ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਵਾਲੀ ਭਾਜਪਾ ਆਪ ਵੀ ਇਸ ‘ਤੇ ਮੁੱਦੇ ‘ਤੇ ਘਿਰ ਗਈ ਹੈ। ਪੁਲਿਸ ਵੱਲੋਂ ਭ੍ਰਿਸ਼ਟਾਚਾਰ ਤੇ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਭਾਜਪਾ ਦੇ ਤਿੰਨ ਆਗੂ ਗ੍ਰਿਫ਼ਤਾਰ ਕੀਤੇ ਗਏ ਹਨ।
ਇਨ੍ਹਾਂ ਵਿਚੋਂ ਇਕ ਜਸਬੀਰ ਸਿੰਘ ਉਰਫ਼ ਜਿੰਮੀ ਸੰਧੂ ਤਾਂ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਦਾ ਨਿੱਜੀ ਸਹਾਇਕ ਰਿਹਾ ਹੈ ਜਦੋਂਕਿ ਦੂਜੇ, ਜ਼ਿਲ੍ਹਾ ਪ੍ਰਧਾਨ ਤੇ ਮਾਰਕਿਟ ਕਮੇਟੀ ਚੇਅਰਮੈਨ ਜੁਗਰਾਜ ਸਿੰਘ ਕਟੋਰਾ ਤੇ ਲਖਵਿੰਦਰ ਸਿੰਘ ਲੱਖਾ ਨਜ਼ਦੀਕੀ ਮੰਨੇ ਜਾਂਦੇ ਹਨ। ਡੀæਐਸ਼ਪੀæ ਪੱਧਰ ਦੇ ਇਕ ਪੁਲਿਸ ਅਧਿਕਾਰੀ ਖ਼ਿਲਾਫ਼ ਵੀ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਸਾਹਮਣੇ ਆਉਣ ਪਿੱਛੋਂ ਕਮਲ ਸ਼ਰਮਾ ਪਾਰਟੀ ਦੇ ਅੰਦਰ, ਗੱਠਜੋੜ ਦੇ ਭਾਈਵਾਲ ਅਕਾਲੀ ਦਲ ਤੇ ਵਿਰੋਧੀ ਪਾਰਟੀਆਂ ਦੇ ਚੌਤਰਫ਼ਾ ਹਮਲੇ ਵਿਚ ਘਿਰੇ ਹੋਏ ਹਨ। ਕਮਲ ਸ਼ਰਮਾ ਨੇ ਅਕਸਰ ਨਸ਼ਿਆਂ ਦੇ ਫੈਲਦੇ ਪਸਾਰੇ ਦੇ ਵਿਰੋਧ ਵਿਚ ਆਵਾਜ਼ ਉਠਾਈ ਹੈ। ਇਸ ਲਈ ਜਦੋਂ ਅਜਿਹੇ ਦੋਸ਼ਾਂ ਵਿਚ ਅਕਾਲੀ ਆਗੂਆਂ ਦੇ ਨਾਂ ਜ਼ਾਹਿਰ ਹੁੰਦੇ ਰਹੇ ਸਨ ਤਾਂ ਕਮਲ ਸ਼ਰਮਾ ਨੇ ਉਨ੍ਹਾਂ ਦੇ ਅਸਤੀਫ਼ਿਆਂ ਦੀ ਮੰਗ ਵੀ ਕੀਤੀ। ਹੁਣ ਕਮਲ ਸ਼ਰਮਾ ਦੇ ਨਜ਼ਦੀਕੀ ਸਾਥੀਆਂ ਦੇ ਅਜਿਹੇ ਦੋਸ਼ਾਂ ਵਿਚ ਘਿਰਨ ਕਾਰਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੱਕ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ ਹੈ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਨਸ਼ਾ ਤਸਕਰੀ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਉਣ ਤੋਂ ਬਾਅਦ ਕਮਲ ਸ਼ਰਮਾ ਨੇ ਉਸ ਦੇ ਅਸਤੀਫ਼ੇ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਉਠਾਈ ਸੀ। ਹੁਣ ਸਿਆਸੀ ਹਲਕਿਆਂ ਵਿਚ ਹਰਸਿਮਰਤ ਕੌਰ ਬਾਦਲ ਵੱਲੋਂ ਕਮਲ ਸ਼ਰਮਾ ਦਾ ਅਸਤੀਫ਼ਾ ਮੰਗਣ ਦੇ ਬਿਆਨ ਨੂੰ ਮਜੀਠੀਆ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਮੁੱਦੇ ਉੱਤੇ ਚੁੱਪ ਰਹਿਣ ਨੂੰ ਤਰਜੀਹ ਦੇ ਰਹੇ ਹਨ।
______________________________________
ਇਸ ਹਮਾਮ ਵਿਚ ਨੇ ਸਭ ਨੰਗੇ
ਚੰਡੀਗੜ੍ਹ: ਪੰਜਾਬ ਬੀæਜੇæਪੀæ ਦੇ ਪ੍ਰਧਾਨ ਕਮਲ ਸ਼ਰਮਾ ਦੇ ਨਜ਼ਦੀਕੀਆਂ ਦੀ ਨਸ਼ਾ ਤਸਕਰਾਂ ਨਾਲ ਯਾਰੀ ਸਾਹਮਣੇ ਆਉਣ ਤੋਂ ਬਾਅਦ ਇਕ ਗੱਲ ਪੱਕੀ ਹੋ ਗਈ ਹੈ ਕਿ ‘ਇਸ ਹਮਾਮ ਵਿਚ ਸਭ ਨੰਗੇ’ ਹਨ। ਇਸ ਤੋਂ ਪਹਿਲਾਂ ਸੱਤਾ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀ ਧਿਰ ਕਾਂਗਰਸ ਦੇ ਲੀਡਰਾਂ ਦੀ ਨਸ਼ਾ ਤਸਕਰਾਂ ਦੀ ਪੁਸ਼ਤਪਨਾਹੀ ਕਰਨ ਦੀ ਚਰਚਾ ਸੀ। ਜਦੋਂ ਅਕਾਲੀ ਦਲ ਦੇ ਦੋ ਮੰਤਰੀਆਂ ਦਾ ਨਾਂ ਨਸ਼ਾ ਤਸਕਰੀ ਨਾਲ ਜੁੜਿਆ ਤਾਂ ਕਾਂਗਰਸ ਮੈਦਾਨ ਵਿਚ ਆ ਗਈ, ਪਰ ਆਪਣੇ ਲੀਡਰਾਂ ਉਤੇ ਹੀ ਇਸੇ ਤਰ੍ਹਾਂ ਦੇ ਇਲਜ਼ਾਮ ਲੱਗਣ ਕਰ ਕੇ ਪੈਰ ਪਿਛਾਂਹ ਖਿੱਚ ਲਏ। ਫਿਰ ਭਾਜਪਾ ਨੇ ਇਸ ਮੁੱਦੇ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਕਮਲ ਸ਼ਰਮਾ ਦਾ ਨਾਂ ਜੁੜਨ ਨਾਲ ਲੀਡਰ ਖਾਮੋਸ਼ ਹੋ ਗਏ।
_______________________________________
ਭਾਜਪਾ ਆਗੂਆਂ ਦਾ ਕੀ ਹੈ ਮਾਮਲਾæææ
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਕਟੋਰਾ ਤੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਉਰਫ਼ ਜਿੰਮੀ ਸੰਧੂ ‘ਤੇ ਹੈਰੋਇਨ ਤੇ ਨਾਜਾਇਜ਼ ਅਸਲਾ ਰੱਖਣ ਦੇ ਦੋਸ਼ ਵਿਚ ਨਾਮਜ਼ਦ ਇਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਪੁਲਿਸ ਕੇਸ ਵਿਚੋਂ ਕਢਵਾਉਣ ਲਈ 15 ਲੱਖ ਰੁਪਏ ਵਸੂਲਣ ਦਾ ਦੋਸ਼ ਹੈ। ਪੁਲਿਸ ਨੇ ਇਨ੍ਹਾਂ ਤੋਂ 100 ਗ੍ਰਾਮ ਹੈਰੋਇਨ ਤੇ ਦੋ ਚੀਨੀ ਪਿਸਤੌਲ ਬਰਾਮਦ ਕੀਤੇ ਸਨ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿਚ ਜਿੰਮੀ ਸੰਧੂ ਨੇ ਇਥੋਂ ਦੇ ਅਸਲਾ ਕਲਰਕ ਮਨੋਜ ਖੱਟੜ ਦੇ ਭਰਾ ਸੋਨੂੰ ਖੱਟੜ ਤੋਂ 15 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਉਸ ਨੂੰ ਪੁਲਿਸ ਕੇਸ ਤੋਂ ਰਾਹਤ ਦਿਵਾਈ ਸੀ।