ਚੰਡੀਗੜ੍ਹ: ਅਦਾਲਤ ਨੇ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੂੰ ਬੁੜੈਲ ਜੇਲ੍ਹ ਬਰੇਕ ਕਾਂਡ ਵਿਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ ਜਦ ਕਿ ਬਾਕੀ ਦੇ 17 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹਵਾਰਾ ਤੇ ਭਿਓਰਾ ਇਸ ਕੇਸ ਵਿਚ ਪਹਿਲਾਂ ਹੀ ਸਜ਼ਾ ਪੂਰੀ ਕਰ ਚੁੱਕੇ ਹਨ। ਇਹ ਦੋਵੇਂ ਮੁੱਖ ਮੰਤਰੀ ਬੇਅੰਤ ਕਤਲ ਕੇਸ ਵਿਚ ਉਮਰ ਕੈਦ ਕੱਟ ਰਹੇ ਹਨ।
ਇਸ ਕਾਰਨ ਉਹ ਜੇਲ੍ਹ ਵਿਚੋਂ ਬਾਹਰ ਨਹੀਂ ਆ ਸਕਣਗੇ। ਅਦਾਲਤ ਨੇ ਜਿਨ੍ਹਾਂ ਨੂੰ ਬਰੀ ਕੀਤਾ ਹੈ, ਉਨ੍ਹਾਂ ਵਿਚ ਨਰੈਣ ਸਿੰਘ ਚੌਰਾ ਤੇ ਮਾਡਲ ਜੇਲ੍ਹ ਬੁੜੈਲ ਦਾ ਸਾਬਕਾ ਸੁਪਰਡੈਂਟ ਸ਼ਾਮਲ ਹਨ।
ਬਰੀ ਕੀਤੇ ਹੋਰ ਵਿਅਕਤੀਆਂ ਵਿਚ ਡੀæਐਸ਼ ਰਾਣਾ, ਡੀæਐਸ਼ ਸੰਧੂ, ਵੇਦ ਮਿੱਤਲ, ਨਿਸ਼ਾਨ ਸਿੰਘ, ਸ਼ੇਰ ਸਿੰਘ, ਗੁਰਦੀਪ ਸਿੰਘ, ਨੰਦ ਸਿੰਘ, ਲਖਵਿੰਦਰ ਸਿੰਘ, ਸੁਬੇਗ, ਐਚæਪੀæ ਸਿੰਘ ਤੇ ਗੁਰਨਾਮ ਸਿੰਘ ਸ਼ਾਮਲ ਹਨ। ਇਨ੍ਹਾਂ ਸਾਰਿਆਂ ਖ਼ਿਲਾਫ਼ ਜੇਲ੍ਹ ਬਰੇਕ ਕੇਸ ਵਿਚ ਪਰਚਾ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਵਿਚ ਛੇ ਜੇਲ੍ਹ ਅਧਿਕਾਰੀ ਤੇ ਦੋ ਸੀæਆਰæਪੀæਐਫ਼ ਦੇ ਜਵਾਨ ਹਨ। ਨਰੈਣ ਸਿੰਘ ਚੌਰਾ ਉਤੇ ਦੋਸ਼ ਹੈ ਕਿ ਉਸ ਨੇ ਮੁਲਜ਼ਮਾਂ ਦੇ ਫ਼ਰਾਰ ਹੋਣ ਵਾਲੀ ਰਾਤ ਨੂੰ ਬਿਜਲੀ ਦੀਆਂ ਤਾਰਾਂ ਉਤੇ ਸੰਗਲ ਸੁੱਟ ਕੇ ਬੱਤੀ ਗੁੱਲ ਕਰ ਦਿੱਤੀ ਸੀ। ਬਲਜੀਤ ਕੌਰ ਉਤੇ ਭੱਜਣ ਵਾਲਿਆਂ ਨੂੰ ਪਨਾਹ ਦੋਣ ਦਾ ਦੋਸ਼ ਸੀ।
ਕੇਸ ਦੀ ਸੁਣਵਾਈ ਦੌਰਾਨ ਹਵਾਰਾ ਅਤੇ ਭਿਓਰਾ ਤਿਹਾੜ ਜੇਲ੍ਹ ਵਿਚੋਂ ਜ਼ਿਲ੍ਹਾ ਅਦਾਲਤਾਂ ਵਿਚ ਤਰੀਕ ਭੁਗਤਣ ਆਉਂਦੇ ਰਹੇ ਹਨ। ਹਵਾਰਾ ਉਤੇ ਸ਼ਿਵ ਸੈਨਾ ਦੇ ਇਕ ਕਾਰਕੁਨ ਨੇ ਹਮਲਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੁਣਵਾਈ ਵੀਡੀਓ ਕਾਨਫਰਸਿੰਗ ਰਾਹੀਂ ਸ਼ੁਰੂ ਹੋ ਗਈ ਸੀ। ਅਦਾਲਤ ਨੇ ਫੈਸਲੇ ਵਿਚ ਕਿਹਾ ਹੈ ਕਿ ਸਰਕਾਰੀ ਧਿਰ ਵੱਲੋਂ ਮੁਲਜ਼ਮਾਂ ਉਤੇ ਜਿਹੜੇ ਦੋਸ਼ ਲਾਏ ਗਏ ਸਨ, ਉਹ ਸਾਬਤ ਨਹੀਂ ਕੀਤੇ ਜਾ ਸਕੇ। ਹਵਾਰਾ ਅਤੇ ਭਿਓਰਾ ਨੂੰ ਹਿਰਾਸਤ ਵਿਚੋਂ ਭੱਜਣ ਕਾਰਨ ਦੋ ਸਾਲ ਦੀ ਸਜ਼ਾ ਕੀਤੀ ਜਾਂਦੀ ਹੈ, ਜਦੋਂ ਕਿ ਉਹ ਸਜ਼ਾ ਨਾਲੋਂ ਵੱਧ ਸਮੇਂ ਤੋਂ ਜੇਲ੍ਹ ਵਿਚ ਬੰਦ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਤਿੰਨ ਮੁਲਜ਼ਮ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਤੇ ਜਗਤਾਰ ਸਿੰਘ ਤਾਰਾ ਇਕ ਹੋਰ ਕੈਦੀ ਦੇਬੀ ਸਿੰਘ ਸਮੇਤ ਮਾਡਲ ਜੇਲ੍ਹ ਬੁੜੈਲ ਵਿਚੋਂ ਜਨਵਰੀ 2004 ਵਿਚ 104 ਫੁੱਟ ਲੰਮੀ ਸੁਰੰਗ ਪੁੱਟ ਕੇ ਫਰਾਰ ਗਏ ਸਨ। ਦੋ ਸਾਲਾਂ ਬਾਅਦ ਭਿਓਰਾ ਅਤੇ ਹਵਾਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਤਾਰਾ ਇਸੇ ਸਾਲ ਜਨਵਰੀ ਵਿਚ ਥਾਈਲੈਂਡ ਵਿਚ ਗ੍ਰਿਫਤਾਰ ਹੋਇਆ ਸੀ। ਦੇਬੀ ਸਿੰਘ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਹਾਲੇ ਵੀ ਪਾਕਿਸਤਾਨ ਵਿਚ ਹੈ।
______________________________
ਜਗਤਾਰ ਸਿੰਘ ਤਾਰਾ ਵਿਰੁਧ ਚੱਲੇਗਾ ਵੱਖਰਾ ਕੇਸ
ਫੈਸਲੇ ਵਿਚੋਂ ਬੇਅੰਤ ਕਤਲ ਕੇਸ ਦੇ ਇਕ ਹੋਰ ਮੁਲਜ਼ਮ ਜਗਤਾਰ ਸਿੰਘ ਤਾਰਾ ਨੂੰ ਬਾਹਰ ਰੱਖਿਆ ਗਿਆ ਹੈ। ਉਸ ਵਿਰੁਧ ਵੱਖਰਾ ਕੇਸ ਚੱਲੇਗਾ। ਤਾਰਾ ਮਾਡਲ ਜੇਲ੍ਹ ਬੁੜੈਲ ਵਿਚ ਬੰਦ ਹੈ। ਉਸ ਵਿਰੁੱਧ ਬੇਅੰਤ ਕਤਲ ਕੇਸ ਤੇ ਬੁੜੈਲ ਜੇਲ੍ਹ ਕਾਂਡ ਦੀ ਸੁਣਵਾਈ ਵੱਖਰੀ ਸ਼ੁਰੂ ਹੋਵੇਗੀ। ਦੋ ਮੁਲਜ਼ਮਾਂ ਦੇਬੀ ਸਿੰਘ ਅਤੇ ਗੁਰਵਿੰਦਰ ਸਿੰਘ ਗੋਲਡੀ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ। ਇਕ ਮੁਲਜ਼ਮ ਬਲਜੀਤ ਕੌਰ ਦੀ ਮੌਤ ਹੋ ਚੁੱਕੀ ਹੈ। ਮਹਿਮੂਦ ਨਾਂ ਦੇ ਇਕ ਹੋਰ ਦੋਸ਼ੀ ਨੂੰ ਪਹਿਲਾਂ ਹੀ ਸਜ਼ਾ ਹੋ ਗਈ ਸੀ। ਉਸ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਸੀ।