾ ਹੈ। ਉਂਜ ਵੀ ਲੋਕ ਚੁੰਝ-ਚਰਚਾ ਇਹ ਕਰ ਰਹੇ ਸਨ ਕਿ ਸਰਪੰਚ ਦਾ ਅੱਧਿਓਂ ਵੱਧ ਟੱਬਰ ਅਮਰੀਕਾ ‘ਚ ਹੈ, ਸਰਦਾ-ਪੁੱਜਦਾ ਸੀ ਤਾਂ ਹੀ ਪਿੰਡ ਇੰਨੀ ਤਰੱਕੀ ਕਰ ਗਿਆ। ਮਜਾਲ ਕਿ ਕਿਸੇ ਗ੍ਰਾਂਟ ‘ਚੋਂ ਟਕਾ ਵੀ ਖਾਧਾ ਹੋਵੇ ਜਾਂ ਕਿਸੇ ਨੂੰ ਖਾਣ ਦਿੱਤਾ ਹੋਵੇ।
ਤੇ ਫਿਰ ਆਪਣੇ-ਆਪ ਹੀ ਖੜ੍ਹ ਗਿਆ ਪਿੰਡ ਦਾ ਲੰਬੜਦਾਰ ਸੁੱਚਾ ਸਿੰਹੁ। ਅੱਧਾ ਪਿੰਡ ਤਾਂ ਊਂ ਲੰਬੜਦਾਰ ਕਰ ਕੇ ਉਹਦੇ ਮੱਥੇ ਨਹੀਂ ਲੱਗਣਾ ਚਾਹੁੰਦਾ ਸੀ ਤੇ ਕੁਝ ਇਸ ਕਰ ਕੇ ਉਹਦੇ ਵਿਰੁਧ ਸਨ ਕਿ ਬਾਪ ਦੀ ਜ਼ਮੀਨ ‘ਤੇ ਧੱਕੇ ਨਾਲ ਮੁਖਤਿਆਰਨਾਮਾ ਕਰਵਾ ਕੇ ਕਬਜ਼ਾ ਕਰ ਗਿਆ ਸੀ ਤੇ ਇਸ ਵਾਰ ਆਪਣੇ-ਆਪ ਨੂੰ ਨਰਿੰਦਰ ਮੋਦੀ ਵਾਂਗ ਪਿੰਡ ਦਾ ਸਰਪੰਚ ਇਹ ਸੋਚ ਕੇ ਬਣਨ ਲਈ ਕਾਹਲਾ ਸੀ ਕਿ ‘ਆਪੇ ਬੇਬੇ ਰੱਜੀ-ਪੁੱਜੀ ਤੇ ਆਪੇ ਮੇਰੇ ਬੱਚੇ ਜਿਉਣ।’
ਸੁੱਚਾ ਸਿੰਹੁ ਨੇ ਆਪ ਸਰਪੰਚ ਬਣਨ ਦੀ ਗੱਲ ਤਾਂ ਚਲੋ ਨਾ ਵੀ ਕੀਤੀ ਹੋਵੇ ਪਰ ਗੁੱਲੀ-ਡੰਡਾ ਖੇਡ ‘ਚੋਂ ਹਾਰਿਆ ਬੰਦਾ ਜਿਵੇਂ ਹਾਕੀ ਦਾ ਕਪਤਾਨ ਬਣਨ ਲਈ ਕਾਹਲਾ ਪਿਆ ਹੁੰਦੈ, ਕਹਿਣ ਲੱਗਾ, “ਮੇਰੇ ਨਗਰ ਦੇ ਸਿਆਣੇ ਬਜ਼ੁਰਗੋ, ਆਪਣਾ ਛੱਜ ਚਲੋ ਆਪ ਤਾਂ ਨ੍ਹੀਂ ਕੁੱਟਿਆ ਜਾਂਦਾ, ਫਿਰ ਵੀ ਨਾਨਕਾ ਮੇਲ ਅੱਗੇ ਛੱਜ ਰੱਖਣ ਵਿਚ ਹਰਜ ਕੀ ਹੈ? ਮੈਂ ਜਦੋਂ ਦਾ ਲੰਬੜਦਾਰ ਬਣਿਆ ਹਾਂ, ਕਿਸੇ ਤੋਂ ਚਾਹ ਦਾ ਕੱਪ ਨ੍ਹੀਂ ਪੀਤਾ ਕਦੀ। ਉਦੋਂ ਵੀ ਮੇਰੇ ਵਿਰੁਧ ਖੜ੍ਹਾ ਹੋਇਆ ਭਗਤ ਰਾਮ ਇਸ ਕਰ ਕੇ ਬੈਠ ਗਿਆ ਸੀ ਕਿ ਸੁਦਾਮਾ ਤਾਂ ਚਲੋ ਕਿਸੇ ਨੇ ਵੇਖਿਆ ਜਾਂ ਨਹੀਂ, ਪਰ ਸੁੱਚਾ ਸਿੰਹੁ ਵਰਗਾ ਲੰਬੜਦਾਰ ਲੱਭਣੈ ਕਿਤੇ। ਨਾਲੇ ਘਰ ‘ਚ ਇਤਫਾਕ ਹੋਵੇ ਤਾਂ ਕੰਧਾਂ ਵੀ ਕਿੱਕਲੀ ਪਾਉਂਦੀਆਂ ਨੇ। ਸਰਬਸੰਮਤੀ ਨਾਲ ਦਿਓ ਤਾਂ ਸਹੀ ਇਕ ਮੌਕਾ, ਸਰਕਾਰ ਵੀਹ ਲੱਖ ਰੁਪੱਈਆ ਗ੍ਰਾਂਟ ਦਊ ਤੇ ਪਿੰਡ ‘ਚ ਇਕ ਵੀ ਰੁੱਸਿਆ ਬੰਦਾ ਨਾ ਰਹਿਣ ਦਊਂ। ਭਲਾ ਪਿਆਰ ਨਾਲ ਦੀ ਕੋਈ ਰੀਸ ਐ?”
ਪਿੱਛੇ ਡੱਬੀਆਂ ਵਾਲੀ ਪਾਟੀ ਹੋਈ ਖੇਸੀ ਦੀ ਬੁੱਕਲ ਮਾਰ ਕੇ ਚੱਪਲਾਂ ਪਾਈ ਪੈਰਾਂ ਭਾਰ ਬੈਠੇ ਨਾਜ਼ਰ ਅਮਲੀ ਨੇ ਅੱਧੀ ਕੁ ਸੁਲਗਦੀ ਬੀੜੀ ਗੁੱਸੇ ‘ਚ ਅਹੁ ਵਗਾਹ ਕੇ ਮਾਰੀ, ਤੇ ਪਰਨਾ ਲਾਹ ਕੇ ਮੁੜ ਸਿਰ ਦੁਆਲੇ ਲਪੇਟਦਿਆਂ ਮੂੰਹੋਂ ਅੱਗ ਦੀਆਂ ਲਾਟਾਂ ਕੱਢਣ ਲੱਗਾ, “ਓਏ ਸੁੱਚਿਆ ਸਾਲਿਆ ਕੰਜਰ ਦਿਆ, ਢਕਿਆ ਰਹਿ, ਢਕਿਆ ਰਹਿæææਬੇਲੱਜ ਕਿਸੇ ਥਾਂ ਦਾ। ਤੇਰਾ ਬੁੜ੍ਹਾ ਤੈਥੋਂ ਦੁਖੀ ਹੋ ਕੇ ਮਰ ਗਿਆ, ਐਲ਼ਐਮæਏæ ਨਾਲ ਗੰਢ-ਤੁੱਪ ਕਰ ਕੇ ਤੂੰ ਭਗਤੇ ਸ਼ਰੀਫ਼ ਨੂੰ ਨੰਬਰਦਾਰ ਨ੍ਹੀਂ ਬਣਨ ਦਿੱਤਾæææਅਖੇ, ਮੈਂ ਕਿਸੇ ਤੋਂ ਚਾਹ ਦਾ ਕੱਪ ਨ੍ਹੀਂ ਪੀਂਦਾæææਮੇਰੇ ਭਰਾ ਨੇ ਦੋ ਮਰਲੇ ਜ਼ਮੀਨ ਲਾਲ ਲਕੀਰ ਅੰਦਰ ਸਾਧਾਰਨ ਕਾਗਜ਼ ‘ਤੇ ਲਿਖਾਉਣੀ ਸੀ, ਤੈਂ ਲੁੱਚਿਆ ਸੌ ਰੁਪਿਆ ਲਿਐæææਇਕ ਖਾਧਾ ਮੁਰਗਾ, ਦੇਸੀ ਪੂਰੀ ਸ਼ੀਸ਼ੀ ਪੀਤੀ ਤਾਂ ਤੈਂ ਮਾਰੀ ਜਾ ਕੇ ਘੁੱਗੀ। ਤੀਵੀਂ ਤੈਨੂੰ ਡਰਾਇਵਰਾਂ ਦੇ ਦਿਆਲੀ ਨੇ ਮੁੱਲ ਲਿਆ ਕੇ ਦਿੱਤੀ ਸੀ ਪੰਜ ਹਜ਼ਾਰ ਨੂੰ, ਉਹ ਵਿਚਾਰਾ ਮਰਨੀ ਮਰ ਗਿਆ, ਤੈਂ ਉਹਨੂੰ ਦੁਆਨੀ ਨ੍ਹੀਂ ਦਿੱਤੀ। ਬੁੜ੍ਹੀ ਤੁਸੀਂ ਸਾਲਿਓ ਦਵਾਈ ਖੁਣੋਂ ਅੰਦਰ ਪਾ ਕੇ ਮਾਰ’ਤੀæææਤੇ ਤੀਵੀਂ ਤਾਂ ਕੁੱਟ ਕੇ ਢਾਈ ਸਾਲ ਹੋ ਗਏ ਨੇ ਘਰੋਂ ਕੱਢੀ ਨੂੰ, ਹਾਲੇ ਤੱਕ ਨ੍ਹੀਂ ਆਈ। ਲੁੱਚਾ ਪਿੰਡ ਨੂੰ ਇਤਫਾਕ ਤੇ ਏਕੇ ਦੀਆਂ ਗੱਲਾਂ ਪੜ੍ਹਾਉਂਦੈ! ਕੁੱਤਾ ਰਾਜ ‘ਤੇ ਕਿਤੇ ਬੈਠਣ ਦਿਨੇ ਆਂ ਅਸੀਂ?”
ਤੇ ਨਾਜ਼ਰ ਅਮਲੀ ਦੀਆਂ ਗੱਲਾਂ ਨੇ ਤਾਂ ਵੱਢ’ਤਾ ਸੁੱਚਾ ਸਿੰਹੁ ਦਾ ਨੱਕ, ਤੇ ਨਾਲ ਹੀ ਫੂਕ’ਤੀ ਲੰਬੜਦਾਰੀ, ਪਰ ਮੁੱਲ ਦੀ ਤੀਵੀਂ ਲਿਆ ਕੇ ਦੇਣ ਵਾਲੇ ਦਿਆਲੀ ਵਿਚੋਲੇ ਦੀ ਘਰਵਾਲੀ ਨੇ ਸੁੱਚੇ ਦੀ ਉਹ ਮਾਂ-ਭੈਣ ਇਕ ਕੀਤੀ ਕਿ ਸਾਰੀ ਉਮਰ ਸਰਪੰਚ ਤਾਂ ਕੀ, ਪੰਚ ਨਾ ਖੜ੍ਹਾ ਹੋਊ ਕਦੇ।
ਕਈ ਬੰਦੇ ਵੀ ਚੰਗੇ ਸੀ, ਕੰਮ ਵੀ ਚੰਗੇ ਕਰਦੇ ਰਹੇ ਪਰ ਵਿਚਾਰਿਆਂ ਨਾਲ ਕੁਪੱਤ ਫਿਰ ਵੀ ਬਹੁਤ ਹੁੰਦੀ ਰਹੀ। ਸਾਡੇ ਪਿੰਡ ਇਕ ਬੰਦਾ ਹੁੰਦਾ ਸੀ ਰੁਲਦੂ। ਆਪਣੇ ਵੇਲਿਆਂ ‘ਚ ਕਹਿੰਦਾ-ਕਹਾਉਂਦਾ ਭਲਵਾਨ ਸੀ। ਦਾਦੀ ਦੱਸਦੀ, ਪਈ ਰੁਲਦਾ ਸਵਾ ਕੁਆਂਟਲ ਦੀ ਮੂੰਗਲੀ ਦਾ ਬਾਲਾ ਕੱਢ ਦਿੰਦਾ ਸੀ। ਉਹਦਾ ਆਪਣਾ ਵਿਆਹ ਤਾਂ ਹੋ ਨ੍ਹੀਂ ਸਕਿਆ, ਪਰ ਉਹਨੇ ਵਿਆਹ ਬੜੇ ਲੋਕਾਂ ਦੇ ਕਰਵਾਏæææਸਿਰੇ ਇਕ ਨ੍ਹੀਂ ਲੱਗਾ। ਸਾਰੀ ਉਮਰ ਵਿਚਾਰੇ ਦੇ ਪੈਂਦੀਆਂ ਹੀ ਰਹੀਆਂ। ਫਿਰ ਜ਼ਿੰਦਗੀ ‘ਚ ਐਸਾ ਪੈਰ ਉਖੜਿਆ ਕਿ ਰੁਲਦੂ ਨਸ਼ਿਆਂ ਦੀ ਘਨੇੜੀ ਚੜ੍ਹ ਗਿਆ। ਦਗ ਦਗ ਕਰਦਾ ਲਾਲ ਸੂਹਾ ਰੰਗ, ਪੂਣੀ ਵਰਗਾ ਬੱਗਾ ਪੈ ਗਿਆ। ਭੁੱਕੀ ਤੇ ਅਫ਼ੀਮ ‘ਚ ਜ਼ਿੰਦਗੀ ਡੁੱਬ ਗਈ। ਲੋਕਾਂ ਲਈ ਕਿਸੇ ਵਕਤ ਵਿਚੋਲੇ ਦੇ ਨਾਂ ਨਾਲ ਮਸ਼ਹੂਰ ਫਿਰ ਸਿਰਫ਼ ਛੜਾ ਰੁਲਦੂ ਅਮਲੀ ਬਣ ਕੇ ਰਹਿ ਗਿਆ। ਮੂੰਗਲੀਆਂ ਦੇ ਬਾਲੇ ਕੱਢਣ ਵਾਲੇ ਰੁਲਦੂ ਦੇ ਬਾਲੇ ਫਿਰ ਨਸ਼ੇ ਕੱਢਣ ਲੱਗ ਪਏ। ਵੋਟਾਂ ਦੇ ਦਿਨਾਂ ‘ਚ ਉਹਨੂੰ ਵਿਆਹ ਜਿੰਨਾ ਚਾਅ ਹੁੰਦਾ। ਉਹ ਕਈ ਵਾਰ ਨੀਲੀਆਂ ਚਿੱਟੀਆਂ ਆਲਿਆਂ ਤੋਂ ਦੋ-ਦੋ, ਤਿੰਨ-ਤਿੰਨ ਮਹੀਨੇ ਦਾ ਰਾਸ਼ਨ ਬਣਾ ਲੈਂਦਾ। ਪਿੰਡ ਦੀ ਮੁੰਡ੍ਹੀਰ ਲਈ ਰੁਲਦੂ ਸਿਰਫ਼ ਹੁਣ ਮਖੌਲ ਤੇ ਹਾਸੇ ਦਾ ਪਾਤਰ ਬਣ ਕੇ ਰਹਿ ਗਿਆ ਸੀ।
ਇਕ ਦਿਨ ਪਿੰਡ ਵਿਚ ਮੁੱਖ ਮੰਤਰੀ ਦੇ ਆਉਣ ਦਾ ਪ੍ਰੋਗਰਾਮ ਸੀ। ਨਵੇਂ ਪੰਚਾਇਤ ਘਰ ਦਾ ਉਦਘਾਟਨ। ਇਕ ਦਿਨ ਪਹਿਲਾਂ ਉਹ ਜ਼ੈਲਦਾਰਾਂ ਦੇ ਘਰ ਸਾਰਾ ਦਿਨ ਦਾਲ-ਸਬਜ਼ੀਆਂ ਕੱਟਦਾ ਰਿਹਾ। ਮੁੱਖ ਮੰਤਰੀ ਨੇ ਉਨ੍ਹਾਂ ਦੇ ਘਰ ਚਾਹ ਪੀਣੀ ਸੀ। ਆਥਣੇ ਜ਼ੈਲਦਾਰਾਂ ਨੇ ਰੁਲਦੂ ਨੂੰ ਡੂਢ ਕੁ ਪਾਈਆ ਪਿਆ’ਤੀ, ਤੇ ਨਾਲ ਫੁੱਲਾਂ ਵਾਲਾ ਝੋਲਾ ਵੋਟਾਂ ‘ਚੋਂ ਬਚਦੇ ਡੋਡਿਆਂ ਦਾ ਚੁਕਾ’ਤਾ। ਰੁਲਦੂ ਨੂੰ ਤਾਂ ਮੁਕਲਾਵੇ ਤੋਂ ਵੀ ਵੱਧ ਚਾਅ ਚੜ੍ਹਿਆ ਫਿਰੇ। ਅੱਧੀ ਰਾਤ ਤੱਕ ਖਾਂਦਾ ਪੀਂਦਾ ਰਿਹਾ। ਅਗਲੇ ਦਿਨ ਦੁਪਹਿਰ ਤੱਕ ਪੀਨਕ ਲੱਗੀ ਰਹੀ। ਕਿਸੇ ਸ਼ਰਾਰਤੀ ਨੇ ਉਠਾ ਦਿੱਤਾ ਜਾ ਕੇ, ਪਈ ਰੁਲਦੂਆæææਮੁੱਖ ਮੰਤਰੀ ਵੋਟਾਂ ‘ਚੋਂ ਬਚਦੀ ਭੁੱਕੀ ਵੰਡ ਰਿਹੈ।
ਰੁਲਦੂ ਦੇ ਲੱਗ ਗਈ ਮਨ ਨੂੰ ਗੱਲ, ਪਈ ਰਾਤੀਂ ਉਸੇ ਸਟਾਕ ‘ਚੋਂ ਜ਼ੈਲਦਾਰ ਨੇ ਮੈਨੂੰ ਦਿੱਤਾ ਹੋਣਾ ਝੋਲਾ ਭਰ ਕੇ। ਭੱਜ ਪਿਆ ਉਧਰ ਨੂੰ ਵਾਹੋ-ਵਾਹੀ। ਉਧਰ ਕਾਮਰੇਡ ਲਾਲ ਝੰਡੇ ਲੈ ਕੇ ਮੁੱਖ ਮੰਤਰੀ ਵਿਰੁਧ ਨਾਅਰੇ ਲਗਾ ਰਹੇ ਸਨ ਮੁਰਦਾਬਾਦ ਦੇ। ਰੁਲਦੂ ਗੱਸੇ ‘ਚ ਆਫਰਿਆ ਫਿਰੇ, ਪਈ ਇਹ ਕਾਮਰੇਡ ਨ੍ਹੀਂ ਅਮਲੀਆਂ ਨੂੰ ਕੁਝ ਲੈਣ ਦਿੰਦੇ। ਚੁੱਕਤ ‘ਚ ਰੁਲਦੂ ਜਦੋਂ ਭੀੜ ਚੀਰ ਕੇ ਅਗਾਂਹ ਗਿਆ ਤਾਂ ਪੁਲਿਸ ਨੇ ਉਹ ਪਰੇਡ ਕੀਤੀ ਅਮਲੀ ਦੀ ਕਿ ਚੋਂਦਾ ਈ ਆਵੇ।
ਚੁੱਕਣ ਵਾਲੀ ਮੁੰਡ੍ਹੀਰ ਨੇ ਪੁੱਛਿਆ, “ਅਮਲੀਆ, ਬਣੀ ਨ੍ਹੀਂ ਗੱਲ?”
“ਲੈ ਭੁੱਕੀ ਨਾ ਵੰਡਦੈ ਮੁੱਖ ਮੰਤਰੀ, ਸੁਆਹ ਸੱਤਾਂ ਚੁੱਲ੍ਹਿਆਂ ਦੀ। ਇਧਰ ਤਾਂ ਪੈਂਦੀਆਂ ਨੇ!”
“ਤੂੰ ਸਾਹਮਣੇ ਦੀ ਕਾਹਨੂੰ ਗਿਆ ਸੀ। ਪਿੱਛਿਓਂ ਜਾਣਾ ਸੀ।”
“ਹਾਅ ਗੱਲ ਪਹਿਲਾਂ ਦੱਸ ਦਿੰਦੇ।” ਤੇ ਜਦੋਂ ਅਮਲੀ ਮੂੰਹ-ਮਾਂਹ ਧੋ ਕੇ ਪਿਛਲੇ ਪਾਸਿਓਂ ਗਿਆ ਤਾਂ ਢਾ ਲਿਆ ਫਿਰ ਪੁਲਿਸ ਵਾਲਿਆਂ ਨੇ, ਪਈ ਇਹ ਤਾਂ ਬੰਬ ਚਲਾ ਦਊ।
ਦੂਜੀ ਵਾਰ ਜਦੋਂ ਫਿਰ ਵੇਲਣੇ ‘ਚੋਂ ਨਿਕਲੇ ਗੰਨੇ ਵਾਂਗ ਝੰਬਿਆ ਅਮਲੀ ਮੁੜਿਆ ਤਾਂ ਬੋਹੜ ਥੱਲੇ ਬੈਠੀ ਮੁੰਡ੍ਹੀਰ ਫਿਰ ਪੁੱਛਣ ਲੱਗੀ, “ਬਣੀ ਨ੍ਹੀਂ ਗੱਲ ਇਧਰੋਂ ਵੀ?”
“ਸਹੁਰੀ ਦੇ ਕੁੱਤੇ! ਮੁਹਰਿਓਂ ਵੀ ਖਾ ਲਈਆਂ, ਪਿੱਛਿਓਂ ਵੀ ਖਾ ਲਈਆਂæææਸਾਰੀ ਉਮਰ ਸਾਲੀ ਵੱਜਦੀਆਂ ਦੀ ਲੰਘ ਗਈ। ਪਹਿਲਾਂ ਤੀਵੀਆਂ ਲੋਕਾਂ ਨੂੰ ਲਿਆ ਕੇ ਦਿੰਦਾ ਤਾਂ ਬੜੀ ਖਾਧੀ। ਠਹਿਰ ਜੋ ਹਰਾਮ ਦੀ ਔਲਾਦ।” ਤੇ ਰੁਲਦੂ ਨੇ ਟੁੱਟਿਆ ਛਿੱਤਰ ਪੈਰੋਂ ਲਾਹ ਕੇ ਹਿੜ-ਹਿੜ ਕਰਦੀ ਮੁੰਡ੍ਹੀਰ ਵੱਲ ਮਾਰਿਆ ਹੀ ਸੀ, ਉਦੋਂ ਹੀ ਫੜ ਲਿਆ ਥਾਣੇਦਾਰ ਨੇ ਪਿੱਛੋਂ ਆ ਕੇ, ਪਈ ‘ਅਮਲੀਆ ਤੇਰੇ ਘਰੋਂ ਫੁੱਲਾਂ ਵਾਲਾ ਝੋਲਾ ਨਿਕਲਿਆ ਡੋਡਿਆਂ ਦਾ।’
“ਅੱਛਾ! ਜ਼ੈਲਦਾਰੋ, ਨਾਲੇ ਜੁਆਈ ਨੂੰ ਦੇ ‘ਤਾ, ਨਾਲੇ ਫਸਾ ‘ਤਾ। ਕੋਈ ਨ੍ਹੀਂ ਚਿੱਟੀਆਂ ਆਲੇ ਚੰਗੇ ਹੋਣ ਤਾਂ ਸਾਨੂੰ ਆਹ ਦਿਨ ਕਾਹਨੂੰ ਦੇਖਣ ਨੂੰ ਮਿਲਣ!” ਤੇ ਤੀਜੀ ਵਾਰ ਛਿੱਲ ਲੁਹਾਉਣ ਲਈ ਅਮਲੀ ਫਿਰ ਪੁਲਿਸ ਦੀ ਜਿਪਸੀ ‘ਚ ਬੈਠ ਗਿਆ ਸੀ।
ਮੇਰਾ ਵੀ ਜ਼ਿੰਦਗੀ ‘ਚ ਇਕ ਮਾੜੇ ਵਿਚੋਲੇ ਨਾਲ ਵਾਹ ਪਿਆ ਸੀ ਜੋ ਕਦੇ ਭੁੱਲੇਗਾ ਵੀ ਨਹੀਂ। ਹੋਇਆ ਇੰਜ ਕਿ ਇਕ ਤਾਂ ਮੈਂ ਤਾਜ਼ਾ-ਤਾਜ਼ਾ ਚੰਗੀ ਸਰਕਾਰੀ ਨੌਕਰੀ ‘ਤੇ ਲੱਗ ਗਿਆ ਸਾਂ ਤੇ ਦੂਜਾ ਅਖ਼ਬਾਰਾਂ ਨਾਲ ਜੁੜਿਆ ਹੋਣ ਕਾਰਨ ਨਾਂ ਜਿਹਾ ਵੀ ਬਣ ਗਿਆ ਸੀ। ਮੇਰਾ ਰਿਸ਼ਤਾ ਕਰਨ ਦੀ ਵਿਉਂਤ ਬਣ ਗਈ। ਵੱਡੇ ਭਰਾ ਨੂੰ ਵਿਚ ਸ਼ਾਮਲ ਕਰ ਲਿਆ ਗਿਆ।
ਉਦੋਂ ਹਾਲੇ ਦੇਖਣ-ਦਿਖਾਉਣ ਦਾ ਰਿਵਾਜ਼ ਨਵਾਂ-ਨਵਾਂ ਪਿਆ ਸੀ। ਇਸ ਬੁੱਢ-ਬੁਲੇਢ ਵਿਚੋਲੇ ਨੇ ਗ੍ਰਹਿਸਥ ਦੀ ਸਰਕਸ ਦਾ ਸ਼ੋਅ ਸਾਡੇ ਇਕ ਰਿਸ਼ਤੇਦਾਰ ਦੇ ਘਰ ਰੱਖ ਲਿਆ। ਠੰਢ ‘ਚ ਸਵੇਰ ਤੋਂ ਸ਼ਾਮ ਤੱਕ ਬੈਠੇ ਰਹੇ। ਕੁੜੀ ਤਾਂ ਆਈ ਨ੍ਹੀਂ, ਆਥਣੇ ਹਨ੍ਹੇਰੇ ਹੋਏ ਕੁੜੀ ਦਾ ਪਿਓ ਆ ਗਿਆ। ਸੁਨੱਖਾ ਸੀ। ਆਖਣ ਲੱਗਾ, “ਰੰਗ ਰੂਪ ਮੇਰੇ ਵਰਗੈ, ਤੂੰ ਹਾਂ ਕਰ ਦੇæææਸ਼ਗਨ ਦੇ ਦਿੰਨੇ ਆਂ। ਕੁੜੀ ਭੂਆ ਦੇ ਗਈ ਹੋਈ ਆ, ਕੱਲ੍ਹ ਦਿਖਾ ਦਿਆਂਗੇ। ਜੇ ਤੂੰ ਨਾਂਹ ਕਰ’ਤੀ ਤਾਂ ਸਾਡਾ ਰਹਿਣਾ ਕੱਖ ਨ੍ਹੀਂ।” ਮਨ ‘ਚ ਸੋਚਿਆ, ਵਿਆਹ ਕੁੜੀ ਨਾਲ ਕਰਵਾਉਣਾ ਕਿ ਉਹਦੇ ਪਿਓ ਨਾਲ? ਖ਼ੈਰ! ਮੈਂ ਸ਼ਗਨ ਤਾਂ ਨਹੀਂ ਲਿਆ ਪਰ ਅਗਲੇ ਦਿਨ ਜਦੋਂ ਉਸ ਬੀਬੀ ਦੇ ਦਰਸ਼ਨ ਹੋਏ ਤਾਂ ਲੱਗਾ ਜਿਵੇਂ ਰੱਬ ਨੇ ਵਿਚਾਰੀ ਨੂੰ ਰੰਗ ਤਾਂ ਦੇ ਦਿੱਤਾ ਸੀ ਪਰ ਪੌਣੇ ਪੰਜ ਫੁੱਟ ਸਰੀਰ ‘ਤੇ ਨੱਕ ਲਾਉਣਾ ਭੁੱਲ ਗਿਆ।
ਮੈਂ ਕਿਹਾ, “ਜੀ ਤੁਸੀਂ ਬੀæਐਡæ ਕਦੋਂ ਕੀਤੀ ਆ?”
ਆਂਹਦੀ, ਉਨੀ ਸੌ ਅਠੱਤਰ ਵਿਚ। ਉਸ ਸਾਲ ਮੈਂ ਦਸਵੀਂ ‘ਚ ਪੜ੍ਹਦਾ ਸਾਂ। ਮੈਂ ਭਰਾ ਨੂੰ ਕਿਹਾ, “ਜਵਾਬ ਤੂੰ ਹੀ ਦੇ ਦਈਂ।” ਤੇ ਮੈਂ ਬੱਸ ਫੜ ਆਪਣੇ ਸਕੂਲ ਪੜ੍ਹਾਉਣ ਚਲੇ ਗਿਆ।
ਪਰ ਇਸ ਕਾਮਰੇਡ ਵਿਚੋਲੇ ਨੇ ਮੇਰਾ ਹੁਣ ਵਾਲਾ ਰਿਸ਼ਤਾ ਤੁੜਾਉਣ ‘ਚ ਕੋਈ ਕਸਰ ਨਹੀਂ ਛੱਡੀ। ਤੀਜੇ ਦਿਨ ਮੇਰੇ ਸਹੁਰੀਂ ਜਾ ਕੇ ਕਹਿ ਆਇਆ ਕਰੇ, “ਅਸੀਂ ਤੁਹਾਡੇ ਪਿੰਡ ‘ਜਾਗਦੇ ਰਹੋ’ ਡਰਾਮਾ ਖੇਡ ਕੇ ਗਏ ਸੀ ਪਰ ਤੁਸੀਂ ਤਾਂ ‘ਸੁੱਤੇ ਪਏ ਹੋ’æææਮੁੰਡਾ ਤਾਂ ਗਾਉਣ ਵਾਲੀਆਂ, ਨੱਚਣ ਵਾਲੀਆਂ ‘ਚ ਰਹਿੰਦੈ, ਤੁਹਾਡੀ ਕਿਥੇ ਵਸਾ ਲਊ।”
ਖ਼ੈਰ! ਭੁੱਟੋ-ਗਾਂਧੀ ਦਾ ਸ਼ਿਮਲਾ ਸਮਝੌਤਾ ਸਿਰੇ ਲੱਗਾ ਜਾਂ ਨਹੀਂ, ਪਰ ਮੇਰਾ ਹੁਣ ਆਲਾ ਰਿਸ਼ਤਾ ਉਹ ਬੜੇ ਯਤਨ ਕਰ ਕੇ ਵੀ ਤੋੜ ਨਹੀਂ ਸਕਿਆ।
ਦੋ ਕੁ ਸਾਲ ਪਹਿਲਾਂ ਹੀ ਮੈਂ ਉਸ ਕਾਮਰੇਡ ਵਿਚੋਲੇ ਨੂੰ ਸ਼ਰਧਾਂਜਲੀ ਭੇਟ ਕਰ ਕੇ ਹਟਿਆ ਹਾਂ।
ਅਸਲ ਵਿਚ ਬਾਦਸ਼ਾਹ ਇਸੇ ਗੱਲ ਤੋਂ ਡਰਦੇ ਰਹੇ ਹਨ ਕਿ ਕਿਤੇ ਮੰਗਤੇ ਬਣ ਕੇ ਕਾਸਾ ਨਾ ਹੱਥ ਫੜਨਾ ਪੈ ਜਾਵੇ ਤੇ ਮੰਗਤੇ ਬਾਦਸ਼ਾਹ ਬਣਨ ਦੀ ਉਡੀਕ ‘ਚ ਬੁੱਢੇ ਹੋ ਰਹੇ ਹਨ।
Leave a Reply