ਰੌਸ਼ਨੀ ਖੇਤਲ
ਗਾਇਕ ਅਮਰਿੰਦਰ ਗਿੱਲ ਦੀ ਪੰਜਾਬੀ ਫਿਲਮ ‘ਅੰਗਰੇਜ਼’ ਦੀ ਅੱਜ ਕੱਲ੍ਹ ਚਰਚਾ ਹੈ ਅਤੇ ਲੋਕਾਂ ਨੇ ਫਿਲਮ ਪਸੰਦ ਵੀ ਖੂਬ ਕੀਤੀ ਹੈ। ਫਿਲਮ ਦੀ ਤਰੀਫ਼ ਵਿਚ ਹਰ ਪਾਸਿਉਂ ਸਿਰਫ਼ ਇਕ ਹੀ ਫਿਕਰਾ ਦੁਹਰਾਇਆ ਜਾ ਰਿਹਾ ਹੈ ਕਿ ਇਸ ਵਿਚ ਪੁਰਾਣੇ ਪੰਜਾਬ ਦੇ ਸਭਿਆਚਾਰ ਦਾ ਪੂਰਾ ਠੁੱਕ ਬੰਨ੍ਹਿਆ ਗਿਆ ਹੈ।
ਫਿਲਮ ਦੇ ਲੇਖਕ ਅੰਬਰਦੀਪ ਸਿੰਘ ਅਤੇ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਫਿਲਮ ਵਿਚ ਸਭਿਆਚਾਰ ਨੂੰ ਠੀਕ ਹੀ ਠੁੱਕ ਵਿਚ ਬੰਨ੍ਹ ਕੇ ਪੇਸ਼ ਕੀਤਾ ਹੈ, ਪਰ ਸਭਿਆਚਾਰ ਦਾ ਇਹ ਰੰਗ ਪੇਸ਼ ਕਰਦਿਆਂ ਅਤੇ ਫਿਲਮ ਦੀ ਕਹਾਣੀ ਨੂੰ ਨਵਾਂ ਰੂਪ ਦਿੰਦਿਆਂ ਉਨ੍ਹਾਂ ਕਹਾਣੀ ਹੋਰ ਦੀ ਹੋਰ ਬਣਾ ਦਿੱਤੀ। ਇਹ ਵੱਖਰੀ ਗੱਲ ਹੈ ਕਿ ਆਮ ਦਰਸ਼ਕ ਦਾ ਧਿਆਨ ਕਹਾਣੀ ਦੀ ਇਸ ਭੰਨ-ਤੋੜ ਅਤੇ ਖਾਮੀਆਂ ਵੱਲ ਘੱਟ ਜਾਂਦਾ ਹੈ ਅਤੇ ਸਾਰਾ ਧਿਆਨ ਸਭਿਆਚਾਰ ਦੀ ਲਗਾਤਾਰ ਵੱਜ ਰਹੀ ਡੁਗ-ਡੁਗੀ ਉਤੇ ਲੱਗਾ ਰਹਿੰਦਾ ਹੈ। ਇਹ ਡੁਗ-ਡੁਗੀ ਵਜਾਉਂਦਿਆਂ ਫਿਲਮ ਦੇ ਵਧੀਆ ਕਲਾਈਮੈਕਸ ਦਾ ਵੀ ਸੱਤਿਆਨਾਸ ਕਰ ਦਿੱਤਾ ਗਿਆ। ਕਲਾਈਮੈਕਸ ਦਾ ਭੇਤ ਖੁੱਲ੍ਹਣ ਤੋਂ ਬਾਅਦ ਫਿਲਮ ਨੂੰ ਇੰਨਾ ਜ਼ਿਆਦਾ ਲਮਕਾ ਦਿੱਤਾ ਹੈ ਕਿ ਅਕੇਵਾਂ ਹੋਣ ਲਗਦਾ ਹੈ।
ਦੂਜੇ ਪਾਸੇ ਸਟਾਰ ਗਾਇਕ ਅਮਰਿੰਦਰ ਗਿੱਲ ਦੀ ਅਦਾਕਾਰੀ ਵੀ ਫਿਲਮ ਵਿਚ ਖਾਸ ਉਡਾਣ ਭਰਨ ਵਿਚ ਨਾਕਾਮ ਰਹਿ ਜਾਂਦੀ ਹੈ। ਉਸ ਨਾਲੋਂ ਤਾਂ ਉਸ ਦਾ ਸ਼ਰੀਕ, ਗਾਇਕ ਐਮੀ ਵਿਰਕ ਹੀ ਛਾਇਆ ਰਹਿੰਦਾ ਹੈ। ਅਸਲ ਵਿਚ ਅਮਰਿੰਦਰ ਗਿੱਲ ਚੰਗਾ ਗਾਇਕ ਜ਼ਰੂਰ ਹੈ, ਪਰ ਅਦਾਕਾਰੀ ਉਸ ਦੇ ਵੱਸ ਦਾ ਰੋਗ ਨਹੀਂ ਜਾਪਦੀ। ਇਸੇ ਕਰ ਕੇ ਉਹ ਮਾਹੌਲ ਮੁਤਾਬਕ ਚਿਹਰੇ ਦਾ ਹਾਵ-ਭਾਵ ਬਦਲਣ ਵਿਚ ਬਹੁਤ ਪਿਛਾਂਹ ਰਹਿ ਜਾਂਦਾ ਹੈ। ਨਾਇਕਾਵਾਂ ਵਿਚੋਂ ਸਰਗੁਣ ਮਹਿਤਾ, ਅਦਿਤੀ ਸ਼ਰਮਾ ਨਾਲੋਂ ਵਧੇਰੇ ਨੰਬਰ ਲੈ ਗਈ ਹੈ। ਉਸ ਨੇ ਧਨ ਕੌਰ ਦਾ ਕਿਰਦਾਰ ਬੜੀ ਜਾਨ ਨਾਲ ਨਿਭਾਇਆ ਹੈ। ਆਪਣੇ ਹਰ ਸੀਨ ਵਿਚ ਉਹ ਦਰਸ਼ਕਾਂ ਨੂੰ ਕਾਇਲ ਕਰਦੀ ਹੈ। ਬੀਨੂ ਢਿੱਲੋਂ ਨੂੰ ਹੋਰ ਫਿਲਮਾਂ ਵਾਂਗ ਇਸ ਫਿਲਮ ਵਿਚ ਹੀ ਮਸਖਰਿਆਂ ਵਾਲਾ ਕਿਰਦਾਰ ਮਿਲਿਆ ਹੈ। ਉਸ ਦੀ ਅਦਾਕਾਰੀ ਦੀ ਥਹੁ ਪੈਣੀ ਅਜੇ ਬਾਕੀ ਹੈ। ਕਿਸੇ ਨਿਰਦੇਸ਼ਕ ਨੇ ਅਜੇ ਉਸ ਦੀ ਉਮਦਾ ਕਲਾਕਾਰੀ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਹੈ। ਪੰਜਾਬੀ ਫਿਲਮਾਂ ਵਿਚ ਸਾਰਾ ਜ਼ੋਰ ਫਿਲਮ ਦੇ ਗਾਇਕ ਮਾਰਕਾ ਨਾਇਕ ਉਤੇ ਹੀ ਲੱਗ ਜਾਂਦਾ ਹੈ। ਸਰਦਾਰ ਸੋਹੀ ਅਜਿਹਾ ਅਦਾਕਾਰ ਹੈ ਜਿਹੜਾ ਹਰ ਕਿਰਦਾਰ ਵਿਚ ਜਾਨ ਪਾ ਦਿੰਦਾ ਹੈ। ਫਿਲਮ ਦਾ ਸੰਗੀਤ ਧਿਆਨ ਖਿੱਚਦਾ ਹੈ। ਜਤਿੰਦਰ ਸ਼ਾਹ ਨੇ ਮਾਹੌਲ ਮੁਤਾਬਕ ਖੂਬ ਸੁਰਾਂ ਛੇੜੀਆਂ ਹਨ।