ਨਵੀਂ ਦਿੱਲੀ: ਮੋਦੀ ਸਰਕਾਰ ਵੱਲੋਂ ਦੇਸ਼ ਨੂੰ ਸਾਫ-ਸੁਥਰਾ ਰੱਖਣ ਲਈ ਛੇੜਿਆ ਸਵੱਛ ਅਭਿਆਨ ਪੰਜਾਬ ਵਿਚ ਅਣਗੌਲਿਆ ਹੀ ਰਿਹਾ। ਸਵੱਛ ਭਾਰਤ ਮਿਸ਼ਨ ਦੇ ਅੰਕੜਿਆਂ ਵਿਚ ਸਫਾਈ ਪੱਖੋਂ ਪੰਜਾਬ ਦਾ ਜਲੰਧਰ ਸ਼ਹਿਰ ਹੀ ਆਪਣਾ ਨਾਂ ਪਹਿਲੇ 100 ਸਾਫ਼-ਸੁਥਰੇ ਸ਼ਹਿਰਾਂ ਵਿਚ ਦਰਜ ਕਰਵਾਉਣ ਵਿਚ ਕਾਮਯਾਬ ਹੋ ਸਕਿਆ ਹੈ, ਜਦਕਿ ਲੁਧਿਆਣਾ ਤੇ ਅੰਮ੍ਰਿਤਸਰ ਹੇਠਲੇ 100 ਸ਼ਹਿਰਾਂ ਵਿਚ ਸ਼ੁਮਾਰ ਹਨ।
ਸਵੱਛ ਭਾਰਤ ਮਿਸ਼ਨ ਤਹਿਤ ਕੀਤੀ ਗਈ ਦਰਜਾਬੰਦੀ ਵਿਚ ਭਾਰਤ ਦੇ 476 ਸ਼ਹਿਰਾਂ ਨੂੰ ਸਫ਼ਾਈ ਦੇ ਆਧਾਰ ਉਤੇ ਪਰਖਿਆ ਗਿਆ, ਜਿਥੇ ਜਲੰਧਰ ਨੂੰ ਦਰਜਾਬੰਦੀ ਵਿਚ 28ਵਾਂ ਸਥਾਨ ਹਾਸਲ ਹੋਇਆ ਹੈ, ਉਥੇ ਲੁਧਿਆਣਾ ਦਾ ਨੰਬਰ 381ਵਾਂ ਹੈ, ਜਦਕਿ ਗੁਰੂਆਂ ਦੀ ਨਗਰੀ ਅੰਮ੍ਰਿਤਸਰ 430ਵੇਂ ਨੰਬਰ ਉਤੇ ਆਇਆ ਹੈ। 29 ਸੂਬਿਆਂ ਵਿਚੋਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਪੰਜਵੇਂ ਨੰਬਰ ਉਤੇ ਹੈ। ਬੈਂਗਲੁਰੂ, ਤ੍ਰੇਂਦਰਮ, ਗੰਗਟੋਕ ਤੇ ਦਿੱਲੀ ਤੋਂ ਬਾਅਦ ਚੰਡੀਗੜ੍ਹ 5ਵੀਂ ਸਾਫ਼-ਸੁਥਰੀ ਰਾਜਧਾਨੀ ਹੈ, ਜਿਸ ਦੀ ਸਵੱਛ ਭਾਰਤ ਦਰਜਾਬੰਦੀ ਵਿਚ 21ਵੀਂ ਥਾਂ ਹੈ।
ਜਾਰੀ ਹੋਏ ਅੰਕੜਿਆਂ ਮੁਤਾਬਕ ਕਰਨਾਟਕ ਦੇ ਮੈਸੂਰ ਸ਼ਹਿਰ ਨੇ ਸਵੱਛ ਭਾਰਤ ਦਰਜਾਬੰਦੀ ਵਿਚ ਪਹਿਲੀ ਥਾਂ ਹਾਸਲ ਕੀਤੀ ਹੈ, ਜਦਕਿ ਸੂਬੇ ਦੇ ਹੋਰ ਤਿੰਨ ਸ਼ਹਿਰ ਵੀ ਪਹਿਲੇ 10 ਸਾਫ਼-ਸੁਥਰੇ ਸ਼ਹਿਰਾਂ ਵਿਚ ਸ਼ਾਮਲ ਹਨ। ਪੱਛਮੀ ਬੰਗਾਲ ਦੇ 25 ਸ਼ਹਿਰਾਂ ਦਾ ਨਾਂ ਇਸ ਸੂਚੀ ਦੇ ਪਹਿਲੇ 100 ਸ਼ਹਿਰਾਂ ਵਿਚ ਦਰਜ ਹੈ। ਅੰਕੜਿਆਂ ਤੋਂ ਇਕ ਹੋਰ ਵੀ ਗੱਲ ਸਾਹਮਣੇ ਆਈ ਹੈ ਕਿ ਉੱਤਰੀ ਸੂਬਿਆਂ ਦੀ ਬਨਿਸਬਤ ਦੱਖਣ ਭਾਰਤੀ ਸੂਬਿਆਂ ਵਿਚ ਸਾਫ਼-ਸਫ਼ਾਈ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ। ਪਹਿਲੇ 100 ਸਾਫ਼ ਸ਼ਹਿਰਾਂ ਵਿਚੋਂ ਜਿਥੇ ਦੱਖਣ ਭਾਰਤ ਦੇ 39 ਸ਼ਹਿਰ ਸ਼ਾਮਲ ਹਨ, ਉਥੇ ਪੂਰਬੀ ਭਾਰਤ ਦੇ 27, ਪੱਛਮੀ ਭਾਰਤ ਦੇ 15, ਜਦਕਿ ਉੱਤਰੀ ਭਾਰਤ ਦੇ 12 ਸ਼ਹਿਰ ਸ਼ਾਮਲ ਹਨ। ਉੱਤਰ ਪੂਰਬੀ ਰਾਜਾਂ ਦੇ ਸੱਤ ਸ਼ਹਿਰ ਵੀ ਇਸ ਸੂਚੀ ਵਿਚ ਸ਼ਾਮਲ ਹਨ। ਹੇਠਲੇ 100 ਸ਼ਹਿਰਾਂ ਦੀ ਸੂਚੀ ਵੀ ਇਸੇ ਰੁਝਾਨ ਵੱਲ ਇਸ਼ਾਰਾ ਕਰਦੀ ਹੈ, ਜਿਥੇ ਉੱਤਰੀ ਭਾਰਤ ਦੇ 74 ਸ਼ਹਿਰ ਹੇਠਲੇ 100 ਸ਼ਹਿਰਾਂ ਵਿਚ ਆਉਂਦੇ ਹਨ, ਦੱਖਣੀ ਭਾਰਤ ਦੇ ਸਿਰਫ ਦੋ ਸ਼ਹਿਰ ਹੀ ਉਸ ਸੂਚੀ ਵਿਚ ਸ਼ਾਮਿਲ ਹਨ। ਪੂਰਬੀ ਭਾਰਤ ਦੇ 21 ਤੇ ਪੱਛਮੀ ਭਾਰਤ ਦੇ ਤਿੰਨ ਸ਼ਹਿਰ ਹੇਠਲੇ ਸ਼ਹਿਰਾਂ ਦੀ ਸੂਚੀ ਵਿਚ ਸ਼ਾਮਲ ਹਨ। ਪਹਿਲੇ 10 ਸ਼ਹਿਰਾਂ ਵਿਚ ਮੈਸੂਰ ਤੋਂ ਬਾਅਦ ਤੀਰੂਚਿਰਾਪੱਲੀ (ਤਾਮਿਲਨਾਡੂ), ਨਵੀਂ ਮੁੰਬਈ, ਕੋਚੀ (ਕੇਰਲ), ਹਸਾਨ, ਮਾਂਡਯਾ, ਬੈਂਗਲੁਰੂ (ਸਭ ਕਰਨਾਟਕ ਦੇ), ਤਿਰੂਵਨੰਤਪੁਰਮ (ਕੇਰਲ), ਹਲੀਸਾਹਾਰ (ਪੱਛਮੀ ਬੰਗਾਲ) ਤੇ ਗੰਗਟੋਕ (ਸਿੱਕਮ) ਦਾ ਨਾਂ ਆਉਂਦਾ ਹੈ। ਜਦਕਿ ਮੱਧ ਪ੍ਰਦੇਸ਼ ਦੇ ਦਾਮੋਹ 476ਵੇਂ ਨੰਬਰ ਉਤੇ ਹੈ। ਹੇਠਲੇ 10 ਸ਼ਹਿਰਾਂ ਵਿਚੋਂ ਭਿੰਡ (ਮੱਧ ਪ੍ਰਦੇਸ਼), ਪਲਵਨ ਤੇ ਭਿਵਾਨੀ (ਹਰਿਆਣਾ), ਚਿਤੌੜਗੜ੍ਹ (ਰਾਜਸਥਾਨ), ਬੁਲੰਦ ਸ਼ਹਿਰ (ਉੱਤਰ ਪ੍ਰਦੇਸ਼), ਨੀਮਚ (ਮੱਧ ਪ੍ਰਦੇਸ਼), ਰਿਵਾੜੀ (ਹਰਿਆਣਾ), ਹਿੰਦਾਓ (ਰਾਜਸਥਾਨ) ਤੇ ਸੋਬਨਪੁਰ (ਉੜੀਸਾ) ਦੇ ਨਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਭਾਰਤ ਦੇ ਸਮੁੱਚੇ 476 ਸ਼ਹਿਰਾਂ ਦਾ ਸਰਵੇਖਣ ਕੀਤਾ ਗਿਆ, ਜਿਨ੍ਹਾਂ ਦੀ ਆਬਾਦੀ ਇਕ ਲੱਖ ਤੋਂ ਉਪਰ ਹੈ। ਇਨ੍ਹਾਂ ਸ਼ਹਿਰਾਂ ਨੂੰ ਵੱਖ-ਵੱਖ ਮਾਪਦੰਡਾਂ ਮੁਤਾਬਕ 100 ਪੁਆਇੰਟਾਂ ਦੇ ਆਧਾਰ ਉਤੇ ਵੰਡਿਆ ਗਿਆ ਸੀ, ਜਿਨ੍ਹਾਂ ਵਿਚ ਸੋਲਿਡ ਵੇਸਟ ਮੈਨੇਜਮੈਂਟ, ਬਰਬਾਦ ਪਾਣੀ ਦੀ ਟ੍ਰੀਟਮੈਂਟ, ਪੀਣ ਵਾਲੇ ਪਾਣੀ ਦੀ ਕੁਆਲਿਟੀ ਤੇ ਖੁੱਲ੍ਹੇ ਵਿਚ ਪਖਾਨਾ ਵਰਗੇ ਨੁਕਤਿਆਂ ‘ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ।
_____________________________________
ਮੈਸੂਰ ਸਿਖਰ ਉਤੇ, ਚੰਡੀਗੜ੍ਹ ਨੂੰ 21ਵੀਂ ਥਾਂ
ਨਵੀਂ ਦਿੱਲੀ: ਦੇਸ਼ ਵਿਚ 476 ਸ਼ਹਿਰਾਂ ਦੀ ਸਵੱਛ ਭਾਰਤ ਦਰਜਾਬੰਦੀ ਵਿਚ ਕਰਨਾਟਕ ਦਾ ਸ਼ਹਿਰ ਮੈਸੂਰ ਸਿਖਰਲੇ ਨੰਬਰ ਉਤੇ ਹੈ, ਜਦਕਿ ਇਸ ਸੂਚੀ ਵਿਚ ਸਿਖਰਲੀਆਂ ਦਸ ਥਾਵਾਂ ਵਿਚ ਕਰਨਾਟਕ ਦੇ ਤਿੰਨ ਹੋਰ ਸ਼ਹਿਰਾਂ ਦਾ ਨਾਂ ਵੀ ਸ਼ੁਮਾਰ ਹੈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਸਫ਼ਾਈ ਦੇ ਮਾਮਲੇ ਵਿਚ 476 ਸ਼ਹਿਰਾਂ ਵਿਚੋਂ 21ਵੇਂ ਨੰਬਰ ਉਤੇ ਰਹੀ। ਸਫ਼ਾਈ ਦੇ ਮਾਮਲੇ ਵਿਚ ਪੱਛਮੀ ਬੰਗਾਲ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਉਸ ਦੇ 25 ਸ਼ਹਿਰ ਸਿਖਰਲੇ 100 ਸ਼ਹਿਰਾਂ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਰਹੇ ਹਨ। ਕੌਮੀ ਸਵੱਛਤਾ ਨੀਤੀ 2008 ਤਹਿਤ ਇਹ ਸਰਵੇਖਣ 2014-15 ਵਿਚ ਸ਼ਹਿਰੀ ਵਿਕਾਸ ਮੰਤਰਾਲਾ ਨੇ ਸ਼ੁਰੂ ਕੀਤਾ ਸੀ। ਸਵੱਛ ਭਾਰਤ ਰੈਕਿੰਗ ਵਿਚ ਕੁਲ 42 ਅੰਕ ਦਿੱਤੇ ਜਾਣੇ ਸਨ ਜਿਨ੍ਹਾਂ ਵਿਚੋਂ 20 ਅੰਕ ਖੁੱਲ੍ਹੇ ਆਸਮਾਨ ਹੇਠਾਂ ਜੰਗਲ-ਪਾਣੀ ਜਾਣ ਨੂੰ ਰੋਕਣ ਤੇ 22 ਕੂੜੇ ਦੇ ਪ੍ਰਬੰਧਨ ਲਈ ਦਿੱਤੇ ਜਾਣੇ ਸਨ।
_________________________________________
ਗੁਰੂ ਦੀ ਨਗਰੀ ਅੰਮ੍ਰਿਤਸਰ 430ਵੇਂ ਨੰਬਰ ‘ਤੇ
ਜਲੰਧਰ ਨੂੰ ਦਰਜਾਬੰਦੀ ਵਿਚ 28ਵਾਂ ਸਥਾਨ ਹਾਸਲ ਹੋਇਆ ਹੈ, ਉਥੇ ਲੁਧਿਆਣਾ ਦਾ ਨੰਬਰ 381ਵਾਂ ਹੈ, ਜਦਕਿ ਗੁਰੂ ਦੀ ਨਗਰੀ ਅੰਮ੍ਰਿਤਸਰ 430ਵੇਂ ਨੰਬਰ ਉਤੇ ਆਇਆ ਹੈ। ਲੁਧਿਆਣਾ ਤੇ ਅੰਮ੍ਰਿਤਸਰ ਹੇਠਲੇ 100 ਸ਼ਹਿਰਾਂ ਵਿਚ ਸ਼ੁਮਾਰ ਹਨ। ਸਵੱਛ ਭਾਰਤ ਮਿਸ਼ਨ ਤਹਿਤ ਕੀਤੀ ਗਈ ਦਰਜਾਬੰਦੀ ਵਿਚ ਭਾਰਤ ਦੇ 476 ਸ਼ਹਿਰਾਂ ਨੂੰ ਸਫ਼ਾਈ ਦੇ ਆਧਾਰ ਉਤੇ ਪਰਖਿਆ ਗਿਆ ਹੈ।