ਜੰਗਬਾਜ਼ ਸੋਚ ਉਤੇ ਟਿਕੀ ਹੋਈ ਹੈ ਪਾਕਿਸਤਾਨੀ ਕੂਟਨੀਤੀ

-ਜਤਿੰਦਰ ਪਨੂੰ
ਜੰਮੂ-ਸ੍ਰੀਨਗਰ ਹਾਈਵੇ ਉਤੇ ਇਸ ਹਫਤੇ ਬਾਰਡਰ ਸਕਿਓਰਟੀ ਫੋਰਸ (ਬੀ ਐਸ ਐਫ) ਦੇ ਕਾਫਲੇ ਉਤੇ ਹਮਲਾ ਕੀਤੇ ਜਾਣ ਦੀ ਘਟਨਾ ਭਾਵੇਂ ਭਾਰਤ ਵਿਚ ਹੋਈ, ਪਰ ਇਸ ਨੇ ਭਾਰਤ-ਪਾਕਿਸਤਾਨ ਸਬੰਧਾਂ ਦੀ ਬਹਿਸ ਸੰਸਾਰ ਭਰ ਵਿਚ ਇੱਕ ਵਾਰ ਫਿਰ ਤਿੱਖੀ ਕਰ ਦਿੱਤੀ ਹੈ।

ਇਸ ਬਹਿਸ ਬਾਰੇ ਅਸੀਂ ਇਸ ਵੇਲੇ ਲਿਖਣਾ ਨਹੀਂ ਸੀ ਚਾਹੁੰਦੇ। ਕਾਰਨ ਇਹ ਕਿ ਦੁਵੱਲੇ ਸਬੰਧਾਂ ਉਤੇ ਵਿਚਾਰ ਦੀ ਪ੍ਰਕਿਰਿਆ ਅੱਗੇ ਵਧਾਉਣ ਲਈ ਭਾਰਤ-ਪਾਕਿ ਦੇ ਸੁਰੱਖਿਆ ਸਲਾਹਕਾਰ ਮਿਲਣ ਵਾਲੇ ਹਨ ਤੇ ਅਸੀਂ ਇਸ ਤੋਂ ਸੁਧਾਰ ਦੀ ਆਸ ਨਾ ਵੀ ਕਰੀਏ ਤਾਂ ਵਿਗਾੜ ਵਧਾਉਣ ਵਾਲੀਆਂ ਗੱਲਾਂ ਤੋਂ ਇਸ ਵੇਲੇ ਪਰਹੇਜ਼ ਕਰਨਾ ਹਰ ਸੁਹਿਰਦ ਵਿਅਕਤੀ ਦੀ ਜ਼ਿੰਮੇਵਾਰੀ ਬਣਦੀ ਹੈ। ਨਾ ਚਾਹੁੰਦੇ ਹੋਏ ਵੀ ਦੁਵੱਲੇ ਸਬੰਧਾਂ ਤੇ ਇਸ ਵਿਚ ਪਾਕਿਸਤਾਨੀ ਧਿਰ ਦੇ ਵਿਹਾਰ ਬਾਰੇ ਸਾਨੂੰ ਸਿਰਫ ਇਸ ਲਈ ਲਿਖਣਾ ਪੈ ਗਿਆ ਹੈ ਕਿ ਉਸ ਪਾਸੇ ਤੋਂ ਨਿਰੇ ਝੂਠ ਦਾ ਗੁਤਾਵਾ ਕਰ ਕੇ ਹਕੀਕਤ ਤੋਂ ਗੱਲ ਤਿਲਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਪਾਕਿਸਤਾਨ ਇੱਕ ਖੁਦਮੁਖਤਾਰ ਦੇਸ਼ ਹੈ ਤੇ ਉਸ ਦੇ ਅੰਦਰ ਦੇ ਹਾਲਾਤ ਜਿੱਦਾਂ ਦੇ ਵੀ ਹੋਣ, ਭਾਰਤ ਦੇ ਲੋਕਾਂ ਨੂੰ ਉਸ ਵਿਚ ਦਖਲ ਦੇਣ ਦਾ ਕੋਈ ਖਿਆਲ ਕਦੇ ਨਹੀਂ ਆਇਆ, ਪਰ ਓਧਰ ਵਾਲੇ ਪਾਸੇ ਤੋਂ ਕਦੀ ਕੋਈ ਮੌਕਾ ਇਹੋ ਜਿਹਾ ਸੁੱਕਾ ਨਹੀਂ ਜਾਣ ਦਿੱਤਾ ਗਿਆ। ਤਾਜ਼ਾ ਘਟਨਾ ਵੀ ਏਸੇ ਵਿਹਾਰ ਦੀ ਪ੍ਰਤੀਕ ਹੈ। ਇਸ ਹਮਲੇ ਵਿਚ ਇੱਕ ਵਾਰ ਫਿਰ ਸੱਤ ਸਾਲ ਪਹਿਲਾਂ ਦੇ ਮੁੰਬਈ ਹਮਲੇ ਵਾਂਗ ਹੀ ਇੱਕ ਅਤਿਵਾਦੀ ਜਿੰਦਾ ਫੜਿਆ ਗਿਆ ਹੈ। ਜਿਵੇਂ ਮੁੰਬਈ ਵਿਚ ਫੜੇ ਗਏ ਉਸ ਦਹਿਸ਼ਤਗਰਦ ਅਜਮਲ ਆਮਿਰ ਕਸਾਬ ਨੇ ਆਪਣੇ ਮਾਂ-ਬਾਪ ਤੇ ਪਿੰਡ ਬਾਰੇ ਸਾਰਾ ਕੁਝ ਦੱਸ ਦਿੱਤਾ ਸੀ, ਹੁਣ ਜਿੰਦਾ ਫੜੇ ਗਏ ਦਹਿਸ਼ਤਗਰਦ ਨਵੀਦ ਨੇ ਵੀ ਆਪਣੇ ਪਿਛੋਕੜ ਤੇ ਪਰਿਵਾਰ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ। ਦੂਸਰੀ ਗੱਲ ਦੋਵਾਂ ਦੀ ਇਹ ਮਿਲਦੀ ਹੈ ਕਿ ਅਜਮਲ ਕਸਾਬ ਦੇ ਮਾਂ-ਬਾਪ ਨੇ ਵੀ ਆਪਣੇ ਮੁੰਡੇ ਬਾਰੇ ਮੰਨ ਲਿਆ ਸੀ ਤੇ ਪਾਕਿਸਤਾਨ ਸਰਕਾਰ ਮੁੱਕਰਦੀ ਰਹੀ ਸੀ। ਹੁਣ ਵਾਲੇ ਨਵੀਦ ਬਾਰੇ ਵੀ ਉਸ ਦੇ ਬਾਪ ਨੇ ਮੰਨ ਲਿਆ ਕਿ ਉਸੇ ਦਾ ਪੁੱਤਰ ਹੈ, ਪਰ ਉਥੋਂ ਦੀ ਸਰਕਾਰ ਮੁੱਕਰ ਗਈ ਹੈ। ਫਰਕ ਬੱਸ ਏਨਾ ਹੈ ਕਿ ਉਦੋਂ ਉਥੇ ਆਸਿਫ ਅਲੀ ਜ਼ਰਦਾਰੀ ਦਾ ਰਾਜ ਸੀ ਤੇ ਨਵਾਜ਼ ਸ਼ਰੀਫ ਮੁੱਖ ਵਿਰੋਧੀ ਆਗੂ ਸੀ, ਅੱਜ ਪਾਸੇ ਬਦਲੇ ਹੋਏ ਹਨ। ਬਹੁਤੀ ਗੰਭੀਰ ਗੱਲ ਇਹ ਹੈ ਕਿ ਜਿਹੜਾ ਨਵਾਜ਼ ਸ਼ਰੀਫ ਮੁੰਬਈ ਹਮਲੇ ਪਿੱਛੋਂ ਆਸਿਫ ਅਲੀ ਜ਼ਰਦਾਰੀ ਨੂੰ ਕਹਿੰਦਾ ਸੀ ਕਿ ਜਦੋਂ ਅਜਮਲ ਕਸਾਬ ਪਾਕਿਸਤਾਨੀ ਹੈ ਤਾਂ ਮੰਨ ਲਓ ਕਿ ਪਾਕਿਸਤਾਨੀ ਹੈ, ਉਹ ਅੱਜ ਆਪਣੀ ਸਰਕਾਰ ਵੇਲੇ ਚੁੱਪ ਵੱਟ ਗਿਆ ਹੈ।
ਨਵਾਜ਼ ਸ਼ਰੀਫ ਪ੍ਰਧਾਨ ਮੰਤਰੀ ਹੈ, ਸਿਰਫ ਵਿਖਾਵੇ ਦਾ ਪ੍ਰਧਾਨ ਮੰਤਰੀ। ਉਸ ਦੇਸ਼ ਦੀ ਅਸਲੀ ਸਰਕਾਰ ਉਥੋਂ ਦੀ ਫੌਜ ਅਤੇ ਖੁਫੀਆ ਏਜੰਸੀ ਚਲਾਉਂਦੀਆਂ ਹਨ। ਜਿਵੇਂ ਸਰਕਾਰਾਂ ਬਦਲ ਜਾਣ ਦੇ ਬਾਵਜੂਦ ਕਈ ਦੇਸ਼ਾਂ ਵਿਚ ਰਾਜ ਦੀ ਰੀਤ ਨਹੀਂ ਬਦਲਦੀ, ਉਥੇ ਵੀ ਪ੍ਰਧਾਨ ਮੰਤਰੀ ਬਦਲਣ ਦੇ ਬਾਵਜੂਦ ਦੇਸ਼ ਦੀ ਅਸਲੀ ਕਮਾਂਡ ਉਨ੍ਹਾਂ ਲੋਕਾਂ ਦੇ ਹੱਥ ਰਹਿੰਦੀ ਹੈ, ਜਿਨ੍ਹਾਂ ਕੋਲ ਉਸ ਦੇਸ਼ ਦੀ ਫੌਜ ਦੀ ਕਮਾਂਡ ਹੈ। ਰਾਜਸੀ ਆਗੂ ਬੱਸ ਮੋਹਰੇ ਹਨ। ਦੁਨੀਆਂ ਭਰ ਵਿਚ ਫੌਜ ਦੇ ਮੁਖੀ ਦੀ ਮਿਆਦ ਸਰਕਾਰ ਤੈਅ ਕਰਦੀ ਹੈ ਤੇ ਪਾਕਿਸਤਾਨ ਵਿਚ ਸਰਕਾਰ ਕਿੰਨੇ ਦਿਨ ਚੱਲਦੀ ਰੱਖੀ ਜਾਵੇ, ਇਹ ਫੌਜੀ ਕਮਾਂਡਰ ਦੀ ਮਰਜ਼ੀ ਉਤੇ ਨਿਰਭਰ ਹੁੰਦਾ ਹੈ। ਨਵਾਜ਼ ਸ਼ਰੀਫ ਏਸੇ ਲਈ ਚੁੱਪ ਵੱਟੀ ਬੈਠਾ ਹੈ।
ਭਾਰਤ ਤੋਂ ਵੱਖਰਾ ਹੋ ਕੇ ਜਦੋਂ ਇਹ ਸਿਰਫ ਇੱਕ ਧਰਮ ਦੇ ਗਲਬੇ ਵਾਲਾ ਦੇਸ਼ ਬਣਿਆ ਸੀ, ਭਾਰਤ ਨੇ ਉਦੋਂ ਹੀ ਇਸ ਦੀ ਸੁੱਖ ਮੰਗਦੇ ਹੋਏ ਚੰਗੇ ਗਵਾਂਢੀ ਬਣ ਕੇ ਵੱਸਣ ਦੀ ਕਾਮਨਾ ਕਰ ਦਿੱਤੀ ਸੀ, ਪਰ ਓਧਰੋਂ ਕਦੇ ਇਹ ਸੁੱਖ ਨਹੀਂ ਮੰਗੀ ਗਈ। ਉਸ ਦੇਸ਼ ਦੀ ਨੀਤੀ ਭਾਰਤ-ਵਿਰੋਧ ਦੀ ਬੁਨਿਆਦ ਉਤੇ ਟਿਕੀ ਹੈ। ਹਰ ਲੀਡਰ ਦਾ ਖਾਸ ਸ਼ੁਗਲ ਭਾਰਤ ਦੇ ਵਿਰੁਧ ਬੋਲਣਾ ਤੇ ਹਰ ਬੰਦੂਕਬਾਜ਼ ਦਾ ਸ਼ੁਗਲ ਭਾਰਤ ਵੱਲ ਨੂੰ ਨਾਲੀ ਦਾ ਮੂੰਹ ਕਰਨਾ ਇਸ ਹੱਦ ਤੱਕ ਬਣ ਗਿਆ ਹੈ ਕਿ ਇਹ ਉਨ੍ਹਾਂ ਦੀ ਮਾਨਸਿਕਤਾ ਵਿਚ ਸ਼ਾਮਲ ਹੋ ਗਿਆ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਆਮ ਲੋਕਾਂ ਨੂੰ ਹਾਲੇ ਤੱਕ ਪਤਾ ਨਹੀਂ, ਪਰ ਉਹ ਗੱਲਾਂ ਜਾਣ ਕੇ ਉਨ੍ਹਾਂ ਨੂੰ ਹਕੀਕਤ ਦਾ ਅਹਿਸਾਸ ਹੋ ਸਕਦਾ ਹੈ।
ਸਾਨੂੰ ਉਹ ਦਿਨ ਯਾਦ ਹੈ, ਜਦੋਂ ਅੱਧੀ ਰਾਤ ਵੇਲੇ ਅਮਰੀਕਾ ਦੇ ਨੇਵੀ ਸੀਲ ਕਮਾਂਡੋ ਆਏ ਤੇ ਐਬਟਾਬਾਦ ਦੀ ਫੌਜੀ ਛਾਉਣੀ ਤੋਂ ਇੱਕ ਕਿਲੋਮੀਟਰ ਦੇ ਘੇਰੇ ਅੰਦਰ ਇੱਕ ਸ਼ਾਹੀ ਬੰਗਲੇ ਵਿਚ ਰਹਿੰਦੇ ਓਸਾਮਾ ਬਿਨ ਲਾਦੇਨ ਨੂੰ ਮਾਰ ਕੇ ਉਸ ਦੀ ਲਾਸ਼ ਵੀ ਲੈ ਗਏ ਸਨ। ਪਾਕਿਸਤਾਨ ਸਰਕਾਰ ਨੇ ਇਸ ਦੀ ਜਾਂਚ ਲਈ ਕਮਿਸ਼ਨ ਕਾਇਮ ਕੀਤਾ ਤਾਂ ਇਸ ਵਾਸਤੇ ਨਹੀਂ ਸੀ ਕੀਤਾ ਕਿ ਓਸਾਮਾ ਉਥੇ ਲੁਕ ਕੇ ਕਿਵੇਂ ਰਹਿੰਦਾ ਰਿਹਾ, ਸਗੋਂ ਇਸ ਲਈ ਕੀਤਾ ਸੀ ਕਿ ਅਮਰੀਕਾ ਨੇ ਜਿਸ ਤਰ੍ਹਾਂ ਹਮਲਾ ਕੀਤਾ ਹੈ, ਕੀ ਇਸ ਤਰ੍ਹਾਂ ‘ਕੋਈ ਹੋਰ’ ਕਰ ਸਕਦਾ ਹੈ?
ਜਾਂਚ ਕਮਿਸ਼ਨ ਦੀ ਰਿਪੋਰਟ ਦੇ ਤੱਥ ਹੋਰ ਵੀ ਰੰਗੀਲੇ ਸਨ। ਉਸ ਨੇ ਇਹ ਲਿਖਿਆ ਕਿ ਪਾਕਿਸਤਾਨ ਦੀ ਫੌਜ ਕਮਜ਼ੋਰ ਨਹੀਂ, ਹਰ ਹਮਲੇ ਨਾਲ ਸਿੱਝਣ ਦੇ ਸਮਰੱਥ ਹੈ। ਇਸ ਤਰ੍ਹਾਂ ਦਾ ਹਮਲਾ ‘ਕੋਈ’ ਕਰੇ ਤਾਂ ਬਚ ਕੇ ਨਹੀਂ ਜਾਣ ਦੇਵੇਗੀ, ਪਰ ਓਸਾਮਾ ਬਾਰੇ ਸਾਨੂੰ ਇਸ ਕਰ ਕੇ ਪਤਾ ਨਹੀਂ ਲੱਗਾ ਕਿ ਸਾਡੀ ਸਾਰੀ ਲੇਟੈਸਟ ਮਸ਼ੀਨਰੀ ਤੇ ਟੈਕਨੀਕ ਭਾਰਤੀ ਸਰਹੱਦ ਵਾਲੀ ਬਾਹੀ ਉਤੇ ਲੱਗੀ ਹੋਈ ਸੀ। ਫਿਰ ਨਤੀਜਾ ਵੀ ਇਹੋ ਕੱਢਿਆ ਕਿ ਭਾਰਤ ਵੱਲ ਬਾਹੀ ਹੋਰ ਪੱਕੀ ਕਰਨੀ ਚਾਹੀਦੀ ਹੈ। ਬਾਕੀ ਪਾਸਿਆਂ ਨੂੰ ਛੱਡ ਕੇ ਸਿਰਫ ਭਾਰਤ ਵੱਲ ਅੱਖ ਰੱਖਣ ਤੋਂ ਇੱਕ ਵਿਸ਼ੇਸ਼ ਨੀਤੀ ਦੀ ਝਲਕ ਮਿਲ ਜਾਂਦੀ ਹੈ।
ਦੂਸਰੀ ਝਲਕ ਭਾਰਤ-ਵਿਰੋਧ ਦੀ ਬੇਥੱਵ੍ਹੀ ਬਿਆਨਬਾਜ਼ੀ ਤੋਂ ਮਿਲ ਜਾਂਦੀ ਹੈ। ਭਾਰਤ ਦੀ ਸਾਇੰਸ ਦੇ ਖੇਤਰ ਵਿਚ ਤਰੱਕੀ ਨੂੰ ਦੁਨੀਆਂ ਵੀ ਮੰਨਦੀ ਹੈ। ਅਗਲੇ ਦਿਨਾਂ ਵਿਚ ਸੰਸਾਰ ਦੀ ਮਹਾਂਸ਼ਕਤੀ ਮੰਨੇ ਜਾਂਦੇ ਅਮਰੀਕਾ ਦਾ ਇੱਕ ਸੈਟੇਲਾਈਟ ਭਾਰਤ ਰਾਹੀਂ ਪੁਲਾੜ ਵਿਚ ਭੇਜਿਆ ਜਾਣਾ ਹੈ। ਇਸ ਤਰ੍ਹਾਂ ਅਮਰੀਕਾ ਨੇ ਭਾਰਤ ਦੀ ਇਸ ਸ਼ਕਤੀ ਨੂੰ ਸਿੱਧੀ ਮਾਨਤਾ ਦੇ ਦਿੱਤੀ ਹੈ। ਪਾਕਿਸਤਾਨ ਦਾ ਪ੍ਰਮਾਣੂ ਵਿਗਿਆਨੀ ਕਾਦਿਰ ਖਾਨ ਕਹਿੰਦਾ ਹੈ ਕਿ ਨਾ ਭਾਰਤ ਕੋਲ ਕੋਈ ਤਕਨੀਕ ਹੈ ਤੇ ਨਾ ਕੋਈ ਸਾਇੰਸਦਾਨ। ਕਾਦਿਰ ਕਹਿੰਦਾ ਹੈ ਕਿ ਰੂਸ ਦੇ ਦਿੱਤੇ ਮਾਲ ਨੂੰ ਭਾਰਤ ਆਪਣਾ ਆਖੀ ਜਾਂਦਾ ਹੈ। ਜਿਸ ਕਾਦਿਰ ਖਾਨ ਨੇ ਇਹ ਗੱਲ ਕਹਿ ਦਿੱਤੀ, ਆਪ ਉਸ ਨੂੰ ਉਸ ਦੇ ਦੇਸ਼ ਦੀ ਸਰਕਾਰ ਨੇ ਇਸ ਦੋਸ਼ ਹੇਠ ਕਈ ਸਾਲ ਆਪਣੇ ਘਰ ਵਿਚ ਨਜ਼ਰਬੰਦ ਰੱਖਿਆ ਸੀ ਕਿ ਉਹ ਦੇਸ਼ ਦੀ ਐਟਮੀ ਤਕਨੀਕ ਨੂੰ ਬਲੈਕ ਮਾਰਕੀਟ ਵਿਚ ਵੇਚ ਕੇ ਡਾਲਰਾਂ ਦੇ ਗੱਫੇ ਕਮਾਉਂਦਾ ਰਿਹਾ ਸੀ। ਜਿਸ ਨੇ ਆਪਣੇ ਦੇਸ਼ ਦੀ ਮਿੱਟੀ ਨਾਲ ਵਫਾ ਨਹੀਂ ਕੀਤੀ, ਉਹ ਵੀ ਭਾਰਤ ਦੀ ਭੰਡੀ ਕਰਨ ਲਈ ਊਲ-ਜਲੂਲ ਬੋਲੀ ਜਾਂਦਾ ਹੈ। ਉਸੇ ਵਰਗੇ ਹੋਰ ਕਈ ਲੋਕ ਇਸ ਤਰ੍ਹਾਂ ਬੋਲ ਰਹੇ ਹਨ। ਭਾਰਤ ਆਪਣੀ ਤਕਨੀਕ ਅਤੇ ਹੁਨਰ ਨੂੰ ਉਨ੍ਹਾਂ ਵਾਂਗ ਸੰਸਾਰ ਵਿਚ ਪੁਆੜੇ ਪਾਉਣ ਲਈ ਨਹੀਂ ਵਰਤਦਾ।
ਤੀਸਰੀ ਝਲਕ ਪਾਕਿਸਤਾਨ ਦੇ ਰੱਖਿਆ ਪ੍ਰਬੰਧਾਂ ਦੇ ਨਾਂਵਾਂ ਦੀ ਸੂਚੀ ਤੋਂ ਮਿਲ ਜਾਂਦੀ ਹੈ। ਹਰ ਦੇਸ਼ ਜਦੋਂ ਕੋਈ ਹਥਿਆਰ ਬਣਾਉਂਦਾ ਹੈ, ਉਹ ਉਸ ਦਾ ਕੋਈ ਨਾ ਕੋਈ ਨਾਂ ਰੱਖਦਾ ਹੈ। ਕਈ ਦੇਸ਼ ਖਰੀਦੇ ਹੋਏ ਹਥਿਆਰਾਂ ਵਾਸਤੇ ਵੀ ਨਾਂ ਰੱਖਦੇ ਹਨ। ਭਾਰਤ ਨੇ ਵੀ ਹਥਿਆਰਾਂ ਦੇ ਨਾਂ ਰੱਖੇ ਹੋਏ ਹਨ। ਆਪਣੀ ਇੱਕ ਮਿਜ਼ਾਈਲ ਦਾ ਨਾਂ ਭਾਰਤ ਨੇ ‘ਪ੍ਰਿਥਵੀ’, ਦੂਸਰੀ ਦਾ ਨਾਂ ‘ਨਾਗ’ ਤੇ ਤੀਸਰੀ ਦਾ ‘ਅਗਨੀ’ ਰੱਖਿਆ ਹੈ। ਏਦਾਂ ਦੇ ਨਾਂ ਹੋਰ ਵੀ ਕਈ ਹਨ। ਹਥਿਆਰ ਦਾ ਨਾਂ ਜਦੋਂ ਰੱਖਿਆ ਜਾਂਦਾ ਹੈ ਤਾਂ ਇਸ ਪਿੱਛੇ ਉਸ ਦੀ ਮਾਰ ਸਮਰੱਥਾ ਨੂੰ ਜ਼ਾਹਰ ਕਰਨ ਦੀ ਭਾਵਨਾ ਜਾਂ ਫਿਰ ਕਿਸੇ ਖਾਸ ਚੀਜ਼ ਨਾਲ ਮੋਹ ਦਾ ਪ੍ਰਗਟਾਵਾ ਕਰਨ ਦਾ ਖਿਆਲ ਵੀ ਹੋ ਸਕਦਾ ਹੈ।
ਹੁਣ ਵੇਖੋ ਪਾਕਿਸਤਾਨ ਵਿਚ ਹਥਿਆਰਾਂ ਦੇ ਨਾਂਵਾਂ ਨੂੰ। ਉਨ੍ਹਾਂ ਨੇ ਇੱਕ ਮਿਜ਼ਾਈਲ ਦਾ ਨਾਂ ‘ਬਾਬਰ’ ਰੱਖਿਆ ਸੀ, ਜਿਸ ਵਿਚੋਂ ਸ਼ਾਇਦ ਉਹ ਸਮੁੱਚੇ ਭਾਰਤ ਉਤੇ ਇਸਲਾਮੀ ਰਾਜ ਦੀ ਚੜ੍ਹਤ ਦਾ ਦੌਰ ਚੇਤੇ ਕਰਨਾ ਚਾਹੁਦੇ ਸਨ, ਭਾਵੇਂ ਭਾਰਤ ਵਿਚ ਇਸਲਾਮੀ ਰਾਜ ਬਾਬਰ ਤੋਂ ਤਿੰਨ ਸਦੀਆਂ ਪਹਿਲਾਂ ਦਾ ਮੌਜੂਦ ਸੀ। ਦੂਸਰਾ ਨਾਂ ‘ਗਜ਼ਨਵੀ’ ਰੱਖ ਲਿਆ, ਜਿਸ ਦਾ ਮਕਸਦ ਬੇਰਹਿਮ ਹਮਲਾਵਰ ਮਹਿਮੂਦ ਗਜ਼ਨਵੀ ਦਾ ਨਾਂ ਲੈ ਕੇ ਭਾਰਤੀ ਲੋਕਾਂ ਨੂੰ ਚਿੜਾਉਣਾ ਸੀ। ਫਿਰ ਇੱਕ ਮਿਜ਼ਾਈਲ ਦਾ ਨਾਂ ‘ਗੌਰੀ’ ਰੱਖ ਦਿੱਤਾ, ਜਿਹੜਾ ਮਹਿਮੂਦ ਗਜ਼ਨਵੀ ਵਾਲੇ ਗਜ਼ਨੀ ਖੇਤਰ ਤੋਂ ਆਏ ਹੋਏ ਦੂਸਰੇ ਜ਼ਾਲਮ ਹਮਲਾਵਰ ਮੁਹੰਮਦ ਗੌਰੀ ਦਾ ਨਾਂ ਲੈ ਕੇ ਖੁਸ਼ ਹੋਣ ਵਾਸਤੇ ਰੱਖਿਆ ਸੀ। ਦੋਵੇਂ ਜਣੇ ਗਜ਼ਨੀ ਤੋਂ ਆਏ ਸਨ, ਜਿਹੜੀ ਗਜ਼ਨੀ ਅੱਜ ਦੇ ਪਾਕਿਸਤਾਨ ਦੇ ਨੇੜੇ-ਤੇੜੇ ਵੀ ਨਹੀਂ। ਇੱਕ ਮਿਜ਼ਾਈਲ ਦਾ ਨਾਂ ‘ਅਬਦਾਲੀ’ ਰੱਖ ਲਿਆ ਤੇ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ। ਉਹ ਕੰਧਾਰ ਤੋਂ ਚੜ੍ਹਿਆ ਸੀ। ਰਹੀ ਕਸਰ ਉਦੋਂ ਕੱਢ ਦਿੱਤੀ ਗਈ, ਜਦੋਂ ਇੱਕ ਮਿਜ਼ਾਈਲ ਦਾ ਨਾਂ ਤੈਮੂਰ ਲੰਗ ਦੇ ਨਾਂ ਉਤੇ ‘ਤੈਮੂਰ ਮਿਜ਼ਾਈਲ’ ਰੱਖ ਲਿਆ। ਤੈਮੂਰ ਵੀ ਅਜੋਕੇ ਪਾਕਿਸਤਾਨ ਦਾ ਜੰਮਿਆ ਨਹੀਂ ਸੀ, ਉਜ਼ਬੇਕ ਇਲਾਕੇ ਤੋਂ ਆਇਆ ਸੀ। ਅਜੇ ਗੱਲ ਮੁੱਕੀ ਨਹੀਂ, ਇੱਕ ਹੋਰ ਮਿਜ਼ਾਈਲ ਲੁਕਵੇਂ ਤੌਰ ਉਤੇ ਬਣਾਈ ਜਾ ਰਹੀ ਹੈ ਤੇ ਉਸ ਦਾ ਨਾਂ ਤੈਮੂਰ ਲੰਗ ਦੇ ਵੱਡੇ-ਵਡੇਰੇ ਜ਼ਾਲਮ ਹਮਲਾਵਰ ‘ਹਲਾਕੂ’ ਦੇ ਨਾਂ ਉਤੇ ਰੱਖੇ ਜਾਣ ਦੀ ਤਜਵੀਜ਼ ਪਾਸ ਵੀ ਹੋ ਚੁੱਕੀ ਹੈ।
ਸਾਡੇ ਲਈ ਜਿਹੜੇ ਹਮਲਾਵਰ ਮਨੁੱਖੀ ਇਤਿਹਾਸ ਦੇ ਖਲਨਾਇਕ ਹਨ, ਉਹ ਪਾਕਿਸਤਾਨ ਲਈ ਸਿਰਫ ਭਾਰਤ ਦੇ ਵਿਰੋਧ ਕਾਰਨ ਨਾਇਕ ਸਮਝੇ ਜਾਂਦੇ ਹਨ ਤੇ ਇਹ ਸੋਚਣ ਦੀ ਲੋੜ ਨਹੀਂ ਰਹਿੰਦੀ ਕਿ ਇਨ੍ਹਾਂ ਦਾ ਪਾਕਿਸਤਾਨ ਨਾਲ ਜੰਮਣ-ਮਰਨ ਦਾ ਵੀ ਕੋਈ ਰਿਸ਼ਤਾ ਨਹੀਂ। ਭਾਰਤ ਵਿਰੋਧ ਦੀ ਇਸੇ ਮਾਨਸਿਕਤਾ ਕਾਰਨ ਪਾਕਿਸਤਾਨ ਦੇ ਹਰ ਆਗੂ, ਹਰ ਬੁੱਧੀਜੀਵੀ ਤੇ ਫੌਜ ਦੇ ਹਰ ਕਮਾਂਡਰ ਦੇ ਸਿਰ ਵਿਚ ਸਿਰਫ ਅਤੇ ਸਿਰਫ ਭਾਰਤ ਨਾਲ ਆਢਾ ਲਾਉਣ ਦਾ ਕੀੜਾ ਹਿਲਜੁਲ ਕਰਦਾ ਰਹਿੰਦਾ ਹੈ।
ਜੰਮੂ-ਕਸ਼ਮੀਰ ਵਿਚ ਕਰਵਾਇਆ ਗਿਆ ਤਾਜ਼ਾ ਹਮਲਾ ਵੀ ਭਾਰਤ ਵਿਰੋਧ ਦੀ ਇਸੇ ਭਾਵਨਾ ਵਿਚੋਂ ਨਿਕਲਿਆ ਹੈ। ਜਦੋਂ ਤੱਕ ਪਾਕਿਸਤਾਨ ਦੀ ਰਾਜਨੀਤੀ, ਪਾਕਿਸਤਾਨ ਦੇ ਬੁੱਧੀਜੀਵੀਆਂ ਤੇ ਪਾਕਿਸਤਾਨ ਦੇ ਫੌਜੀ ਕਮਾਂਡਰਾਂ ਦੇ ਸਿਰਾਂ ਵਿਚ ਇਹ ਕੀੜਾ ਕਬੱਡੀ ਖੇਡਣ ਤੋਂ ਨਹੀਂ ਹਟਦਾ, ਏਦਾਂ ਦੇ ਹਮਲੇ ਭਾਰਤ ਨੂੰ ਹੰਢਾਉਣੇ ਪੈਣਗੇ, ਜਿਸ ਦਾ ਕੋਈ ਇਲਾਜ ਨਹੀਂ ਹੋ ਸਕਦਾ। ਇੱਕ ਇਲਾਜ ਪਾਕਿਸਤਾਨ ਦੀ ਖੁਫੀਆ ਸੇਵਾ ਦੇ ਸਾਬਕਾ ਮੁਖੀ ਨੇ ਸੁਝਾ ਦਿੱਤਾ ਹੈ ਕਿ ਭਾਰਤ ਬਹੁਤਾ ਔਖਾ ਹੈ ਤਾਂ ਜੰਗ ਛੇੜਨ ਦੀ ਹਿੰਮਤ ਕਰ ਲਵੇ। ਕਿੰਨਾ ਵੀ ਔਖਾ ਹੋਵੇ, ਭਾਰਤ ਜੰਗਬਾਜ਼ੀ ਨੂੰ ਆਪਣੀ ਕੂਟਨੀਤੀ ਦਾ ਅੰਗ ਇਸ ਲਈ ਨਹੀਂ ਬਣਾਵੇਗਾ ਕਿ ਭਾਰਤੀ ਲੋਕ ਇਸ ਤਰ੍ਹਾਂ ਦੀ ਹਮਲਾਵਰੀ ਦੇ ਪੱਖ ਵਿਚ ਕਦੇ ਨਹੀਂ ਆਏ ਤੇ ਨਾ ਆ ਸਕਦੇ ਹਨ। ਪੰਜਾਬੀ ਮੁਹਾਵਰੇ ਵਾਂਗ ਦੋ ਗਵਾਂਢੀ ਦੇਸ਼ਾਂ ਦੇ ਹਾਲਾਤ ‘ਲੱਜ ਰਖੰਦਾ ਅੰਦਰ ਵੜੇ, ਮੂਰਖ ਆਖੇ ਮੈਥੋਂ ਡਰੇ’ ਨਾਲ ਮੇਲ ਖਾਂਦੇ ਜਾਪ ਰਹੇ ਹਨ।