ਭਾਰਤ-ਪਾਕਿਸਤਾਨ ਸਬੰਧਾਂ ‘ਤੇ ਦਹਿਸ਼ਤਵਾਦ ਦਾ ਮੁੜ ਪਰਛਾਵਾਂ

ਨਵੀਂ ਦਿੱਲੀ: ਦਹਿਸ਼ਤਵਾਦ ਦੇ ਮੁੱਦੇ ‘ਤੇ ਭਾਰਤ ਤੇ ਪਾਕਿਸਤਾਨ ਮੁੜ ਆਹਮੋ-ਸਾਹਮਣੇ ਹਨ। ਦੋਵਾਂ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਨਵੀਂ ਦਿੱਲੀ ਵਿਚ ਹੋਣ ਜਾ ਰਹੀ ਗੱਲਬਾਤ ਤੋਂ ਪਹਿਲਾਂ ਜੰਮੂ-ਕਸ਼ਮੀਰ ਵਿਚ ਅਤਿਵਾਦੀ ਗਤੀਵਿਧੀਆਂ ਵਿਚ ਇਕਦਮ ਵਾਧਾ ਹੋ ਗਿਆ ਹੈ। ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਉਤੇ ਊਧਮਪੁਰ ਨੇੜੇ ਹੋਏ ਦਹਿਸ਼ਤੀ ਹਮਲੇ ਨੇ ਦੋਵੇਂ ਦੇਸ਼ਾਂ ਦਰਮਿਆਨ ‘ਜੰਗ’ ਹੋਰ ਭਖਾ ਦਿੱਤੀ ਹੈ।

ਯਾਦ ਰਹੇ ਕਿ ਦੋ ਦਹਿਸ਼ਤਗਰਦਾਂ ਨੇ ਬੀæਐਸ਼ਐਫ਼ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਸੀ ਜਿਸ। ਵਿਚ ਬੀæਐਸ਼ਐਫ਼ ਦੇ ਦੋ ਜਵਾਨ ਤੇ ਇਕ ਦਹਿਸ਼ਤਗਰਦ ਮਾਰੇ ਗਏ ਜਦੋਂਕਿ ਇਕ ਦਹਿਸ਼ਤਗਰਦ ਨੂੰ ਕਾਬੂ ਕਰ ਲਿਆ ਗਿਆ। ਭਾਰਤ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੜਿਆ ਗਿਆ ਅਤਿਵਾਦੀ ਪਾਕਿਸਤਾਨ ਦਾ ਰਹਿਣ ਵਾਲਾ ਹੈ ਤੇ ਭਾਰਤ ਨੇ ਇਸ ਦੇ ਸਬੂਤ ਵੀ ਦੇ ਦਿੱਤੇ ਹਨ ਪਰ ਪਾਕਿ ਇਹ ਮੰਨਣ ਨੂੰ ਤਿਆਰ ਨਹੀਂ। ਲਸ਼ਕਰੇ-ਤੋਇਬਾ ਨਾਲ ਸਬੰਧਤ ਇਹ ਦਹਿਸ਼ਤਗਰਦ ਨਾਵੇਦ ਯਾਕੂਬ ਪਾਕਿਸਤਾਨ ਦੇ ਜ਼ਿਲ੍ਹਾ ਫੈਸਲਾਬਾਦ ਦਾ ਰਹਿਣ ਵਾਲਾ।
ਮੁੰਬਈ ਉਤੇ ਨਵੰਬਰ 2008 ਵਿਚ ਹੋਏ ਦਹਿਸ਼ਤੀ ਹਮਲੇ ਦੌਰਾਨ ਫੜੇ ਗਏ ਅਫ਼ਜ਼ਲ ਕਸਾਬ ਤੋਂ ਬਾਅਦ ਇਹ ਦੂਜਾ ਵਿਅਕਤੀ ਹੈ ਜਿਸ ਨੂੰ ਜਿੰਦਾ ਫੜੇ ਜਾਣ ਵਿਚ ਕਾਮਯਾਬੀ ਮਿਲੀ ਹੈ। ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੇ ਦੀਨਾਨਗਰ ਵਿਖੇ ਵੀ ਦਹਿਸ਼ਤੀ ਘਟਨਾ ਵਾਪਰ ਚੁੱਕੀ ਹੈ। ਇਨ੍ਹਾਂ ਘਟਨਾਵਾਂ ਲਈ ਭਾਰਤ ਨੇ ਅਧਿਕਾਰਤ ਤੌਰ ਉੱਤੇ ਤੇ ਸਿਵਲ ਸੁਸਾਇਟੀ ਵੱਲੋਂ ਵੀ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਚੁੱਕਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸੱਯਦ ਕਾਜ਼ੀ ਖਲੀਲਉਲਾ ਨੇ ਹਮੇਸ਼ਾ ਦੀ ਤਰ੍ਹਾਂ ਦਹਿਸ਼ਤਗਰਦਾਂ ਦੇ ਪਾਕਿਸਤਾਨੀ ਨਾਗਰਿਕ ਹੋਣ ਤੋਂ ਇਨਕਾਰ ਕੀਤਾ ਹੈ ਤੇ ਭਾਰਤ ਤੋਂ ਇਨ੍ਹਾਂ ਦੀ ਪਛਾਣ ਦੇ ਸਬੂਤ ਦੇਣ ਦੀ ਮੰਗ ਕੀਤੀ ਹੈ।
_____________________________________
ਸੰਸਦੀ ਸੰਘ ਦੀ ਬੈਠਕ ਦਾ ਬਾਈਕਾਟ ਕਰੇਗਾ ਭਾਰਤ
ਨਵੀਂ ਦਿੱਲੀ: ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਨੂੰ ਅਗਲੇ ਮਹੀਨੇ ਇਸਲਾਮਾਬਾਦ ਵਿਖੇ ਹੋਣ ਵਾਲੀ ਰਾਸ਼ਟਰ ਮੰਡਲ ਸੰਸਦੀ ਸੰਘ ਦੀ ਬੈਠਕ ਵਿਚ ਸੱਦਾ ਨਾ ਦੇਣ ਦਾ ਵਿਰੋਧ ਪ੍ਰਗਟਾਉਂਦਿਆਂ ਭਾਰਤ ਨੇ ਇਸ ਬੈਠਕ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਵੱਲੋਂ ਇਹ ਫੈਸਲਾ ਪੰਜਾਬ ਤੇ ਜੰਮੂ ਕਸ਼ਮੀਰ ਵਿਚ ਅਤਿਵਾਦੀ ਹਮਲਿਆਂ ਕਾਰਨ ਵਧੇ ਤਣਾਅ ਤੋਂ ਬਾਅਦ ਆਇਆ ਹੈ। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਹੈ ਕਿ ਜੇਕਰ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਨੂੰ ਸੱਦਾ ਨਹੀਂ ਦਿੱਤਾ ਜਾਂਦਾ ਤਾਂ ਭਾਰਤ ਰਾਸ਼ਟਰ ਮੰਡਲ ਸੰਸਦੀ ਸੰਘ ਦੀ ਬੈਠਕ ਦਾ ਬਾਈਕਾਟ ਕਰੇਗਾ। ਜ਼ਿਕਰਯੋਗ ਹੈ ਕਿ 30 ਸਤੰਬਰ ਤੋਂ ਅੱਠ ਅਕਤੂਬਰ ਤੱਕ ਇਸਲਾਮਾਬਾਦ ਵਿਚ ਹੋਣ ਵਾਲੀ ਬੈਠਕ ਵਿਚ ਭਾਰਤ ਦੇ ਸਾਰੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਸਪੀਕਰਾਂ ਨੂੰ ਸੱਦਾ ਦਿੱਤਾ ਗਿਆ ਸੀ ਪਰ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਨੂੰ ਬੁਲਾਵਾ ਨਹੀਂ ਭੇਜਿਆ ਗਿਆ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ਵਿਧਾਨ ਸਭਾ ਨੂੰ ਮਾਨਤਾ ਨਹੀਂ ਦਿੰਦਾ।
____________________________
ਭਾਰਤ-ਪਾਕਿ ਦੀ ਵੰਡ ਲਈ ਵੱਡੇ ਆਗੂ ਜ਼ਿੰਮੇਵਾਰ?
ਨਵੀਂ ਦਿੱਲੀ: ਦੇਸ਼ ਦੀ ਵੰਡ ਨੂੰ ਦਰਸਾਉਂਦੀ ਨਵੀਂ ਕਿਤਾਬ ਵਿਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆ ਹੈ ਕਿ ਕਿਵੇਂ ਦੋਵੇਂ ਪਾਸਿਆਂ ਦੇ ਆਗੂਆਂ ਨੇ ਆਪਣੇ-ਆਪਣੇ ਮੁਲਕਾਂ ਦੇ ਜਨਮ ਮੌਕੇ ਪੈਦਾ ਹੋਏ ਸੰਜੀਦਾ ਹਾਲਾਤ ਨਾਲ ਨਜਿੱਠਣ ਲਈ ਗ਼ਲਤ ਕਦਮ ਚੁੱਕੇ। ਇਨ੍ਹਾਂ ਆਗੂਆਂ ਨੇ ਅਜਿਹੇ ਫ਼ੈਸਲੇ ਲਏ ਕਿ ਦੋਵੇਂ ਮੁਲਕਾਂ ਦੇ ਇਕੱਠੇ ਰਹਿਣ ਦੀ ਬਜਾਏ ਉਨ੍ਹਾਂ ਦਾ ਪਾੜਾ ਹੋਰ ਵਧ ਗਿਆ। ਬਲੂਮਬਰਗ ਵਿਊਜ਼ ਏਸ਼ੀਆ ਦੇ ਸੰਪਾਦਕ ਨਿਸਿਦ ਹਾਜਰੀ ਦੀ ਕਿਤਾਬ ‘ਇਨ ਮਿਡਨਾਈਟਜ਼ ਫਿਊਰੀਜ਼: ਦਿ ਡੈੱਡਲੀ ਲੈਗੇਸੀ ਆਫ਼ ਇੰਡੀਆਜ਼ ਪਾਰਟੀਸ਼ਨ’ ਵਿਚ ਪਿੰਡੇ ਉਤੇ ਹੰਢਾਏ ਸਮੇਂ ਤੇ ਪ੍ਰਤੱਖਦਰਸ਼ੀਆਂ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਕਿਵੇਂ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ, ਮੁਹੰਮਦ ਅਲੀ ਜਿਨਾਹ ਤੇ ਲਾਰਡ ਮਾਊਂਟਬੇਟਨ ਦੇ ਨਾਜ਼ੁਕ ਰਿਸ਼ਤੇ ਸਨ। ਉਸ ਦਾ ਮੰਨਣਾ ਹੈ ਕਿ ਦੋ ਤਰ੍ਹਾਂ ਦੀਆਂ ਗ਼ਲਤੀਆਂ ਹੋਈਆਂ,। ਸਿਆਸੀ ਪੱਧਰ ਉਤੇ ਨਹਿਰੂ ਤੇ ਗਾਂਧੀ ਵਰਗੇ ਕਾਂਗਰਸ ਆਗੂਆਂ ਨੇ ਸਮਝੌਤੇ ਦੇ ਕਈ ਮੌਕੇ ਗੁਆਏ ਜਿਸ ਨਾਲ ਵੰਡ ਨੂੰ ਰੋਕਿਆ ਜਾ ਸਕਦਾ ਸੀ। ਇਨ੍ਹਾਂ ਆਗੂਆਂ ਨੇ ਬ੍ਰਿਟਿਸ਼ ਦੇ ਨਾਲ-ਨਾਲ ਜਿਨਾਹ ਉਤੇ ਵੀ ਭਰੋਸਾ ਨਹੀਂ ਕੀਤਾ। ਉਹ ਕਈ ਗੱਲਾਂ ਨੂੰ ਅਣਗੌਲਿਆ ਕਰ ਗਏ ਜਿਸ ਨਾਲ ਘੱਟ ਗਿਣਤੀਆਂ ਦੇ ਜਾਇਜ਼ ਖ਼ਦਸ਼ਿਆਂ ਨੂੰ ਦਰਿਆਦਿਲੀ ਨਾਲ ਹੱਲ ਕੀਤਾ ਜਾ ਸਕਦਾ ਸੀ।