‘ਆਪ’ ਵਾਲੀ ਥਾਂ ਮੱਲਣ ਲਈ ਨਿੱਤਰਿਆ ਯਾਦਵ ਧੜਾ

ਚੰਡੀਗੜ੍ਹ (ਗੁਰਵਿੰਦਰ ਸਿੰਘ ਵਿਰਕ): ਆਮ ਆਦਮੀ ਪਾਰਟੀ (ਆਪ) ਵਿਚੋਂ ਛੇਕੇ ਗਏ ਲੀਡਰ ਯੋਗੇਂਦਰ ਯਾਦਵ ਨੇ ਆਪਣੇ ‘ਸਵਰਾਜ ਅਭਿਆਨ’ ਤਹਿਤ ਪੰਜਾਬ ਦੀ ਸਿਆਸਤ ਵਿਚ ਦਸਤਕ ਦੇ ਦਿੱਤੀ ਹੈ। ਯਾਦਵ ਧੜੇ ਨੇ ਪੰਜਾਬ ਵਿਚ ‘ਜੈ ਕਿਸਾਨ ਅੰਦੋਲਨ’ ਦੇ ਨਾਅਰੇ ਹੇਠ ਸਰਗਰਮੀਆਂ ਵਿੱਢੀਆਂ ਹਨ। ਉਹ ਭਾਵੇਂ ਦਾਅਵਾ ਕਰ ਰਹੇ ਹਨ ਕਿ ਸਵਰਾਜ ਅਭਿਆਨ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਉਹ ਕਦੇ ਵੀ ਇਸ ਨੂੰ ਸਿਆਸੀ ਰੰਗਤ ਨਹੀਂ ਦੇਣਗੇ ਪਰ ਉਨ੍ਹਾਂ ਇਹ ਵੀ ਖੁਲਾਸਾ ਕੀਤਾ ਹੈ ਕਿ ‘ਆਪ’ ਵਿਚ ਹੁਣ ਕਿਸੇ ਵੇਲੇ ਵੀ ਬਗਾਵਤ ਹੋ ਸਕਦੀ ਹੈ ਤੇ ਹਾਈਕਮਾਨ ਦੀਆਂ ਨੀਤੀਆਂ ਤੋਂ ਅੱਕੇ ਵੱਡੀ ਗਿਣਤੀ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ।

ਦੱਸਣਯੋਗ ਹੈ ਕਿ ਯਾਦਵ ਧੜੇ ਨੇ ਇਕ ਅਗਸਤ ਤੋਂ ਟਰੈਕਟਰ ਯਾਤਰਾ ਸ਼ੁਰੂ ਕੀਤੀ ਹੈ। 10 ਦਿਨਾਂ ਦੀ ਇਹ ਯਾਤਰਾ ਹਰਿਆਣਾ ਤੋਂ ਹੁੰਦੀ ਹੋਈ ਨੌਂ ਅਗਸਤ ਨੂੰ ਦਿੱਲੀ ਪੁੱਜੇਗੀ, ਜਿਥੇ 10 ਅਗਸਤ ਨੂੰ ਪਾਰਲੀਮੈਂਟ ਮੂਹਰੇ ਕਿਸਾਨਾਂ ਦਾ ਇਕੱਠ ਹੋਵੇਗਾ। ਇਸ ਇਕੱਠ ਨੂੰ ਮਿਲੇ ਹੁੰਗਾਰੇ ਪਿੱਛੋਂ ਹੀ ਸ੍ਰੀ ਯਾਦਵ ਵੱਲੋਂ ਸਿਆਸੀ ਪਾਰਟੀ ਦੇ ਐਲਾਨ ਬਾਰੇ ਫੈਸਲਾ ਕਰਨ ਦੀ ਸੰਭਾਵਨਾ ਹੈ। ਇਸੇ ਦੌਰਾਨ ਫਤਹਿਗੜ੍ਹ ਸਾਹਿਬ ਤੋਂ ‘ਆਪ’ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ, ਪਟਿਆਲਾ ਦੇ ਸੰਸਦ ਮੈਂਬਰ ਡਾæ ਧਰਮਵੀਰ ਗਾਂਧੀ ਅਤੇ ਪਾਰਟੀ ਵਿਚੋਂ ਕੱਢੇ ਗਏ ਪੰਜਾਬ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਡਾæ ਦਲਜੀਤ ਸਿੰਘ ਨੇ ਸ੍ਰੀ ਯਾਦਵ ਨੂੰ ਸਮਰਥਨ ਦਾ ਐਲਾਨ ਕੀਤਾ ਹੈ।
ਸ੍ਰੀ ਯਾਦਵ ਨੇ ਦੋਸ਼ ਲਾਇਆ ਹੈ ਕਿ ਪੰਜਾਬ ਵਿਚ ਵੀ ਦਿੱਲੀ ਦਰਬਾਰ ਦੀ ਰਾਜਨੀਤੀ ਚੱਲ ਰਹੀ ਹੈ ਜੋ ਇਥੇ ਬਿਲਕੁਲ ਹੀ ਕਾਮਯਾਬ ਨਹੀਂ ਹੋਵੇਗੀ। ਦਿੱਲੀ ਦੀ ਰਾਜਨੀਤੀ ਹਰਿਆਣਾ ਤੱਕ ਹੀ ਚੱਲ ਸਕਦੀ ਹੈ, ਪਰ ਪੰਜਾਬ ਵਿਚ ਇਹ ਤਰੀਕਾ ਬਿਲਕੁਲ ਗ਼ਲਤ ਹੈ।
ਦੱਸਣਯੋਗ ਹੈ ਕਿ ‘ਆਪ’ ਦੇ ਪੰਜਾਬ ਦੇ ਵੱਡੀ ਗਿਣਤੀ ਸੀਨੀਅਰ ਆਗੂ ਸੂਬੇ ਵਿਚ ਨਵੇਂ ਜਥੇਬੰਧਕ ਢਾਂਚੇ ਵਿਰੁਧ ਆਵਾਜ਼ ਬੁਲੰਦ ਕਰ ਚੁੱਕੇ ਹਨ। ਪੰਜਾਬ ਵਿਚ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੋਂ ਲੈ ਕੇ ਪਾਰਟੀ ਦੇ ਕੌਮੀ ਆਗੂਆਂ ਸੰਜੇ ਸਿੰਘ ਤੇ ਅਰਵਿੰਦ ਕੇਜਰੀਵਾਲ ਉਤੇ ਉਂਗਲਾਂ ਉਠਾਈਆਂ ਜਾ ਰਹੀਆਂ ਹਨ। ਇਸੇ ਵਿਰੋਧ ਕਰ ਕੇ ਡਾæ ਦਲਜੀਤ ਸਿੰਘ ਨੂੰ ਪੰਜਾਬ ਕਾਰਜਕਾਰਨੀ ਕਮੇਟੀ ਦੇ ਮੈਂਬਰ ਤੇ ਜ਼ਾਬਤਾ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਹੱਥ ਧੋਣੇ ਪਏ ਹਨ। ਯਾਦਵ, ‘ਆਪ’ ਆਗੂਆਂ ਦੀ ਇਸ ਬਗਾਵਤ ਦਾ ਫਾਇਦਾ ਚੁੱਕਣ ਦੀ ਤਾਕ ਵਿਚ ਹੈ ਤੇ ‘ਸਵਰਾਜ ਅਭਿਆਨ’ ਨੂੰ ਮਿਲੇ ਹੁੰਗਾਰੇ ਪਿੱਛੋਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ।

‘ਆਪ’ ਬਾਰੇ ਹੋਣਗੇ ਅਹਿਮ ਖੁਲਾਸੇ
ਚੰਡੀਗੜ੍ਹ: ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਉਹ 11 ਅਗਸਤ ਨੂੰ ਦਿੱਲੀ ਵਿਚ ਆਮ ਆਦਮੀ ਪਾਰਟੀ ਬਾਰੇ ਅਹਿਮ ਖ਼ੁਲਾਸੇ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਾਂਗ ਹੁਣ ਕੇਜਰੀਵਾਲ ਵੀ ਪੰਜਾਬ ਦੀ ਸਿਆਸਤ ਨੂੰ ਦਿੱਲੀ ਤੋਂ ਚਲਾਉਣ ਦੀ ਭੁੱਲ ਕਰ ਰਹੇ ਹਨ, ਇਸੇ ਲਈ ‘ਆਪ’ ਦੀ ਪੰਜਾਬ ਇਕਾਈ ਵਿਚ ਨਿੱਤ-ਦਿਨ ਫੁੱਟ ਦੀਆਂ ਸੁਰਾਂ ਉਠ ਰਹੀਆਂ ਹਨ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚਾਰ ਸੰਸਦ ਮੈਂਬਰ ਦੇ ਕੇ ਪਾਰਟੀ ਦੀ ਪੂਰੇ ਭਾਰਤ ਵਿਚ ਇੱਜ਼ਤ ਬਚਾਈ ਸੀ, ਪਰ ਹੁਣ ਤੱਕ ‘ਆਪ’ ਲੀਡਰਸ਼ਿਪ ਨੇ ਪੰਜਾਬ ਲਈ ਕੋਈ ਖ਼ਾਸ ਕੰਮ ਨਹੀਂ ਕੀਤਾ।

‘ਆਪ’ ਆਗੂਆਂ ਵੱਲੋਂ ਕਾਨੂੰਨੀ ਜ਼ੋਰ ਅਜ਼ਮਾਈ
ਚੰਡੀਗੜ੍ਹ: ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਕ-ਦੂਜੇ ਵਿਰੁਧ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ‘ਆਪ’ ਦੇ ਸੰਸਦ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਪਾਰਟੀ ਦੇ ਪੰਜਾਬ ਇਕਾਈ ਦੇ ਕਾਨੂੰਨੀ ਸੈੱਲ ਦੇ ਚੇਅਰਮੈਨ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੁਆਫ਼ੀ ਮੰਗਣ ਲਈ ਆਖਿਆ ਹੈ। ਦੂਜੇ ਪਾਸੇ ਸ੍ਰੀ ਸ਼ੇਰਗਿੱਲ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰਦਿਆਂ ਖ਼ਾਲਸਾ ਨੂੰ ਉਨ੍ਹਾਂ (ਸ਼ੇਰਗਿੱਲ) ਵਿਰੁਧ ਅਦਾਲਤ ਵਿਚ ਮਾਣਹਾਨੀ ਦਾ ਕੇਸ ਦਾਇਰ ਕਰਨ ਦੀ ਚੁਣੌਤੀ ਦਿੱਤੀ ਹੈ। ਖ਼ਾਲਸਾ ਨੇ ਆਪਣੇ ਵਕੀਲ ਰਾਹੀਂ ਸ੍ਰੀ ਸ਼ੇਰਗਿੱਲ ਨੂੰ ਕਾਨੂੰਨੀ ਨੋਟਿਸ ਭੇਜ ਕੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਉਤੇ ਬਾਦਲਾਂ ਕੋਲੋਂ ਮੋਟੀ ਰਕਮ ਲੈ ਕੇ ਵਿਕੇ ਹੋਣ ਦੇ ਲਾਏ ਦੋਸ਼ ਤੁਰੰਤ ਸਾਬਤ ਕੀਤੇ ਜਾਣ ਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਮੁਆਫ਼ੀ ਮੰਗੀ ਜਾਵੇ। ਦੱਸਣਯੋਗ ਹੈ ਕਿ ਸ੍ਰੀ ਸ਼ੇਰਗਿੱਲ ਨੇ ਦੋਸ਼ ਲਾਏ ਸਨ ਕਿ ਖਾਲਸਾ ਨੇ ਬਾਦਲਾਂ ਕੋਲੋਂ ਪੈਸੇ ਲੈ ਕੇ ‘ਆਪ’ ਨੂੰ ਤੋੜਨ ਦੀ ਸਾਜ਼ਿਸ਼ ਘੜੀ ਹੈ।