ਅਦਾਲਤ ਦੀ ਫਟਕਾਰ ਪਿੱਛੋਂ ਯੋਗੇਂਦਰ ਯਾਦਵ ਰਿਹਾ

ਨਵੀਂ ਦਿੱਲੀ: ਹਾਈ ਕੋਰਟ ਦੀ ਫਟਕਾਰ ਮਗਰੋਂ ਦਿੱਲੀ ਪੁਲਿਸ ਨੇ ‘ਸਵਰਾਜ ਅਭਿਆਨ’ ਦੇ ਬਾਨੀ ਯੋਗੇਂਦਰ ਯਾਦਵ ਨੂੰ ਰਿਹਾਅ ਕਰ ਦਿੱਤਾ। ਸ੍ਰੀ ਯਾਦਵ ਅਤੇ ਉਨ੍ਹਾਂ ਦੇ 85 ਸਾਥੀਆਂ ਨੂੰ ਦਿੱਲੀ ਪੁਲਿਸ ਨੇ ਜੰਤਰ-ਮੰਤਰ ਤੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਸੀ।

ਸ੍ਰੀ ਯਾਦਵ ਨੇ ਰਿਹਾਈ ਨੂੰ ਕਿਸਾਨਾਂ ਦੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਸਦ ਮਾਰਗ ਥਾਣੇ ਦੇ ਐਸ਼ਐਚæਓæ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਸ੍ਰੀ ਯਾਦਵ ਨੇ ਕਿਹਾ ਕਿ 10 ਅਗਸਤ ਨੂੰ ਕੀਤੇ ਐਲਾਨ ਮੁਤਾਬਕ ਉਹ ਸੰਕੇਤਕ ਤੌਰ ‘ਤੇ ਕਿਸਾਨ ਦਾ ਵਾਹੀ ਵਾਲਾ ਹਲ਼ 15 ਅਗਸਤ ਤਕ ਜੰਤਰ-ਮੰਤਰ ਉਪਰ ਖੜ੍ਹਾ ਰੱਖਣਾ ਚਾਹੁੰਦੇ ਸੀ ਜਦਕਿ ਰੇਸ ਕੋਰਸ ਵੱਲ ਜਾਣ ਦੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਸੀ, ਪਰ ਰਾਤ ਵੇਲੇ ਪੁਲਿਸ ਉਨ੍ਹਾਂ ਉਪਰ ਟੁੱਟ ਪਈ। ਸ੍ਰੀ ਯਾਦਵ ਦੀ ਗ੍ਰਿਫ਼ਤਾਰੀ ਤੋਂ ਖਫ਼ਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ਨੂੰ ਲੰਮੇ ਹੱਥੀਂ ਲੈਂਦਿਆਂ ਪੁਲਿਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਉਹ ਦਖ਼ਲ ਦਿੰਦੇ ਹੋਏ ਇਸ ਸਾਰੇ ਘਟਨਾਕ੍ਰਮ ਦੀ ਰਿਪੋਰਟ ਦਿੱਲੀ ਪੁਲਿਸ ਤੋਂ ਮੰਗਵਾਉਣ।
ਇਸ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਯਾਦਵ ਤੇ ਸਾਥੀਆਂ ਨੂੰ ਦੋ ਦਿਨ ਲਈ ਜੰਤਰ-ਮੰਤਰ ਉਪਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਸੀ ਅਤੇ ਜਦੋਂ ਉਨ੍ਹਾਂ ਵੱਲੋਂ ਰੇਸ ਕੋਰਸ ਉਪਰ ਜਾ ਕੇ ਪ੍ਰਦਰਸ਼ਨ ਕਰਨ ਦੀ ਯੋਜਨ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
___________________________________
‘ਆਪ’ ਦੀਆਂ ਸਫ਼ਾਂ ‘ਚ ਬਾਗ਼ੀ ਸੁਰਾਂ
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਜਿੱਤੇ ਹੋਏ ਨੁਮਾਇੰਦਿਆਂ ਵੱਲੋਂ ਸਾਬਕਾ ਆਗੂ ਯੋਗੇਂਦਰ ਯਾਦਵ ਪ੍ਰਤੀ ਜੋ ਝੁਕਾਅ ਦਿਖਾਇਆ ਜਾ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਪੰਜਾਬ ਅਤੇ ਦਿੱਲੀ ਅੰਦਰ ਪਾਰਟੀ ‘ਚ ਹੋਰ ਭੰਨ-ਤੋੜ ਹੋ ਸਕਦੀ ਹੈ। ਪਟਿਆਲਾ ਤੋਂ ‘ਆਪ’ ਦੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਵੱਲੋਂ ‘ਸਵਰਾਜ ਅਭਿਆਨ’ ਤਹਿਤ ਦਿੱਲੀ ਦੇ ਜੰਤਰ-ਮੰਤਰ ‘ਤੇ ਦਿੱਤੇ ਗਏ ਧਰਨੇ ‘ਚ ਹਿੱਸਾ ਲੈਣ ਨਾਲ ਪਾਰਟੀ ‘ਚ ਹੋਰ ਤਰੇੜਾਂ ਪੈਣ ਦੇ ਸ਼ੰਕੇ ਵਧ ਗਏ ਹਨ। ਦਿੱਲੀ ਦੇ ਤਿਮਾਰਪੁਰ ਤੋਂ ਪਾਰਟੀ ਵਿਧਾਇਕ ਪੰਕਜ ਪੁਸ਼ਕਰ ਦੇ ਸ੍ਰੀ ਯਾਦਵ ਨਾਲ ਸਰਗਰਮੀ ਦਿਖਾਏ ਜਾਣ ਤੋਂ ਵੀ ਇਹ ਪ੍ਰਭਾਵ ਪੈ ਰਿਹਾ ਹੈ ਕਿ ਵਿਧਾਇਕ ਵੀ ਆਪਣੀ ਲੀਡਰਸ਼ਿਪ ਤੋਂ ਨਾਖੁਸ਼ ਹਨ। ਪੰਜਾਬ ਤੋਂ ਕਰੀਬ 700 ਵਾਲੰਟੀਅਰ ਨੇ ਦਿੱਲੀ ਧਰਨੇ ‘ਚ ਹਿੱਸਾ ਲਿਆ। ਉਨ੍ਹਾਂ ਵਿਚੋਂ ਕਈਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੀ ਅਰਵਿੰਦ ਕੇਜਰੀਵਾਲ ਪ੍ਰਤੀ ਨਾਰਾਜ਼ਗੀ ਝਲਕ ਰਹੀ ਸੀ।