ਜਪਾਨ ਵਿਚ 70 ਸਾਲਾਂ ਬਾਅਦ ਵੀ ਬਾਕੀ ਨੇ ਤਬਾਹੀ ਦੇ ਨਿਸ਼ਾਨ

ਟੋਕੀਓ: ਅਮਰੀਕਾ ਵੱਲੋਂ ਜਪਾਨ ਦੇ ਦੋ ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਉਤੇ 70 ਸਾਲ ਪਹਿਲਾਂ ਪਰਮਾਣੂ ਬੰਬ ਹਮਲੇ ਦੇ ਜ਼ਖਮ ਅਜੇ ਵੀ ਅੱਲੇ ਹਨ। ਇਹ ਪਰਮਾਣੂ ਹਥਿਆਰਾਂ ਦਾ ਪਹਿਲਾ ਪ੍ਰਯੋਗ ਸੀ। ਉਦੋਂ ਅਮਰੀਕਾ ਨੂੰ ਵੀ ਨਹੀਂ ਪਤਾ ਸੀ ਕਿ ਇਕ ਝਟਕੇ ਵਿਚ ਤਕਰੀਬਨ ਡੇਢ ਲੱਖ ਜ਼ਿੰਦਗੀਆਂ ਸਦਾ ਦੀ ਨੀਂਦ ਸੌਂ ਜਾਣਗੀਆਂ। ਦੁਨੀਆਂ ਦਾ ਸਭ ਤੋਂ ਭਿਆਨਕ ਹਮਲਾ ਸੈਨਿਕ ਛਾਉਣੀਆਂ ਦੀ ਥਾਂ ਰਿਹਾਇਸ਼ੀ ਇਲਾਕਿਆਂ ‘ਤੇ ਕੀਤਾ ਗਿਆ ਸੀ।

ਤਕਰੀਬਨ 20 ਹਜ਼ਾਰ ਸ਼ਖ਼ਸ ਇਸ ਮਹਾਂਵਿਨਾਸ਼ ਦੀ ਅੱਜ ਵੀ ਗਵਾਹ ਹਨ। ਇਨ੍ਹਾਂ ਨੂੰ ‘ਹਿਬਾਕੂਸਿਆ’ ਕਿਹਾ ਜਾਂਦਾ ਹੈ। ਇਨ੍ਹਾਂ ਵਿਚੋਂ ਹੀ ਇਕ 86 ਸਾਲਾਂ ਦਾ ਸੁਮਿਤੇਰੂ ਤਾਨੀਗੁੱਚੀ ਹੈ। ਇਹ ਸ਼ਖ਼ਸ ਹੁਣ ਪਰਮਾਣੂ ਹਥਿਆਰਾਂ ਖਿਲਾਫ ਮੁਹਿੰਮ ਚਲਾ ਰਹੇ ਹਨ। ਉਸ ਨੂੰ ਉਮੀਦ ਹੈ ਕਿ ਦੁਨੀਆਂ ਹੁਣ ਅਜਿਹਾ ਹਮਲਾ ਨਹੀਂ ਵੇਖੇਗੀ। ਉਸ ਨੇ ਦੱਸਿਆ ਕਿ ਹਮਲੇ ਸਮੇਂ ਉਸ ਦੀ ਉਮਰ 16 ਸਾਲ ਸੀ ਤੇ ਉਹ ਡਾਕੀਏ ਦਾ ਕੰਮ ਕਰਦਾ ਸੀ। ਜਦੋਂ ਪਰਮਾਣੂ ਧਮਾਕਾ ਹੋਇਆ, ਉਸ ਸਮੇਂ ਉਹ ਸਾਈਕਲ ਤੇ ਕੰਮ ਉਤੇ ਜਾ ਰਿਹਾ ਸੀ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਹ ਸਾਈਕਲ ਸਮੇਤ ਬਹੁਤ ਦੂਰ ਜਾ ਡਿੱਗਾ ਜਦੋਂ ਕਈ ਘੰਟਿਆਂ ਪਿੱਛੋਂ ਉਠਿਆ ਤਾਂ ਦੇਖਿਆ ਕਿ ਕੰਧਾਂ ‘ਤੇ ਮਾਸ ਦੇ ਟੁਕੜੇ ਚੰਬੜੇ ਹੋਏ ਸਨ।
ਗੰਭੀਰ ਜ਼ਖ਼ਮਾਂ ਦੇ ਬਾਵਜੂਦ ਉਹ ਤਿੰਨ ਦਿਨ ਭਟਕਦਾ ਫਿਰਦਾ ਰਿਹਾ। ਉਸ ਦੇ ਸਰੀਰ ਨਾਲ ਮਾਸ ਦੇ ਟੁਕੜੇ ਲਟਕ ਰਹੇ ਸਨ। ਉਸ ਦੇ ਪਿੰਡੇ ‘ਤੇ ਮਾਸ ਨਹੀਂ ਰਿਹਾ ਸੀ। ਇਲਾਜ ਦੌਰਾਨ 21 ਮਹੀਨੇ ਉਹ ਢਿੱਡ ਪਰਨੇ ਲੇਟਿਆ ਰਿਹਾ। ਉਹ ਖੱਬਾ ਹੱਥ ਖੜ੍ਹਾ ਨਹੀਂ ਕਰ ਸਕਦਾ। ਸਰੀਰ ਵਿਚ ਦਾਖਲ ਹੋਏ ਕਈ ਟੁਕੜੇ ਵੀ ਨਹੀਂ ਕੱਢੇ ਜਾ ਸਕੇ। ਦਰਦ ਘੱਟ ਕਰਨ ਲਈ ਰੋਜ਼ਾਨਾ ਕਰੀਮ ਲਾਉਣੀ ਪੈਂਦੀ ਹੈ। ਅਜੇ ਵੀ ਉਹ ਕੋਈ ਕੰਮ ਧੰਦਾ ਕਰਨ ਦੇ ਕਾਬਲ ਨਹੀਂ ਹੈ।
______________________
70ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਟ
ਟੋਕਿਓ: ਜਾਪਾਨ ਦੇ ਸ਼ਹਿਰ ਨਾਗਾਸਾਕੀ ਉਤੇ ਪਰਮਾਣੂ ਬੰਬ ਸੁੱਟੇ ਜਾਣ ਕਾਰਨ ਹੋਈ ਤਬਾਹੀ ਦੇ 70 ਸਾਲ ਪੂਰੇ ਹੋਣ ‘ਤੇ ਇਕ ਪ੍ਰੋਗਰਾਮ ਰਾਹੀਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਸੈਨਾ ਦੀ ਭੂਮਿਕਾ ਦੇ ਵਿਸਤਾਰ ਦੀਆਂ ਕੋਸ਼ਿਸ਼ਾਂ ਉਤੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਆਲੋਚਨਾ ਕੀਤੀ ਗਈ। ਹਜ਼ਾਰਾਂ ਲੋਕਾਂ ਨੇ ਇਕ ਮਿੰਟ ਦਾ ਮੌਨ ਰੱਖਿਆ। ਨੌਂ ਅਗਸਤ, 1945 ਨੂੰ ਅਮਰੀਕਾ ਨੇ ਜਹਾਜ਼ ਰਾਹੀਂ ਸ਼ਹਿਰ ਵਿਚ ਬੰਬ ਸੁੱਟੇ ਸਨ। ਸ਼ਰਧਾਂਜਲੀ ਦੇਣ ਵਾਲਿਆਂ ਵਿਚ ਹਮਲੇ ਦੌਰਾਨ ਬਚੇ ਕੁਝ ਲੋਕ ਤੇ ਇਸ ਵਿਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਸ਼ਾਮਲ ਸਨ। ਆਬੇ ਨੇ ਸਮਾਰੋਹ ਵਿਚ ਸ਼ਰਧਾਂਜਲੀ ਦਿੱਤੀ ਜਿਸ ਵਿਚ ਅਮਰੀਕੀ ਰਾਜਦੂਤ ਕੈਰੋਲੀਨ ਕੈਨੇਡੀ ਸਣੇ 75 ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਆਬੇ ਨੇ ਆਪਣੇ ਭਾਸ਼ਣ ਵਿਚ ਕਿਹਾ ਸਾਡੇ ਦੇਸ਼ ਉਤੇ ਪਰਮਾਣੂ ਹਮਲਾ ਹੋਇਆ ਸੀ ਤੇ ਮੈਂ ਦੁਨੀਆਂ ਨੂੰ ਇਸ ਤਰ੍ਹਾਂ ਦੇ ਹਥਿਆਰਾਂ ਤੋਂ ਮੁਕਤ ਬਣਾਉਣ ਲਈ ਪਰਮਾਣੂ ਨਿਰਸਤਰੀਕਰਣ ਦੇ ਵਿਸ਼ਵ ਪੱਧਰੀ ਕੋਸ਼ਿਸ਼ਾਂ ਵਿਚ ਅਗਵਾਈ ਕਰਨ ਦੇ ਦ੍ਰਿੜ੍ਹ ਸੰਕਲਪ ਨੂੰ ਦੋਹਰਾ ਰਿਹਾ ਹਾਂ। ਉਨ੍ਹਾਂ ਵਾਅਦਾ ਕੀਤਾ ਕਿ ਜਾਪਾਨ ਆਪਣੇ ਖੇਤਰ ਵਿਚ ਪਰਮਾਣੂ ਹਥਿਆਰਾਂ ਦਾ ਉਤਪਾਦਨ ਨਹੀਂ ਕਰਨ ਜਾਂ ਉਨ੍ਹਾਂ ਦੀ ਆਗਿਆ ਨਾ ਦੇਣ ਦੇ ਆਪਣੇ ਸਿਧਾਂਤਾਂ ਦਾ ਪਾਲਣ ਕਰਦਾ ਰਹੇਗਾ।