‘ਪੰਜਾਬ ਟਾਈਮਜ਼’ ਦੇ 8 ਅਗਸਤ ਵਾਲੇ ਅੰਕ ਵਿਚ ਸ਼ ਜਸਵੰਤ ਸਿੰਘ ਸੰਧੂ ਦੀ ਰੇਡੀਓ ਅਨਾਊਂਸਰ ਨਿਜ਼ਾਮੁਦੀਨ ਬਾਰੇ ਬੜੀ ਪਿਆਰੀ ਲਿਖਤ ਪੜ੍ਹ ਕੇ ਅਨੰਦ ਆ ਗਿਆ। ਕੋਈ ਕੋਈ ਸ਼ਖਸ ਹੁੰਦਾ ਹੈ ਜਿਹੜਾ ਹਮੇਸ਼ਾ ਵਾਸਤੇ ਦਿਲ ਉਪਰ ਉਕਰਿਆ ਜਾਏ; ਅਜਿਹਾ ਸੀ ਇਹ ਨਾਇਕ ਨਿਜ਼ਾਮੁਦੀਨ।
ਅਮੀਰ ਲਫਜ਼ਾਂ ਨਾਲ ਲੱਦੀ ਹੋਈ ਦੇਸੀ ਪੰਜਾਬੀ; ਮਝੈਲ ਉਚਾਰਨ। ਸਾਡੇ ਕੰਨਾਂ ਦੇ ਪਿਆਲੇ ਉਸ ਦੀ ਸ਼ਰਾਬ ਵਾਸਤੇ ਨਿਰੰਤਰ ਉਡੀਕਵਾਨ ਰਹਿੰਦੇ। ਮੈਨੂੰ ਉਸ ਦੀਆਂ ਇਕ ਦੋ ਗੱਲਾਂ ਇਹ ਲੇਖ ਪੜ੍ਹਨ ਬਾਅਦ ਯਾਦ ਆ ਗਈਆਂ, ਜੋ ਪਾਠਕਾਂ ਦੀ ਨਜ਼ਰ ਹਨ,
ਚੌਧਰੀ ਨੇ ਪੁੱਛਿਆ-ਕੀ ਗੱਲ ਹੋਈ ਚਾਚਾ ਨਿਜ਼ਾਮੁਦੀਨ, ਅੱਜ ਕੁਝ ਵੱਲ ਨਹੀਂ ਲਗਦੇ ਮੈਨੂੰ।
ਨਿਜ਼ਾਮੁਦੀਨ: ਜੀ ਪਿੰਡੋਂ ਆਇਆਂ ਸਰਕਾਰੀ ਬਸ ਚੜ੍ਹ ਕੇ। ਸੜਕ ਉਪਰ ਟੋਏ, ਏਨੇ ਹੁਜਕੇ ਕਿ ਪਾਸੇ ਭੰਨੇ ਗਏ।
ਚੌਧਰੀ: ਪਰ ਮਾੜਾ ਮੋਟਾ ਹੁਜਕਾ ਕੀ ਆਖਦੈ ਤੁਹਾਡੇ ਜਿਹੇ ਮਜ਼ਬੂਤ ਸ਼ਖਸ ਨੂੰ?
ਨਿਜ਼ਾਮੁਦੀਨ: ਮਾੜਾ, ਮੋਟਾ ਹੁਜਕਾ? ਰੇਹੜੀ ਵਾਲਾ ਡੱਬੇ ਵਿਚ ਜਾਮਣਾਂ ਨੂੰ ਲੂਣ ਲਾਉਣ ਲਈ ਜਿਵੇਂ ਛੁਲਕਦੈ, ਏਸ ਤਰ੍ਹਾਂ ਸਵਾਰੀਆਂ ਭੁੜਕਦੀਆਂ ਰਹੀਆਂ ਸਾਰੇ ਰਾਹ।
ਸਬਜ਼ੀਆਂ ਦੀ ਕਾਸ਼ਤ ਹਰ ਕਿਸਾਨ ਕਰੇ, ਇਸ ਮਜਮੂਨ ਉਪਰ ਗੱਲ ਕਰਨ ਲਈ ਮਾਹਿਰ ਨੇ ਵਾਰਤਾ ਪੜ੍ਹਨੀ ਸੀ। ਗੱਲ ਇਥੋਂ ਸ਼ੁਰੂ ਕਰਨੀ ਸੀ-ਸਬਜ਼ੀਆਂ ਇਸ ਕਰ ਕੇ ਮਹਿੰਗੀਆਂ ਹਨ ਕਿਉਂਕਿ ਅਸੀਂ ਆਪ ਉਨ੍ਹਾਂ ਦੀ ਕਾਸ਼ਤ ਕਰਨੀ ਬੰਦ ਕਰ ਦਿੱਤੀ। ਚੌਧਰੀ ਨੇ ਕਿਹਾ-ਚਾਚਾ ਨਿਜ਼ਾਮੁਦੀਨ, ਕੀ ਗੱਲ, ਸਬਜ਼ੀਆਂ ਦੇ ਭਾਅ ਅਸਮਾਨੀ ਕਿਉਂ ਜਾ ਲੱਗੇ?
ਨਿਜ਼ਾਮੁਦੀਨ ਬੋਲਿਆ, ਸਬਜ਼ੀਆਂ ਵੇਚਣ ਵਾਲੇ ਹਕੂਮਤ ਕਰਨ ਲੱਗ ਜਾਣ ਤਾਂ ਸਬਜ਼ੀਆਂ ਦੇ ਭਾਅ ਉਪਰ ਚੜ੍ਹਨਗੇ ਈ ਚੜ੍ਹਨਗੇ।
ਜ਼ਿਆ-ਉਲ ਹੱਕ ਉਦੋਂ ਪ੍ਰੈਜ਼ੀਡੈਂਟ ਸੀ। ਉਹ ਜਲੰਧਰ ਜ਼ਿਲੇ ਦਾ ਅਰਾਈਂ ਸੀ। ਸਬਜ਼ੀਆਂ ਬੀਜਣ ਤੇ ਵੇਚਣ ਦਾ ਕੰਮ ਗਰੀਬ ਅਰਾਈਂ ਕਰਿਆ ਕਰਦੇ ਸਨ। ਇਸ ਟਿੱਪਣੀ ਸਦਕਾ ਉਸ ਨੂੰ ਨੌਕਰੀਓਂ ਮੁਅੱਤਲ ਕੀਤਾ ਗਿਆ।
ਇਕ ਦਿਨ ਚੌਧਰੀ ਨੇ ਕਿਹਾ-ਨਿਜ਼ਾਮੁਦੀਨ, ਫਸਲਾਂ ਵਾਹਵਾ ਹੋ ਰਹੀਆਂ ਨੇ ਹੁਣ ਪੰਜਾਬ ਵਿਚ, ਕਿਸਾਨੀ ਖੁਸ਼ਹਾਲ ਹੋ ਰਹੀ ਹੈ। ਇਸ ਦੀ ਕੀ ਵਜ੍ਹਾ?
ਨਿਜ਼ਾਮੁਦੀਨ ਦਾ ਜਵਾਬ ਸੀ: ਇਸ ਦੀ ਵਜ੍ਹਾ ਇਹ ਹੈ ਕਿ ਸੋਨਾ ਮਹਿੰਗਾ ਹੋ ਗਿਆ।
ਚੌਧਰੀ ਨੇ ਪੁੱਛਿਆ-ਜੀ ਇਸ ਦਾ ਸੋਨੇ ਦੀ ਮਹਿੰਗਾਈ ਨਾਲ ਤਅਲੁਕ?
ਜਵਾਬ ਸੀ: ਗੀਤ ਨਹੀਂ ਸੁਣਿਆ?
ਤੇਰੇ ਲੌਂਗ ਦਾ ਪਿਆ ਲਿਸ਼ਕਾਰਾ
ਹਾਲੀਆਂ ਨੇ ਹਲ ਡੱਕ ਲਏ।
ਹੁਣ ਸੋਨਾ ਹੋ ਗਿਆ ਬਹੁਤਾ ਮਹਿੰਗਾ, ਸੁਆਣੀਆਂ ਲੌਂਗ ਪਹਿਨ ਨਹੀਂ ਸਕਦੀਆਂ। ਨਾ ਲਿਸ਼ਕਾਰਾ ਪਵੇ, ਨਾ ਹਾਲੀ ਹਲ ਰੋਕਣ। ਬਸ ਵਾਹੀ ਕਰੀ ਜਾਂਦੇ ਨੇ ਤੇ ਫਸਲਾਂ ਖੂਬ ਹੁੰਦੀਆਂ ਨੇ।
ਚੌਧਰੀ ਨੇ ਖਬਰ ਸਾਂਝੀ ਕੀਤੀ ਕਿ ਹਿੰਦੁਸਤਾਨ ਵਿਚ ਕੁਰਾਨ ਸ਼ਰੀਫ ਦਾ ਹਿੰਦੀ ਤਰਜਮਾ ਛਪ ਗਿਐ। ਨਿਜ਼ਾਮੁਦੀਨ ਨੇ ਕਿਹਾ-ਜੀ ਪਾਕਿ ਕੁਰਾਨ ਦਾ ਤਰਜਮਾ ਦੁਨੀਆਂ ਦੀ ਕਿਸੇ ਜ਼ੁਬਾਨ ਵਿਚ ਵੀ ਸਹੀ ਨਹੀਂ ਹੋ ਸਕਦਾ, ਪਰ ਹਿੰਦੀ ਵਿਚ ਤਾਂ ਤਰਜਮਾ ਉਕਾ ਨ੍ਹੀਂ ਹੋ ਸਕਦਾ।
ਚੌਧਰੀ ਨੇ ਪੁੱਛਿਆ-ਕਿਉਂ?
ਨਿਜ਼ਾਮੁਦੀਨ ਬੋਲਿਆ, ਜੀ ਹਿੰਦੀ ਤੋ ਐਸੀ ਭਾਸ਼ਾ ਹੈ ਕਿ ਇਸਮੇਂ ਸਿਰਫ ਛਿਮਾ ਹੀ ਮਾਂਗੀ ਜਾ ਸਕਤੀ ਹੈ, ਕੁਰਾਨ ਸ਼ਰੀਫ ਦੀ ਗੱਲ ਕੀ ਕਰਨੀ।
ਵਾਰਸ ਸ਼ਾਹ ਅਤੇ ਮੁਹੰਮਦ ਇਕਬਾਲ ਦੀ ਸ਼ਾਇਰੀ ਦੰਗ ਕਰ ਦੇਣ ਦੀ ਹੱਦ ਤੱਕ ਉਸ ਨੂੰ ਯਾਦ ਸੀ। ਸਹੀ ਥਾਂ ‘ਤੇ ਸਹੀ ਸ਼ਿਅਰ ਸੁਣਾ ਕੇ ਨਿਹਾਲ ਕਰ ਦਿੰਦਾ। ਕਦੀ ਕਦਾਈਂ ਉਸ ਦਾ ਬੋਲ ਇਉਂ ਹੁੰਦਾ-ਚੌਧਰੀ ਜੀ ਸੁੱਟਾਂ ਤੁਹਾਡੇ ਵਲ ਸ਼ਿਅਰ ਕੋਈ, ਬੋਚ ਲਉਗੇ?
ਮੰਡੀਆਂ ਦੇ ਭਾਅ ਦੱਸਣੇ ਸਨ। ਚੌਧਰੀ ਨੇ ਕਿਹਾ-ਲਉ ਚਾਚਾ! ਹੁਣ ਜਿਣਸਾਂ ਦੇ ਤਾਜ਼ਾ ਤਰੀਨ ਭਾਅ ਸੁਣੋ।
ਨਿਜ਼ਾਮੁਦੀਨ ਦਾ ਜਵਾਬ ਸੀ-ਸੁਣਾ ਲਉ ਜਿਸ ਨੂੰ ਸੁਣਾਣੇ ਨੇ। ਮੈਂ ਰਤਾ ਅੱਖ ਲਾ ਲੈਨਾ ਏਨੀ ਦੇਰ।
ਸਰੋਤਿਆਂ ਦੇ ਖਤਾਂ ਦਾ ਜਵਾਬ ਦਿੱਤਾ ਜਾ ਰਿਹਾ ਸੀ। ਇਕ ਦਾ ਖਤ ਸੀ-ਮੈਂ ਤੁਹਾਨੂੰ ਬੇਸ਼ੁਮਾਰ ਖਤ ਲਿਖ ਬੈਠਾਂ। ਇਕ ਖਤ ਦਾ ਵੀ ਜਵਾਬ ਨਹੀਂ ਦਿੱਤਾ ਤੁਸੀਂ। ਇਸ ਦਾ ਮਤਲਬ ਖਤ ਨਾ ਲਿਖਾਂ, ਜੇ ਖਤ ਲਿਖਣ ਦਾ ਕੋਈ ਫਾਇਦਾ ਹੀ ਨਹੀਂ।
ਨਿਜ਼ਾਮੁਦੀਨ ਨੇ ਕਿਹਾ-ਨਹੀਂ ਖਤ ਲਿਖਦੇ ਰਹੋ। ਖਤ ਲਿਖਣ ਦਾ ਬੜਾ ਫਾਇਦੈ। ਤੁਹਾਡੀ ਲਿਖਾਈ ਬੜੀ ਮਾੜੀ ਹੈ, ਪੜ੍ਹੀ ਨਹੀਂ ਜਾਂਦੀ। ਖਤ ਲਿਖਦੇ ਰਹੋਗੇ ਤਾਂ ਰਿਆਜ਼ ਕਰਦਿਆਂ ਕਰਦਿਆਂ ਲਿਖਾਈ ਸੌਰ ਜਾਏਗੀ।
ਵਿਦਵਾਨ ਨੇ ਪੰਜਾਬੀ ਜ਼ਬਾਨ ਦੀ ਅਮੀਰੀ ਉਪਰ ਸੁਹਣੀ ਵਾਰਤਾ ਪੜ੍ਹੀ। ਚੌਧਰੀ ਨੇ ਕਿਹਾ-ਚਾਚਾ ਇਸ ਪੁਰਨੂਰ ਗੁਫਤਗੂ ਵਿਚ ਤੁਸੀਂ ਬੋਲੇ ਈ ਨ੍ਹੀਂ। ਤੁਹਾਡੀ ਪੰਜਾਬੀ ਸੁਣ ਕੇ ਸਰੂਰ ਆ ਜਾਂਦੈ, ਫਿਰ ਖਾਮੋਸ਼ ਕਿਉਂ ਬੈਠੇ ਰਹੇ? ਨਿਜ਼ਾਮੁਦੀਨ ਬੋਲਿਆ, ਸਰਸ਼ਾਰ ਹੁੰਦਾ ਰਿਹਾ ਇਲਮ ਦੀਆਂ ਗੱਲਾਂ ਸੁਣਦਾ ਸੁਣਦਾ, ਸੋਚੀ ਗਿਆ-ਗਰਮ ਰੁੱਤੇ ਰਾਵੀ ਦੇ ਕਿਨਾਰੇ ਬੈਠਾ ਹੋਵਾਂ, ਸਾਰੀ ਸ਼ੀਰੀਂ ਪੰਜਾਬੀ ਜ਼ਬਾਨ ਇਸ ਵਿਚ ਘੋਲ ਕੇ ਪੀ ਜਾਵਾਂ, ਪਰ ਕਰਾਂ ਕੀ, ਹੱਥ ਨਈਂ ਆਂਵਦੀ।
-ਹਰਪਾਲ ਸਿੰਘ ਪੰਨੂ
ਫੋਨ: +91-94642-51454