ਕਿਥੇ ਦੁਨੀਆਂ ਬਣਾਉਣ ਵਾਲਾ ਦੱਸਦਾ ਏ ਭੇਤ?

ਕਹਿੰਦੇ ਨੇ ਆਪਣੇ ਮੁਲਕ ਨੂੰ ਭੰਡਣ ਤੋਂ ਪਹਿਲਾਂ ਸੌ ਵਾਰ ਸੋਚੋ, ਕਿਉਂਕਿ ਤੁਹਾਡੀ ਜਿਥੇ ਵੀ ਤੇ ਜਦੋਂ ਵੀ ਪਛਾਣ ਹੋਵੇਗੀ, ਆਪਣੇ ਮੁਲਕ ਕਰ ਕੇ ਹੀ ਹੋਵੇਗੀ। ਪਰਾਇਆ ਹੱਕ ਖਾ ਲਵੋਗੇ, ਚਲੋ ਫਿਰ ਵੀ ਕੁਝ ਚੱਲ ਜਾਵੇਗਾ ਪਰ ਪਰਾਈ ਇਸਤਰੀ ਤੇ ਪਰਾਏ ਮਰਦ ਦਾ ਸੰਗ ਹਾਲੇ ਤੀਕਰ ਕਿਸੇ ਦੇ ਰਾਸ ਨਹੀਂ ਆਇਆ। ਵੱਖਰੀ ਗੱਲ ਹੈ ਕਿ ਕਈ ਜੁੱਤੀਆਂ ਖਾ ਕੇ ਵੀ ਕਹਿੰਦੇ ਹੋਣ, ਚਲੋ ਮਿੱਟੀ ਝੜ ਗਈ। ਕੁਝ ਲੋਕ ਜ਼ਿੰਦਗੀ ਨੂੰ ਉਵੇਂ ਖਿੱਚੀ ਫਿਰਦੇ ਨੇ ਜਿਵੇਂ ਸੂਈ ਧਾਗੇ ਨੂੰ ਲਈ ਫਿਰਦੀ ਹੈ। ਦੋ ਸਿਆਣੇ ਜਾ ਰਹੇ ਸਨ। ਇਕ ਨੇ ਪੁੱਛਿਆ, ‘ਜਨਾਬ, ਜੇ ਹੰਸ ਤੇ ਬਗਲਾ ‘ਕੱਠੇ ਹੋਣ ਤਾਂ ਦੋਹਾਂ ਦੀ ਪਛਾਣ ਕਿਵੇਂ ਕੀਤੀ ਜਾਊਗੀ?’ ਦੂਜਾ ਕਹਿਣ ਲੱਗਾ, ‘ਮੋਤੀ ਤੇ ਕੰਕਰ ਇਕੋ ਥਾਂ ਖਿਲਾਰ ਦਿਓ। ਆਪੇ ਪਤਾ ਲੱਗ ਜੂ ਹੰਸ ਕਿਹੜਾ ਤੇ ਬਗਲਾ ਕਿਹੜਾ।’ ਪਹਿਲਾ ਸਿਆਣਾ ਹੱਸ ਪਿਆ, ‘ਇਹ ਤਾਂ ਮੈਨੂੰ ਵੀ ਪਤਾ ਪਰ ਅੱਜਕੱਲ੍ਹ ਹੰਸ ਵੀ ਕੰਕਰਾਂ ਨੂੰ ਮੂੰਹ ਮਾਰਨ ਲੱਗ ਪਏ ਹਨ।’ ਫਿਰ ਕਿਤੇ ਜਾ ਕੇ ਦੂਜੇ ਸਿਆਣੇ ਦੇ ਖਾਨੇ ਪਈ-‘ਇਹ ਬੰਦਾ ਕਲਯੁੱਗ ਦੀ ਗੱਲ ਕਰਦਾ।’ ਹੁਣ ਕੁਝ ਵੀ ਅਸੰਭਵ ਨਹੀਂ, ਸਭ ਕੁਝ ਮੁਮਕਿਨ ਹੈ। ਕਦੇ ਬੰਦੇ ਚੋਅ ਕੇ ਤਾਂ ਗਾਂ ਨੂੰ ਹਟੇ ਹੁੰਦੇ ਨੇ, ਬਾਲਟੀ ਵੀ ਦੁੱਧ ਦੀ ਨੱਕੋ-ਨੱਕ ਭਰੀ ਹੁੰਦੀ ਹੈ ਪਰ ਥਾਪੀ ਵੱਛੇ ਨੂੰ ਦੇਈ ਜਾਣਗੇ। ਇਨ੍ਹਾਂ ਨੂੰ ਸਿਆਣੇ ਨਹੀਂ ਕਿਹਾ ਜਾ ਸਕਦਾ, ਕਿਉਂਕਿ ਗਊ ਦੇ ਜਾਏ ਦਾ ਹੱਕ ਇਹ ਹੁਣੇ ਮਾਰ ਕੇ ਹਟੇ ਹੁੰਦੇ ਹਨ। ਜਿਹੜੇ ਬੰਦੇ ਸਵੇਰ ਦੀ ਲੰਘੀ ਟਰੇਨ ਨੂੰ ਸ਼ਾਮ ਤੱਕ ਟੇਸ਼ਨ ‘ਤੇ ਬਹਿ ਕੇ ਉਡੀਕੀ ਜਾਣ, ਉਨ੍ਹਾਂ ਨੂੰ ਟਿਕਾਣੇ ‘ਤੇ ਪੁੱਜਣ ਦਾ ਭਰਮ ਵੀ ਹੋ ਸਕਦਾ ਹੈ। ਗੱਲ ਜਦੋਂ ਵੀ ਬਣੇਗੀ, ਘਰੋਂ ਨਿਕਲਣ ਨਾਲ ਨਹੀਂ, ਸਗੋਂ ਦੁਨੀਆਂ ਦੀ ਭੀੜ ਵਿਚੋਂ ਨਿਕਲਣ ਨਾਲ ਬਣੇਗੀ। ਦਰੋਪਤੀਆਂ ਦੇ ਚੀਰ ਹਰਨ ਤਾਂ ਹੁਣ ਵੀ ਹੋ ਰਹੇ ਹਨ ਪਰ ਲਗਦੈ, ਉਨ੍ਹਾਂ ਨਾਲ ਭਗਵਾਨ ਕ੍ਰਿਸ਼ਨ ਰੁੱਸ ਗਿਐ, ਕਿਉਂਕਿ ਜੋ ਕੁਝ ਆਹ ਹੋ ਰਿਹੈ, ਨਿਸ਼ਚੇ ਹੀ ਭਗਵਾਨ ਕ੍ਰਿਸ਼ਨ ਤੇ ਰਾਮ ਵੀ ਗਲ ਲੱਗ ਕੇ ਰੋ ਰਹੇ ਹਨ। ਨਰਕ ਅਸਲ ਕਿਸੇ ਥਾਂ ਦਾ ਨਾਂ ਨਹੀਂ, ਇਹ ਕੁਝ ਲੋਕਾਂ ਦੇ ਅੰਦਰ ਹੈ ਤੇ ਜ਼ੁਲੈਖਾਂ ਵਾਂਗ ਕਈਆਂ ਨੇ ਹੁਣੇ ਜੇਲ੍ਹਾਂ ‘ਚ ਨਰਕ ਭੋਗ ਕੇ ਮਸਾਂ ਮਰ ਕੇ ਖਹਿੜਾ ਛੁਡਾਇਐæææ।

ਐਸ਼ ਅਸ਼ੋਕ ਭੌਰਾ
ਪੈਸਾ ਆਉਣ ਲੱਗਾ ਇਹ ਨਹੀਂ ਪੁੱਛਦਾ ਕਿ ਤੇਰੀ ਯੋਗਤਾ ਕੀ ਹੈ? ਜਾਣ ਲੱਗਿਆਂ ਇਹ ਜ਼ਰੂਰ ਦੱਸ ਜਾਂਦਾ ਹੈ ਕਿ ਤੈਨੂੰ ਸਾਂਭਣ ਦੀ ਅਕਲ ਨਹੀਂ। ਪੈਸੇ ਦੀ ਦੌੜ ‘ਚ ਕਈ ਹਾਦਸੇ ਇੰਨੀ ਤੇਜ਼ੀ ਨਾਲ ਵਾਪਰ ਰਹੇ ਹਨ ਕਿ ਕੈਮਰੇ ਦੀ ਅੱਖ ਵੀ ਹੱਥ ਖੜ੍ਹੇ ਕਰੀ ਜਾ ਰਹੀ ਹੈ, ‘ਮੇਰੀ ਤੋਬਾ।’
ਕਿਸੇ ਸਕੂਲ ਦੀ ਛੱਤ ਨਹੀਂ ਸੀ। ਜਿਸ ਦਿਨ ਮੀਂਹ ਪੈਂਦਾ ਤਾਂ ਮਜਬੂਰਨ ਬੱਚਿਆਂ ਨੂੰ ਛੁੱਟੀ ਕਰਨੀ ਪੈਂਦੀ ਪਰ ਜਦੋਂ ਨਤੀਜਾ ਆਉਂਦਾ ਤਾਂ ਸਾਰੇ ਬੱਚੇ ਪਹਿਲੇ ਦਰਜੇ ‘ਚ ਪਾਸ ਹੁੰਦੇ। ਲੋੜ ਅਸਲ ‘ਚ ਛੱਤਾਂ ਦੀ ਨਹੀਂ, ਅਧਿਆਪਕਾਂ ਦੀ ਮਿਹਨਤ ਦੀ ਹੁੰਦੀ ਹੈ।
‘ਨਾਨਕ ਦੁਖੀਆ ਸਭ ਸੰਸਾਰ’ ਦੀ ਧਾਰਨਾ ਤੇ ਸਰਬਵਿਆਪਕਤਾ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਪਰ ਕਈਆਂ ਨੂੰ ਭਰਮ ਹੈ ਕਿ ਫਲਾਣਾ ਸੁਖੀ ਬੜਾ, ਸੁੰਦਰ ਸਿਹੁੰ ਕੋਲ ਧਨ ਦੀਆਂ ਬੜੀਆਂ ਬਰਕਤਾਂ ਨੇ, ਧੰਨਾ ਸਿਹੁੰ ਕੋਲ ਜ਼ਮੀਨ ਬੜੀ ਉਪਜਾਊ ਹੈ, ਲਾਲਾ ਕਿਦਾਰ ਨਾਥ ਦੀ ਔਲਾਦ ਬੜੀ ਚੰਗੀ ਹੈ ਪਰ ਜੱਗ ਤੋਂ ਓਹਲੇ ਇਹ ਵੀ ਰੋਂਦੇ ਦੇਖੇ ਹਨ। ਇਹ ਵੀ ਧਾਰਮਿਕ ਸਥਾਨਾਂ ‘ਤੇ ਮੱਥੇ ਰਗੜ ਕੇ ਆਉਂਦੇ ਨੇ, ‘ਮਾਲਕਾ ਨੇੜੇ ਹੋ ਕੇ ਬਹੁੜ।’
ਲੋਕਾਂ ਨੂੰ ਹਸਾਉਣ ਵਾਲੇ ਮਸਖਰਿਆਂ ਨੂੰ ਦੇਖ ਕੇ ਲਗਦਾ ਤਾਂ ਸਾਰਿਆਂ ਨੂੰ ਇਉਂ ਹੈ ਕਿ ਇਹ ਅੰਦਰੋਂ ਬਹੁਤ ਪ੍ਰਸੰਨ ਹੋਣਗੇ ਪਰ ਹਸਾ-ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਇਹ ਭਲੇਮਾਣਸ ਜਾਣਦੇ ਹਨ ਕਿ ਖੰਡ ‘ਚ ਜ਼ਹਿਰ ਕਿਵੇਂ ਲਪੇਟੀ ਜਾਂਦੀ ਹੈ।
ਕਿਸੇ ਬਾਦਸ਼ਾਹ ਦੇ ਤਿੰਨ ਧੀਆਂ ਪਿੱਛੋਂ ਪੁੱਤਰ ਨੇ ਜਨਮ ਲਿਆ ਤਾਂ ਸ਼ਹਿਰ ‘ਚ ਢੋਲ-ਢਮੱਕੇ ਵੱਜਦੇ ਰਹੇ ਤੇ ਸਵਾ ਮਹੀਨਾ ਸ਼ਹਿਰ ਵਿਚ ਦੀਪਮਾਲਾ ਹੁੰਦੀ ਰਹੀ। ਜਿਸ ਦਿਨ ਬਾਦਸ਼ਾਹ ਨੇ ਪੁੱਤਰ ਦਾ ਮੂੰਹ ਦੇਖਣਾ ਸੀ, ਪੂਰਾ ਸ਼ਹਿਰ ‘ਕੱਠਾ ਕੀਤਾ ਗਿਆ। ਲੋਕਾਂ ਨੂੰ ਖ਼ੁਸ਼ ਕਰਨ ਲਈ ਫਜ਼ਲਦੀਨ ਨਾਂ ਦੇ ਪ੍ਰਸਿੱਧ ਮਸਕਰੇ ਨੂੰ ਸੱਦਿਆ ਗਿਆ। ਤਿੰਨ ਘੰਟੇ ਹਾਸੇ ਦੀਆਂ ਉਹ ਫੁਹਾਰਾਂ ਪਈਆਂ ਕਿ ਲੋਕਾਂ ਨੂੰ ਖ਼ੁਸ਼ ਦੇਖ ਕੇ ਬਾਦਸ਼ਾਹ ਸਲਾਮਤ ਵੀ ਬਾਗੋ-ਬਾਗ ਹੋ ਗਿਆ। ਫਜ਼ਲਦੀਨ ਨੂੰ ਉਸ ਨੇ ਜਦੋਂ ਮਹਿਲੀਂ ਬੁਲਾ ਕੇ ਪੁੱਛਿਆ, “ਮੰਗ ਅੱਜ ਕੀ ਮੰਗਦਾ ਏ? ਜੋ ਮੰਗੇਂਗਾ ਝੋਲੀ ਪਏਗਾ।”
ਪੂਰਾ ਦਿਨ ਲੋਕਾਂ ਨੂੰ ਹਸਾਉਣ ਵਾਲੇ ਫਜ਼ਲਦੀਨ ਦੀਆਂ ਧਾਹਾਂ ਨਾਲ ਅੰਬਰ ਕੰਬ ਗਿਆ! ਬਾਦਸ਼ਾਹ ਨੇ ਗਲ ਨਾਲ ਲਾ ਕੇ ਪੁੱਛਿਆ, “ਗੱਲ ਕੀ ਹੈ? ਤੂੰ ਆਪ ਕਿਉਂ ਰੋਂਦਾ ਏਂ?”
“ਬਾਦਸ਼ਾਹ ਸਲਾਮਤ! ਜਦੋਂ ਸਵੇਰੇ ਘਰੋਂ ਨਿਕਲਿਆ, ਬੇਗਮ ਕੁਝ ਢਿੱਲੀ-ਮੱਠੀ ਸੀ ਤੇ ਜਦੋਂ ਤੁਹਾਡੇ ਦਰਬਾਰ ਵਿਚ ਪਹੁੰਚਿਆ ਤਾਂ ਸੁਨੇਹਾ ਮਿਲਿਆ ਕਿ ਆਫਿਸ਼ਾਂ ਜਹਾਨ ਤੋਂ ਕੂਚ ਕਰ ਗਈ। ਨਿੱਕੇ-ਨਿੱਕੇ ਚਾਰ ਬੱਚੇ ਸਾਰਾ ਦਿਨ ਮਾਂ ਦੇ ਸਿਰਹਾਣੇ ਬੈਠ ਕੇ ਰੋਂਦੇ-ਵਿਲਕਦੇ ਰਹੇ ਹੋਣੇ ਨੇ, ਪਰ ਮੈਂ ਆਪਣਾ ਦਿਲ ਬੰਨ੍ਹ ਕੇ ਤੁਹਾਨੂੰ ਤੇ ਲੋਕਾਂ ਨੂੰ ਹਸਾਉਂਦਾ ਰਿਹਾ ਕਿ ਚਲੋ, ਕੱਫਣ ਜੋਗੇ ਚਾਰ ਤੇ ਦਫਨਾਉਣ ਜੋਗੇ ਦੋ ਟਕੇ ਤਾਂ ਮਿਲ ਹੀ ਜਾਣਗੇ!”
ਬਾਦਸ਼ਾਹ ਬੋਲਿਆ, “ਤੈਨੂੰ ਦੌਲਤ ਤਾਂ ਦੇ ਦਿਆਂਗਾ ਪਰ ਬੇਗਮ ਤੇ ਬੱਚਿਆਂ ਦੀ ਮਾਂ ਮੋੜ ਕੇ ਨਹੀਂ ਲਿਆ ਸਕਦਾ।”æææਤੇ ਕਹਿੰਦੇ ਨੇ, ਇਸ ਅਸਹਿ ਦੁੱਖ ਦਾ ਮਾਰਿਆ ਬਾਦਸ਼ਾਹ ਫਕੀਰ ਹੋ ਗਿਆ ਸੀ।
ਪਰ ਐਸ ਦੁੱਖ ਦਾ ਅਹਿਸਾਸ ਕਿਵੇਂ ਕਰੋਗੇ? ਇਸ ਨੂੰ ਸੁਣ ਕੇ ਤਾਂ ਦਿਲ ਕਿਸੇ ਪਾਸੇ ਵੀ ਨਹੀਂ ਠਹਿਰਦਾ! ਆਂਦਰਾਂ ਵਿਲਕਦੀਆਂ ਨਹੀਂ, ਕੀਰਨੇ ਪਾਉਂਦੀਆਂ ਹਨ। ਇਹ ਵਾਰਦਾਤ ਕਰਾਚੀ ਦੇ ਘੁੱਗ ਵਸਦੇ ਗਲੀ-ਮੁਹੱਲੇ ਦੀ ਹੈ:
ਜਦੋਂ ਕੁਝ ਪਲ ਲੱਤਾਂ-ਬਾਹਾਂ ਮਾਰ ਕੇ, ਇਮਾਮ-ਉਦ-ਦੀਨ ਦੇ ਵਜੂਦ ਵਿਚੋਂ ਭੌਰ ਨੇ ਉਡਾਰੀ ਮਾਰੀ ਤਾਂ ਜ਼ੁਲੈਖਾਂ ਨੇ ਉਸ ਦੇ ਗਲ ‘ਚ ਪਾਈ ਰੱਸੀ ਦਾ ਆਪਣੇ ਵੱਲ ਦਾ ਸਿਰਾ ਢਿੱਲਾ ਕਰਦਿਆਂ ਆਪਣੇ ਪ੍ਰੇਮੀ ਅਬਦੁੱਲ ਰਹੀਮ ਦੇ ਹੱਥ ‘ਤੇ ਹੱਥ ਮਾਰਦਿਆਂ ਕਿਹਾ, “ਛੱਡ ਦੇ ਹੁਣ ਤੂੰ ਵੀ ਰੱਸੀ ਦਾ ਸਿਰਾ, ਹੋ ਗਿਆ ਕੰਮ। ਆਪਾਂ ਤੇਰੇ ਨਾਲ ਲਾਈ ਸੀ ਤੇ ਤੋੜ ਨਿਭਾ ਦਿੱਤੀ। ਹੁਣ ਤੂੰ ਨਾ ਸਾਥ ਛੱਡ ਦੇਈਂ।” ਤੇ ਦੋਵੇਂ ਜਣੇ ਇਸ਼ਕ ਦਾ ਠਾਹਕਾ ਮਾਰ ਕੇ ਹੱਸ ਪਏ।
ਰਾਤ ਅੱਧੀ ਤੋਂ ਵੱਧ ਲੰਘ ਗਈ ਸੀ ਜਦੋਂ ਦੋਹਾਂ ਨੇ ਇਕ ਬੇਕਸੂਰ ਮੌਤ ਦੀ ਘੋੜੀ ਚੜ੍ਹਾ ਦਿੱਤਾ ਸੀ।
ਕਰਾਚੀ ਦੇ ਭੀੜ-ਭੜੱਕੇ ਵਾਲੇ ਇਲਾਕੇ ‘ਚ ਇਮਾਮ-ਉਦ-ਦੀਨ ਤੇ ਜ਼ੁਲੈਖਾਂ ਨੇ ਦੋ ਸਾਲ ਪਹਿਲਾਂ 400 ਰੁਪਏ ਕਿਰਾਏ ‘ਤੇ ਮਕਾਨ ਤੇ ਰਸੋਈ ਲਏ। ਮਕਾਨ ਮਾਲਕ ਰੇਲਵੇ ‘ਚ ਕਲਰਕ ਸੀ ਜੋ ਉਪਰ ਚੁਬਾਰੇ ਵਾਲੇ ਦੋ ਕਮਰਿਆਂ ਵਿਚ ਰਹਿੰਦੇ ਸਨ। ਕਦੇ ਵੀ ਮਕਾਨ ਮਾਲਕ ਜਾਂ ਗਲੀ-ਮਹੁੱਲੇ ਵਿਚ ਦੋਹਾਂ ਦਰਮਿਆਨ ਕਿਸੇ ਨੇ ਲੜਾਈ-ਝਗੜਾ ਨਹੀਂ ਦੇਖਿਆ-ਸੁਣਿਆ। ਉਨ੍ਹਾਂ ਦੇ ਇਕ ਹੀ ਬੇਟੀ ਸੀ ਵਹੀਦਾ, 18-19 ਵਰ੍ਹਿਆਂ ਦੀ।
ਅਸਲ ਵਿਚ ਅਬਦੁੱਲ ਜ਼ੁਲੈਖਾਂ ਦਾ ਮੂੰਹ ਬੋਲਿਆ ਭਰਾ ਬਣਿਆ ਹੋਇਆ ਸੀ ਜਿਸ ‘ਤੇ ਇਮਾਮ-ਉਦ-ਦੀਨ ਨੂੰ ਸ਼ੱਕ ਨਹੀਂ ਸੀ ਪਰ ਉਸ ਦੇ ਭਤੀਜੇ ਸ਼ਹਿਬਾਜ਼ ਦੀਆਂ ਆਪਣੀ ਧੀ ਵਹੀਦਾ ਨਾਲ ਹਰਕਤਾਂ ਉਸ ਨੂੰ ਡਾਢਾ ਪ੍ਰੇਸ਼ਾਨ ਕਰਦੀਆਂ ਸਨ। ਉਹ ਸਾਰਾ ਦਿਨ ਬਾਜ਼ਾਰ ਵਿਚ ਫਲਾਂ ਦੀ ਰੇਹੜੀ ਲਾਉਂਦਾ ਤੇ ਘਰ ਦਾ ਗੁਜ਼ਾਰਾ ਤੋਰਦਾ। ਆਥਣੇ ਜਦੋਂ ਘਰ ਵੜਦਾ ਤਾਂ ਸਾਰਾ ਦਿਨ ਬੋਲਦੇ ਦੀਆਂ ਰਗਾਂ ਦੁਖਦੀਆਂ ਹੁੰਦੀਆਂ। ਇਕ ਦਿਨ ਜਦੋਂ ਵਹੀਦਾ ਨੂੰ ਦੇਰ ਰਾਤ ਗਈ ਸ਼ਹਿਬਾਜ਼ ਛੱਡਣ ਆਇਆ ਤਾਂ ਇਮਾਮ-ਉਦ-ਦੀਨ ਆਪੇ ਤੋਂ ਬਾਹਰ ਹੋ ਗਿਆ। ਉਸ ਨੇ ਸ਼ਹਿਬਾਜ਼ ਨੂੰ ਕਿਹਾ, “ਫਿਰ ਸਾਡੇ ਘਰ ਨਾ ਆਵੀਂ।”æææਤੇ ਘਰ ਵਿਚ ਸਾਰੀ ਰਾਤ ਕਲੇਸ਼ ਹੁੰਦਾ ਰਿਹਾ ਤੇ ਰੱਜ ਕੇ ਸੁਨੱਖੀ ਜ਼ੁਲੈਖਾਂ ਆਪਣੀ ਧੀ ਦਾ ਪੱਖ ਪੂਰਦਿਆਂ ਆਖ ਰਹੀ ਸੀ, “ਮੇਰੀ ਧੀ ਦਾਗੀ ਨਹੀਂ ਹੋ ਸਕਦੀ?” ਜਦੋਂਕਿ ਮਾਂ ਨੂੰ ਧੀ ਦੇ ਸ਼ਹਿਬਾਜ਼ ਨਾਲ ਸਬੰਧਾਂ ਦਾ ਗਿਆਨ ਸੀ।
ਗੁੱਸੇ ਵਿਚ ਆਏ ਇਮਾਮ-ਉਦ-ਦੀਨ ਨੇ ਧੀ ਨੂੰ ਰੱਜ ਕੇ ਕੁੱਟਿਆ। ਲੱਤਾਂ ਤੇ ਪਸਲੀਆਂ ਵੇਲਣੇ ਨਾਲ ਭੰਨ ਸੁੱਟੀਆਂ ਪਰ ਦਰਵਾਜ਼ੇ ਤਾਕੀਆਂ ਦੀਆਂ ਝੀਤਾਂ ਵਿਚ ਕੱਪੜਾ ਦੇ ਕੇ ਆਵਾਜ਼ ਬਾਹਰ ਨਾ ਨਿਕਲਣ ਦਿੱਤੀ। ਪਹਿਲੇ ਪਹਿਰ ਜਾ ਕੇ ਘਰ ਵਿਚ ਸ਼ਾਂਤੀ ਹੋਈ ਹੋਵੇਗੀ। ਸਵੇਰੇ ਕੰਮ ‘ਤੇ ਜਾਣ ਲੱਗੇ ਇਮਾਮ-ਉਦ-ਦੀਨ ਨੇ ਜ਼ੁਲੈਖਾਂ ਨੂੰ ਕਮੀਜ਼ ਦੀ ਜੇਬ ਵਿਚੋਂ ਚਾਰ ਗੋਲੀਆਂ ਕੱਢ ਕੇ ਫੜਾਉਂਦਿਆਂ ਕਿਹਾ, “ਇਹ ਦੁੱਧ ‘ਚ ਵਹੀਦਾ ਨੂੰ ਦੇ ਦੇਵੀਂ, ਨੀਂਦ ਵੀ ਆ ਜਾਵੇਗੀ ਤੇ ਸੱਟਾਂ ਵੀ ਨਹੀਂ ਰੜਕਣਗੀਆਂ।”æææਤੇ ਘਰੋਂ ਨਿਕਲ ਗਿਆ। ਜ਼ੁਲੈਖਾਂ ਦੇ ਮਨ ਵਿਚ ਸ਼ੈਤਾਨ ਜਾਗ ਪਿਆ ਅਤੇ ਖਿਆਲ ਗੰਦਲੇ ਹੋ ਗਏ।
ਦਿਨੇ ਜਦੋਂ ਅਬਦੁੱਲ ਆਇਆ ਤਾਂ ਜ਼ੁਲੈਖਾਂ ਨੇ ਕਿਹਾ, “ਅੱਧੀ ਰਾਤ ਨੂੰ ਜੇ ਗਲੀ ਵਾਲੀ ਤਾਕੀ ਅੱਧੀ ਖੁੱਲ੍ਹੀ ਹੋਈ ਤਾਂ ਦਰਵਾਜ਼ਾ ਸਿਰਫ ਭੇੜਿਆ ਹੋਵੇਗਾ, ਚਾਚਾ-ਭਤੀਜਾ ਦੋਵੇਂ ਇਕੱਠੇ ਆਇਓ ਤੇ ਅੰਦਰ ਲੰਘ ਜਾਣਾ।” ਜ਼ੁਲੈਖਾਂ ਨੇ ਧੀ ਨੂੰ ਗੋਲੀਆਂ ਦੇਣ ਦੀ ਥਾਂ ਉਹ ਗੋਲੀਆਂ ਦਿਖਾ ਕੇ ਬਾਜ਼ਾਰੋਂ 20 ਗੋਲੀਆਂ ਹੋਰ ਲੈ ਆਂਦੀਆਂ।
ਉਧਰ ਇਮਾਮ-ਉਦ-ਦੀਨ ਦਾ ਵੀ ਕੰਮ ‘ਚ ਚਿੱਤ ਨਾ ਲੱਗਾ ਤੇ ਉਹ ਦਿਨ ਖੜ੍ਹੇ ਘਰ ਆ ਗਿਆ। ਸਵੇਰ ਦਾ ਕੁਝ ਖਾਧਾ ਨਾ ਹੋਣ ਕਰ ਕੇ ਉਹ ਭੁੱਖਾ ਸੀ ਤੇ ਆਉਂਦਿਆਂ ਰੋਟੀ ਮੰਗਣ ਲੱਗਾ। ਜ਼ੁਲੈਖਾਂ ਨੇ 10 ਗੋਲੀਆਂ ਦਾਲ ਵਿਚ ਘੋਲ ਕੇ ਖੁਆ ਦਿੱਤੀਆਂ ਤੇ ਬਾਕੀ ਰਹਿੰਦੀਆਂ ਦੁੱਧ ਦੇ ਗਿਲਾਸ ਵਿਚ ਘੋਲ ਕੇ ਸੌਣ ਲੱਗੇ ਨੂੰ ਦੇ ਦਿੱਤੀਆਂ। ਘੰਟੇ ਕੁ ਪਿੱਛੋਂ ਇਮਾਦ-ਉਦ-ਦੀਨ ਬੇ-ਸੁਰਤ ਜਿਹਾ ਹੋ ਗਿਆ। ਜ਼ੁਲੈਖਾਂ ਨੇ ਹਿਲਾ-ਜੁਲਾ ਕੇ ਦੇਖਿਆ, ਉਹ ਸੁੱਧ-ਬੁੱਧ ਗੁਆ ਚੁੱਕਾ ਸੀ। ਹੁਣ ਉਡੀਕ ਹੋ ਰਹੀ ਸੀ ਚਾਚੇ-ਭਤੀਜੇ ਅਬਦੁੱਲ ਤੇ ਸ਼ਹਿਬਾਜ਼ ਦੀ। ਉਦੋਂ ਹੀ ਪਤਾ ਲੱਗਾ ਜਦੋਂ ਦੋਵੇਂ ਮਲਕੜੇ ਜਿਹੇ ਅੰਦਰ ਆਣ ਵੜੇ। ਧੀ ਨੂੰ ਅੱਬਾ ਦੀ ਬੇਹੋਸ਼ੀ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਮਾਂ ਨੇ ਧੱਕੇ ਨਾਲ ਹੀ ਹਨੇਰੇ ‘ਚ ਉਸ ਨੂੰ ਸ਼ਹਿਬਾਜ਼ ਨਾਲ ਤੋਰ ਦਿੱਤਾ ਤੇ ਨਾਲ ਹੀ ਸ਼ਹਿਬਾਜ਼ ਦੇ ਕੰਨ ਵਿਚ ਕਹਿ ਦਿੱਤਾ, ‘ਕੱਲ੍ਹ ਆਥਣੇ ‘ਕੱਲਾ ਆਈਂ।’ ਉਨ੍ਹਾਂ ਦੇ ਜਾਂਦਿਆਂ ਹੀ ਜ਼ੁਲੈਖਾਂ ਨੇ ਅਬਦੁੱਲ ਦੇ ਗਲ ਵਿਚ ਬਾਹਾਂ ਪਾ ਕੇ ਆਖਿਆ, “ਇਹ ਕੱਲਯੁੱਗੀ ਬਦਸੁਰਤ ਅੱਜ ਰਾਹ ‘ਚੋਂ ਲਾਂਭੇ ਕਰਨਾ।” ਤੇ ਅਲਮਾਰੀ ‘ਚ ਰੱਖੀ ਨਵੀਂ ਪਲਾਸਟਿਕ ਦੀ ਰੱਸੀ ਅਬਦੁੱਲ ਦੇ ਹੱਥ ਫੜਾਉਂਦਿਆਂ ਕਿਹਾ, “ਪਾ ਇਸ ਦੇ ਗਲ ਵਿਚ ਨਾਗਵਲ ਤੇ ਬੁਲਾ ਦੇਈਏ ਪਾਰ।”
“ਕਿਤੇ ਜਾਗ ਨਾ ਪਵੇ?” ਅੰਦਰੋਂ ਡਰਦਾ ਅਬਦੁੱਲ ਬੋਲਿਆ।
“ਇਹਦੀ ਅੱਖ ਤਿੰਨ ਦਿਨ ਨਹੀਂ ਖੁੱਲ੍ਹੇਗੀ ਤੇ ਦਿਲ ਦੀ ਧੜਕਣ ਆਪਾਂ ਹੁਣੇ ਬੰਦ ਕਰ ਦੇਣੀ ਐਂ।”
ਤੇ ਜਦੋਂ ਇਮਾਮ-ਉਦ-ਦੀਨ ਦੇ ਗਲ ‘ਚ ਪਾਈ ਰੱਸੀ ਨੂੰ ਦੋਹਾਂ ਨੇ ਜ਼ੋਰ ਨਾਲ ਖਿੱਚਿਆ ਤਾਂ ਬੇਹੋਸ਼ੀ ‘ਚ ਪਲ ਕੁ ਲਈ ‘ਈਂ-ਈਂ’ ਕਰਦਾ ਉਹ ਦੋ ਕੁ ਵਾਰ ਲੱਤਾਂ ਮਾਰ ਕੇ ਖਾਮੋਸ਼ ਹੋ ਗਿਆ। ਇਮਾਮ-ਉਦ-ਦੀਨ ਉਤੇ ਡੱਬੀਆਂ ਵਾਲੀ ਚਾਦਰ ਦੇ ਕੇ ਆਪ ਦੋਵੇਂ ਜਣੇ ਨਵਾਰੀ ਪਲੰਘ ‘ਤੇ ਬੇਫਿਕਰ ਸੌਂ ਗਏ ਪਰ ਮੁਰਦਾ ਤੇ ਕਤਲ ਨੀਂਦ ਕਿਥੇ ਆਉਣ ਦਿੰਦੇ ਨੇ! ਤੜਕੇ ਦੋਹਾਂ ਦੀ ਅੱਖ ਖੁੱਲ੍ਹ ਗਈ। ਲਾਸ਼ ਖੁਰਦ-ਬੁਰਦ ਕਰਨ ਦੀ ਵਿਉਂਤ ਰਚੀ ਜਾਣ ਲੱਗੀ। ਤੈਅ ਹੋ ਗਿਆ ਕਿ ਸ਼ਹਿਬਾਜ਼ ਦੇ ਆਉਣ ਪਿੱਛੋਂ ਲਾਸ਼ ਬਕਸੇ ‘ਚ ਪਾ ਕੇ ਟਰੇਨ ‘ਚ ਰੱਖ ਆਵਾਂਗੇ। ਸ਼ਹਿਬਾਜ਼ ਤਾਂ ਆ ਗਿਆ ਪਰ ਬਾਜ਼ਾਰ ‘ਚੋਂ ਚਾਹ ਦੀ ਜਿਹੜੀ ਪੇਟੀ ਜ਼ੁਲੈਖਾਂ ਆਟਾ ਪਾਉਣ ਦੇ ਬਹਾਨੇ ਦੁਕਾਨਕਾਰ ਤੋਂ ਲਿਆਈ, ਉਹਦੇ ‘ਚ ਭਲਾ ਛੇ ਫੁੱਟੇ ਤੇ ਪਝੱਤਰ ਕਿਲੋ ਭਾਰੇ ਬੰਦੇ ਦੀ ਲਾਸ਼ ਕਿਥੇ ਪੈਂਦੀ ਆ! ਪਹਿਲਾਂ ਸੋਚਣ, ਵਿਚਾਲਿਓ ਦੋ ਟੋਟੇ ਕਰ ਕੇ ਪਾ ਲਈਏ ਪਰ ਖੂਨ ਕਿਵੇਂ ਰੁਕੇਗਾ? ਸੋਚ ਕੇ ਫਿਕਰਮੰਦ ਹੋਣ ਲੱਗੇ। ਤੰਗ ਗਲੀਆਂ ‘ਚ ਭਾਰੀ ਲਾਸ਼ ਰਾਤ-ਬਰਾਤੇ ਲਿਜਾਣੀ ਔਖੀ ਵੀ ਸੀ।
ਇੱਦਾਂ ਤੀਜਾ ਦਿਨ ਵੀ ਲੰਘ ਗਿਆ। ਚੌਥੇ ਦਿਨ ਜ਼ੁਲੈਖਾਂ ਬਾਜ਼ਾਰ ਗਈ ਅਤੇ ਗੈਸ ਵਾਲਾ ਨਵਾਂ ਚੁੱਲ੍ਹਾ ਖਰੀਦ ਕੇ ਲਿਆਂਦਾ। ਦੋ ਵੱਡੇ ਪਤੀਲੇ ਅਤੇ ਬੱਕਰੇ ਵੱਢਣ ਵਾਲੇ ਕਸਾਈਆਂ ਦੇ ਔਜਾਰ ਲਿਆਂਦੇ ਗਏ।
ਇਸ ਰਾਤ ਜੇਰਾ ਕਰ ਕੇ ਅਬਦੁੱਲ ਇਮਾਮ-ਉਦ-ਦੀਨ ਦੀ ਲਾਸ਼ ਟੁਕੜਿਆਂ ਵਿਚ ਵੰਡਣ ਲੱਗਾ। ਪਾਵੇ ‘ਤੇ ਰੱਖ ਕੇ ਪਹਿਲਾਂ ਸਿਰ ਧੜ ਤੋਂ ਅਲੱਗ ਕੀਤਾ ਗਿਆ ਜਿਸ ਨੂੰ ਪਲਾਸਟਿਕ ਦੇ ਲਫਾਫੇ ‘ਚ ਬੰਦ ਕਰ ਕੇ ਜ਼ੁਲੈਖਾਂ ਨੇ ਆਪਣੇ ਕੱਪੜਿਆਂ ਵਾਲੇ ਟਰੰਕ ਵਿਚ ਟਿਕਾ ਦਿੱਤਾ। ਫਿਰ ਧੜ ਦੇ ਬੱਤੀ ਹਿੱਸੇ ਕਰ ਕੇ ਰੱਖ ਲਏ ਗਏ। ਸਾਰੀ ਰਾਤ ਵੱਢ-ਟੁੱਕ ਕਰਨ ਪਿੱਛੋਂ ਜ਼ੁਲੈਖਾਂ ਦੇ ਚਿਹਰੇ ‘ਤੇ ਕੋਈ ਡਰ ਨਹੀਂ ਸੀ। ਉਹ ਜਾਣਦੀ ਸੀ ਕਿ ਹੁਣ ਅੱਗਿਓਂ ਕੀ ਕਰਨਾ ਹੈ। ਉਹਨੂੰ ਪਤਾ ਸੀ ਕਿ ਵੱਡਾ ਨਾਲਾ ਅੰਡਰਗਰਾਊਂਡ ਹੋਣ ਕਰ ਕੇ ਕਿਸੇ ਨੂੰ ਖੂਨ ਬਾਰੇ ਪਤਾ ਨਹੀਂ ਲੱਗੇਗਾ। ਐਨ ਸਾਫ਼-ਸਫਾਈ ਕਰ ਕੇ ਤਿੰਨੇ ਜਣੇ ਸੌਂ ਗਏ।
ਪਰ ਅਗਲੀ ਸਵੇਰ ਮਨੁੱਖੀ ਮਾਸ ਬੁਰੀ ਤਰ੍ਹਾਂ ਬਦਬੂ ਮਾਰਨ ਲੱਗ ਗਿਆ। ਪਹਿਲਾਂ ਚੁਬਾਰੇ ‘ਚੋਂ ਮਕਾਨ ਮਾਲਕਣ ਹੇਠਾਂ ਉਤਰੀ, “ਨੀ ਜ਼ੁਲੈਖਾਂ, ਕਾਹਦਾ ਮੁਸ਼ਕ ਆਉਂਦੇ ਤੇਰੇ ਕਮਰੇ ‘ਚੋਂ, ਜਿਵੇਂ ਕੁੱਤਾ ਮਰਿਆ ਹੋਵੇ।” ਉਹਨੇ ਬਹੁਤ ਦਰਵਾਜ਼ਾ ਖੜਕਾਇਆ ਪਰ ਜ਼ੁਲੈਖਾਂ ਨੇ ਇਹ ਕਹਿ ਕੇ ਕੁੰਡਾ ਨਾ ਖੋਲ੍ਹਿਆ ਕਿ ਉਹ ਨਹਾ ਰਹੀ ਐ, ਠਹਿਰ ਕੇ ਆਵੀਂ। ਫਿਰ ਗਲੀ-ਮੁਹੱਲੇ ‘ਚ ਬਦਬੂ ਫੈਲ ਗਈ। ਕਿਸੇ ਨੇ ਪੁਲਿਸ ਨੂੰ ਦੱਸ ਦਿੱਤਾ।
ਜ਼ੁਲੈਖਾਂ ਨੇ ਗੈਸ ਦੇ ਦੋ ਚੁੱਲ੍ਹਿਆਂ ‘ਤੇ ਵੱਡੇ ਪਤੀਲ ਰੱਖ ਕੇ ਇਮਾਮ-ਉਦ-ਦੀਨ ਦੀ ਲਾਸ਼ ਦਾ ਮਾਸ ਉਨ੍ਹਾਂ ‘ਚ ਪਾ ਕੇ ਵਿਚ ਲੂਣ ਤੇ ਹਲਦੀ ਸੁੱਟ ਦਿੱਤੀ। ਹਾਲੇ ਮਾਸ ਨੂੰ ਮਾੜਾ ਮੋਟਾ ਹੀ ਸੇਕ ਲੱਗਾ ਸੀ ਕਿ ਪੁਲਿਸ ਆ ਗਈ। ਪੰਦਰਾਂ-ਵੀਹ ਮਿੰਟ ਦਰਵਾਜ਼ਾ ਖੜਕਾਉਣ ਪਿੱਛੋਂ ਜਦੋਂ ਜ਼ੁਲੈਖਾਂ ਨੇ ਬੂਹਾ ਖੋਲ੍ਹਿਆ ਤਾਂ ਦੋ ਪਤੀਲਿਆਂ ‘ਚ ਮਾਸ ਰਿੱਝਣ ਵਾਲਾ ਸੀ। ਬਦਬੂ ਇੰਨੀ ਜ਼ਿਆਦਾ ਕਿ ਨੱਕ ਨਹੀਂ ਦੇ ਹੁੰਦਾ ਸੀ।
ਬੇਖੌਫ ਜ਼ੁਲੈਖਾਂ ਪੁਲਿਸ ਨੂੰ ਆਖ ਰਹੀ ਸੀ, “ਗੋਸ਼ਤ ਲਿਆਂਦਾ ਸੀ, ਉਹ ਲਗਦੈ ਬਿਗੜ ਗਿਐ।”
ਪਤੀਲੇ ‘ਚ ਮਨੁੱਖੀ ਹੱਥ ਰਿੱਝਦਾ ਦੇਖ ਕੇ ਥਾਣੇਦਾਰ ਨੇ ਪੁਲਿਸ ਹੈਡਕੁਆਰਟਰ ਸੂਚਿਤ ਕਰ ਦਿੱਤਾ। ਅਗਲੇ ਅੱਧੇ ਘੰਟੇ ਵਿਚ ਮੁਹੱਲਾ ਪੁਲਿਸ ਛਾਉਣੀ ‘ਚ ਬਦਲ ਗਿਆ।
ਸ਼ਹਿਬਾਜ਼ ਤੇ ਅਬਦੁੱਲ ਦੀ ਆਵਾਜ਼ ਥਥਲਾਉਣ ਲੱਗੀ। ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦੇ, ਜ਼ੁਲੈਖਾਂ ਬੋਲ ਪਈ, ਚਿਹਰੇ ‘ਤੇ ਕੋਈ ਸ਼ਿਕਨ ਨਹੀਂ ਸੀ, “ਇਹ ਮੇਰੇ ਖਾਵੰਦ ਦਾ ਮਾਸ ਹੈ ਜਿਸ ਨੂੰ ਮੈਂ ਰਿੰਨ੍ਹ ਰਹੀ ਹਾਂ।” ਤੇ ਉਸ ਨੇ ਇਮਾਮ-ਉਦ-ਦੀਨ ਦੀ ਖੋਪਰੀ ਵੀ ਟਰੰਕ ‘ਚੋਂ ਕੱਢ ਕੇ ਪੁਲਿਸ ਨੂੰ ਫੜਾ ਦਿੱਤੀ।
“ਮੈਨੂੰ ਲੈ ਚੱਲੋ, ਮੈਂ ਥਾਣੇ ਜਾ ਕੇ ਸਭ ਕੁਝ ਦੱਸਾਂਗੀ।”
æææਤੇ ਜੋ ਜ਼ੁਲੈਖਾਂ ਨੇ ਪੁਲਿਸ ਕੋਲ ਕਿਹਾ, ਉਹ ਹੋਰ ਵੀ ਹੈਰਾਨ ਕਰ ਦੇਣ ਵਾਲਾ ਸੀ। ਉਹਦਾ ਇਲਜ਼ਾਮ ਸੀ-ਇਹ ਆਪਣੀ ਧੀ ਨਾਲ ਖੇਹ ਖਾਣਾ ਚਾਹੁੰਦਾ ਸੀ, ਇਸੇ ਲਈ ਮੈਂ ਹੀ ਇਹਦੇ ਟੁਕੜੇ ਕਰਵਾਏ ਹਨ, ਪਰ ਪੁਲਿਸ ਪ੍ਰੇਮ ਸਬੰਧਾਂ ਦੀ ਕਹਾਣੀ ਵੀ ਸਮਝ ਗਈ ਸੀ।
ਉਧਰ ਧੀ ਦੇ ਬਿਆਨਾਂ ਨਾਲ ਕਾਜ਼ੀ ਪਿਘਲ ਗਿਆ ਜਦੋਂ ਧੀ ਨੇ ਕਿਹਾ, “ਨਹੀਂ, ਮੇਰੀ ਮਾਂ ਮੈਨੂੰ ਗਲਤ ਪਾਸੇ ਤੋਰ ਰਹੀ ਸੀ ਕਿਉਂਕਿ ਉਹ ਆਪ ਗਲਤ ਰਾਹ ਤੁਰੀ ਹੋਈ ਸੀ। ਬਾਪ ਤਾਂ ਮੈਨੂੰ ਇਸ ਰਾਹ ਤੋਂ ਰੋਕ ਰਿਹਾ ਸੀ।”
ਤੇ ਇਹ ਅਬਦੁੱਲ ਤੇ ਜ਼ੁਲੈਖਾਂ ਹੁਣੇ ਹੀ ਫਾਹੇ ਲੱਗ ਕੇ ਹਟੇ ਹਨ।
ਸੱਚੀਂ! ਕਾਮ ਦਾ ਲਾਂਬੂ ਸਭ ਕੁਝ ਫਨਾਹ ਕਰ ਦਿੰਦਾ ਹੈ।
_________________________
ਚੱਲ ਪਏ ਉਲਟ ਚਰਖੀ ਦੇ ਗੇੜੇ
ਜਦੋਂ ਪ੍ਰੇਮਿਕਾ ਪ੍ਰੇਮੀ ਨੂੰ ਅੱਖ ਦੀ ਬੋਲੀ ਨਾਲ ਸਮਝਾਉਣ ਲੱਗ ਪਵੇ ਤਾਂ ਸਮਝ ਲਓ ਕਿ ਪਿਆਰ ਕਿੱਕਲੀ ਪਾਉਣ ਲੱਗ ਪਿਆ ਹੈ। ਜਿਹੜੇ ਅੱਖਾਂ ਦੀ ਜ਼ੁਬਾਨ ਨਹੀਂ ਸਮਝ ਸਕਦੇ, ਉਨ੍ਹਾਂ ਨੂੰ ਕਿਸੇ ਵੀ ਕੁੜੀ ਦੇ ਰੱਖੜੀ ਬੰਨ੍ਹਣ ‘ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਜਿਹੜਾ ਗੀਤ ਲਿਖੇ, ਗੀਤ ਗਾਵੇ, ਸਾਜ਼ ਵਜਾਵੇ, ਨਕਲਾਂ ਕਰੇ, ਬਾਜ਼ੀਆਂ ਪਾਵੇ ਤੇ ਉਮਰ ਪੰਝੀਆਂ ਤੋਂ ਵੱਧ ਹੋਵੇ, ਉਹ ਇਹ ਨਹੀਂ ਕਹਿ ਸਕਦਾ ਜੱਸੋਵਾਲ ਕੌਣ ਐ?
ਪੰਜਾਬੀ ਸੱਭਿਆਚਾਰ ਦੇ ਰਾਜਦੂਤ ਜੱਸੋਵਾਲ ਨੂੰ ਹੁਣ ਹੌਲੀ-ਹੌਲੀ ਬਿਮਾਰੀਆਂ ਘੇਰ ਰਹੀਆਂ ਹਨ, ਕਿਉਂਕਿ ਹੋਣੀ ਕਿਸੇ ਨੂੰ ਇਕਦਮ ਨਹੀਂ ਘੇਰਦੀ, ਮੱਕੜੀ ਜਾਲ ਵਿਛਾਉਂਦੀ ਹੈ। ਕੁਝ ਦਿਨ ਪਹਿਲਾਂ ਉਹ ਓਦਰ ਗਿਆ। ਮੈਂ ਜ਼ਿੰਦਗੀ ਵਿਚ ਸ਼ ਜੱਸੋਵਾਲ ਨੂੰ ਪਹਿਲੀ ਵਾਰ ਡੋਲਦਿਆਂ ਦੇਖਿਆ। ਪੰਜਾਬ ਵਿਚ ਅਤਿਵਾਦ ਦੇ ਦਿਨਾਂ ਵਿਚ ਵੀ ਉਹਦਾ ਚਿਤ ਉਦਾਸ ਨਹੀਂ ਸੀ ਹੋਇਆ। ਫੋਨ ‘ਤੇ ਕਹਿਣ ਲੱਗਾ, ‘ਪਤਝੜ ਲੱਗਦੈ ਬੇ-ਮੌਸਮੀ ਆ ਜਾਵੇਗੀ, ਸਰੀਰ ਡਿੱਗਦਾ ਜਾਂਦੈ। ਲਗਦੈ ਇਸ ਵਾਰ ਦਾ ਮੋਹਨ ਸਿੰਘ ਮੇਲਾ ਵੀ ਸ਼ਾਇਦ ਉਹਦੇ ਬਿਨਾਂ ਹੀ ਲੱਗੇ?’
ਫਿਰ ਗੱਲ ਹੋਈ ਤਾਂ ਇਕਦਮ ਹੋਰ ਲਹਿਜੇ ‘ਚ ਸੀ, ‘ਐਵੇਂ ਕਈ ਵਾਰ ਵਕਤ ਸਿੱਲ੍ਹਾ ਜਿਹਾ ਹੋ ਜਾਂਦਾ। ਮੈਂ ਦੋਵੇਂ ਦਿਨ ਮੇਲੇ ਵਿਚ ਗੱਜ-ਵੱਜ ਕੇ ਰਹਾਂਗਾ।’
ਇਹ ਤਸਵੀਰ ਬਹੁਤੀ ਪੁਰਾਣੀ ਨਹੀਂ ਹੈ। ਲੁਧਿਆਣੇ ਵਾਲੇ ਜਲੰਧਰ ਬਾਈਪਾਸ ਨੇੜੇ ਇਕ ਢਾਬੇ ‘ਤੇ ਅਸੀਂ ਛਾਹ ਵੇਲਾ ਕਰਨ ਲਈ ਰੁਕੇ। ਜਾਣਾ ਜੱਸੋਵਾਲ ਕੋਲ ਹੀ ਸੀ। ਮੇਰੇ ਨਾਲ ‘ਪੰਜਾਬੀ ਟ੍ਰਿਬਿਊਨ’ ਦਾ ਰਿਪੋਰਟਰ ਸ਼ਿਵ ਕੁਮਾਰ ਬਾਵਾ, ਬਾਲ ਮੈਗਜ਼ੀਨ ‘ਨਿੱਕੀਆਂ ਕਰੂੰਬਲਾਂ’ ਦਾ ਸੰਪਾਦਕ ਬਲਜਿੰਦਰ ਮਾਨ ਤੇ ‘ਧੂਰਕੋਟੀਆ ਪਾ ਕੇ ਬਹਿ ਗਿਆ ਬੋਤੇ ਦੇ ਗਲ ਟੱਲੀ’ ਵਾਲਾ ਗੀਤਕਾਰ ਦਲਜੀਤ ਧੂਰਕੋਟੀਆ। ਜੱਸੋਵਾਲ ਢਾਬੇ ‘ਚੋਂ ਸਾਡੇ ਆਲਾ ਕੰਮ ਕਰ ਕੇ ਨਿਕਲਿਆ ਸੀ। ਗੱਡੀ ‘ਚੋਂ ਕਿਤਾਬਾਂ ਕੱਢ ਕੇ ਲਿਆਇਆ, ‘ਵਿਰਸੇ ਦਾ ਵਾਰਿਸ ਜੱਸੋਵਾਲ।’ ਊਂ ਵੀ ਪੱਤਰਕਾਰਾਂ ਤੇ ਕਲਾਕਾਰਾਂ ਨੂੰ ਦੇਖ ਕੇ ਉਹ ਖ਼ੁਸ਼ ਹੋ ਜਾਂਦੈ। ਸਾਰਿਆਂ ਦੇ ਹੱਥ ‘ਚ ਕਿਤਾਬ ਧਰ ਕੇ ਫੋਟੋ ਖਿਚਵਾਈ, ਪਰ ਜਾਣ ਲੱਗਿਆ ਕਹਿਣ ਲੱਗਿਆ, ‘ਪ੍ਰੇਮਿਕਾ ਦੇ ਰਿਸ਼ਤੇ ਦਾ ਦੁਨੀਆਂ ਦੇ ਕਿਸੇ ਵੀ ਰਿਸ਼ਤੇ ‘ਚ ਅਨੁਵਾਦ ਨਹੀਂ ਹੋਣਾ। ਯਾਦ ਕਰੋਗੇ ਕਿ ਲੁਧਿਆਣੇ ਇਕ ਜੱਸੋਵਾਲ ਹੁੰਦਾ ਸੀ।’ ਤੇ ਉਹ ਅੱਖਾਂ ਸਿੱਲ੍ਹੀਆਂ ਕਰ ਕੇ ਗੱਡੀ ‘ਚ ਬਹਿ ਗਿਆ।
_______________
ਗੱਲ ਬਣੀ ਕਿ ਨਹੀਂ
ਐਸ਼ ਅਸ਼ੋਕ ਭੌਰਾ
ਬੱਕਰੇ ਮੂਹਰੇ ਬੋਹਲ
ਕਿਵੇਂ ਹਰਿਆਣੇ ਹੋ ਰਿਹੈ ਇੱਜ਼ਤਾਂ ਦਾ ਸ਼ਿਕਾਰ।
ਤਾਹੀਓਂ ਬੀਬੀ ਸੋਨੀਆ ਗੇੜਾ ਆਈ ਮਾਰ।
ਧੀਆਂ ਕਿਵੇਂ ਗਰੀਬ ਦੀਆਂ ਹੋਈਆਂ ਫਿਰਨ ਲਾਚਾਰ।
ਦਿਨੇ ਹੀ ਰਹੇ ਦੇਖ ਲਓ ਅਬਦਾਲੀ ਗੇੜੇ ਮਾਰ।
ਲਾ ਪਰ੍ਹਿਆ ਬੈਠੇ ਚੌਧਰੀ ਆਖਣ ਜੀਹਨੂੰ ਖਾਪ।
ਪੰਦਰਾਂ ਸਾਲ ਦੀ ਵਿਆਹ ਦਿਓ ਕਿਉਂ ਕਰਦੇ ਵਿਰਲਾਪ।
ਹਾਕਮ ਬੋਲੇ-ਬਹਿਰੇ ਕਿੱਦਾਂ ਵੱਟ ਕੇ ਬਹਿ ਗਏ ਚੁੱਪ।
ਦਿਨ-ਦਿਹਾੜੇ ਛਾ ਰਿਹੈ ਕਿਵੇਂ ਹਨੇਰਾ ਘੁੱਪ।
ਭੌਰ ਨੇ ਗੇੜੇ ਮਾਰਦੇ ਜਦ ਤਿੱਤਲੀਆਂ ਕੱਢਣ ਪਰ।
ਫਿਰ ਕਿਸੇ ਫੂਲਨ ਦੇਵੀ ਦਾ ਪੈਦਾ ਹੁੰਦਾ ਡਰ।
ਫਿਰ ਲਾਸ਼ਾਂ ਦੇ ਸੱਥਰ ਵਿਛਦੇ ਨਹੀਂ ਕਰਦਾ ਕੋਈ ਕਲੋਲ।
‘ਭੌਰੇ’ ਹਾਲੇ ਤਾਂ ਲੱਗੀ ਜਾਂਵਦੇ ਬੱਕਰੇ ਮੂਹਰੇ ਬੋਹਲ।

Be the first to comment

Leave a Reply

Your email address will not be published.