ਜਾਂਨਿਸਾਰ: ਮੁਹੱਬਤ ਤੇ ਬਗਾਵਤ ਦੀ ਕਵਿਤਾ

ਸੁਖਵੰਤ ਸਿੰਘ ਸੁੱਖੀ
ਫਿਲਮਸਾਜ਼ ਮੁਜ਼ੱਫਰ ਅਲੀ ਦੀ ਨਵੀਂ ਫਿਲਮ ḔਜਾਂਨਿਸਾਰḔ 1981 ਵਿਚ ਰਿਲੀਜ਼ ਹੋਈ ਉਸ ਦੀ ਚਰਚਿਤ ਫਿਲਮ Ḕਉਮਰਾਓ ਜਾਨḔ ਜਿੱਡੀ ਉਡਾਣ ਨਹੀਂ ਭਰ ਸਕੀ। Ḕਉਮਰਾਓ ਜਾਨḔ ਵਾਂਗ ਨਵੀਂ ਫਿਲਮ ਵਿਚ ਵੀ ਪੁਰਾਣੇ ਵੇਲਿਆਂ ਦੀਆਂ ਬਾਤਾਂ ਹਨ ਅਤੇ ਨੱਚਦੀ ਨਾਇਕਾ ਪ੍ਰਭਾਵਿਤ ਕਰਦੀ ਹੈ, ਪਰ ਫਿਲਮ ਦੀ ਕਹਾਣੀ ਵਿਚ ਉਹ ਜਾਨ ਨਹੀਂ ਭਰੀ ਜਾ ਸਕੀ ਜਿਸ ਦੀ ਤਵੱਕੋ ਦਰਸ਼ਕ ਮੁਜ਼ੱਫਰ ਅਲੀ ਵਰਗੇ ਕਲਾਕਾਰ ਤੋਂ ਕਰ ਰਹੇ ਸਨ।

ਦਰਸ਼ਕ ਚਿਰਾਂ ਤੋਂ ਇਹ ਫਿਲਮ ਉਡੀਕ ਰਹੇ ਸਨ ਜਿਹੜੀ ਆਜ਼ਾਦੀ ਦੀ ਪਹਿਲੀ ਲੜਾਈ ਮੰਨੇ ਜਾਂਦੇ 1857 ਦੇ ਗਦਰ ਤੋਂ 20 ਸਾਲ ਬਾਅਦ ਵਾਲੇ ਵਕਤ ਨਾਲ ਜੁੜੀ ਹੋਈ ਹੈ। ਫਿਲਮ ਦਾ ਨਾਇਕ, ਅਵਧ ਦਾ ਸ਼ਹਿਜ਼ਾਦਾ ਅਮੀਰ ਇੰਗਲੈਂਡ ਤੋਂ ਪੜ੍ਹ ਕੇ ਆਉਂਦਾ ਹੈ। ਉਹ ਅੰਗਰੇਜ਼ਾਂ ਦਾ ਵਫਾਦਾਰ ਹੈ, ਪਰ ਜਦੋਂ ਉਸ ਦੀ ਮੁਲਾਕਾਤ ਦਰਬਾਰੀ ਡਾਂਸਰ ਨੂਰ ਨਾਲ ਹੁੰਦੀ ਹੈ ਤਾਂ ਉਸ ਦੇ ਜ਼ਿਹਨ ਵਿਚ ਪਰਵਾਜ਼ ਜਨਮ ਲੈਣ ਲਗਦੀ ਹੈ ਅਤੇ ਉਹ ਹੌਲੀ ਹੌਲੀ ਨੂਰ ਦੇ ਕ੍ਰਾਂਤੀਕਾਰੀ ਖਿਆਲਾਂ ਵੱਲ ਖਿੱਚਦਾ ਚਲਾ ਜਾਂਦਾ ਹੈ।
ਫਿਲਮ ਆਲੋਚਕਾਂ ਨੇ ਸ਼ਹਿਜ਼ਾਦਾ ਅਮੀਰ ਵਾਲਾ ਕਿਰਦਾਰ ਨਿਭਾਉਣ ਵਾਲੇ ਪਾਕਿਸਤਾਨੀ ਅਦਾਕਾਰ ਇਮਰਾਨ ਅੱਬਾਸ ਅਤੇ ਨੂਰ ਬਣੀ ਪਰਨੀਆ ਕੁਰੈਸ਼ੀ ਦੀ ਅਦਾਕਾਰੀ ਨੂੰ ਵੀ ਬਹੁਤੇ ਨੰਬਰ ਨਹੀਂ ਦਿੱਤੇ। ਹਾਂ, ਪਰਨੀਆ ਦੇ ਡਾਂਸ ਨੇ ਸਭ ਨੂੰ ਨਿਹਾਲ ਕੀਤਾ ਹੈ। ਫਿਲਮ ਦੇ ਸੰਗੀਤ, ਲਿਬਾਸਾਂ ਅਤੇ ਕੋਰੀਗਰਾਫੀ ਨੇ ਸਭ ਦਾ ਧਿਆਨ ਖਿੱਚਿਆ ਹੈ। ਉਂਝ ਆਲੋਚਕਾਂ ਨੇ ਕਮੀਆਂ ਦੇ ਬਾਵਜੂਦ ਫਿਲਮ ਨੂੰ ਮੁਹੱਬਤ ਅਤੇ ਬਗਾਵਤ ਦੀ ਨਿਰੀ ਕਵਿਤਾ ਕਰਾਰ ਦਿੱਤਾ ਹੈ। ਫਿਲਮ ਦਾ ਸੰਗੀਤ ਖੁਦ ਮੁਜ਼ੱਫਰ ਅਲੀ ਅਤੇ ਉਸਤਾਦ ਸ਼ਫਕਤ ਅਲੀ ਖਾਨ ਨੇ ਤਿਆਰ ਕੀਤਾ ਹੈ ਅਤੇ ਵਾਰਡਰੋਬ ਦਾ ਸਾਰਾ ਮਹਿਕਮਾ ਮੁਜ਼ੱਫਰ ਅਲੀ ਦੀ ਪਤਨੀ ਮੀਰਾ ਅਲੀ ਦੇ ਹੱਥ ਹੀ ਸੀ। ਉਹ ਖੁਦ ਡਿਜ਼ਾਈਨਰ ਹੈ ਅਤੇ ਪੁਰਾਣੇ ਵੇਲਿਆਂ ਦੇ ਵਾਰਡਰੋਬ ਵਿਚ ਵਿਸ਼ੇਸ਼ ਰੁਚੀ ਰੱਖਦੀ ਹੈ। ਐਤਕੀਂ ਮੁਜ਼ੱਫਰ ਅਲੀ ਭਾਵੇਂ Ḕਉਮਰਾਓ ਜਾਨḔ ਵਾਲਾ ਜਾਦੂ ਨਹੀਂ ਧੂੜ ਸਕਿਆ, ਪਰ ਇਸ ਫਿਲਮ ਉਤੇ ਕਲਾਕਾਰ ਮੁਜ਼ੱਫਰ ਅਲੀ ਵਾਲਾ ḔਟੱਚḔ ਜ਼ਰੂਰ ਦਿਖਾਈ ਦਿੰਦਾ ਹੈ।