ਕੈਨੇਡਾ ਦੀਆਂ ਸੰਸਦੀ ਚੋਣਾਂ ਲਈ ਅਖਾੜਾ ਭਖਿਆ

ਵੈਨਕੂਵਰ: ਕੈਨੇਡੀਅਨ ਸੰਸਦੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਚੋਣ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ। ਚੌਰਾਹਿਆਂ ‘ਚ ਉਮੀਦਵਾਰਾਂ ਦੇ ਬੋਰਡ ਦਿਸਣ ਲੱਗੇ ਹਨ ਅਤੇ ਵਾਅਦਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। 338 ਮੈਂਬਰੀ ਸੰਸਦ ਵਿਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਹਿੱਸੇ ਆਉਂਦੀਆਂ 38 ਸੀਟਾਂ ਤੋਂ 12 ਪੰਜਾਬੀ ਵੀ ਮੈਦਾਨ ਵਿਚ ਹਨ।

ਮੁੱਖ ਤਿੰਨਾਂ ਪਾਰਟੀਆਂ ਐਨæਡੀæਪੀæ, ਕਨਜ਼ਰਵੇਟਿਵ ਅਤੇ ਲਿਬਰਲਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਇਕ ਮੀਡੀਆ ਸਮੂਹ ਵੱਲੋਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਆਨਲਾਈਨ ਬਹਿਸ ਕਰਵਾਈ ਗਈ ਜਿਸ ‘ਚ ਤਿੰਨਾਂ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਉਤੇ ਤਿੱਖੇ ਸਵਾਲਾਂ ਦੀ ਵਾਛੜ ਕੀਤੀ ਗਈ। ਇਸ ਬਹਿਸ ਨੂੰ ਭਾਵੇਂ ਵੋਟਰ ਪ੍ਰਭਾਵੀ ਤਾਂ ਨਹੀਂ ਮੰਨਿਆ ਗਿਆ ਪਰ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਬਹਿਸ ਨੇ ਤਿੰਨਾਂ ਪਾਰਟੀਆਂ ਦੀਆਂ ਨੀਤੀਆਂ ਦੀ ਬਿੱਲੀ ਥੈਲਿਓਂ ਬਾਹਰ ਕੱਢ ਦਿੱਤੀ ਹੈ। ਸਰੀ ਦੇ ਨਿਊਟਨ ਹਲਕੇ ਤੋਂ ਤਿੰਨ ਪੰਜਾਬੀ ਆਹਮੋ-ਸਾਹਮਣੇ ਹਨ। ਮੌਜੂਦਾ ਸੰਸਦ ਮੈਂਬਰ ਜਿੰਨੀ ਸਿਮਜ਼ (ਜੁਗਿੰਦਰ ਕੌਰ), ਸੁੱਖ ਧਾਲੀਵਾਲ ਅਤੇ ਪੱਤਰਕਾਰ ਹਰਪ੍ਰੀਤ ਸਿੰਘ ਤਿੰਨਾਂ ਮੁੱਖ ਪਾਰਟੀਆਂ ਦੇ ਉਮੀਦਵਾਰ ਹਨ। ਸਰੀ ਸੈਂਟਰਲ ਤੋਂ ਐਨæਡੀæਪੀæ ਦੇ ਮੌਜੂਦਾ ਸੰਸਦ ਮੈਂਬਰ ਜਸਬੀਰ ਸੰਧੂ ਦੇ ਮੁਕਾਬਲੇ ਟੋਰੀ ਪਾਰਟੀ ਵੱਲੋਂ ਸੁੱਚਾ ਥਿੰਦ ਮੈਦਾਨ ‘ਚ ਹਨ। ਲਿਬਰਲਾਂ ਨੂੰ ਅਜੇ ਇਥੋਂ ਮਜ਼ਬੂਤ ਉਮੀਦਵਾਰ ਨਹੀਂ ਲੱਭਾ ਹੈ।
ਸਰੀ ਫਲੀਟਵੱਡ ਹਲਕੇ ਤੋਂ ਇਸ ਵਾਰ ਗੋਰੇ ਪੁਲਿਸ ਅਫ਼ਸਰ ਗੈਰੀ ਬੈਗ ਦੇ ਐਨæਡੀæਪੀæ ਵੱਲੋਂ ਚੋਣ ਮੈਦਾਨ ‘ਚ ਕੁੱਦਣ ਕਾਰਨ ਨੀਨਾ ਗਰੇਵਾਲ ਲਈ ਰਾਹ ਔਖਾ ਹੋ ਗਿਆ ਹੈ। ਵੈਨਕੂਵਰ ਦੱਖਣੀ ਤੋਂ ਲਿਬਰਲ ਪਾਰਟੀ ਦੇ ਹਰਜੀਤ ਸਿੰਘ ਸੱਜਣ ਦੇ ਮੁਕਾਬਲੇ ਐਨæਡੀæਪੀæ ਨੇ ਅਮਨਦੀਪ ਨਿੱਝਰ ਨੂੰ ਮੈਦਾਨ ਵਿਚ ਉਤਾਰਿਆ ਹੈ।