ਰੂਸ ਤੇ ਅਮਰੀਕਾ ਦੀ ਜੰਗ ਦਾ ਮੈਦਾਨ

ਅਫ਼ਸਾਨਾ-ਏ-ਅਫ਼ਗ਼ਾਨਿਸਤਾਨ-
ਅਫ਼ਗ਼ਾਨਿਸਤਾਨ ਚਿਰਾਂ ਤੋਂ ਅਸਥਿਰਤਾ ਦੀ ਮਾਰ ਹੇਠ ਹੈ। ਸਿਆਸੀ ਅਤੇ ਸਮਾਜਕ ਉਥਲ-ਪੁਥਲ ਨੇ ਇਸ ਮੁਲਕ ਦਾ ਬੜਾ ਕੁਝ ਲੀਹੋਂ ਲਾਹ ਦਿੱਤਾ ਹੋਇਆ ਹੈ। ਅਫ਼ਗ਼ਾਨਿਸਤਾਨ ਦੇ ਇਸ ਪਿਛੋਕੜ ਅਤੇ ਅੱਜ ਦੇ ਹਾਲਾਤ ਦਾ ਲੇਖਾ-ਜੋਖਾ ਪੰਜਾਬੀ ਦੇ ਨਿਰਾਲੇ ਬਿਰਤਾਂਤਕਾਰ ਹਰਮਹਿੰਦਰ ਚਹਿਲ ਨੇ ਆਪਣੀ ਇਸ ਲੰਬੀ ਰਚਨਾ ਵਿਚ ਕੀਤਾ ਹੈ ਜੋ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

Ḕਪੰਜਾਬ ਟਾਈਮਜ਼Ḕ ਦੇ ਪਾਠਕ 2013 ਵਿਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਹਾਲਾਤ ਬਾਰੇ ਲਿਖਿਆ ਲੇਖਕ ਦਾ ਨਾਵਲ Ḕਆਫੀਆ ਸਿੱਦੀਕੀ ਦਾ ਜਹਾਦḔ ਪੜ੍ਹ ਚੁੱਕੇ ਹਨ, ਜੋ ਬੇਹਦ ਪਸੰਦ ਕੀਤਾ ਗਿਆ ਸੀ। ਉਮੀਦ ਹੈ ਪਾਠਕ ਇਹ ਲਿਖਤ ਵੀ ਪਸੰਦ ਕਰਨਗੇ। ਚਹਿਲ ਨੇ ਪੰਜ ਕਹਾਣੀ ਸੰਗ੍ਰਿਹਾਂ ਤੋਂ ਇਲਾਵਾ ḔਹੋਣੀḔ ਅਤੇ ḔਬਲੀḔ ਨਾਵਲ ਲਿਖ ਕੇ ਪੰਜਾਬੀ ਸਾਹਿਤ ਜਗਤ ਵਿਚ ਪੈਂਠ ਬਣਾਈ ਹੈ। ḔਬਲੀḔ ਵਿਚ ਪੰਜਾਬ ਸੰਕਟ ਦੀਆਂ ਪਰਤਾਂ ਫਰੋਲੀਆਂ ਗਈਆਂ ਹਨ ਅਤੇ ḔਹੋਣੀḔ ਪਰਵਾਸ ਨਾਲ ਜੁੜੇ ਮਸਲਿਆਂ ਨਾਲ ਜੁੜੀ ਤੰਦ-ਤਾਣੀ ਦਾ ਖੁਲਾਸਾ ਕਰਦਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਤੋਂ ਅਮਰੀਕਾ ਆ ਵੱਸੇ ਹਰਮਹਿੰਦਰ ਚਹਿਲ ਦੀਆਂ ਰਚਨਾਵਾਂ ਵਿਚ ਪੇਸ਼ ਆਲੇ-ਦੁਆਲੇ ਦਾ ਬਾਰੀਕ ਬਿਰਤਾਂਤ ਉਸ ਦੀਆਂ ਰਚਨਾਵਾਂ ਦੀ ਖਾਸੀਅਤ ਬਣਦਾ ਹੈ। ਇਨ੍ਹਾਂ ਰਚਨਾਵਾਂ ਵਿਚ ਹਕੀਕਤ ਝਾਤੀਆਂ ਮਾਰਦੀ ਦਿਸਦੀ ਹੈ ਅਤੇ ਪਾਠਕਾਂ ਨੂੰ ਆਪਣੇ ਨਾਲ ਤੁਰਨ ਲਈ ਸੈਨਤਾਂ ਮਾਰਦੀ ਹੈ। -ਸੰਪਾਦਕ

ਹਰਮਹਿੰਦਰ ਚਹਿਲ
ਫੋਨ: 703-362-3239

ਅਫਗਾਨਿਸਤਾਨ ਵਿਚ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ। ਜਿਉਂ ਜਿਉਂ ਸਰਕਾਰ ਦਮਨ ਵਧਾ ਰਹੀ ਸੀ, ਲੋਕਾਂ ‘ਚ ਵਿਰੋਧ ਵਧ ਰਿਹਾ ਸੀ। ਧਾਰਮਿਕ ਲੀਡਰਾਂ ਨੇ ਅਫਗਾਨਿਸਤਾਨ ਦੀ ਕਮਿਊਨਿਸਟ ਸਰਕਾਰ ਖਿਲਾਫ ਜਹਾਦ ਲੜਨ ਦਾ ਫਤਵਾ ਜਾਰੀ ਕਰ ਦਿੱਤਾ। ਪਹਿਲਾਂ ਜਿਵੇਂ ਹੈਰਾਤ ਵਿਚ ਹੋ ਚੁੱਕਾ ਸੀ, ਉਵੇਂ ਹੀ ਜਲਾਲਬਾਦ ਵਿਚ ਸ਼ੁਰੂ ਹੋ ਗਿਆ। ਫੌਜ ਬੈਰਕਾਂ ਛੱਡ ਕੇ ਮੁਜਾਹਿਦੀਨ ਦੇ ਹੱਕ ਵਿਚ ਹੋ ਗਈ। ਥਾਂ ਥਾਂ ਸਰਕਾਰ ਪੱਖੀਆਂ ਨੂੰ ਮਾਰਿਆ ਜਾਣ ਲੱਗਾ। ਰੂਸੀ ਅਫਸਰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੈਰਾਤ ਵਾਂਗ ਮਾਰ ਦਿੱਤਾ ਗਿਆ। ਇਸ ਵਿਦਰੋਹ ਦੀ ਖ਼ਬਰ ਪਿੰਡਾਂ ਤੱਕ ਪਹੁੰਚੀ ਤਾਂ ਪੇਂਡੂ ਲੋਕ ਵੀ ਸਰਕਾਰ ਦੇ ਖਿਲਾਫ ਹੋ ਗਏ। ਹੈਰਾਤ ਵੱਲੋਂ ਚੱਲੀ ਵਿਦਰੋਹ ਦੀ ਹਨ੍ਹੇਰੀ ਜਲਾਲਬਾਦ ਹੁੰਦੀ ਹੋਈ ਸਾਰੇ ਮੁਲਕ ਵਿਚ ਫੈਲਣ ਲੱਗੀ। ਇਸ ਵੇਲੇ ਰੂਸ ਸਰਕਾਰ ਨੇ ਗੁਪਤ ਸਰਵੇਖਣ ਕਰਵਾਇਆ ਤਾਂ ਪਤਾ ਲੱਗਾ ਕਿ ਤਰਾਕੀ ਹੱਦੋਂ ਵੱਧ ਸਖਤੀ ਕਰ ਰਿਹਾ ਹੈ। ਉਹ ਅਫਗਾਨ ਕਮਿਊਨਿਸਟ ਪਾਰਟੀ ਨਾਲੋਂ ਆਪਣੇ ਆਪ ਨੂੰ ਪਹਿਲ ਦੇ ਰਿਹਾ ਹੈ। ਉਸ ਦਾ ਇੱਕੋ-ਇਕ ਏਜੰਡਾ ਆਪਣੇ ਆਪ ਨੂੰ ਲੈਨਿਨ ਵਰਗਾ ਸੁਪਰੀਮ ਲੀਡਰ ਸਥਾਪਤ ਕਰਨ ਦਾ ਹੈ। ਇਹ ਵੇਖਿਦਿਆਂ ਰੂਸ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੇ। ਧਾਰਮਿਕ ਮੁੱਲ੍ਹਾਂ ਮੁਲਾਣਿਆਂ ਨੂੰ ਆਪਣੇ ਨਾਲ ਰਲਾਵੇ ਅਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਨਾਲ ਲੈ ਕੇ ਸਰਕਾਰ ਨੂੰ ਸਥਿਰ ਬਣਾਉਣ ਦੀ ਕੋਸ਼ਿਸ਼ ਕਰੇ, ਪਰ ਨੂਰ ਮੁਹੰਮਦ ਤਰਾਕੀ ਉਸੇ ਪੁਰਾਣੀ ਗੱਲ ‘ਤੇ ਅੜਿਆ ਰਿਹਾ ਕਿ ਰੂਸ ਸਿੱਧਾ ਫੌਜੀ ਦਖਲ ਦੇ ਕੇ ਉਸ ਦੀ ਮੱਦਦ ਕਰੇ। ਰੂਸ ਨੂੰ ਲੱਗਿਆ ਕਿ ਤਰਾਕੀ ਆਪ ਕੁਝ ਨਹੀਂ ਕਰਨਾ ਚਾਹੁੰਦਾ। ਉਹ ਸਾਰਾ ਕੁਝ ਬਣਿਆ ਬਣਾਇਆ ਭਾਲਦਾ ਹੈ। ਅਮਰੀਕਾ ਨੇ ਥੋੜ੍ਹਾ ਅਗਾਂਹ ਵਧਦਿਆਂ ਅਫਗਾਨ ਗੁਰੀਲਿਆਂ ਦੇ ਇਲਾਜ ਅਤੇ ਦਵਾਈਆਂ ਵਗੈਰਾ ਲਈ ਪੈਸਾ ਜ਼ਿਆ-ਉਲ ਹੱਕ ਤੱਕ ਭੇਜਣਾ ਸ਼ੁਰੂ ਕਰ ਦਿਤਾ।
ਰੂਸ ਦੀਆਂ ਸਮਝੌਤੀਆਂ ਦੇ ਬਾਵਜੂਦ ਤਰਾਕੀ ਨੇ ਆਪਣਾ ਰਸਤਾ ਨਾ ਬਦਲਿਆ। ਇੱਥੋਂ ਤੱਕ ਕਿ ਉਸ ਦੀ ਆਪਣੀ ਹੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਅਣਬਣ ਹੋਣ ਲੱਗੀ। ਉਸ ਨੇ ਪਾਰਟੀ ਦੇ ਵੱਡੇ ਲੀਡਰ ਹਾਫਿਜ਼ਉਲਾ ਅਮੀਨ ਨਾਲ ਆਢਾ ਲਾ ਲਿਆ। ਅਮੀਨ ਅਮਰੀਕਾ ਦਾ ਪੜ੍ਹਿਆ ਲਿਖਿਆ ਸੀ ਤੇ ਉਸ ਦਾ ਅਫਗਾਨਿਸਤਾਨ ਵਿਚ ਕਮਿਊਨਿਸਟ ਸਰਕਾਰ ਸਥਾਪਤ ਕਰਨ ਵਿਚ ਵੱਡਾ ਹੱਥ ਸੀ। ਦੋਨਾਂ ਵਿਚ ਝਗੜਾ ਇੰਨਾ ਵਧ ਗਿਆ ਕਿ ਦੋਨੋਂ ਸੋਚਣ ਲੱਗੇ ਕਿ ਉਨ੍ਹਾਂ ਵਿਚੋਂ ਇਕ ਨੂੰ ਪਾਸੇ ਹਟਣਾ ਪਵੇਗਾ। ਹਾਫਿਜ਼ਉਲਾ ਪਹਿਲ ਕਰ ਗਿਆ ਤੇ ਉਸ ਨੇ 1979 ਵਿਚ ਆਪਣੇ ਆਪ ਨੂੰ ਮਹਾਨ ਟੀਚਰ ਕਹਾਉਣ ਵਾਲੇ ਨੂਰ ਮੁਹੰਮਦ ਦਾ ਕਤਲ ਕਰਵਾ ਕੇ ਸੱਤਾ ਹਥਿਆ ਲਈ। ਹਾਫਿਜ਼ਉਲਾ ਨੇ ਪੂਰੀ ਤਰ੍ਹਾਂ ਤਾਕਤ ਆਪਣੇ ਹੱਥ ਕੀਤੀ ਤਾਂ ਉਸ ਦਾ ਵਿਹਾਰ ਵੀ ਬਦਲਣ ਲੱਗਾ। ਉਸ ਨੂੰ ਰੂਸ ਦਾ ਪਿੱਠੂ ਬਣ ਕੇ ਚੱਲਣਾ ਮਨਜ਼ੂਰ ਨਹੀਂ ਸੀ। ਉਹ ਕੇæਜੀæਬੀæ ਨੂੰ ਅੱਖਾਂ ਵਿਖਾਉਣ ਲੱਗਾ। ਨਾਲ ਹੀ ਅਮਰੀਕੀ ਸਫਾਰਤੀ ਅਮਲੇ ਨਾਲ ਮੇਲ-ਜੋਲ ਵਧਾਉਣ ਲੱਗਾ। ਉਸ ਦੇ ਪੜ੍ਹਾਈ ਦੌਰਾਨ ਅਮਰੀਕਾ ਰਿਹਾ ਹੋਣ ਕਰ ਕੇ ਰੂਸ ਨੂੰ ਸ਼ੱਕ ਹੋਇਆ ਕਿ ਉਹ ਸੀæਆਈæਏæ ਨਾਲ ਮਿਲਿਆ ਹੋਇਆ ਹੈ। ਹਾਫਿਜ਼ਉਲਾ ਦਾ ਅਮਰੀਕੀਆਂ ਨਾਲ ਮੇਲ-ਜੋਲ ਰੂਸ ਦੀਆਂ ਅੱਖਾਂ ਵਿਚ ਰੜਕਣ ਲੱਗਾ। ਇਕ ਮੌਕੇ ‘ਤੇ ਰੂਸ ਨੂੰ ਜਾਪਿਆ ਕਿ ਹਾਫਿਜ਼ਉਲਾ ਵਾਕਿਆ ਹੀ ਅਮਰੀਕਾ ਅਤੇ ਪਾਕਸਿਤਾਨ ਨਾਲ ਮਿਲ ਕੇ ਆਪਣੀ ਸਰਕਾਰ ਪੱਕੀ ਕਰਨ ਦੇ ਚੱਕਰ ਵਿਚ ਹੈ। ਅਸਲ ਵਿਚ ਹਾਲਾਤ ਹੋਰ ਸਨ। ਜੋ ਉਸ ਬਾਰੇ ਰੂਸ ਸੋਚਦਾ ਸੀ, ਅਜਿਹਾ ਕੁਝ ਵੀ ਨਹੀਂ ਸੀ। ਅਮਰੀਕਾ ਨੂੰ ਵੀ ਹਾਫਿਜ਼ਉਲਾ ‘ਤੇ ਇਤਬਾਰ ਨਹੀਂ ਸੀ, ਪਰ ਰੂਸ ਨੂੰ ਜਾਪਣ ਲੱਗਾ ਸੀ ਕਿ ਉਸ ਦੀ ਦਹਾਕਿਆਂ ਦੀ ਕੀਤੀ ਕਰਾਈ ਖੂਹ ਵਿਚ ਪੈਣ ਲੱਗੀ ਹੈ। ਕੇæਜੀæਬੀæ ਨੇ ਹਾਫਿਜ਼ਉਲਾ ਬਾਰੇ ਪੂਰੀ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜਦਿਆਂ ਸਲਾਹ ਦਿੱਤੀ ਕਿ ਜੇ ਹਾਫਿਜ਼ਉਲਾ ਨੂੰ ਛੇਤੀ ਪਾਸੇ ਨਾ ਕੀਤਾ ਗਿਆ ਤਾਂ ਉਹ ਅਮਰੀਕਾ ਨਾਲ ਮਿਲ ਕੇ ਰੂਸ ਦਾ ਪਾਸਾ ਪਲਟ ਦੇਵੇਗਾ। ਰੂਸ ਸਰਕਾਰ ਨੇ ਇਸ ਰਿਪੋਰਟ ਨੂੰ ਬੜੀ ਸੰਜੀਦਗੀ ਨਾਲ ਲਿਆ। ਨਾਲ ਹੀ ਹਾਫਿਜ਼ਉਲਾ ਨੂੰ ਰਸਤੇ ‘ਚੋਂ ਪਾਸੇ ਕਰ ਕੇ ਅਫਗਾਨ ਕਮਿਊਨਿਸਟ ਸਰਕਾਰ ਬਚਾਉਣ ਦੇ ਆਦੇਸ਼ ਦੇ ਦਿੱਤੇ। ਰੂਸ ਨੇ ਸਿੱਧੀ ਫੌਜ ਭੇਜਣ ਦਾ ਫੈਸਲਾ ਕਰ ਲਿਆ, ਇਸ ਨੂੰ ਭਾਵੇਂ ਡਰ ਸੀ ਕਿ ਕਿਤੇ ਇਸ ਨਾਲ ਵੱਡੀ ਲੜਾਈ ਨਾ ਭੜਕ ਪਵੇ ਤੇ ਸਾਰਾ ਸੰਸਾਰ ਇਸ ਵਿਚ ਉਲਝ ਜਾਵੇ। ਨਾਲ ਹੀ ਇਹ ਵੀ ਖਤਰਾ ਸੀ ਕਿ ਕਿਤੇ ਅਮਰੀਕਾ ਪਹਿਲ ਨਾ ਕਰ ਜਾਵੇ। ਇਸ ਫੈਸਲੇ ਪਿੱਛੋਂ ਰੂਸੀ ਫੌਜ, ਟੁਕੜੀਆਂ ਦੇ ਰੂਪ ਵਿਚ ਗੁਪਤ ਢੰਗ ਨਾਲ ਅਫਗਾਨਿਸਤਾਨ ਵਿਚ ਦਾਖਲ ਹੋਣੀ ਸ਼ੁਰੂ ਹੋ ਗਈ। ਹਾਫਿਜ਼ਉਲਾ ਨੂੰ ਮਾਰਨ ਦੇ ਯਤਨ ਵੀ ਤੇਜ਼ ਕਰ ਦਿੱਤੇ ਗਏ। ਫਿਰ ਉਸ ਦਿਨ ਰੂਸ ਦਾ ਸਿੱਧਾ ਹਮਲਾ ਜਨਤਕ ਹੋ ਗਿਆ ਜਿਸ ਦਿਨ ਰੂਸੀ ਫੌਜਾਂ ਨੇ ਅਮੂ ਦਾਰੀਆ ਦਰਿਆ ‘ਤੇ ਆਰਜ਼ੀ ਪੁਲ ਬਣਾ ਕੇ ਆਪਣੇ ਟੈਂਕ ਅਫਗਾਨਿਸਤਾਨ ਵਿਚ ਦਾਖਲ ਕੀਤੇ। ਨਾਲ ਹੀ ਕਾਬੁਲ ਏਅਰਪੋਰਟ ‘ਤੇ ਰੂਸੀ ਫੌਜਾਂ ਦੇ ਸਪੈਸ਼ਲ ਦਸਤੇ ਉਤਰਨੇ ਸ਼ੁਰੂ ਹੋ ਗਏ। ਹਾਫਿਜ਼ਉਲਾ ਨੂੰ ਮਾਰਨ ਲਈ ਜਦੋਂ ਕੋਈ ਲੁਕਵਾਂ ਢੰਗ ਕਾਰਗਾਰ ਨਾ ਹੋਇਆ ਤਾਂ ਕੇæਜੀæਬੀæ ਦੇ ਸਪੈਸ਼ਲ ਦਸਤਿਆਂ ਨੇ ਉਸ ਦੇ ਮਹਿਲ ‘ਤੇ ਹਮਲਾ ਬੋਲ ਦਿੱਤਾ। ਰੂਸ ਨੇ ਜਲਾਵਤਨੀ ਭੁਗਤ ਰਹੇ ਬਬਰਾਕ ਕਰਮਾਲ ਨੂੰ ਹਵਾਈ ਜਹਾਜ਼ ਰਾਹੀਂ ਬਗਰਾਮ ਏਅਰਪੋਰਟ ‘ਤੇ ਲਿਆ ਉਤਾਰਿਆ ਸੀ। ਸੋ ਛੇਤੀ ਤੋਂ ਛੇਤੀ ਹਾਫਿਜ਼ਉਲਾ ਦਾ ਖਾਤਮਾ ਕਰ ਕੇ ਬਬਰਾਕ ਕਰਮਾਲ ਨੂੰ ਪ੍ਰਧਾਨ ਬਣਾਉਣ ਦੀ ਕਾਹਲੀ ਸੀ। ਹਾਫਿਜ਼ਉਲਾ ਦੇ ਮਹਿਲ ਵਿਚ ਘੁਸ ਜਾਣ ਪਿੱਛੋਂ ਦੋਨਾਂ ਧਿਰਾਂ ਵਿਚ ਲਹੂ ਡੋਲ੍ਹਵੀਂ ਲੜਾਈ ਹੋਈ ਜਿਸ ਵਿਚ ਦਰਜਨਾਂ ਰੂਸੀ ਫੌਜੀ ਮਾਰੇ ਗਏ। ਆਖਰ ਹਾਫਿਜ਼ਉਲਾ ਮਾਰ ਦਿੱਤਾ ਗਿਆ। 1979 ਦੀ ਕ੍ਰਿਸਮਸ ਦੀ ਸਵੇਰ ਰੂਸੀ ਫੌਜਾਂ ਅਫਗਾਨਿਸਤਾਨ ਵਿਚ ਘੁੰਮਦੀਆਂ ਅਤੇ ਇਸ ਦੇ ਲੜਾਕੇ ਜਹਾਜ਼ ਅਸਮਾਨ ਵਿਚ ਉਡਦੇ ਵੇਖੇ ਤਾਂ ਸਾਰੀ ਦੁਨੀਆਂ ਹੈਰਾਨ ਰਹਿ ਗਈ। ਖਾਸ ਕਰ ਕੇ ਅਮਰੀਕਾ ਨੂੰ ਤਾਂ ਰੂਸ ਦੇ ਇਸ ਫੈਸਲੇ ਨੇ ਸੁੰਨ ਹੀ ਕਰ ਦਿੱਤਾ। ਉਸ ਨੂੰ ਉਮੀਦ ਨਹੀਂ ਸੀ ਕਿ ਰੂਸ ਇੰਨੀ ਜਲਦੀ ਇਹ ਕਦਮ ਚੁੱਕੇਗਾ। ਹਮਲੇ ਦਾ ਮੋੜਵਾਂ ਜੁਆਬ ਦੇਣ ਲਈ ਉਸ ਨੂੰ ਜਿਸ ਸਾਥੀ ਦੀ ਸਭ ਤੋਂ ਵੱਧ ਲੋੜ ਸੀ, ਉਹ ਸੀ ਪਾਕਿਸਤਾਨ ਦਾ ਸਦਰ ਜਨਰਲ ਜ਼ਿਆ। ਜਨਰਲ ਜ਼ਿਆ ਦੀਆਂ ਤਾਂ ਵਰਾਛਾਂ ਹੀ ਖਿੜ ਗਈਆਂ। ਅਮਰੀਕਾ ਨੇ ਸਾਊਦੀ ਅਰਬ ਨੂੰ ਨਾਲ ਲੈ ਕੇ ਪਾਕਿਸਤਾਨ ਨੂੰ ਮੋਹਰਾ ਬਣਾਉਂਦਿਆਂ ਅੱਗੇ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਰੂਸੀ ਫੌਜਾਂ ਬਬਰਾਕ ਕਰਮਾਲ ਦੀ ਮੱਦਦ ਕਰਦੀਆਂ ਉਸ ਖਿਲਾਫ ਸਿਰ ਚੁੱਕ ਰਹੇ ਲੋਕਾਂ ‘ਤੇ ਸਖਤੀ ਕਰਨ ਲੱਗੀਆਂ, ਲੋਕਾਂ ਦਾ ਗੁੱਸਾ ਹੋਰ ਵਧ ਗਿਆ ਅਤੇ ਬਬਰਾਕ ਦੇ ਖਿਲਾਫ ਵਿਦਰੋਹ ਉਠ ਖੜ੍ਹਾ ਹੋਇਆ। ਰੂਸੀ ਫੋਰਸਾਂ ਜਦੋਂ ਹੋਰ ਵੀ ਸਖਤੀ ਨਾਲ ਇਸ ਵਿਦਰੋਹ ਕੁਚਲਣ ਲੱਗੀਆਂ ਤਾਂ ਲੋਕ ਲੜਨ ਲਈ ਇੱਕ-ਮੁੱਠ ਹੋਣ ਲੱਗੇ। ਮੁਲਾਣਿਆਂ ਨੇ ਇਸ ਸੰਘਰਸ਼ ਨੂੰ ਜਹਾਦ ਦਾ ਨਾਂ ਦਿੱਤਾ ਤੇ ਲੋਕਾਂ ਨੂੰ ਰੂਸੀ ਫੌਜ ਅਤੇ ਬਬਰਾਕ ਖਿਲਾਫ ਲੜਨ ਦਾ ਫਤਵਾ ਜਾਰੀ ਕਰ ਦਿੱਤਾ। ਕਈ ਸਾਲਾਂ ਤੋਂ ਅੰਦਰੇ ਅੰਦਰ ਧੁਖ ਰਿਹਾ ਲੋਕਾਂ ਦਾ ਗੁੱਸਾ ਲਾਵਾ ਬਣ ਖੜੋਤਾ। ਲੋਕ ਲਾਮਬੰਦ ਹੋਣ ਲੱਗੇ। ਉਦੋਂ ਹੀ ਪਾਕਿਸਤਾਨ ਨੇ ਉਥੇ ਪਨਾਹ ਲਈ ਬੈਠੇ ਮੁਜਾਹਿਦੀਨ ਨੂੰ ਅਫਗਾਨਿਸਤਾਨ ਵੱਲ ਜਾਣ ਦਾ ਸੁਝਾਅ ਦਿੱਤਾ। ਸਾਰੇ ਦੇਸ਼ ਵਿਚ ਭੁਚਾਲ ਆ ਗਿਆ। ਲੋਕ ਰੋਹ ਦੀ ਅਗਵਾਈ ਕਰਦੇ ਮੁਜਾਹਿਦੀਨ ਜ਼ੋਰ-ਸ਼ੋਰ ਨਾਲ ਲੜਨ ਲੱਗੇ। ਪਾਕਿਸਤਾਨ ਨੇ ਭਵਿੱਖ ਦੀ ਰਣਨੀਤੀ ਤੈਅ ਕਰਦਿਆਂ ਘਿਨਾਉਣੀ ਚਾਲ ਚੱਲੀ। ਉਸ ਨੇ ਮੁਜਾਹਿਦੀਨ ਗਰੁੱਪਾਂ ਨੂੰ ਇੱਕ ਝੰਡੇ ਹੇਠ ਇਕੱਠਾ ਨਾ ਹੋਣ ਦਿੱਤਾ, ਸਗੋਂ ਪਹਿਲਾਂ ਤੋਂ ਹੀ ਵੰਡੀਆਂ ‘ਚ ਫਸੇ ਅਫਗਾਨ ਸਮਾਜ ਨੂੰ ਹੋਰ ਅੱਡ ਅੱਡ ਕਰ ਦਿੱਤਾ। ਇਹ ਚਾਲ ਅੱਗੇ ਜਾ ਕੇ ਬਹੁਤ ਮਾਰੂ ਸਾਬਤ ਹੋਈ। ਅਫਗਾਨਿਸਤਾਨ ਸਦੀਆਂ ਤੋਂ ਬਹੁਤ ਸਾਰੇ ਧਰਮਾਂ, ਕਬੀਲਿਆਂ ਅਤੇ ਸਭਿਆਚਾਰਾਂ ਦਾ ਮਿਲਿਆ-ਜੁਲਿਆ ਸਮਾਜ ਹੈ। ਸਦੀਆਂ ਤੋਂ ਵੱਖ ਵੱਖ ਫਿਰਕਿਆਂ ਦੇ ਲੋਕ ਸੰਪੂਰਨ ਆਜ਼ਾਦੀ ਲਈ ਲੜਦੇ ਆਏ ਹਨ। ਕਈ ਵਾਰੀ ਮੌਕੇ ਦੇ ਸ਼ਾਸਕਾਂ ਨੇ ਇਸ ਬਗਾਵਤ ਨੂੰ ਕੁਚਲਿਆ। ਇਸ ਵੇਲੇ ਵੀ ਦੁਰਾਨੀ ਪਖਤੂਨ, ਗਿਲਜੀਆ ਪਖਤੂਨ, ਹਜ਼ਾਰਾ, ਸ਼ੀਆ ਅਤੇ ਸੁੰਨੀ, ਤਾਜਿਕ, ਉਜ਼ਬੇਕ, ਤੁਰਕ ਅਤੇ ਹੋਰ ਕਈ ਸਮਾਜਾਂ ‘ਚੋਂ ਲੜਾਕੇ ਸਾਂਝੀ ਲੜਾਈ ਲੜਨ ਲਈ ਵੱਖੋ-ਵੱਖਰੇ ਗਰੁੱਪਾਂ ਵਿਚ ਤਿਆਰ ਹੋ ਗਏ। ਉਨ੍ਹਾਂ ਦੀ ਅਗਵਾਈ ਪਖਤੂਨ ਲੀਡਰ ਗੁਲਬੂਦੀਨ ਹਿਕਮਤਯਾਰ, ਪੀਰ ਸਈਅਦ ਅਹਿਮਦ ਗਿਲਾਨੀ, ਤਾਜਿਕ ਲੀਡਰ ਬਰਹਾਨੂਦੀਨ ਰੱਬਾਨੀ ਅਤੇ ਮਜ਼ਾਰ-ਏ-ਸ਼ਰੀਫ ਵੱਲੋਂ ਫੌਜੀ ਜਨਰਲ ਅਹਿਮਦ ਸ਼ਾਹ ਮਸੂਦ, ਉਜ਼ਬੇਕ ਲੀਡਰ ਜਨਰਲ ਰਸ਼ੀਦ ਦੋਸਤਮ, ਤਾਕਤਵਰ ਪਖਤੂਨ ਲੀਡਰ ਜਲਾਲੂਦੀਨ ਹੱਕਾਨੀ ਅਤੇ ਅਜਿਹੇ ਕਿੰਨੇ ਹੀ ਹੋਰ ਜਰਨੈਲ ਕਰ ਰਹੇ ਸਨ। ਸ਼ਾਇਦ ਪਾਕਿਸਤਾਨ ਨੇ ਭਵਿੱਖ ‘ਚ ਅਫਗਾਨਿਸਤਾਨ ਨੂੰ ਆਪਣੇ ਕਬਜ਼ੇ ਵਿਚ ਰੱਖਣ ਦੀ ਚਾਹਤ ਅਧੀਨ ਉਨ੍ਹਾਂ ਨੂੰ ਇੱਕ ਝੰਡੇ ਹੇਠ ਨਾ ਲੜਨ ਦਿੱਤਾ। ਅਫਗਾਨ ਸਮਾਜ ਅੰਦਰ ਡੂੰਘੀਆਂ ਜੜ੍ਹਾਂ ਰੱਖਣ ਵਾਲੇ ਅਤੇ ਸਦੀਆਂ ਤੋਂ ਅਫਗਾਨਿਸਤਾਨ ‘ਤੇ ਰਾਜ ਕਰਦੇ ਆ ਰਹੇ ਦੱਖਣ ਵੱਲ ਦੇ ਦੁਰਾਨੀ ਪਖਤੂਨਾਂ ਨੂੰ ਪਾਕਿਸਤਾਨ ਸੱਤਾ ਤੋਂ ਦੂਰ ਰੱਖਣਾ ਚਾਹੁੰਦਾ ਸੀ। ਇਸੇ ਕਰ ਕੇ ਪਖਤੂਨਾਂ ਨੂੰ ਦੋ ਧੜਿਆਂ ਵਿਚ ਵੰਡਦਿਆਂ ਉਸ ਨੇ ਗਿਲਜੀਆ ਪਖਤੂਨਾਂ ਨੂੰ ਅੱਗੇ ਰੱਖਿਆ ਜਿਨ੍ਹਾਂ ਦਾ ਪੂਰਬ ਵੱਲ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਅਤੇ ਪਿਸ਼ਾਵਰ ਵਿਚ ਵੱਡਾ ਆਧਾਰ ਹੈ। ਇਹੋ ਵੰਡੀਆਂ ਅੱਗੇ ਜਾ ਕੇ ਵੱਡੇ ਸੰਕਟ ਦਾ ਕਾਰਨ ਬਣੀਆਂ।
ਮੁਲਕ ਵੱਖੋ-ਵੱਖਰੇ ਸਿਪਾਹਸਲਾਰਾਂ ਅਧੀਨ ਵੰਡਿਆ ਜਾ ਚੁੱਕਿਆ ਸੀ। ਜਦੋਂ ਲੜਾਈ ਭਖ ਉਠੀ ਤਾਂ ਸ਼ਹਿ ਲਾ ਕੇ ਬੈਠਾ ਅਮਰੀਕਾ ਹਰਕਤ ਵਿਚ ਆ ਗਿਆ। ਸਾਊਦੀ ਅਰਬ ਨਾਲ ਮਿਲ ਕੇ ਅਮਰੀਕਾ ਨੇ ਸਾਂਝੀ ਨੀਤੀ ਤਿਆਰ ਕੀਤੀ ਜਿਸ ਅਨੁਸਾਰ ਪੈਸਾ ਇਨ੍ਹਾਂ ਦੋਹਾਂ ਨੇ ਦੇਣਾ ਸੀ ਤੇ ਅੱਗੇ ਲੜਾਈ ਦੀ ਵਿਉਂਤਬੰਦੀ ਸਾਰੀ ਪਾਕਿਸਤਾਨ ਨੇ ਕਰਨੀ ਸੀ। ਇਹ ਤਜਵੀਜ਼ ਸੁਣਦਿਆਂ ਪਾਕਿਸਤਾਨੀ ਡਿਕਟੇਟਰ ਜ਼ਿਆ-ਉਲ ਹੱਕ ਬਾਗੋ-ਬਾਗ ਹੋ ਗਿਆ, ਪਰ ਉਸ ਨੇ ਸ਼ਰਤ ਰੱਖੀ ਕਿ ਅਮਰੀਕਾ, ਅਫਗਾਨਿਸਤਾਨ ਵਿਚ ਆਪਣੀ ਫੌਜ ਨਹੀਂ ਭੇਜੇਗਾ। ਅਮਰੀਕਾ ਨੂੰ ਇਸ ਨਾਲ ਕੋਈ ਫਰਕ ਨਾ ਪਿਆ ਸਗੋਂ ਇਹ ਸਕੀਮ ਉਸ ਦੇ ਫਿੱਟ ਬੈਠ ਗਈ। ਵੀਅਤਨਾਮ ਦੇ ਘਾਤਕ ਨਤੀਜਿਆਂ ਤੋਂ ਸਬਕ ਸਿੱਖ ਕੇ ਉਹ ਵੀ ਕਿਧਰੇ ਸਿੱਧੀਆਂ ਫੌਜਾਂ ਭੇਜਣ ਤੋਂ ਕਤਰਾਉਣ ਲੱਗ ਪਿਆ ਸੀ। ਖੈਰ! ਪੈਸਾ ਆਉਣ ਲੱਗਿਆ ਤਾਂ ਪਾਕਿਸਤਾਨ ਆਪਣੇ ਹਿਸਾਬ ਇਸ ਨੂੰ ਖਰਚਣ ਲੱਗਿਆ। ਇੱਥੇ ਵੀ ਉਹ ਆਪਣੀ ਮਰਜ਼ੀ ਅਨੁਸਾਰ ਚਹੇਤੇ ਮੁਜਾਹਿਦੀਨ ਦੀ ਵੱਧ ਤੇ ਦੂਸਰਿਆਂ ਦੀ ਘੱਟ ਮੱਦਦ ਕਰਦਾ। ਕਈ ਵਾਰ ਉਨ੍ਹਾਂ ਨੂੰ ਇੱਕ-ਦੂਜੇ ਦੇ ਖਿਲਾਫ ਵੀ ਲੜਾ ਦਿੰਦਾ। ਜੰਗ ਨੂੰ ਪਾਕਿਸਤਾਨ ਪੂਰੀ ਤਰ੍ਹਾਂ ਆਪਣੀ ਮਰਜ਼ੀ ਨਾਲ ਚਲਾ ਰਿਹਾ ਸੀ। ਸਾਰੇ ਲੜਾਕੇ ਸਰਦਾਰ ਉਸ ਦੀਆਂ ਕਠਪੁਤਲੀਆਂ ਸਨ। ਅਫਗਾਨਿਸਤਾਨ ਦੇ ਦੁਰਾਨੀ ਪਖਤੂਨਾਂ ਨੂੰ ਉਸ ਨੇ ਸ਼ੁਰੂ ਤੋਂ ਹੀ ਠਿੱਬੀ ਲਾਉਣ ਦੀ ਸੋਚ ਲਈ ਸੀ ਜੋ ਉਥੇ ਦੀ ਸਭ ਤੋਂ ਵੱਡੀ ਧਿਰ ਸੀ ਤੇ ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਜ਼ਹੀਰ ਸ਼ਾਹ ਤੱਕ ਇਹੀ ਰਾਜ ਕਰਦੀ ਆ ਰਹੀ ਸੀ। ਸ਼ੁਰੂ ਵਿਚ ਦੁਨੀਆਂ ਨੂੰ ਸੀ ਕਿ ਰੂਸ, ਰਾਜਧਾਨੀ ਕਾਬੁਲ ਨੂੰ ਘੇਰਾ ਪਾ ਕੇ ਬੈਠ ਜਾਵੇਗਾ ਤੇ ਸਰਕਾਰ ਨੂੰ ਸੁਰੱਖਿਆ ਮੁਹੱਈਆ ਕਰਵਾਏਗਾ, ਪਰ ਰੂਸ ਨੇ ਜੋ ਕੀਤਾ, ਫੌਜੀ ਮਾਹਰਾਂ ਮੁਤਾਬਕ ਉਹ ਬਹੁਤ ਵੱਡੀ ਗਲਤੀ ਸੀ। ਉਸ ਨੇ ਸਾਰੇ ਮੁਲਕ ਨੂੰ ਹੀ ਆਪਣੇ ਘੇਰੇ ਵਿਚ ਲੈ ਲਿਆ। ਦੂਰ ਦੁਰਾਡੇ ਇਲਾਕਿਆਂ ਤੱਕ ਵੀ ਉਸ ਨੇ ਫੌਜ ਭੇਜ ਦਿੱਤੀ। ਫੌਜ ਖਿਲਰਨ ਨਾਲ ਬਹੁਤ ਮੁਸ਼ਕਿਲਾਂ ਆਈਆਂ। ਜਿੱਡੀ ਵੱਡੀ ਫੌਜ ਉਸ ਨੂੰ ਤਾਇਨਾਤ ਕਰਨੀ ਪਈ, ਇਸ ਲਈ ਨਾ ਉਹ ਤਿਆਰ ਸੀ, ਨਾ ਉਸ ਕੋਲ ਲੋੜੀਂਦੀ ਸਿੱਖਲਾਈ ਸੀ ਤੇ ਨਾ ਇੰਨੇ ਵੱਡੇ ਪੈਮਾਨੇ ‘ਤੇ ਸਾਧਨ ਸਨ। ਨਤੀਜੇ ਵਜੋਂ ਰੂਸ ਦਾ ਖਰਚਾ ਬਹੁਤ ਵਧ ਗਿਆ।
ਜ਼ਿਆਦਾ ਖਰਚ ਨੇ ਰੂਸੀ ਅਰਥਚਾਰਾ ਡਗਮਗਾ ਦਿੱਤਾ। ਇਹੀ ਅਮਰੀਕਾ ਦੀ ਚਾਲ ਸੀ ਕਿ ਰੂਸ ਦਾ ਇੰਨਾ ਖਰਚ ਕਰਵਾਓ ਕਿ ਦਿਵਾਲਾ ਨਿਕਲ ਜਾਵੇ। 1985 ਤੱਕ ਰੂਸ ਦਾ ਹੱਥ ਉਪਰ ਰਿਹਾ। ਅਮਰੀਕਾ ਕੋਈ ਨਵੀਂ ਜੁਗਤ ਸੋਚਣ ਲੱਗਿਆ। ਇਨ੍ਹੀਂ ਹੀ ਦਿਨੀਂ ਅਫਗਾਨ ਮੁਜਾਹਿਦੀਨ ਨੇ ਸਬੱਬੀਂ ਨੀਵਾਂ ਉਡਿਆ ਜਾਂਦਾ ਹਿੰਦ-ਡੀ ਹੈਲੀਕਾਪਟਰ ਜਿਸ ਨੂੰ ਰੂਸੀ ਏਅਰ ਟੈਂਕ ਵੀ ਕਿਹਾ ਜਾਂਦਾ ਸੀ, ਉਡਾ ਦਿੱਤਾ। ਅਮਰੀਕੀ ਫੌਜੀ ਮਾਹਿਰਾਂ ਨੂੰ ਅਚਾਨਕ ਇਹ ਗੱਲ ਅਹੁੜੀ ਕਿ ਜੇ ਮੁਜਾਹਿਦੀਨ ਉਡਦੇ ਹੈਲੀਕਾਪਟਰ ਅਤੇ ਲੜਾਕੇ ਜਹਾਜ਼ ਡੇਗਣ ਲੱਗ ਪੈਣ ਤਾਂ ਰੂਸ ਦਾ ਕਾਫੀ ਨੁਕਸਾਨ ਕਰ ਸਕਦੇ ਹਨ, ਪਰ ਉਪਰ ਉਡਦਾ ਜਹਾਜ਼ ਡੇਗਣ ਲਈ ਅਮਰੀਕਾ ਕੋਲ ਜੋ ਹਥਿਆਰ ਸਨ, ਉਸ ਨੂੰ ਨਾ ਹੀ ਸੀæਆਈæਏæ ਤੇ ਨਾ ਹੀ ਸੁਰੱਖਿਆ ਵਿਭਾਗ ਕਿਸੇ ਬਾਹਰਲੇ ਨੂੰ ਦੇਣ ਲਈ ਤਿਆਰ ਸੀ। ਇਹ ਹਥਿਆਰ ਸੀ ਸਟਿੰਗਰ ਐਂਟੀ-ਏਅਰਕਰਾਫਟ ਮਿਜ਼ਾਈਲ। ਅਮਰੀਕੀ ਨੀਤੀ ਮਾਹਿਰਾਂ ਨੇ ਆਖਰ ਡਿਫੈਂਸ ਵਿਭਾਗ ਨੂੰ ਇਹ ਮਿਜ਼ਾਈਲ ਦੇਣ ਲਈ ਮਨਾ ਲਿਆ, ਪਰ ਇਹ ਬਿਨਾਂ ਟਰੇਨਿੰਗ ਦੇ ਚਲਾਈ ਨਹੀਂ ਸੀ ਜਾ ਸਕਦੀ। ਪਾਕਿਸਤਾਨ ਨਾਲ ਸ਼ੁਰੂ ਵਿਚ ਹੋਏ ਸਮਝੌਤੇ ਅਨੁਸਾਰ ਅਮਰੀਕਾ ਉਥੇ ਆਪਣੇ ਟਰੇਨਰ ਨਹੀਂ ਸੀ ਭੇਜ ਸਕਦਾ। ਹੱਲ ਇਹ ਕੱਢਿਆ ਕਿ ਟਰੇਨਰ ਪਾਕਿਸਤਾਨ ਭੇਜੇ ਜਾਣ। ਟਰੇਨਰ ਪਾਕਿਸਤਾਨ ਚਲੇ ਗਏ ਤੇ ਉਧਰੋਂ ਮੁਜਾਹਿਦੀਨ ਆ ਗਏ। ਅਗਲੇ ਛੇ ਮਹੀਨਿਆਂ ਵਿਚ ਉਨ੍ਹਾਂ ਨੂੰ ਸਟਿੰਗਰ ਮਿਜ਼ਾਈਲ ਚਲਾਉਣ ਦੀ ਸਿਖਲਾਈ ਦੇ ਕੇ ਵਾਪਸ ਭੇਜ ਦਿੱਤਾ ਗਿਆ। ਹਫਤੇ ਪਿੱਛੋਂ ਉਨ੍ਹਾਂ ਕੋਲ ਮਿਜ਼ਾਈਲ ਵੀ ਪਹੁੰਚਾ ਦਿੱਤੀ ਗਈ। ਅਗਲੇ ਦੋ ਦਿਨਾਂ ਵਿਚ ਹੀ ਉਨ੍ਹਾਂ ਦੋ ਹਿੰਦ-ਡੀ ਹੈਲੀਕਾਪਟਰ ਡੇਗ ਲਏ। ਅਮਰੀਕਾ ਨੂੰ ਜਾਪਿਆ, ਇਹ ਹਥਿਆਰ ਕਾਰਗਾਰ ਸਾਬਤ ਹੋਵੇਗਾ। ਅਸਲ ਵਿਚ ਸਟਿੰਗਰ ਮਿਜ਼ਾਈਲ ਸਿਰਫ ਕਾਮਯਾਬ ਹੀ ਨਾ ਹੋਈ, ਸਗੋਂ ਉਸ ਨੇ ਰੂਸੀ ਹਵਾਈ ਫੌਜ ਦਾ ਲੱਕ ਤੋੜ ਦਿੱਤਾ। ਲੜਾਕੇ ਜਹਾਜ਼ ਰੋਜ਼ ਸਟਿੰਗਰ ਮਿਜ਼ਾਈਲ ਦਾ ਨਿਸ਼ਾਨਾ ਬਣਨ ਲੱਗੇ। ਅਗਲੇ ਦੋ ਢਾਈ ਸਾਲਾਂ ‘ਚ ਮੁਜਾਹਿਦੀਨਾਂ ਨੇ ਢਾਈ ਸੌ ਤੋਂ ਉਪਰ ਮਿੱਗ ਲੜਾਕੇ ਜਹਾਜ਼ ਅਤੇ ਹੈਲੀਕਾਪਟਰ ਡੇਗ ਲਏ। ਹਾਰ ਕੇ ਰੂਸ ਨੇ ਉਥੇ ਜਹਾਜ਼ ਉਡਾਉਣੇ ਬੰਦ ਕਰ ਦਿੱਤੇ।
ਇੱਥੋਂ ਹੀ ਸ਼ੁਰੂ ਹੋਈ ਰੂਸ ਦੀ ਹਾਰ।
ਜਦੋਂ ਉਪਰੋਂ ਗੋਲਾਬਾਰੀ ਦਾ ਡਰ ਨਾ ਰਿਹਾ ਤਾਂ ਮੁਜਾਹਿਦੀਨ ਦੇ ਹੌਸਲੇ ਵਧ ਗਏ। ਉਹ ਬਿਨਾ ਡਰ ਰੂਸੀ ਫੌਜਾਂ ਨੂੰ ਖਦੇੜਨ ਲੱਗੇ। ਪੇਂਡੂ ਅਤੇ ਦੂਰ ਦਰਾਜ ਦੇ ਇਲਾਕਿਆਂ ਤੋਂ ਰੂਸੀ ਫੌਜਾਂ ਪਿੱਛੇ ਹਟਣ ਲੱਗੀਆਂ। ਆਖਰ ਪਿੱਛੇ ਹਟਦੀਆਂ ਉਹ ਕਾਬੁਲ ਤੱਕ ਪਹੁੰਚ ਗਈਆਂ। ਵੱਡੇ ਸ਼ਹਿਰਾਂ ਨੂੰ ਛੱਡ ਕੇ ਹਰ ਪਾਸੇ ਮੁਜਾਹਿਦੀਨ ਦਾ ਬੋਲ-ਬਾਲਾ ਹੋ ਗਿਆ। ਸਭ ਨੇ ਸੋਚਿਆ ਕਿ ਰੂਸ ਹੁਣ ਕਾਬੁਲ ਵਿਚ ਅੱਡੇ ਲਾ ਕੇ ਬੈਠ ਜਾਵੇਗਾ, ਪਰ ਲੜਾਈ ਨੇ ਰੂਸ ਦੀ ਅੰਦਰੂਨੀ ਹਾਲਤ ਇੰਨੀ ਪੇਤਲੀ ਕਰ ਦਿੱਤੀ ਕਿ ਉਹ ਅਫਗਾਸਿਤਾਨ ਵਿਚੋਂ ਖਹਿੜਾ ਛੁਡਾ ਕੇ ਭੱਜਣ ਦਾ ਰਾਹ ਲੱਭਣ ਲੱਗਾ। ਆਖਰ ਯੂæਐਨæਓæ ਨੇ ਸਮਝੌਤੇ ਦਾ ਰਾਹ ਕੱਢਿਆ। 1988 ਵਿਚ ਹੋਏ ਸਮਝੌਤੇ ਅਨੁਸਾਰ ਰੂਸ ਨੇ ਫੌਜਾਂ ਵਾਪਸ ਬੁਲਾਉਣ ਦੀ ਸੰਧੀ ‘ਤੇ ਸਹੀ ਪਾ ਦਿੱਤੀ ਤੇ ਅਗਲੇ ਸਾਲ ਤੱਕ ਸਾਰੀ ਫੌਜ ਕੱਢ ਲਈ। ਇਸ ਪਿੱਛੋਂ ਰੂਸ ਨੇ ਬਾਹਰੋਂ ਥੋੜ੍ਹੀ ਬਹੁਤ ਮੱਦਦ ਕੀਤੀ ਤੇ ਨਜੀਬ-ਉਲਾ ਦੀ ਕਮਾਂਡ ਹੇਠ ਸਰਕਾਰ ਆਪਣੇ ਤੌਰ ‘ਤੇ ਮੁਜਾਹਿਦੀਨ ਨਾਲ ਲੜਦੀ ਰਹੀ (ਬਬਰਾਕ ਕਰਮਾਲ ਪਿੱਛੋਂ 1986 ‘ਚ ਉਥੇ ਨਜੀਬ-ਉਲਾ ਰਾਸ਼ਟਰਪਤੀ ਬਣ ਗਿਆ ਸੀ) ਪਰ ਦਿਨੋ-ਦਿਨ ਇਸ ਦੀ ਸਮੱਰਥਾ ਘਟਦੀ ਗਈ। ਆਖਰ 1992 ਵਿਚ ਸਰਕਾਰ ਡਿੱਗ ਪਈ ਅਤੇ ਮੁਜਾਹਿਦੀਨ ਹੱਥੋਂ ਗ੍ਰਿਫਤਾਰ ਹੋਣੋਂ ਬਚਦਿਆਂ ਨਜੀਬ-ਉਲਾ ਨੇ ਯੂæਐਨæਓæ ਦੀ ਬਿਲਡਿੰਗ ‘ਚ ਪਨਾਹ ਲੈ ਲਈ। ਇਉਂ ਰੂਸ ਪੱਖੀ ਸਰਕਾਰ ਦਾ ਭੋਗ ਪੈਣ ਪਿਛੋਂ ਇਸ ਵੱਡੇ ਕਾਂਡ ਦਾ ਅੰਤ ਹੋ ਗਿਆ। ਸਭ ਨੇ ਸੋਚਿਆ ਕਿ ਹੁਣ ਅਫਗਾਨਿਸਤਾਨ ਵਿਚ ਸ਼ਾਂਤੀ ਹੋ ਜਾਵੇਗੀ, ਪਰ ਹੋਇਆ ਇਸ ਦੇ ਉਲਟ।
ਰੂਸ ਨੇ ਆਪਣੀ ਫੌਜ ਵਾਪਸ ਬੁਲਾ ਲਈ ਤਾਂ ਅਮਰੀਕਾ ਵੀ ਹੱਥ ਝਾੜਨ ਲਈ ਤਿਆਰ ਹੋ ਗਿਆ। ਅਸਲ ‘ਚ ਰੂਸੀ ਫੌਜ ਨੂੰ ਸਾਹ-ਸਤ ਹੀਣ ਕਰਨ ਦਾ ਮਕਸਦ ਪੂਰਾ ਹੋ ਚੁੱਕਾ ਸੀ। ਨਿਸ਼ਾਨਾ ਪੂਰਾ ਹੋ ਗਿਆ ਤਾਂ ਅਮਰੀਕਾ ਨੇ ਆਪਣੇ ਖਜ਼ਾਨੇ ਦਾ ਮੂੰਹ ਬੰਦ ਕਰ ਦਿੱਤਾ। ਇਸ ਨਾਲ ਪਾਕਿਸਤਾਨ ਤਿਲਮਿਲਾ ਉਠਿਆ, ਉਂਜ ਡਿਕਟੇਟਰ ਜ਼ਿਆ-ਉਲ ਹੱਕ ਨੂੰ ਵੀ ਛੇਤੀ ਹੀ ਸ਼ਾਂਤ ਕਰ ਦਿੱਤਾ ਗਿਆ। ਜਿੱਤ ਪਿਛੋਂ ਮੁਜਾਹਿਦੀਨ ਵਿਚ ਰਾਜ ਸੱਤਾ ਸੰਭਾਲਣ ਲਈ ਦੌੜ ਲੱਗ ਗਈ। ਹਰ ਕੋਈ ਸੋਚਦਾ ਸੀ ਕਿ ਜੋ ਵੀ ਰਾਜਧਾਨੀ ਕਾਬੁਲ ‘ਤੇ ਕਾਬਜ਼ ਹੋ ਜਾਵੇਗਾ, ਤਾਕਤ ਦਾ ਧੁਰਾ ਉਸੇ ਕੋਲ ਹੋਵੇਗਾ। ਆਪਸ ਵਿਚ ਖਹਿੰਦੇ ਕਮਾਂਡਰ ਕਾਬੁਲ ਵੱਲ ਵਧਣ ਲੱਗੇ। ਆਖਰ ਤਾਕਤਵਰ ਤਾਜਿਕ ਲੀਡਰ ਬਰਹਾਨੂਦੀਨ ਰੱਬਾਨੀ ਅਤੇ ਉਸ ਦਾ ਯੋਗ ਕਮਾਂਡਰ ਅਹਿਮਦ ਸ਼ਾਹ ਮਸੂਦ ਕਾਬੁਲ ‘ਤੇ ਕਾਬਜ਼ ਹੋ ਗਏ; ਹਾਲਾਂਕਿ ਸਭ ਤੋਂ ਵੱਡੇ ਧੜੇ ਅਤੇ ਸੱਤਾ ਦੇ ਹੱਕਦਾਰ ਪਖਤੂਨ ਗਰੁੱਪ ਸਨ। ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਤੋਂ ਸਥਾਪਤ ਹੋਏ ਸਿੰਘਾਸਣ ਦਾ ਕਬਜ਼ਾ ਪਹਿਲੀ ਵਾਰ ਗੈਰ-ਪਖਤੂਨਾਂ ਕੋਲ ਚਲਾ ਗਿਆ। ਇਸ ਨਾਲ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਫਿਰਕੇ ਪਖਤੂਨਾਂ ਵਿਚ ਰੋਸ ਅਤੇ ਗੁੱਸਾ ਫੈਲ ਗਿਆ। ਇਸੇ ਵਰਤਾਰੇ ਨੇ ਅੱਗੇ ਜਾ ਕੇ ਕਦੇ ਨਾ ਮੁੱਕਣ ਵਾਲੀ ਖਾਨਾਜੰਗੀ ਦਾ ਰੂਪ ਧਾਰ ਲਿਆ।
ਗਿਲਜੀਆ ਪਖਤੂਨਾਂ ਦੇ ਸਭ ਤੋਂ ਵੱਡੇ ਧੜੇ ਦੇ ਲੀਡਰ ਗੁਲਬੂਦੀਨ ਹਿਕਮਤਯਾਰ ਨੇ ਆਪਣੀ ਫੌਜ ਨਾਲ ਕਾਬੁਲ ‘ਤੇ ਚੜ੍ਹਾਈ ਕਰ ਦਿੱਤੀ ਅਤੇ ਸ਼ਹਿਰ ਨੂੰ ਘੇਰ ਕੇ ਗੋਲੇ ਵਰਸਾਉਣ ਲੱਗਿਆ। ਸਾਂਝੇ ਦੁਸ਼ਮਣ ਵਿਰੁੱਧ ਲੜਦੇ ਆ ਰਹੇ ਗੁਰੀਲੇ ਆਹਮੋ-ਸਾਹਮਣੇ ਹੋ ਖੜੋਤੇ। ਹਿਕਮਤਯਾਰ ਨੇ ਬਹੁਤ ਜ਼ੋਰ ਲਾਇਆ ਪਰ ਉਹ ਆਪਣੇ ਮਿਸ਼ਨ ਵਿਚ ਕਾਮਯਾਬ ਨਾ ਹੋ ਸਕਿਆ। ਪਿੱਛੋਂ ਅਹਿਮਦ ਸ਼ਾਹ ਮਸੂਦ ਦਾ ਪਹਿਲਾਂ ਰਹਿ ਚੁੱਕਾ ਜੋਟੀਦਾਰ ਜਨਰਲ ਰਸ਼ੀਦ ਦੋਸਤਮ ਹਿਕਮਤਯਾਰ ਦੀ ਮੱਦਦ ‘ਤੇ ਆ ਗਿਆ। ਦੋਨਾਂ ਵਿਚਕਾਰ ਕਾਬੁਲ ਨੂੰ ਅੱਧੋ-ਅੱਧ ਕਰ ਲੈਣ ਦਾ ਸਮਝੌਤਾ ਹੋ ਗਿਆ ਤੇ ਦੋਸਤਮ ਨੇ ਕਾਬੁਲ ਸ਼ਹਿਰ ਵਿਚ ਤਬਾਹੀ ਮਚਾ ਦਿੱਤੀ, ਪਰ ਕਾਮਯਾਬੀ ਫਿਰ ਵੀ ਨਾ ਮਿਲੀ।
ਦੂਜੇ ਪਾਸੇ ਉਤਰ ਵੱਲ ਦੋਸਤਮ ਵਧੇਰੇ ਇਲਾਕਿਆਂ ਦੇ ਕਬਜ਼ੇ ਨੂੰ ਲੈ ਕੇ ਉਧਰ ਦੇ ਜਰਨੈਲ ਇਸਮਾਇਲ ਖਾਂ ਨਾਲ ਦਸਤਪੰਜਾ ਲੜਾ ਰਿਹਾ ਸੀ। ਬਰਹਾਨੂਦੀਨ ਰੱਬਾਨੀ ਨੇ ਇਸਮਾਇਲ ਖਾਂ ਖਿਲਾਫ ਉਸ ਦੀ ਮੱਦਦ ਕਰ ਕੇ ਉਸ ਨੂੰ ਆਪਣੇ ਵੱਲ ਕਰ ਲਿਆ ਤੇ ਉਹ ਫੌਜਾਂ ਪਿੱਛੇ ਹਟਾਉਂਦਾ ਮਜ਼ਾਰ-ਏ-ਸ਼ਰੀਫ ਵੱਲ ਪਰਤ ਗਿਆ।
ਕਾਬੁਲ ਦੀ ਇਹ ਕਹਾਣੀ ਹਰ ਪਾਸੇ ਦੁਹਰਾਈ ਜਾ ਰਹੀ ਸੀ। ਕਿਤੇ ਕਿਸੇ ਸ਼ਹਿਰ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਯੁੱਧ ਹੋ ਰਿਹਾ ਸੀ ਤੇ ਕਿਤੇ ਦੋ ਤੋਂ ਵੱਧ ਵਿਚਕਾਰ। ਕਿਧਰੇ ਦੋ ਧਿਰਾਂ ਇੱਕ ਇਲਾਕੇ ਵਿਚ ਦੋਸਤ ਸਨ ਤੇ ਕਿਸੇ ਦੂਜੇ ਵਿਚ ਦੁਸ਼ਮਣ। ਕਦੇ ਕਿਤੇ ਇੱਕ ਧਿਰ ਦਾ ਕਬਜ਼ਾ ਹੋ ਜਾਂਦਾ ਤੇ ਫਿਰ ਥੋੜ੍ਹੇ ਵਕਤ ਬਾਅਦ ਕੋਈ ਦੂਜਾ ਉਸ ਨੂੰ ਖਦੇੜ ਦਿੰਦਾ। ਸਾਰੇ ਅਫਗਾਨਿਸਤਾਨ ਦਾ ਸ਼ਹਿਰ ਸ਼ਹਿਰ, ਪਿੰਡ ਪਿੰਡ ਲੜਾਈ ਦਾ ਮੈਦਾਨ ਬਣ ਗਿਆ। ਲੋਕਾਂ ਨੇ ਜਿਹੜੀਆਂ ਉਮੀਦਾਂ ਨਾਲ ਜਹਾਦ ਵਿਚ ਹਿੱਸਾ ਲਿਆ ਸੀ, ਉਹ ਪੂਰੀਆਂ ਨਾ ਹੋਈਆਂ।
ਰੂਸ ਨੇ ਇਹ ਸਭ ਆਪਣੇ ਨਿੱਜੀ ਹਿਤਾਂ ਖਾਤਰ ਕੀਤਾ ਸੀ। ਇਸੇ ਤਰ੍ਹਾਂ ਅਮਰੀਕਾ ਦੇ ਆਪਣੇ ਹਿਤ ਸਨ। ਪਾਕਿਸਤਾਨ ਵੀ ਆਪਣੇ ਸੌੜੇ ਹਿਤਾਂ ਖਾਤਰ ਅਮਰੀਕਾ ਦਾ ਹਥਿਆਰ ਬਣਿਆ। ਸਾਊਦੀ ਅਰਬ ਦੇ ਆਪਣੇ ਸਵਾਰਥ ਸਨ। ਅਰਬ ਖਿੱਤੇ ਦੇ ਹੋਰ ਮੁਲਕਾਂ ਤੋਂ ਬਹੁਤ ਸਾਰੇ ਲੜਾਕੇ ਜਹਾਦ ਦੇ ਨਾਂ ‘ਤੇ ਅਫਗਾਨਿਸਤਾਨ ਵਿਚ ਲੜਨ ਆਏ। ਇਹ ਨੌਜਵਾਨ ਆਪਣੇ ਮੁਲਕਾਂ ਵਿਚ ਬਰਦਾਸ਼ਤ ਨਹੀਂ ਸਨ ਕੀਤੇ ਜਾ ਰਹੇ। ਇਨ੍ਹਾਂ ਵਿਚੋਂ ਬਹੁਤਿਆਂ ‘ਤੇ ਦਹਿਸ਼ਤਪਸੰਦੀ ਦੇ ਦੋਸ਼ ਲੱਗੇ ਹੋਏ ਸਨ। ਜਹਾਦ ਦੇ ਨਾਂ ਹੇਠ ਇਨ੍ਹਾਂ ਨੂੰ ਲੜਨਾ ਹੋਰ ਵੀ ਸੌਖਾ ਹੋ ਗਿਆ। ਇਨ੍ਹਾਂ ਵਿਚੋਂ ਉਸਾਮਾ ਬਿਨ-ਲਾਦਿਨ ਸਾਊਦੀ ਸਰਕਾਰ ਦੇ ਕਹਿਣ ‘ਤੇ ਆਪਣੇ ਨਿੱਜੀ ਲੜਾਕੇ ਲੈ ਕੇ ਇੱਥੇ ਆਇਆ। ਉਸ ਵਰਗੇ ਹੋਰ ਵੀ ਕਾਫੀ ਸਨ, ਪਰ ਇਹ ਸਾਰੇ ਰੂਸੀ ਫੌਜ ਨਿਕਲਣ ਪਿੱਛੋਂ ਵਿਹਲੇ ਹੋ ਗਏ। ਵਾਪਸ ਆਪਣੇ ਮੁਲਕਾਂ ਨੂੰ ਇਹ ਜਾ ਨਹੀਂ ਸਨ ਸਕਦੇ। ਲੜਾਕੇ ਲੜਾਈ ਤੋਂ ਬਿਨਾਂ ਹੋਰ ਕੁਝ ਕਰ ਵੀ ਨਹੀਂ ਸਕਦੇ। ਇਉਂ ਇਹ ਵੀ ਵੱਡੀ ਸਮੱਸਿਆ ਬਣ ਗਏ।
ਅਮਰੀਕਾ ਚੁੱਪ-ਚਾਪ ਖਿਸਕਣ ਲੱਗਾ ਤਾਂ ਅਫਗਾਨ ਫਿਕਰਮੰਦ ਹੋ ਗਏ। ਅਮਰੀਕਾ ਚਾਹੁੰਦਾ ਤਾਂ ਰੂਸ ਦੇ ਨਿਕਲ ਜਾਣ ਪਿੱਛੋਂ ਮੁਜਾਹਿਦੀਨ ਗਰੁੱਪਾਂ ਵਿਚਕਾਰ ਸਮਝੌਤਾ ਕਰਵਾ ਕੇ ਸਥਿਰ ਸਰਕਾਰ ਬਣਵਾ ਸਕਦਾ ਸੀ, ਪਰ ਇਹ ਉਸ ਦਾ ਨਿਸ਼ਾਨਾ ਨਹੀਂ ਸੀ। ਇਸੇ ਕਰ ਕੇ ਸਾਰਾ ਖਿਲਾਰਾ ਉਵੇਂ ਦਾ ਉਵੇਂ ਛੱਡ ਕੇ ਉਹ ਆਪਣੇ ਰਾਹ ਪੈ ਗਿਆ। ਪਿੱਛੇ ਰਹਿ ਗਈ ਬਰਬਾਦੀ। ਇੱਕ ਦੂਜੇ ਨੂੰ ਲਤਾੜਦੇ-ਪਛਾੜਦੇ ਸਿਪਾਹਸਲਾਰਾਂ ਨੇ ਮੁਲਕ ਨੂੰ ਖਾਨਾਜੰਗੀ ਵੱਲ ਧੱਕ ਦਿੱਤਾ ਜੋ ਕਦੇ ਵੀ ਨਾ ਖਤਮ ਹੋਣ ਵਾਲੇ ਅਧਿਆਇ ਵਿਚ ਦਾਖਲ ਹੋ ਗਈ। ਜਿੱਥੇ ਕੋਈ ਜਿੱਤ ਜਾਂਦਾ, ਉਥੇ ਹੀ ਆਪਣੀ ਸਰਕਾਰ ਕਾਇਮ ਕਰ ਲੈਂਦਾ।
ਗੁਲਬੂਦੀਨ ਹਿਕਮਤਯਾਰ ਪੂਰੇ ਕਾਬੁਲ ਸ਼ਹਿਰ ‘ਤੇ ਤਾਂ ਕਾਬਜ਼ ਨਾ ਹੋ ਸਕਿਆ, ਪਰ ਉਸ ਨੇ ਪੂਰਬ ਵੱਲ ਦਾ ਕੁਝ ਭਾਗ ਹਥਿਆ ਲਿਆ। ਉਸ ਦਾ ਕੁਝ ਦੱਖਣੀ ਇਲਾਕਿਆਂ ‘ਤੇ ਵੀ ਕਬਜ਼ਾ ਹੋ ਗਿਆ। ਸਭ ਤੋਂ ਜ਼ਿਆਦਾ ਇਲਾਕੇ ‘ਤੇ ਕਬਜ਼ਾ ਕਰਨ ਵਾਲਾ ਤਾਜਿਕ ਲੀਡਰ ਬਰਹਾਨੂਦੀਨ ਰੱਬਾਨੀ ਸੀ ਜਿਸ ਦਾ ਰਾਜਧਾਨੀ ਕਾਬੁਲ ‘ਤੇ ਮੁਕੰਮਲ ਕਬਜ਼ਾ ਸੀ ਤੇ ਉਹੋ ਹੀ ਸਦਰ ਸੀ। ਉਤਰ ਪੂਰਬ ਦੇ ਕਾਫੀ ਸੂਬੇ ਵੀ ਉਸ ਦੇ ਕਬਜ਼ੇ ਹੇਠ ਸਨ।
ਹੈਰਾਤ ਵੱਲ ਦੇ ਪੰਜ ਸੂਬੇ ਤਾਕਤਵਰ ਲੀਡਰ ਇਸਮਾਇਲ ਖਾਂ ਕੋਲ ਸਨ। ਪਾਕਿਸਤਾਨ ਨਾਲ ਲੱਗਦੇ ਪੂਰਬੀ ਇਲਾਕਿਆਂ ਉਤੇ ਸਾਂਝੀ ਕੌਂਸਲ ਨੇ ਕਬਜ਼ਾ ਜਮਾ ਲਿਆ। ਕਈ ਛੋਟੇ ਪਖਤੂਨ ਕਮਾਂਡਰ ਕੌਂਸਲ ਦੇ ਮੈਂਬਰ ਸਨ। ਉਤਰ ਦੇ ਛੇ ਸੂਬੇ ਉਜ਼ਬੇਕ ਕਮਾਂਡਰ ਰਸ਼ੀਦ ਦੋਸਤਮ ਕੋਲ ਸਨ। ਮੱਧ ਅਫਗਾਨਿਸਤਾਨ ‘ਚ ਕਰੀਮ ਖਲੀਲੀ ਵਰਗੇ ਹਜ਼ਾਰੇ ਦੇ ਕਈ ਕਮਾਂਡਰਾਂ ਨੇ ਇਕੱਠੇ ਹੋ ਕੇ ਕਬਜ਼ਾ ਜਮਾ ਲਿਆ ਸੀ। ਦੱਖਣ ਵੱਲ ਵੀ ਇਹੀ ਹਾਲ ਸੀ। ਥਾਂ ਥਾਂ ਛੋਟੇ ਦੁਰਾਨੀ ਪਖਤੂਨ ਲੀਡਰ ਆਪਣੇ ਨਾਕੇ ਲਾ ਕੇ ਬੈਠ ਗਏ। ਸਾਰਾ ਮੁਲਕ ਦਰਜਨਾਂ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ। ਹਰ ਕੋਈ ਕਮਾਂਡਰ ਦੂਜੇ ਦੇ ਖੂਨ ਦਾ ਪਿਆਸਾ ਸੀ। ਰੋਜ਼ਾਨਾ ਕਦੇ ਵੀ ਨਾ ਮੁੱਕਣ ਵਾਲੀ ਲੜਾਈ ਚਲਦੀ ਰਹਿੰਦੀ। ਆਮ ਜਨਤਾ ਜਿਹੜੀ ਜਹਾਦ ਦੇ ਨਾਂ ਹੇਠ ਰੂਸ ਖਿਲਾਫ ਲੜੀ ਸੀ, ਨਿਰਾਸ਼ ਹੋ ਗਈ। ਕਿਸੇ ਪਾਸੇ ਸ਼ਾਂਤੀ ਨਹੀਂ ਸੀ। ਇਸ ਅਫਰਾ-ਤਫਰੀ ‘ਚ ਮੁਲਕ ਦੀ ਤਰੱਕੀ ਅਸੰਭਵ ਸੀ, ਸਗੋਂ ਇਸ ਦੀ ਥਾਂ ਸਥਾਨਕ ਕਮਾਂਡਰ ਅਤੇ ਸਿਪਾਹ ਸਿਲਾਰ ਲੋਕਾਂ ‘ਤੇ ਅੰਨ੍ਹਾ ਜ਼ੁਲਮ ਕਰ ਰਹੇ ਸਨ। ਕਤਲੋਗਾਰਤ, ਉਧਾਲੇ, ਲੁੱਟ-ਖੋਹ ਅਤੇ ਗੁੰਡਾਗਰਦੀ ਸਾਰੇ ਹੱਦਾਂ ਬੰਨੇ ਟੱਪ ਗਈ। ਮੁਲਕ ਛੱਡ ਕੇ ਭੱਜੇ ਜੋ ਲੋਕ ਪਾਕਿਸਤਾਨ ਜਾਂ ਇਰਾਨ ਵਿਚ ਰਿਫਿਊਜੀ ਬਣੇ ਬੈਠੇ ਸਨ, ਨੇ ਸੋਚਿਆ ਸੀ ਕਿ ਰੂਸ ਦੇ ਜਾਣ ਪਿੱਛੋਂ ਉਹ ਘਰਾਂ ਨੂੰ ਮੁੜ ਸਕਣਗੇ, ਪਰ ਅਜਿਹਾ ਨਾ ਹੋਇਆ, ਸਗੋਂ ਇਨ੍ਹਾਂ ਸਿਪਾਹਸਲਾਰਾਂ ਦੇ ਸਤਾਏ ਲੋਕ ਹੁਣ ਵੀ ਭੱਜ ਰਹੇ ਸਨ।
(ਚਲਦਾ)