ਕੁਲਦੀਪ ਕੌਰ
ਨਵਕੇਤਨ ਬੈਨਰ ਦੁਆਰਾ ਨਿਰਮਾਣ ਕੀਤੀ ਫਿਲਮ ‘ਹਮ ਦੋਨੋ’ ਫ਼ੌਜ ਦੀ ਪਿੱਠਭੂਮੀ ਨੂੰ ਆਧਾਰ ਬਣਾ ਕੇ ਵਿਜੇ ਆਨੰਦ ਦੁਆਰਾ ਲਿਖੀ ਪਟਕਥਾ ‘ਤੇ ਆਧਾਰਿਤ ਸੀ। ਮੁੱਖ ਭੂਮਿਕਾਵਾਂ ਵਿਚ ਦੇਵ ਆਨੰਦ ਸੀ ਜਿਸ ਦਾ ਫਿਲਮ ਵਿਚ ਡਬਲ ਰੋਲ ਸੀ। ਉਹਦੇ ਨਾਲ ਨਾਇਕਾਵਾਂ ਸਨ ਸਾਧਨਾ ਅਤੇ ਨੰਦਾ।
ਫਿਲਮ ਦੇ ਗਾਣੇ ‘ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ’, ‘ਅਭੀ ਨਾ ਜਾਓ ਛੋੜ ਕਰ’, ‘ਕਭੀ ਖੁਦ ਪੇ, ਕਭੀ ਹਾਲਾਤ ਪੇ ਰੋਨਾ ਆਇਆ’ ਅਤੇ ‘ਅੱਲਾਹ ਤੇਰੋ ਨਾਮ’ ਬੇਹੱਦ ਮਕਬੂਲ ਹੋਏ। 1961 ਵਿਚ ਹੀ ਦੇਵ ਆਨੰਦ ਦੀ ਫਿਲਮ ‘ਜਬ ਪਿਆਰ ਕਿਸੀ ਸੇ ਹੋਤਾ ਹੈ’ ਵੀ ਆਈ ਜੋ ਰੁਮਾਂਸ ਅਤੇ ਸੰਗੀਤਕ ਪੱਖ ਤੋਂ ਸ਼ਾਨਦਾਰ ਫਿਲਮ ਸਾਬਿਤ ਹੋਈ। ਫਿਲਮ ਦਾ ਸੰਗੀਤ ਅਤੇ ਗਾਣੇ ‘ਜੀਆ ਓ ਜੀਆ ਕੁਛ ਬੋਲ ਦੋ’ ਅਤੇ ‘ਸੌ ਸਾਲ ਪਹਿਲੇ ਹਮੇਂ ਤੁਮਸੇ ਪਿਆਰ ਥਾ’ ਹੁਣ ਤੱਕ ਸੰਗੀਤ ਪ੍ਰੇਮੀਆਂ ਦੀ ਪਸੰਦ ਹਨ। ਇਸ ਫਿਲਮ ਦੇ ਨਿਰਦੇਸ਼ਕ ਨਾਸਿਰ ਹੁਸੈਨ ਸਨ ਅਤੇ ਫਿਲਮ ਵਿਚ ਨਾਇਕਾ ਦੇ ਤੌਰ ‘ਤੇ ਆਸ਼ਾ ਪਾਰਿਖ ਨੇ ਆਪਣਾ ਕਿਰਦਾਰ ਬਹੁਤ ਖੂਬਸੂਰਤੀ ਨਾਲ ਨਿਭਾਇਆ ਸੀ।
ਅੰਗਰੇਜ਼ੀ ਮੈਗਜ਼ੀਨ ‘ਆਉਟਲੁਕ’ ਦੇ ਇਕ ਅੰਕ ਵਿਚ ਪ੍ਰਸਿੱਧ ਪੱਤਰਕਾਰ ਇੰਦਰ ਮਲਹੋਤਰਾ ਨੇ ਲਿਖਿਆ ਸੀ ਕਿ ਉਸ ਸਮੇਂ ਚੀਨ ਨਾਲ ਵਿਗੜ ਰਹੇ ਸਬੰਧਾਂ ਕਾਰਨ ਸਿਆਸੀ ਅਤੇ ਆਰਥਿਕ ਤੌਰ ‘ਤੇ ਦੇਸ਼, ਅਨਿਸ਼ਚਿੰਤਤਾ ਦੀ ਧੁੰਦ ਵਿਚ ਖੜ੍ਹਾ ਸੀ। ਇਸੇ ਦੌਰਾਨ ‘ਛਲੀਆ’ ਦੀ ਸਫ਼ਲਤਾ ਸਿਨੇਮਾ ਨੂੰ ਮਨੋਰੰਜਨ ਦੇ ਮਾਧਿਅਮ ਦੇ ਤੌਰ ‘ਤੇ ਨਵੇਂ ਸਿਰਿਉਂ ਪ੍ਰੀਭਾਸ਼ਿਤ ਕਰ ਰਹੀ ਸੀ। ਇਹ ਸਮਾਂ ਰੇਡੀਓ ਦੀ ਚੜ੍ਹਤ ਦਾ ਦੌਰ ਵੀ ਸੀ। ਰਵੀ ਸ਼ੰਕਰ ਰੇਡੀਓ ਦੀ ਵਿਸ਼ੇਸ਼ ਧੁਨੀ ਬਣਾ ਚੁੱਕੇ ਸਨ ਜਿਸ ਦੀ ਗੂੰਜ ਮੁਲਕ ਦੀਆਂ ਗਲੀਆਂ-ਮਹੁੱਲਿਆਂ ਵਿਚ ਸੁਣਨੀ ਸ਼ੁਰੂ ਹੋ ਗਈ ਸੀ। ਰੇਡੀਓ ‘ਤੇ ਭਾਰਤੀ ਸੰਗੀਤ ਦੀ ਜੁਗਲਬੰਦੀ ਤਾਂ ਹਰ ਹਫ਼ਤੇ ਸੁਣਾਈ ਦਿੰਦੀ ਸੀ ਪਰ ਭਾਰਤੀ ਫਿਲਮਾਂ ਦੇ ਗਾਣੇ ਚਲਾਉਣ ‘ਤੇ ਪਾਬੰਦੀ ਸੀ। ਇਸ ਦਾ ਫ਼ਾਇਦਾ ‘ਰੇਡੀਓ ਸੀਲੋਨ’ ਨੂੰ ਪਹੁੰਚਿਆ ਜਿਨ੍ਹਾਂ ਦੀ ‘ਬਿਨਾਕਾ ਗੀਤਮਾਲਾ’ ਸੀਰੀਜ਼ ਨੇ ਮੁਹੰਮਦ ਰਫ਼ੀ ਤੇ ਲਤਾ ਮੰਗੇਸ਼ਕਰ ਨੂੰ ਹਜ਼ਾਰਾਂ ਦਿਲਾਂ ਵਿਚ ਸਦਾ ਲਈ ਵਸਾ ਦਿੱਤਾ।
ਇਹ ਦੌਰ ਬੰਨ੍ਹਾਂ, ਆਧੁਨਿਕ ਸ਼ਹਿਰਾਂ, ਵੱਡੇ ਪੁਲਾਂ ਦਾ ਦੌਰ ਸੀ। ਪਿੰਡਾਂ ਦੇ ਪਿੰਡ ਥੇਹ ਕਰ ਕੇ ਨਵੀਂ ਕਿਸਮ ਦੀ ਉਧਾਰ ਲਈ ਸਭਿਅਤਾ ਚੰਡੀਗੜ੍ਹ ਦੇ ਰੂਪ ਵਿਚ ਭਾਰਤ ਦੇ ਨਕਸ਼ੇ ਤੇ ਉਭਰ ਰਹੀ ਸੀ। ਫ਼ੈਸ਼ਨ ਦੀ ਦੁਨੀਆਂ ਵਿਚ ਸਾੜ੍ਹੀ ਦੀ ਥਾਂ ਜੀਨ, ਚੂੜੀਦਾਰ ਤੇ ਪੱਛਮੀ ਪਹਿਰਾਵੇ ਨਾਲ ਨਵੇਂ ਤਜਰਬੇ ਕੀਤੇ ਜਾ ਰਹੇ ਸਨ। ਪ੍ਰਸਿੱਧ ਚਿੱਤਰਕਾਰ ਕ੍ਰਿਸ਼ਨ ਖੰਨਾ ਉਸ ਸਮੇਂ ਨੂੰ ਯਾਦ ਕਰਦਿਆਂ ਲਿਖਦੇ ਹਨ ਕਿ ਉਸ ਸਮੇਂ ਦੀ ਚਿੱਤਰਕਾਰੀ ਵਿਚ ਪੱਛਮੀ ਕਲਾ-ਸ਼ਾਸਤਰ ਅਤੇ ਪੁਰਾਤਨ ਭਾਰਤੀ ਕਲਾ ਦੀ ਸਮਝ ਦਾ ਸੁਮੇਲ ਨਜ਼ਰ ਆ ਰਿਹਾ ਸੀ। ਅਜਿਹੇ ਸਮੇਂ ਵਿਚ ਕਿਸ਼ੋਰ ਕੁਮਾਰ ਦੀਆਂ ਹਾਸਾ-ਪ੍ਰਧਾਨ ਫਿਲਮਾਂ ਦਾ ਆਉਣਾ ਇਸ ਦੌਰ ਦੇ ਉਲ਼ਝੇ ਖ਼ਾਸੇ ਵਿਚੋਂ ਕੁਝ ਪਲ ਚੁਰਾਉਣ ਵਾਂਗ ਸੀ। ਕਿਸ਼ੋਰ ਕੁਮਾਰ ਦੀ ਫਿਲਮ ‘ਝੁਮਰੂ’ ਜਿਸ ਵਿਚ ਉਸ ਦੀ ਜੋੜੀ ਮਧੂਬਾਲਾ ਨਾਲ ਸੀ, ਉਸ ਦੀਆਂ ਬਿਹਤਰੀਨ ਫਿਲਮਾਂ ਵਿਚੋਂ ਮੰਨੀ ਜਾਂਦੀ ਹੈ। ਕਿਸ਼ੋਰ ਕੁਮਾਰ ਬੰਗਾਲੀ ਪਰਿਵਾਰ ਨਾਲ ਸਬੰਧਤ ਸੀ ਅਤੇ ਪ੍ਰਸਿੱਧ ਅਦਾਕਾਰ ਅਸ਼ੋਕ ਕੁਮਾਰ ਦਾ ਭਰਾ ਸੀ। ਉਹਨੇ ਗਾਇਨ ਦੀ ਕੋਈ ਰਵਾਇਤੀ ਸਿੱਖਿਆ ਪ੍ਰਾਪਤ ਨਹੀਂ ਸੀ ਕੀਤੀ ਸਗੋਂ ਕੇæਐਲ਼ ਸਹਿਗਲ ਦੀਆਂ ਧੁਨਾਂ ਗੁਣ-ਗੁਣਾਉਂਦਿਆਂ ਫਿਲਮ ਜਗਤ ਵਿਚ ਸਫ਼ਲ ਹੋਏ। ਉਹਦੀ ਵੱਡੀ ਖ਼ਾਸੀਅਤ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਮੁਹਾਰਤ ਹੋਣਾ ਸੀ। ਫਿਲਮ ‘ਜ਼ਿੱਦੀ’ ਦੇ ਗਾਣੇ ‘ਮਰਨੇ ਕੀ ਦੁਆਏਂ ਕਿਉਂ ਮਾਂਗੂ’ ਰਾਹੀਂ ਉਹਨੇ ਗਾਇਨ ਦੇ ਸਫ਼ਰ ਦੀ ਸ਼ੁਰੂਆਤ ਕੀਤੀ।
1957 ਵਿਚ ਰਿਸ਼ੀਕੇਸ਼ ਮੁਖਰਜੀ ਦੁਆਰਾ ਨਿਰਦੇਸ਼ਤ ਪਹਿਲੀ ਫਿਲਮ ‘ਮੁਸਾਫ਼ਿਰ’ ਦੁਆਰਾ ਕਿਸ਼ੋਰ ਕੁਮਾਰ ਅਦਾਕਾਰੀ ਵਾਲਾ ਕਰੀਅਰ ਵੀ ਸ਼ੁਰੂ ਕਰ ਚੁੱਕੇ ਸਨ। ‘ਮੁਸਾਫ਼ਿਰ’ ਦੀ ਪਟਕਥਾ ਰਿਸ਼ੀਕੇਸ਼ ਮੁਖਰਜੀ ਅਤੇ ਬੰਗਾਲੀ ਨਿਰਦੇਸ਼ਕ ਰਿਤਵਿਕ ਘਟਕ ਨੇ ਲਿਖੀ ਸੀ। ਇਹ ਉਸ ਸਮੇਂ ਬਣ ਰਹੀਆਂ ਫਿਲਮ ਨਾਲੋਂ ਵੱਖਰੀ ਅਤੇ ਨਵੇਂ ਰੰਗ-ਰੂਪ ਵਾਲੀ ਸੀ। ਇਹ ਜ਼ਿੰਦਗੀ ਦੀ ਥੋੜ੍ਹੇ ਪਲਾਂ ਦੀ ਖੇਡ ਨੂੰ ਦਾਰਸ਼ਨਿਕ ਤਰੀਕੇ ਨਾਲ ਪੇਸ਼ ਕਰਦੀ ਹੈ। ਫਿਲਮ ਅਨੁਸਾਰ ਧਰਤੀ ਦੇ ਸਾਰੇ ਬਾਸ਼ਿੰਦੇ ਇਸ ਖੂਬਸੂਰਤ ਧਰਤੀ ‘ਤੇ ਮੁਸਾਫਿਰਾਂ ਵਾਂਗ ਹਨ। ਹਰ ਇੱਕ ਨੇ ਆਪਣੀ ਪਾਰੀ ਖੇਡਣੀ ਹੈ ਤੇ ਅੰਤ ਇਸ ‘ਮਕਾਨ’ ਨੂੰ ਅਲਵਿਦਾ ਕਹਿ ਦੇਣਾ ਹੈ। ਜਿਸ ਨੇ ਜੋ ਬੀਜਣਾ ਹੈ, ਅੰਤ ਉਹੀ ਵੱਢਣਾ ਪੈਣਾ ਹੈ।
(ਚਲਦਾ)