ਹੁਣ ਪ੍ਰਵਾਨਗੀ ਬਿਨਾਂ ਪਾਕਿਸਤਾਨ ਨਹੀਂ ਛੱਡ ਸਕਣਗੇ ਸਿੱਖ

ਲਾਹੌਰ: ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖਾਂ ਨੂੰ ਭਾਰਤ ਦੀ ਯਾਤਰਾ ਕਰਨ ਤੋਂ ਪਹਿਲਾਂ ਔਕਾਫ ਬੋਰਡ ਕੋਲੋਂ ਆਗਿਆ ਲੈਣੀ ਹੋਵੇਗੀ। ਇਹ ਨਿਯਮ ਖ਼ਾਸ ਤੌਰ ਉਤੇ ਭਾਰਤ ਤੇ ਹੋਰ ਦੇਸ਼ਾਂ ਦੀ ਯਾਤਰਾ ਉੱਤੇ ਲਾਗੂ ਹੋਵੇਗਾ। ਔਕਾਫ ਬੋਰਡ ਦੇ ਚੇਅਰਮੈਨ ਸਦੀਕੁਲ ਫ਼ਾਰੂਕ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਦੂਜੇ ਦੇਸ਼ ਜਾਣ ਦੀ ਆਗਿਆ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਲੈਣੀ ਹੋਵੇਗੀ।

ਔਕਾਫ ਬੋਰਡ ਅਨੁਸਾਰ ਇਹ ਕਦਮ ਵਿਦੇਸ਼ ਜਾਣ ਵਾਲੇ ਸਿੱਖਾਂ ਦਾ ਰਿਕਾਰਡ ਰੱਖਣ ਲਈ ਚੁੱਕਿਆ ਗਿਆ ਹੈ।
ਔਕਾਫ ਬੋਰਡ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਦੇਖ ਭਾਲ ਕਰਦਾ ਹੈ। ਬੋਰਡ ਵੱਲੋਂ ਬਕਾਇਦਾ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆ ਵਿਚ ਆਗਿਆ ਲਈ ਦਫਤਰ ਖੋਲੇ ਜਾਣਗੇ। ਪਾਕਿਸਤਾਨ ਵਿਚ ਸਿੱਖਾਂ ਦੀ ਆਬਾਦੀ ਇਕ ਲੱਖ ਦੇ ਆਸ-ਪਾਸ ਹੈ। ਹਰ ਸਾਲ ਵੱਡੀ ਗਿਣਤੀ ਵਿਚ ਸਿੱਖ ਭਾਰਤ ਵਿਚ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਹਨ।
ਦੇਸ਼ ਛੱਡਣ ਵਾਲੇ ਸਿੱਖਾਂ ਨੂੰ ਆਪਣਾ ਮੁਕੰਮਲ ਰਿਕਾਰਡ ਦੇਣਾ ਪਏਗਾ। ਇਸ ਤੋਂ ਪਹਿਲਾਂ ਪਾਕਿਸਤਾਨੀ ਸਿੱਖਾਂ ਉਤੇ ਅਜਿਹੀ ਕੋਈ ਪਾਬੰਦੀ ਨਹੀਂ ਸੀ। ਸ੍ਰੀ ਫਾਰੂਕ ਨੇ ਕਿਹਾ ਕਿ ਆਨੰਦ ਕਾਰਜ ਤੇ ਪ੍ਰਬੰਧਕ ਕਮੇਟੀ ਦੇ ਨੇਮਾਂ ਸਬੰਧੀ ਦੋ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ ਹਨ।
ਇਕ ਕਮੇਟੀ ਦੀ ਅਗਵਾਈ ਪੀæਜੀæਐਸ਼ਪੀæਸੀæ ਦੇ ਪ੍ਰਧਾਨ ਸ਼ਾਮ ਸਿੰਘ ਤੇ ਦੂਜੀ ਦੀ ਅਗਵਾਈ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਮੇਸ਼ ਸਿੰਘ ਅਰੋੜਾ ਕਰਨਗੇ। ਔਕਾਫ਼ ਬੋਰਡ ਨੇ ਲਾਹੌਰ ਵਿਚ ਗੁਰਦੁਆਰਾ ਤਾਰੂ ਸਿੰਘ ਨੇੜੇ ਰਿਹਾਇਸ਼ੀ ਅਪਾਰਟਮੈਂਟ ਉਸਾਰਨ ਦਾ ਵੀ ਐਲਾਨ ਕੀਤਾ ਹੈ।
_______________________________
ਪਛੜੇ ਸਿੱਖਾਂ ਦੀ ਭਲਾਈ ਲਈ ਵਿਸ਼ੇਸ਼ ਫੰਡ ਕਾਇਮ ਕੀਤਾ
ਪਾਕਿਸਤਾਨ ਸਰਕਾਰ ਵੱਲੋਂ ਇਥੇ ਰਹਿੰਦੇ ਸਿੱਖਾਂ ਦੇ ਪੱਛੜੇ ਸਮੂਹਾਂ ਦੀ ਭਲਾਈ ਲਈ ਵਿਸ਼ੇਸ਼ ਫੰਡ ਕਾਇਮ ਕਰਦਿਆਂ ਇਕ ਕਮੇਟੀ ਨਿਯਮਤ ਕੀਤੀ ਗਈ ਹੈ, ਜੋ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਕਰੇਗੀ। ਲੰਬੇ ਸਮੇਂ ਤੋਂ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸਰਾਂ ਦੀ ਰੋਕੀ ਗਈ ਉਸਾਰੀ ਨੂੰ ਮਨਜ਼ੂਰੀ ਦਿੰਦਿਆਂ 200 ਕਮਰਿਆਂ ਦੀ ਸਰਾਂ ਬਨਾਉਣ ਦੀ ਤਜਵੀਜ਼ ਰੱਖੀ ਗਈ ਹੈ। ਪਾਕਿਸਤਾਨੀ ਸਿੱਖਾਂ ਦੇ ਧਾਰਮਿਕ ਤੇ ਸਮਾਜਿਕ ਮਸਲਿਆਂ ਉਤੇ ਵਿਚਾਰ ਲਈ ਦੋ ਵਿਸ਼ੇਸ਼ ਕਮੇਟੀਆਂ ਗਠਿਤ ਕੀਤੀਆਂ ਹਨ, ਜਿਨ੍ਹਾਂ ਵਿਚੋਂ ਇਕ ਦਾ ਕਨਵੀਨਰ ਪਾਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਸ਼ਾਮ ਸਿੰਘ, ਜਦ ਕਿ ਦੂਸਰੀ ਦਾ ਅਸੈਂਬਲੀ ਮੈਂਬਰ ਰਮੇਸ਼ ਸਿੰਘ ਅਰੋੜਾ ਨੂੰ ਬਣਾਇਆ ਗਿਆ ਹੈ। ਪਾਕਿ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਤਰਜ਼ ਉਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਨੂੰ ਵੀ ਭਾਰਤ ਵਿਚ ਸਿੱਖ ਜਥੇ ਭੇਜਣ ਲਈ ਆਪਣੇ ਪੱਧਰ ਉਤੇ ਪਾਸਪੋਰਟ ਤੇ ਹੋਰ ਲੋੜੀਂਦੀ ਘੋਖ ਕਰਨ ਦੇ ਅਧਿਕਾਰ ਦਿੱਤੇ ਹਨ। ਪਾਕਿ ਦੇ ਪੰਜ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਨੂੰ 14ਵੇਂ ਗ੍ਰੇਡ ਦੀ ਤਰੱਕੀ ਦਿੰਦਿਆਂ ਤਨਖਾਹਾਂ ਵਿਚ ਵੱਡਾ ਵਾਧਾ ਕੀਤਾ ਗਿਆ ਹੈ। ਔਕਾਫ਼ ਬੋਰਡ ਦੇ ਚੇਅਰਮੈਨ ਸਦੀਕ ਉਲ ਫਾਰੂਕ ਨੇ ਸਪੱਸ਼ਟ ਕੀਤਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਉਥੋਂ ਦੇ ਸਿੱਖਾਂ ਦੀ ਇਕੋ ਇਕ ਨਾਮਜ਼ਦ ਸੰਸਥਾ ਹੈ, ਜਿਸ ਦੇ ਅਧਿਕਾਰਾਂ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਵੇਗੀ।
_________________________________
ਪਾਕਿਸਤਾਨ ਦੀ ਸਿੱਖ ਕੁੜੀ ਨੂੰ ਇਕ ਲੱਖ ਦਾ ਇਨਾਮ
ਲਾਹੌਰ: 10ਵੀਂ ਜਮਾਤ ਵਿਚ ਪਹਿਲੇ ਸਥਾਨ ਉਤੇ ਆਈ ਸਿੱਖ ਕੁੜੀ ਮਨਬੀਰ ਕੌਰ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਹੈ। ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਜ਼ਿਲ੍ਹੇ ਦੀ ਮਨਬੀਰ ਨੇ ਕੁੱਲ 1100 ਵਿਚੋਂ 1035 ਅੰਕ ਹਾਸਲ ਕੀਤੇ ਹਨ। ਕਮੇਟੀ ਨੇ ਹੁਸ਼ਿਆਰ ਸਿੱਖ ਵਿਦਿਆਰਥੀਆਂ ਲਈ ਫੰਡ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਹੈ ਤੇ ਸ਼ੁਰੂ ਵਿਚ 10 ਲੱਖ ਰੁਪਏ ਫੰਡ ਵਿਚ ਦਾਨ ਕੀਤੇ ਹਨ।