ਸੰਗਰੂਰ ਨੇੜਲੇ ਪਿੰਡ ਕਾਲ ਬੰਜਾਰਾ ਦੀ ਘਟਨਾ ਨੇ ਪੰਜਾਬ ਨੂੰ ਫਿਰ ਝੰਜੋੜ ਸੁੱਟਿਆ ਹੈ। ਤਿੰਨ ਹਫਤਿਆਂ ਤੋਂ ਛੇੜ-ਛਾੜ ਤੋਂ ਅੱਕੀ 16 ਸਾਲਾ ਵਿਦਿਆਰਥਣ ਨੇ ਖੁਦ ਨੂੰ ਅੱਗ ਲਾ ਲਈ। ਉਸ ਦਾ ਸਰੀਰ 70-80 ਫੀਸਦੀ ਸੜ ਗਿਆ ਅਤੇ ਪੀ ਜੀ ਆਈ ਚੰਡੀਗੜ੍ਹ ਵਿਚ ਉਸ ਨੇ ਦਮ ਤੋੜ ਦਿੱਤਾ। ਮੁੱਢਲੀਆਂ ਰਿਪੋਰਟਾਂ ਮੁਤਾਬਕ ਕੁੜੀ ਨੇ ਛੇੜ-ਛਾੜ ਬਾਰੇ ਘਰੇ ਇਸ ਕਰ ਕੇ ਇਤਲਾਹ ਨਹੀਂ ਕੀਤੀ, ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਪੜ੍ਹਨ ਤੋਂ ਹੀ ਨਾ ਹਟਾ ਲਿਆ ਜਾਵੇ। ਇਹ ਖਬਰ ਵੀ ਹੈ ਕਿ ਛੇੜ-ਛਾੜ ਕਰਨ ਵਾਲਿਆਂ ਦਾ ਕੁੜੀ ਦੇ ਭਰਾ ਨਾਲ ਕੋਈ ਝਗੜਾ ਸੀ ਅਤੇ ਉਨ੍ਹਾਂ ਬਦਲੇ ਵਿਚ ਕੁੜੀ ਨੂੰ ਰੋਜ਼ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਲਹਿਰਾਗਾਗਾ ਦੇ ਸਕੂਲ ਪੜ੍ਹਨ ਜਾਂਦੀ ਕੁੜੀ ਨੂੰ ਸਭ ਹੱਦਾਂ ਉਲੰਘ ਕੇ ਬੱਸ ਵਿਚੋਂ ਚੜ੍ਹਨ ਮੌਕੇ ਰੋਕ ਲਿਆ ਗਿਆ ਅਤੇ ਥੱਪੜ ਵੀ ਮਾਰਿਆ। ਇਸ ਖਿੱਚ-ਧੂਹ ਵਿਚ ਕੁੜੀ ਦੇ ਕੱਪੜੇ ਵੀ ਪਾਟ ਗਏ। ਖਬਰ ਇਹ ਵੀ ਹੈ ਕਿ ਕੁੜੀ ਦੇ ਘਰਵਾਲਿਆਂ ਨੇ ਪਹਿਲਾਂ ਪੁਲਿਸ ਨੂੰ ਇਹ ਦੱਸਿਆ ਸੀ ਕਿ ਕੁੜੀ ਨੂੰ ਅੱਗ ਰਸੋਈ ਵਿਚ ਕੰਮ ਕਰਦਿਆਂ ਲੱਗੀ ਸੀ, ਪਰ ਸੋਮਵਾਰ ਨੂੰ ਕੁੜੀ ਨੇ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਛੇੜ-ਛਾੜ ਵਾਲੀ ਸਮੁੱਚੀ ਘਟਨਾ ਬਿਆਨ ਕੀਤੀ ਹੈ। ਕੁੜੀ ਦੇ ਬਿਆਨਾਂ ਤੋਂ ਬਾਅਦ ਇਕ ਜਣੇ ਨੂੰ ਫੜ ਵੀ ਲਿਆ ਗਿਆ ਹੈ। ਹੁਣ ਘਰਵਾਲਿਆਂ ਨੇ ਤਿੰਨ ਹੋਰ ਮੁੰਡਿਆਂ ਦੇ ਨਾਂ ਵੀ ਲਏ ਹਨ। ਇਕ ਚਰਚਾ ਇਹ ਵੀ ਹੈ ਕਿ ਇਸ ਕੇਸ ਨੂੰ ਰਫਾ-ਦਫਾ ਕਰਨ ਦੀ ਕਵਾਇਦ ਵੀ ਸ਼ੁਰੂ ਹੋ ਚੁੱਕੀ ਹੈ। ਕੁੜੀ ਦਲਿਤ ਪਰਿਵਾਰ ਨਾਲ ਸਬੰਧਤ ਹੈ ਅਤੇ ਘਰਵਾਲਿਆਂ ਉਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ। ਸ਼ਾਇਦ ਇਸੇ ਕਰ ਕੇ ਘਰਵਾਲਿਆਂ ਨੇ ਧਮਕੀ ਦਿੱਤੀ ਹੈ ਕਿ ਜੇ ਪੁਲਿਸ ਨੇ ਹੋਰ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਪਰਿਵਾਰ ਵੀ ਆਤਮ-ਦਾਹ ਕਰ ਲਵੇਗਾ। ਪੁਲਿਸ ਦਾ ਕਹਿਣਾ ਹੈ ਕਿ ਕੇਸ ਦੀ ਪੂਰੀ ਪੁਣ-ਛਾਣ ਕੀਤੀ ਜਾ ਰਹੀ ਹੈ, ਪੁਣ-ਛਾਣ ਤੋਂ ਬਾਅਦ ਜੇ ਲੋੜ ਲੱਗੀ ਤਾਂ ਇਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਜ਼ਾਹਿਰ ਹੈ ਕਿ ਇਸ ਕੇਸ ਦੀਆਂ ਤਹਿਆਂ ਫਰੋਲਣੀਆਂ ਅਜੇ ਬਾਕੀ ਹਨ, ਪਰ ਇਕ ਤੱਥ ਤਾਂ ਸਭ ਦੇ ਸਾਹਮਣੇ ਹੈ ਕਿ ਕੁੜੀ ਨੇ ਆਤਮ-ਦਾਹ ਦਾ ਯਤਨ ਕੀਤਾ ਅਤੇ ਹਸਪਤਾਲ ਵਿਚ ਉਸ ਦੀ ਮੌਤ ਹੋ ਗਈ। ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ ਕੁੜੀ ਦੀ ਬੇਵਸੀ ਨੇ ਹੀ ਉਸ ਨੂੰ ਇੰਨਾ ਵੱਡਾ ਕਦਮ ਉਠਾਉਣ ਲਈ ਮਜਬੂਰ ਕੀਤਾ। ਇਸ ਬੇਵਸੀ ਨੂੰ ਪਿਛਲੇ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਘਟਨਾ ਦੀਆਂ ਸਭ ਪੇਚੀਦਗੀਆਂ ਸਾਫ ਹੋਣੀਆਂ ਆਰੰਭ ਹੋ ਜਾਂਦੀਆਂ ਹਨ। ਅਸਲ ਵਿਚ ਕੁਝ ਮਾਮਲਿਆਂ ਵਿਚ ਪੰਜਾਬ ਅੱਜ ਵੀ ਮੱਧ ਯੁੱਗ ਵਿਚੋਂ ਲੰਘ ਰਿਹਾ ਪ੍ਰਤੀਤ ਹੁੰਦਾ ਹੈ। ਕੁੜੀਆਂ ਦੇ ਮਾਮਲੇ ਵਿਚ ਤਾਂ ਇਸ ਬਾਰੇ ਹੁਣ ਕੋਈ ਦੋ ਰਾਵਾਂ ਵੀ ਨਹੀਂ ਹੋਣਗੀਆਂ। ਭਰੂਣ ਹੱਤਿਆਵਾਂ ਅਤੇ ਅਖੌਤੀ ਅਣਖ ਖਾਤਰ ਕਤਲ ਮੱਧ ਯੁੱਗ ਦੇ ਵਰਤਾਰੇ ਹੀ ਤਾਂ ਹਨ। ਛੇੜ-ਛਾੜ ਇਸੇ ਵਰਤਾਰੇ ਦਾ ਲੱਛਣ ਹੈ ਜਿਹੜਾ ਬੁਰਛਾਗਰਦਾਂ ਦੇ ਵਿਹਾਰ ਤੋਂ ਸਪਸ਼ਟ ਝਲਕਦਾ ਅਕਸਰ ਦਿਖਾਈ ਦੇ ਜਾਂਦਾ ਹੈ। ਇਹ ਪੰਜਾਬ ਦੀ ਹਾਰ ਹੀ ਮੰਨੀ ਜਾਣੀ ਚਾਹੀਦੀ ਹੈ ਕਿ ਇਹ ਆਪਣੀਆਂ ਧੀਆਂ ਨੂੰ ਖੁੱਲ੍ਹਾ ਆਕਾਸ਼ ਵੀ ਮੁਹੱਈਆ ਨਹੀਂ ਕਰਵਾ ਸਕਿਆ ਹੈ। ਅਸਲ ਵਿਚ, ਕੋਈ ਵੀ ਘਟਨਾ ਹੁੰਦੀ ਹੈ ਤਾਂ ਉਸ ਉਤੇ ਮਿੱਟੀ ਪਾਉਣ ਦੀ ਕਾਰਵਾਈ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਇਸੇ ਜਾਲ ਅਤੇ ਜੰਜਾਲ ਕਰ ਕੇ ਅਗਲਾ ਕਦਮ ਪੁੱਟੇ ਜਾਣ ਤੋਂ ਪਹਿਲਾਂ ਹੀ ਪਿਛਾਂਹ ਖਿੱਚਿਆ ਜਾਂਦਾ ਹੈ। ਹਾਲ ਹੀ ਵਿਚ ਹੋਇਆ ਔਰਬਿਟ ਬੱਸ ਕਾਂਡ ਇਸ ਦੀ ਇਕ ਮਿਸਾਲ ਹੈ। ਰਸੂਖਵਾਨਾਂ ਨੂੰ ਬਚਾਉਣ ਲਈ ਪ੍ਰਸ਼ਾਸਨ, ਸੱਚ ਅਤੇ ਇਨਸਾਫ ਨੂੰ ਦਫਨ ਕਰਨ ਲਈ ਝੱਟ ਤਿਆਰ ਹੋ ਜਾਂਦਾ ਹੈ ਅਤੇ ਸਫਲ ਵੀ ਹੋ ਜਾਂਦਾ ਹੈ। ਪ੍ਰਸ਼ਾਸਨ ਦੀ ਇਸ ਝੂਠੀ ਤੇ ਫਰੇਬੀ ਸਫਲਤਾ ਵਿਚੋਂ ਹੀ ਪੰਜਾਬ ਦੀ ਹਾਰ ਦੇ ਨਕਸ਼ ਬਣਨੇ ਅਰੰਭ ਹੋ ਜਾਂਦੇ ਹਨ। ਪਤਾ ਨਹੀਂ ਅਜਿਹੇ ਕਿੰਨੇ ਕੇਸ ਹੋਣਗੇ ਜਿਹੜੇ ਪ੍ਰਸ਼ਾਸਨ ਦੀ ਇਸ ਰਫਾ-ਦਫਾ ਵਾਲੀ ਨੀਤੀ ਦੇ ਭਾਰ ਹੇਠ ਖਤਮ ਹੋ ਜਾਂਦੇ ਹਨ।
ਅੱਜ ਤੋਂ ਪੂਰੇ 18 ਸਾਲ ਪਹਿਲਾਂ ਮਹਿਲ ਕਲਾਂ ਵਿਚ ਤਕਰੀਬਨ ਇੱਦਾਂ ਦਾ ਹੀ ਕਾਰਾ ਹੋਇਆ ਸੀ। ਬੁਰਛਾਗਰਦਾਂ ਨੇ 12ਵੀਂ ਵਿਚ ਪੜ੍ਹਦੀ ਕਿਰਨਜੀਤ ਕੌਰ ਨੂੰ 29 ਜੁਲਾਈ 1997 ਨੂੰ ਅਗਵਾ ਕਰ ਲਿਆ ਸੀ। ਉਸ ਨਾਲ ਜਬਰ ਜਨਾਹ ਕਰ ਕੇ ਉਸ ਦੀ ਲਾਸ਼ ਖੇਤਾਂ ਵਿਚ ਦੱਬ ਦਿੱਤੀ ਗਈ। ਲਾਸ਼ ਭਾਰੀ ਤਰੱਦਦ ਤੋਂ ਬਾਅਦ ਆਖਰਕਾਰ 12 ਅਗਸਤ ਨੂੰ ਹੀ ਮਿਲ ਸਕੀ ਸੀ। ਇਸ ਤੋਂ ਬਆਦ ਫਿਰ ਉਹੀ ਸਿਲਸਿਲਾ ਆਰੰਭ ਹੋ ਗਿਆ। ਅਪਰਾਧੀਆਂ ਨੂੰ ਬਚਾਉਣ ਲਈ ਪੁਲਿਸ ਅਤੇ ਲੀਡਰਾਂ ਦਾ ਗਠਜੋੜ ਸਰਗਰਮ ਹੋ ਗਿਆ, ਪਰ ਲੰਮੇ ਜਥੇਬੰਦਕ ਸੰਘਰਸ਼ ਨੇ ਆਖਰਕਾਰ ਅਪਰਾਧੀਆਂ ਨੂੰ ਸਜ਼ਾਵਾਂ ਦਿਵਾਈਆਂ। ਇਹ ਸਜ਼ਾਵਾਂ ਦਿਵਾਉਣ ਲਈ ਜੋ ਕੁਰਬਾਨੀਆਂ ਦੇਣੀਆਂ ਪਈਆਂ, ਉਸ ਨਾਲ ਇਹ ਸੰਘਰਸ਼ ਬੇਮਿਸਾਲ ਹੋ ਨਿਬੜਿਆ। ਉਂਝ ਇਸ ਸੰਘਰਸ਼ ਦਾ ਇਕ ਤਕੜਾ ਪੱਖ ਇਹ ਵੀ ਰਿਹਾ ਕਿ ਕਿਰਨਜੀਤ ਕੌਰ ਦਾ ਪਿਤਾ ਸੰਘਰਸ਼ ਕਰ ਰਹੇ ਲੋਕਾਂ ਦੇ ਅੰਗ-ਸੰਗ ਰਿਹਾ ਅਤੇ ਡੋਲਿਆ ਨਹੀਂ। ਸਿੱਟੇ ਵਜੋਂ ਕੇਸ ਨੂੰ ਰਫਾ-ਦਫਾ ਜਾਂ ਕਮਜ਼ੋਰ ਕਰਨ ਦਾ ਹਰ ਹੀਲਾ ਪਛਾੜ ਦਿੱਤਾ ਗਿਆ। ਇਸ ਮਿਸਾਲੀ ਜਿੱਤ ਤੋਂ ਬਾਅਦ ਹੁਣ ਹਰ ਸਾਲ 12 ਅਗਸਤ ਨੂੰ ਕਿਰਨਜੀਤ ਕੌਰ ਦੀ ਬਰਸੀ ਮਨਾਈ ਜਾਂਦੀ ਹੈ। ਇਸ ਜਿੱਤ ਤੋਂ ਪ੍ਰੇਰਨਾ ਲੈ ਕੇ ਇਲਾਕੇ ਵਿਚ ਹੋਰ ਵੀ ਕਈ ਨਿੱਕੀਆਂ ਨਿੱਕੀਆਂ ਲੜਾਈਆਂ ਲੜੀਆਂ ਅਤੇ ਜਿੱਤੀਆਂ ਗਈਆਂ, ਭਾਵੇਂ ਮੀਡੀਆ ਵਿਚ ਇਨ੍ਹਾਂ ਬਾਰੇ ਚਰਚਾ ਬਹੁਤ ਘੱਟ ਹੋਈ ਹੈ। ਹੁਣ ਕਾਲ ਬੰਜਾਰਾ ਦੇ ਪੀੜਤ ਪਰਿਵਾਰ ਅੱਗੇ ਵੀ ਅਜਿਹੀ ਹੀ ਲੜਾਈ ਦੇ ਨਕਸ਼ ਬਣ ਰਹੇ ਹਨ। ਜੇ ਪਰਿਵਾਰ ਦੀ ਇਹ ਲੜਾਈ ਪੰਜਾਬ ਦੀ ਲੜਾਈ ਵਿਚ ਵਟਦੀ ਹੈ ਤਾਂ ਕੁੜੀਆਂ ਅੰਬਰ ਵੱਲ ਉਡਾਣ ਲਈ ਇਕ ਪੁਲਾਂਘ ਹੋਰ ਭਰਨ ਜੋਗੀਆਂ ਹੋ ਜਾਣਗੀਆਂ। ਅਜਿਹੀ ਲੜਾਈ ਲੜ ਅਤੇ ਜਿੱਤ ਕੇ ਹੀ ਪੰਜਾਬ ਅਗਲੀ ਪੁਲਾਂਘ ਭਰ ਸਕਦਾ ਹੈ।