ਚੰਡੀਗੜ੍ਹ: ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ਪ੍ਰਾਪਤ ਹੁਸ਼ਿਆਰਪੁਰ ਦਾ ਅਮਰਪ੍ਰੀਤ ਸਿੰਘ ਲਾਲੀ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਣ ਗਿਆ ਹੈ। ਉਸ ਨੇ ਕਿਸਾਨ ਮਜ਼ਦੂਰ ਸੈੱਲ ਦੇ ਚੇਅਰਮੈਨ ਇੰਦਰਜੀਤ ਸਿੰਘ ਜ਼ੀਰਾ ਦੇ ਲੜਕੇ ਕੁਲਦੀਪ ਸਿੰਘ ਜ਼ੀਰਾ ਨਾਲੋਂ 1622 ਵੋਟਾਂ ਵੱਧ ਲੈ ਕੇ ਪ੍ਰਧਾਨਗੀ ਹਾਸਲ ਕੀਤੀ ਹੈ। ਇਸ ਜਿੱਤ ਨਾਲ ਯੂਥ ਕਾਂਗਰਸ ਵਿਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਪੈਂਠ ਬਣ ਗਈ ਹੈ।
ਲਾਲੀ ਨੂੰ 4447 ਅਤੇ ਕੁਲਦੀਪ ਸਿੰਘ ਜ਼ੀਰਾ ਨੂੰ 2825 ਵੋਟਾਂ ਮਿਲੀਆਂ। ਪ੍ਰਧਾਨਗੀ ਲਈ ਖੜ੍ਹੇ ਹੋਰ ਉਮੀਦਵਾਰਾਂ ਖੁਸ਼ਬਾਜ਼ ਸਿੰਘ ਜਟਾਣਾ ਨੂੰ 1222, ਦੀਪਿੰਦਰ ਸਿੰਘ ਰੰਧਾਵਾ ਨੂੰ 527, ਦਮਨ ਕੌਰ ਬਾਜਵਾ ਨੂੰ 377 ਅਤੇ ਪੂਨਮ ਕਾਂਗੜ ਨੂੰ 220 ਵੋਟਾਂ ਮਿਲੀਆਂ। ਜ਼ੀਰਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਹਮਾਇਤ ਹਾਸਲ ਸੀ। ਉਂਝ, ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਧੜੇ ਲਈ ਖੁਸ਼ੀ ਵਾਲੀ ਗੱਲ ਇਹ ਹੈ ਕਿ ਸ਼ ਬਾਜਵਾ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਦਾ ਲੜਕਾ ਕੰਵਰ ਪ੍ਰਤਾਪ ਸਿੰਘ ਬਾਜਵਾ ਜਨਰਲ ਸਕੱਤਰ ਚੁਣਿਆ ਗਿਆ ਹੈ।
ਯਾਦ ਰਹੇ ਕਿ ਯੂਥ ਕਾਂਗਰਸ ਦੀਆਂ ਚੋਣਾਂ ਕਾਂਗਰਸ ਪਾਰਟੀ ਦੇ ਆਗੂਆਂ ਦੇ ਪ੍ਰਭਾਵ ਹੇਠ ਲੜੀਆਂ ਜਾਂਦੀਆਂ ਰਹੀਆਂ ਹਨ। ਪਿਛਲੀਆਂ ਤਿੰਨ ਚੋਣਾਂ ਵਿਚ ਜਿਹੜੇ ਨੌਜਵਾਨ ਪ੍ਰਧਾਨ ਬਣੇ, ਉਹ ਰਾਜਨੀਤਕ ਪਰਿਵਾਰਾਂ ਨਾਲ ਸਬੰਧਤ ਸਨ। ਇਨ੍ਹਾਂ ਵਿਚ ਵਿਜੇਇੰਦਰ ਸਿੰਗਲਾ ਮਰਹੂਮ ਕਾਂਗਰਸ ਆਗੂ ਸੰਤਰਾਮ ਸਿੰਗਲਾ ਦਾ ਪੁੱਤਰ, ਰਵਨੀਤ ਬਿੱਟੂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਾ ਅਤੇ ਵਿਕਰਮ ਚੌਧਰੀ ਕਾਂਗਰਸ ਆਗੂ ਸੰਤੋਖ ਸਿੰਘ ਲੜਕਾ ਹੈ। ਹੁਣ ਪ੍ਰਧਾਨ ਬਣੇ ਲਾਲੀ ਦਾ ਕੋਈ ਰਾਜਨੀਤਕ ਪਿਛੋਕੜ ਨਹੀਂ ਹੈ। ਖਬਰ ਹੈ ਕਿ ਲਾਲੀ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਦੀ ਜਨਰਲ ਸਕੱਤਰ ਅੰਬਿਕਾ ਸੋਨੀ ਦੀ ਹਮਾਇਤ ਵੀ ਹਾਸਲ ਸੀ ਤੇ ਉਨ੍ਹਾਂ ਨੇ ਹੀ ਇਸ ਨੌਜਵਾਨ ਦਾ ਨਾਂ ਤਜਵੀਜ਼ ਕਰਵਾਇਆ ਸੀ। ਇਸੇ ਦੌਰਾਨ ਨਵੇਂ ਬਣੇ ਪ੍ਰਧਾਨ ਲਾਲੀ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ਼ ਕਰਦਿਆਂ ਇਸ ਜਿੱਤ ਨੂੰ ਸ੍ਰੀ ਗਾਂਧੀ ਦੀ ਜਿੱਤ ਦੱਸਿਆ ਹੈ। ਉਸ ਨੇ ਇਹ ਵੀ ਕਿਹਾ ਹੈ ਕਿ ਸੂਬੇ ਦੇ ਨੌਜਵਾਨ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਹਨ ਤੇ ਚਾਹੁੰਦੇ ਹਨ ਕਿ ਉਹ ਅੱਗੇ ਆਉਣ।
ਮੀਤ ਪ੍ਰਧਾਨ ਬਣਨ ਵਾਲਿਆਂ ਵਿਚ ਕੁਲਬੀਰ ਸਿੰਘ ਜ਼ੀਰਾ, ਖੁਸ਼ਬਾਜ਼ ਸਿੰਘ ਜਟਾਣਾ ਅਤੇ ਦਮਨ ਕੌਰ ਬਾਜਵਾ ਸ਼ਾਮਲ ਹਨ। ਜਨਰਲ ਸਕੱਤਰ ਵਜੋਂ ਕੰਵਰ ਪ੍ਰਤਾਪ ਸਿੰਘ ਬਾਜਵਾ, ਦਲਬੀਰ ਸਿੰਘ ਗੋਲਡੀ, ਫਾਰੂਕ ਅਹਿਮਦ ਅਨਸਾਰੀ, ਗਗਨਦੀਪ ਕੌਰ, ਗੁਰਬਾਜ਼ ਸਿੰਘ ਟਿੱਬੀ, ਗੁਰਜੋਤ ਸਿੰਘ ਢੀਂਡਸਾ, ਗੁਰਕੀਮਤ ਸਿੰਘ ਸਿੱਧੂ, ਜਗਦੀਪ ਕੰਬੋਜ ਗੋਲਡੀ ਤੇ ਸੰਦੀਪ ਭਾਟੀਆ ਚੁਣੇ ਗਏ। ਇਸ ਤੋਂ ਇਲਾਵਾ ਬਰਿੰਦਰ ਸਿੰਘ ਧਾਲੀਵਾਲ, ਦੀਪਿੰਦਰ ਸਿੰਘ, ਗੁਰਪਿੰਦਰ ਸਿੰਘ ਮਾਹਲ, ਗੁਰਮੁਖ ਸਿੰਘ, ਕਮਲਜੀਤ ਸਿੰਘ ਬਰਾੜ, ਨਿਤਿਨ ਸ਼ਰਮਾ, ਪਰਵਿੰਦਰ ਸਿੰਘ ਗਿੱਲ, ਸੁਖਜਿੰਦਰ ਸਿੰਘ, ਸਖਵਿੰਦਰ ਸਿੰਘ ਰਾਜਾ, ਵਿਜੇ ਕੁਮਾਰ ਅਗਨੀਹੋਤਰੀ ਅਤੇ ਵਿਕਰਮਜੀਤ ਸਿੰਘ ਸਕੱਤਰ ਚੁਣੇ ਗਏ।