ਆਜ਼ਾਦੀ ਤੋਂ ਮੋਹ-ਭੰਗ ਹੋਣ ਦੇ ਦੌਰ ਵਿਚ ‘ਕਾਬੁਲੀਬਾਲਾ’

ਕੁਲਦੀਪ ਕੌਰ
1961 ਵਿਚ ਹੀ ਬਿਮਲ ਰਾਏ ਪ੍ਰੋਡਕਸ਼ਨ ਦੇ ਬੈਨਰ ਹੇਠ ਹੇਮੇਨ ਗੁਪਤਾ ਨੇ ਫਿਲਮ ਬਣਾਈ ਸੀ ‘ਕਾਬਲੀਬਾਲਾ’। ਰਾਬਿੰਦਰ ਨਾਥ ਟੈਗੋਰ ਦੁਆਰਾ ਇਸੇ ਸਿਰਲੇਖ ਹੇਠ ਲਿਖੀ ਕਹਾਣੀ ‘ਤੇ ਇਸ ਤੋਂ ਪਹਿਲਾ ਬੰਗਲਾ ਵਿਚ ਫਿਲਮਸਾਜ਼ ਤਪਨ ਸਿਨਹਾ ਫਿਲਮ ਬਣਾ ਚੁੱਕੇ ਸਨ।

ਇਹ ਫਿਲਮ ਅਦਾਕਾਰ ਬਲਰਾਜ ਸਾਹਨੀ ਦੇ ਕਰੀਅਰ ਦੀਆਂ ਬਿਹਤਰੀਨ ਫਿਲਮਾਂ ਵਿਚੋਂ ਮੰਨੀ ਜਾਂਦੀ ਹੈ। ਫਿਲਮ ਦੀ ਪਟਕਥਾ ਕਾਬਲ ਤੋਂ ਸੁੱਕੇ ਮੇਵੇ ਵੇਚਣ ਆਏ ਅਜਿਹੇ ਪਠਾਣ ਦੇ ਜੀਵਨ ‘ਤੇ ਆਧਾਰਿਤ ਹੈ ਜਿਸ ਦੀ ਪਿੱਛੇ ਅਫਿਗਾਨਸਤਾਨ ਵਿਚ ਛੁੱਟ ਗਈ 5-6 ਸਾਲ ਦੀ ਬੇਟੀ ਦੀਆਂ ਯਾਦਾਂ ਉਹਦੇ ਜਿਉਣ ਦੀ ਇਕਲੌਤੀ ਉਮੀਦ ਹਨ। ਮੇਵੇ ਵੇਚਦਿਆਂ ਵੇਚਦਿਆਂ ਹੀ ਉਸ ਦੀ ਦੋਸਤੀ ਉਸ ਦੀ ਬੇਟੀ ਦੀ ਹਮਉਮਰ ਬੱਚੀ ਨਾਲ ਹੋ ਜਾਂਦੀ ਹੈ। ਬੇਟੀ ਅਤੇ ਵਤਨ ਦੀ ਯਾਦ ਦਾ ਖੱਪਾ ਉਹ ਬੱਚੀ ਆਪਣੇ ਮੋਹ ਅਤੇ ਮਾਸੂਮੀਅਤ ਨਾਲ ਭਰ ਦਿੰਦੀ ਹੈ। ਅਸਫਲ ਹੋਣ ਦੇ ਬਾਵਜੂਦ ਇਸ ਫਿਲਮ ਵਿਚ ਮੌਜੂਦ ਕਰੁਣਾ, ਮਮਤਾ, ਸਾਦਗੀ ਅਤੇ ਹੱਦਾਂ-ਸਰਹੱਦਾਂ ਦੀ ਸਿਆਸਤ ਨੂੰ ਰੱਦ ਕਰਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਫਿਲਮ ਨੂੰ ਉਸ ਦੌਰ ਦੀ ਲੀਕ ਤੋਂ ਹਟਵੀ ਫਿਲਮ ਗਿਣਿਆ ਜਾਂਦਾ ਹੈ, ਕਿਉਂਕਿ ਉਹ ਦੌਰ ਸ਼ੰਮੀ ਕਪੂਰ ਦੀ ‘ਜੰਗਲੀ’ ਵਰਗੀਆਂ ਫਿਲਮਾਂ ਦੇ ਸਫਲ ਹੋਣ ਦਾ ਸਮਾਂ ਸੀ। ਆਪਣੀ ਇੱਕ ਇੰਟਰਵਿਊ ਵਿਚ ਉਸ ਦੌਰ ਦਾ ਪ੍ਰਸਿੱਧ ਅਦਾਕਾਰ ਕਿਸ਼ੋਰ ਕੁਮਾਰ ਆਪਣੇ ਤਤਕਾਲੀ ਸਮੇਂ ‘ਤੇ ਟਿੱਪਣੀ ਕਰਦਿਆਂ ਆਖਦਾ ਹੈ- “ਹੁਣ ਇਹ ਸ਼ਹਿਰ ਅਜਿਹੇ ਲੋਕਾਂ ਦੀ ਮੂਰਖ ਬਸਤੀ ਬਣਦਾ ਜਾ ਰਿਹਾ ਹੈ ਜਿੱਥੇ ਹਰ ਬੰਦਾ ਦੂਜੇ ਬੰਦੇ ਨੂੰ ਵਰਤਣ ਅਤੇ ਸੁੱਟਣ ਲਈ ਤਿਆਰ ਬੈਠਾ ਹੈ। ਕੀ ਤੁਸੀਂ ਇੱਥੇ ਕਿਸੇ ‘ਤੇ ਯਕੀਨ ਕਰ ਸਕਦੇ ਹੋ? ਕਿਹੜਾ ਦੋਸਤ ਹੈ? ਕੌਣ ਹਮਦਰਦ ਹੈ? ਮੈਂ ਇਸ ਚੂਹਾ ਦੌੜ ਤੋਂ ਕਿਤੇ ਦੂਰ ਭੱਜਣਾ ਚਾਹੁੰਦਾ ਹਾਂæææ ਜਿਉਣਾ ਚਾਹੁੰਦਾ ਹਾਂ।” ਇਸ ਟਿੱਪਣੀ ਨੂੰ ਇਹ ਕਹਿ ਕੇ ਰੱਦ ਵੀ ਕੀਤਾ ਜਾ ਸਕਦਾ ਹੈ ਕਿ ਇਹ ਕਿਸ਼ੋਰ ਕੁਮਾਰ ਨਾਂ ਦੇ ਬੰਦੇ ਦਾ ਨਿੱਜੀ ਤਜਰਬਾ ਹੈ, ਪਰ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਦੌਰ ਸਿਆਸੀ ਉਥਲ-ਪੁਥਲ ਦਾ ਦੌਰ ਹੋਣ ਦੇ ਨਾਲ ਭਾਰਤੀ ਸਿਨੇਮਾ ਵਿਚ ਵਪਾਰਕ ਹਿੱਤਾਂ ਦੇ ਹਾਵੀ ਹੋਣ ਦਾ ਦੌਰ ਵੀ ਸੀ, ਆਜ਼ਾਦੀ ਤੋਂ ਮੋਹ-ਭੰਗ ਹੋਣ ਦਾ ਦੌਰ ਵੀ ਸੀ ਅਤੇ ਸਥਾਨਕ ਭਾਸ਼ਾਵਾਂ ਦੇ ਉਭਰਨ ਦਾ ਦੌਰ ਵੀ ਸੀ।
(ਚਲਦਾ)