ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਪੰਜਾਬ ਵਿਚ ਔਰਤਾਂ ਨਾਲ ਛੇੜ-ਛਾੜ ਅਤੇ ਜਬਰ ਜਨਾਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਸੰਗਰੂਰ ਦੇ ਪਿੰਡ ਕਾਲ ਬੰਜਾਰਾ ਦੀ 16 ਸਾਲਾ ਕੁੜੀ ਬੇਅੰਤ ਕੌਰ ਵੱਲੋਂ ਛੇੜ-ਛਾੜ ਤੋਂ ਤੰਗ ਆ ਕੇ ਖ਼ੁਦ ਨੂੰ ਅੱਗ ਲਾਉਣ ਦੀ ਘਟਨਾ ਨੇ ਪੰਜਾਬ ਵਿਚ ਅਮਨ-ਕਾਨੂੰਨ ਦੀ ਨਿਘਰਦੀ ਹਾਲਤ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਕੁੜੀ ਨਾਲ ਤਕਰੀਬਨ ਇਕ ਮਹੀਨੇ ਤੋਂ ਪਿੰਡ ਦੇ ਹੀ ਕੁਝ ਮੁੰਡੇ ਛੇੜ-ਛਾੜ ਕਰ ਰਹੇ ਸਨ।
ਚਾਰ ਅਗਸਤ ਨੂੰ ਇਨ੍ਹਾਂ ਮੁੰਡਿਆਂ ਨੇ ਬੇਅੰਤ ਕੌਰ ਨਾਲ ਬੱਸ ਵਿਚ ਛੇੜ-ਛਾੜ ਕੀਤੀ। ਬੇਅੰਤ ਨੇ ਘਰ ਆ ਕੇ ਕਿਸੇ ਨਾਲ ਗੱਲ ਕਰਨ ਦੀ ਥਾਂ ਤੇਲ ਛਿੜਕ ਕੇ ਖੁਦ ਨੂੰ ਅੱਗ ਲਾ ਲਈ। 80 ਫੀਸਦੀ ਝੁਲਸੀ ਬੇਅੰਤ ਨੂੰ ਪੀæਜੀæਆਈæ ਦਾਖਲ ਕਰਵਾਇਆ ਗਿਆ ਸੀ ਜਿਥੇ ਸੱਤ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਦੀ ਕਾਰਗੁਜ਼ਾਰੀ ਉਤੇ ਵੀ ਸਵਾਲ ਉਠੇ ਹਨ। ਪੰਜ ਦਿਨ ਤੱਕ ਪੁਲਿਸ ਬਿਆਨ ਦਰਜ ਕਰਨ ਤੋਂ ਟਲਦੀ ਰਹੀ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਦੇ ਉਚ ਅਧਿਕਾਰੀ ਦੋਸ਼ੀਆਂ ਨੂੰ ਬਚਾਉਣ ਵਿਚ ਜੁਟੇ ਹੋਏ ਹਨ।
ਪੰਜਾਬ ਵਿਚ ਇਹ ਮਾਮਲਾ ਕੋਈ ਨਵਾਂ ਨਹੀਂ ਹੈ। ਮੋਗਾ ਵਿਚ 29 ਅਪਰੈਲ ਨੂੰ ਬਾਦਲਾਂ ਦੀ ਮਾਲਕੀ ਵਾਲੀ ਔਰਬਿਟ ਕੰਪਨੀ ਦੀ ਬੱਸ ਦੇ ਅਮਲੇ ਨੇ ਛੇੜ-ਛਾੜ ਤੋਂ ਬਾਅਦ 13 ਸਾਲਾ ਲੜਕੀ ਅਰਸ਼ਦੀਪ ਨੂੰ ਥੱਲੇ ਸੁੱਟ ਦਿੱਤਾ ਸੀ। ਅਜੇ ਪਿਛਲੇ ਹਫਤੇ ਹੀ ਜਲੰਧਰ ਵਿਚ ਸਕੂਲੀ ਵਿਦਿਆਰਥਣ ਨਾਲ ਜਬਰ ਜਨਾਹ ਦੀ ਘਟਨਾ ਵਾਪਰੀ ਸੀ। ਅਜਿਹੀਆਂ ਘਟਨਾਵਾਂ ਨਿੱਤ ਦਿਨ ਵਾਪਰਦੀਆਂ ਹਨ ਪਰ ਇਨ੍ਹਾਂ ਵਿਚੋਂ ਕੁਝ ਮਾਮਲੇ ਹੀ ਪੁਲਿਸ ਤੱਕ ਪਹੁੰਚਦੇ ਹਨ। ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ ਹਰ ਤਿੰਨ ਦਿਨਾਂ ਦੌਰਾਨ ਅੱਠ ਲੜਕੀਆਂ ਤੇ ਮਹਿਲਾਵਾਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਲੰਘੇ ਚਾਰ ਵਰ੍ਹਿਆਂ (ਜਨਵਰੀ 2011 ਤੋਂ ਦਸੰਬਰ 2014 ਤੱਕ) ਦੌਰਾਨ ਜਬਰ ਜਨਾਹ ਤੇ ਛੇੜ-ਛਾੜ ਦੇ 4548 ਕੇਸ ਦਰਜ ਹੋਏ ਹਨ। ਇਉਂ ਔਸਤਨ ਹਰ ਮਹੀਨੇ 94 ਔਰਤਾਂ ਨਾਲ ਜਬਰ ਜਨਾਹ ਤੇ ਛੇੜ-ਛਾੜ ਹੁੰਦੀ ਹੈ। ਪੰਜਾਬ ਵਿਚ 2013 ਵਿਚ ਜਬਰ ਜਨਾਹ ਤੇ ਛੇੜ-ਛਾੜ ਦੇ ਦੋ ਹਜ਼ਾਰ ਕੇਸ ਦਰਜ ਹੋਏ। ਸਾਲ 2012 ਵਿਚ 1051, 2011 ਵਿਚ 792 ਅਤੇ 2014 ਵਿਚ 705 ਕੇਸ ਦਰਜ ਹੋਏ ਹਨ।
ਇਸ ਤੋਂ ਇਲਾਵਾ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਵੀ ਪੁਲਿਸ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਆਮ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਵਿਚ ਐਸ਼ਸੀæ/ਐਸ਼ਟੀæ ਵਰਗ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਰਿਪੋਰਟ ਰਾਸ਼ਟਰਪਤੀ ਨੂੰ ਵੀ ਭੇਜ ਚੁੱਕਿਆ ਪਰ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਦੀ ਵੱਲੋਂ ਕੋਈ ਕਾਰਵਾਈ ਨਾ ਕਰਨ ਤੋਂ ਬਾਅਦ ਇਸ ਵਰ੍ਹੇ 20 ਲੜਕੀਆਂ/ਔਰਤਾਂ ਨੇ ਪੰਜਾਬ ਰਾਜ ਮਹਿਲਾ ਅਧਿਕਾਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਇਹੀ ਨਹੀਂ, ਜਬਰ ਜਨਾਹ ਤੇ ਔਰਤਾਂ ਨਾਲ ਸਬੰਧਤ ਹੋਰ ਮਾਮਲਿਆਂ ਵਿਚ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਖਿਲਾਫ਼ ਵੀ 24 ਸ਼ਿਕਾਇਤਾਂ ਪੰਜਾਬ ਮਹਿਲਾ ਅਧਿਕਾਰ ਕਮਿਸ਼ਨ ਕੋਲ ਪੁੱਜੀਆਂ ਹਨ। ਨਵੰਬਰ 2014 ਤੱਕ ਪੰਜਾਬ ਵਿਚ ਆਈæਪੀæਸੀæ ਦੀ ਧਾਰਾ 354 ਤਹਿਤ ਛੇੜ-ਛਾੜ ਦੇ 1041 ਮਾਮਲੇ ਦਰਜ ਹੋਏ। ਲੜਕੀਆਂ ਨੂੰ ਅਗਵਾ ਕਰਨ ਨਾਲ ਸਬੰਧਤ ਦਰਜ ਮਾਮਲਿਆਂ ਦੀ ਗਿਣਤੀ ਨਵੰਬਰ ਮਹੀਨੇ ਤੱਕ 990 ਰਹੀ।
_______________________________________
ਪੰਜਾਬ ਸਰਕਾਰ ਦੀ ਨਾਅਹਿਲੀਅਤ
ਦਿੱਲੀ ਦੇ ‘ਨਿਰਭੈ ਜਬਰ ਜਨਾਹ ਕਾਂਡ’ ਤੋਂ ਬਾਅਦ ਪੰਜਾਬ ਵਿਚ ਵਿਸ਼ੇਸ਼ ਮਹਿਲਾ ਸੁਰੱਖਿਆ ਕਮਾਂਡੋ ਦਸਤੇ ਤਾਇਨਾਤ ਕੀਤੇ ਗਏ ਸਨ। 1091 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਸੀ। 3-4 ਮਹੀਨੇ ਤਾਂ ਇਨ੍ਹਾਂ ਮਹਿਲਾ ਕਮਾਂਡੋਆਂ ਨੂੰ ਕੁਝ ਸ਼ਹਿਰਾਂ ਵਿਚ ਗਸ਼ਤ ਕਰਦੇ ਵੇਖਿਆ, ਪਰ ਮਗਰੋਂ ਦਰਸ਼ਨ ਦੁਰਲੱਭ ਹੋ ਗਏ। ਉਂਝ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ 181 ਨੰਬਰ ਦੀ ਹੈਲਪਲਾਈਨ ਰਾਹੀਂ 40 ਹਜ਼ਾਰ ਮਹਿਲਾ ਸ਼ਿਕਾਇਤਾਂ ਦਾ ਨਿਬੇੜਾ ਕੀਤਾ ਜਾ ਚੁੱਕਾ ਹੈ ਪਰ ਜਬਰ ਜਨਾਹ ਦਾ ਵਧ ਰਿਹਾ ਗਰਾਫ਼ ਇਨ੍ਹਾਂ ਦਾਅਵਿਆਂ ਨੂੰ ਝੁਠਲਾ ਰਿਹਾ ਹੈ।