ਦਲਜੀਤ ਅਮੀ
ਫੋਨ: +91-97811-21873
ਟੈਲੀਵਿਜ਼ਨ ਦਾ ਪਰਦਾ ਦੋ ਬਰਾਬਰ ਹਿੱਸਿਆਂ ਵਿਚ ਵੰਡਿਆ ਹੈ। ਇੱਕ ਹਿੱਸਾ ਕਾਲੇ-ਚਿੱਟੇ ਰੰਗਾਂ ਵਿਚ ਅਹਿੱਲ ਹੈ। ਦੂਜਾ ਹਿੱਸਾ ਸਰਗਰਮ ਹੈ; ਆਵਾਜ਼ ਆ ਰਹੀ ਹੈ ਤੇ ਤਸਵੀਰ ਚਲਦੀ ਹੈ। ਇਸ ਤੋਂ ਬਾਅਦ ਰੰਗ ਬਦਲਦੇ ਹਨ। ਪਹਿਲਾਂ ਹਿੱਸਾ ਅਹਿੱਲ ਹੋ ਜਾਂਦਾ ਹੈ ਅਤੇ ਦੂਜਾ ਹਿੱਸਾ ਸਰਗਰਮ ਹੋ ਜਾਂਦਾ ਹੈ। ਇਸ ਦ੍ਰਿਸ਼ ਨੂੰ ਆਹਮੋ-ਸਾਹਮਣੇ ਵਰਗੇ ਕਈ ਸ਼ਬਦਾਂ ਨਾਲ ਬਿਆਨ ਕੀਤਾ ਜਾਂਦਾ ਹੈ।
ਟੈਲੀਵਿਜ਼ਨ ਨੇ ਇਹ ਤਰੀਕਾ ਫਿਲਮ ਤੋਂ ਸਿੱਖਿਆ ਹੈ ਜਿਥੇ ਦੋ ਕਿਰਦਾਰ ਆਹਮੋ-ਸਾਹਮਣੇ ਹੁੰਦੇ ਹਨ ਅਤੇ ਚੁਸਤ ਫਿਕਰੇ ਬੋਲਦੇ ਹਨ। ਫਿਲਮ ਵਿਚ ਆਹਮੋ-ਸਾਹਮਣੇ ਕਿਰਦਾਰ, ਪਰਦਾ ਵੰਡ ਕੇ ਨਹੀਂ, ਸਗੋਂ ਪਰਦੇ ਉਤੇ ਵਾਰੀ ਵਾਰੀ ਜਾਂ ਇਕੋ ਵੇਲੇ ਆਉਂਦੇ ਹਨ। ਫਿਲਮਸਾਜ਼ ਇਨ੍ਹਾਂ ਕਿਰਦਾਰਾਂ ਦੇ ਮੇਲ ਦਾ ਸਬੱਬ ਬਣਾ ਕੇ ਉਨ੍ਹਾਂ ਨੂੰ ਆਹਮੋ-ਸਾਹਮਣੇ ਕਰਦਾ ਹੈ। ਉਨ੍ਹਾਂ ਦਾ ਟਕਰਾਵਾਂ ਸੰਵਾਦ ਇਕੋ ਥਾਂ ਉਤੇ ਹੋ ਰਿਹਾ ਹੈ ਜਾਂ ਕਿਸੇ ਤਰ੍ਹਾਂ ਜੁੜਿਆ ਹੋਇਆ ਹੈ। ਫਿਲਮ ਗਲਪ ਦਾ ਮੰਚ ਹੈ ਅਤੇ ਟੈਲੀਵਿਜ਼ਨ ਹਰ ਤਰ੍ਹਾਂ ਦੀ ਪੇਸ਼ਕਾਰੀ ਦਾ ਸਬੱਬ ਬਣਦਾ ਹੈ। ਖ਼ਬਰਾਂ ਅਤੇ ਚਲੰਤ ਮਾਮਲਿਆਂ ਵਾਲੇ ਟੈਲੀਵਿਜ਼ਨ ਨੇ ਹੁਣ ਫਿਲਮ ਦੀ ਸਿਨਫ਼ ਨਾਲ ਜੁੜੀਆਂ ਤਮਾਮ ਜੁਗਤਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਕਿਰਦਾਰ ਇਕ ਥਾਂ ਉਤੇ ਨਹੀਂ ਹਨ ਅਤੇ ਨਾ ਹੀ ਉਹ ਸਿੱਧੇ ਰੂਪ ਵਿਚ ਇੱਕ-ਦੂਜੇ ਨੂੰ ਮੁਖ਼ਾਤਬ ਹੋ ਰਹੇ ਹਨ। ਟੈਲੀਵਿਜ਼ਨ ਨੇ ਇੱਕ ਕਦਮ ਪੁੱਟ ਕੇ ਪਰਦਾ ਹਿੱਸਿਆਂ ਵਿਚ ਵੰਡ ਦਿੱਤਾ ਹੈ ਅਤੇ ਅਸਲ ਜ਼ਿੰਦਗੀ ਦੇ ਕਿਰਦਾਰਾਂ ਨੇ ਹੁੰਗਾਰਾ ਭਰਦਿਆਂ ਇੱਕ-ਦੂਜੇ ਨੂੰ ਮੁਖ਼ਾਤਬ ਹੋਣਾ ਸਿੱਖ ਲਿਆ ਹੈ।
ਟੈਲੀਵਿਜ਼ਨ ਦਾ ਇਹ ਅਖ਼ਾੜਾ ਅਸਲ ਜ਼ਿੰਦਗੀ ਅਤੇ ਨਾਟਕ ਨੂੰ ਰਲਗੱਡ ਕਰਦਾ ਹੈ। ਕਿਰਦਾਰਾਂ ਨੇ ਅਦਾਕਾਰੀ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਲਿਆ ਹੈ ਅਤੇ ਟੈਲੀਵਿਜ਼ਨ ਨੇ ਅਦਾਕਾਰੀ ਨੂੰ ਅਸਲ ਵਜੋਂ ਪਰੋਸ ਦਿੱਤਾ ਹੈ। ਦਰਸ਼ਕ ਹਰ ਤਰ੍ਹਾਂ ਦੇ ਮਸਲੇ ਅਤੇ ਮੌਕੇ ਵਿਚੋਂ ਮਨੋਰੰਜਨ ਤੇ ਮਾਰਾ-ਮਾਰੀ ਲੱਭਣ ਦੀ ਚੇਟਕ ਉਤੇ ਲੱਗ ਗਿਆ ਹੈ। ਇਹ ਹਾਲਾਤ ਇਸ਼ਤਿਹਾਰਬਾਜ਼ੀ ਲਈ ਸਾਜ਼ਗਾਰ ਹਨ। ਇਨ੍ਹਾਂ ਹਾਲਾਤ ਨੂੰ ਉਸਾਰਨ ਅਤੇ ਕਾਇਮ ਰੱਖਣ ਵਿਚ ਇਸ਼ਤਿਹਾਰਬਾਜ਼ੀ ਦੀ ਭੂਮਿਕਾ ਹੈ। ਵਸਤਾਂ ਦੀ ਇਸ਼ਤਿਹਾਰਬਾਜ਼ੀ ਵਿਚੋਂ ਕਈ ਸਮਾਜਕ-ਸਿਆਸੀ-ਸਭਿਆਚਾਰਕ ਮੁਹਿੰਮਾਂ ਆਪਣਾ ਪ੍ਰਚਾਰ ਲੱਭਦੀਆਂ ਹਨ। ਕਈ ਸਮਾਜਕ-ਸਿਆਸੀ-ਸਭਿਆਚਾਰਕ ਮਸਲੇ ਇਸ਼ਤਿਹਾਰਬਾਜ਼ੀ ਦਾ ਵਿਸ਼ਾ ਬਣੇ ਹਨ। ਮਿਸਾਲ ਵਜੋਂ ਦੂਜੇ ਵਿਆਹ ਨਾਲ ਜੋੜ ਕੇ ਗਹਿਣਿਆਂ ਦਾ ਇਸ਼ਤਿਹਾਰ ਬਣਦਾ ਹੈ ਅਤੇ ਗੂਗਲ ਸਰਚ ਇੰਜਨ ਆਪਣੀ ਪਹੁੰਚ ਨਾਲ 1947 ਦੀ ਵੰਡ ਦੇ ਵਿਛੜਿਆਂ ਨੂੰ ਮਿਲਾਉਣ ਦਾ ਸਬੱਬ ਬਣਦਾ ਹੈ। ਇਹ ਮਿਸਾਲਾਂ ਸਮੁੱਚੀ ਇਸ਼ਤਿਹਾਰ ਸਨਅਤ ਦੀ ਨੁਮਾਇੰਦਗੀ ਨਹੀਂ ਕਰਦੀਆਂ, ਪਰ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਕਰਦੀਆਂ ਹਨ। ਇਸ਼ਤਿਹਾਰਬਾਜ਼ੀ ਦਾ ਭਾਰੂ ਰੁਝਾਨ ਟਕਰਾਅ ਅਤੇ ਮੁਕਾਬਲੇ ਉਤੇ ਟਿਕਿਆ ਹੋਇਆ ਹੈ ਜਿਸ ਦਾ ਮਕਸਦ ਫੌਰੀ ਲਾਹਾ ਖੱਟਣਾ ਹੈ।
ਮੌਜੂਦਾ ਦੌਰ ਦੀ ਸਿਆਸਤ ਵੀ ਇਸੇ ਰੁਝਾਨ ਵਿਚੋਂ ਪੇਸ਼ ਹੁੰਦੀ ਹੈ। ਇੱਕ ਪਰਦੇ ਨੂੰ ਹਿੱਸਿਆਂ ਵਿਚ ਵੰਡ ਕੇ ਸਿਆਸਤਦਾਨ ਪੇਸ਼ ਹੁੰਦੇ ਹਨ ਜਾਂ ਕੀਤੇ ਜਾਂਦੇ ਹਨ। ਇੱਕ ਪਰਦੇ ਉੱਤੇ Ḕਮੁਲਕ ਵਜੋਂ ਜਵਾਬਤਲਬੀḔ ਕੀਤੀ ਜਾਂਦੀ ਹੈ ਅਤੇ ਦੂਜੇ ਪਰਦੇ ਉੱਤੇ Ḕਸ਼ੋਰ ਦੀ ਥਾਂ ਅਕਲਮੰਦੀ ਨਾਲ ਸੰਵਾਦḔ ਕੀਤਾ ਜਾਂਦਾ ਹੈ। ਕਦੇ Ḕਕੋਕਾ ਕੋਲਾḔ ਬਨਾਮ ḔਪੈਪਸੀḔ ਹੋਣ ਵਾਲਾ ਮੁਕਾਬਲਾ ਹੁਣ ਜ਼ਿੰਦਗੀ ਦੇ ਕਈ ਪੱਖਾਂ ਵਿਚ ਤਰਜਮਾਨ ਹੋਣ ਲੱਗਿਆ ਹੈ। ਇਸ ਵਿਚ ਮੁੱਕੇਬਾਜ਼ੀ ਅਤੇ ਫਿਲਮ ਵਾਲਾ ਤੱਤ ਸ਼ਾਮਿਲ ਹੋ ਗਿਆ ਹੈ। ਟੈਲੀਵਿਜ਼ਨ ਪਰਦੇ ਨੂੰ ਹਿੱਸਿਆਂ ਵਿਚ ਵੰਡ ਕੇ ਮੁੱਕੇਬਾਜ਼ੀ ਦਾ ਮਾਹੌਲ ਸਿਰਜਦਾ ਹੈ ਅਤੇ ਫ਼ਿਲਮ ਜਾਂ ਇਸ਼ਤਿਹਾਰ ਲੇਖਕ ਸਿਆਸਤਦਾਨਾਂ ਦੀਆਂ ਤਕਰੀਰਾਂ ਜਾਂ ਜੁਆਬੀ ਇੰਟਰਵਿਊ ਲਿਖ ਰਹੇ ਹਨ। ਇਸ ਤੋਂ ਬਾਅਦ ਚੁਸਤ ਫਿਕਰਿਆਂ ਨਾਲ ਸਿਆਸੀ ਬੁਲਾਰੇ ਅਤੇ ਮਾਹਰਾਂ ਜਾਂ ਪੱਤਰਕਾਰ ਟੈਲੀਵਿਜ਼ਨ ਉੱਤੇ ਪੇਸ਼ ਹੁੰਦੇ ਹਨ। ਇਨ੍ਹਾਂ ਤੋਂ ਸੰਕਟ ਮੋਚਨ ਜਾਂ ਦ੍ਰਿੜਤਾ ਨਾਲ ਪੈਂਤੜੇ ਦੀ ਰਾਖੀ ਦੀ ਤਵੱਕੋ ਕੀਤੀ ਜਾਂਦੀ ਹੈ। ਇਹ ਸੰਕਟ ਅਤੇ ਪੈਂਤੜੇ ਦਿਨਾਂ, ਘੰਟਿਆਂ ਅਤੇ ਕਈ ਵਾਰ ਹਰ ਬਿਆਨ ਨਾਲ ਬਦਲਦੇ ਹਨ।
ਬਿਹਾਰ ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਵਰਗਿਆਂ ਦਾ ਚੁਸਤ ਫਿਕਰਿਆਂ ਦਾ ਮੁਕਾਬਲਾ ਖੁੱਲ੍ਹੀ ਮੰਡੀ ਦਾ ਸਭ ਤੋਂ ਦਿਲਕਸ਼ ਸਮਾਨ ਹੋ ਨਿਬੜਿਆ ਹੈ। ਸਿਆਸੀ ਆਗੂਆਂ ਦੇ ਬੋਲਾਂ ਵਿਚੋਂ ਦੀ ਸਿਆਣਪ ਜਾਂ ਸੂਝ ਜਾਂ ਵਿਚਾਰਧਾਰਕ ਮੁਹਾਣ ਲੱਭਣਾ ਚੋਣ ਅਖਾੜੇ ਵਿਚ ਬੇਮਾਅਨਾ ਹੋ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਚੋਣ ਤਕਰੀਰਾਂ ਅਤੇ ਬਿਆਨਾਂ ਵਿਚ ਕਿਸੇ ਦਾ ਦਿਮਾਗ਼ ਨਹੀਂ ਲੱਗਦਾ ਹੈ। ਇਹ ਦਿਮਾਗ਼ ਤਾਂ ਲੇਖਕਾਂ ਦਾ ਲੱਗਦਾ ਹੈ। ਸਿਆਸੀ ਆਗੂਆਂ ਦਾ ਅਦਾਕਾਰੀ ਹੁਨਰ ਹੈ ਜਿਸ ਦੀ ਨੁਮਾਇਸ਼ ਹੁੰਦੀ ਹੈ। ਜੇ ਕੋਈ ਆਗੂ ਕਿਸੇ ਸ਼ਾਇਰ ਦਾ ਸ਼ੇਅਰ ਬੋਲਦਾ ਹੈ ਤਾਂ ਉਸੇ ਸ਼ਾਇਰ ਦੇ ਜੁਆਬੀ ਸ਼ੇਅਰ ਸਿਆਸੀ ਅਖਾੜੇ ਵਿਚ ਹੁੰਦੇ ਹਨ। ਇਸ ਮਾਮਲੇ ਵਿਚ ਕਬੀਰ, ਰਹੀਮ, ਫ਼ਰੀਦ, ਰਵੀਦਾਸ, ਤੁਲਸੀਦਾਸ ਤੋਂ ਲੈ ਕੇ ਹਰ ਗ੍ਰੰਥ ਤੱਕ ਦੀਆਂ ਜੁਆਬੀ ਤੁਕਾਂ ਬਿਨਾਂ ਕਿਸੇ ਪਛੇਤ ਤੋਂ ਜੁਆਬੀ ਵਜੋਂ ਹਾਜ਼ਰ ਹੁੰਦੀਆਂ ਹਨ। ਪਰਦਾ ਵੰਡ ਚੁੱਕੇ ਟੈਲੀਵਿਜ਼ਨ ਜੁਆਬੀ ਤੁਕਾਂ ਚਾਹੀਦੀਆਂ ਹਨ। ਆਗੂਆਂ ਨੂੰ ਟੈਲੀਵਿਜ਼ਨ ਉਤੇ ਹਾਜ਼ਰੀ ਦਰਕਾਰ ਹੈ। ਆਗੂਆਂ ਦੀਆਂ ਜੁਆਬੀ ਤੁਕਾਂ ਲੱਭਣ ਵਾਲੀ ਫ਼ੌਜ ਲਗਾਤਾਰ ਸਰਗਰਮ ਰਹਿੰਦੀ ਹੈ। ਆਗੂ ਇਸ ਫ਼ੌਜ ਦੀ ਖੋਜ ਨੂੰ ਅਦਾਕਾਰ ਵਜੋਂ ਪਰਦੇ ਉਤੇ ਪੇਸ਼ ਕਰਦਾ ਹੈ। ਟੈਲੀਵਿਜ਼ਨ Ḕਸਭ ਤੋਂ ਪਹਿਲਾਂḔ ਅਤੇ Ḕਸਭ ਤੋਂ ਤੇਜ਼Ḕ ਦਾ ਦਾਅਵਾ ਕਰਦਾ ਰਹਿੰਦਾ ਹੈ।
ਪਿਛਲੇ ਦਿਨਾਂ ਵਿਚ ਪ੍ਰਧਾਨ ਮੰਤਰੀ ਨੇ ਰੈਲੀਆਂ ਵਿਚ ਬਿਹਾਰ ਦੇ ਹਾਲਾਤ ਅਤੇ ਦੂਜੀਆਂ ਧਿਰਾਂ ਦੇ ਆਗੂਆਂ ਬਾਰੇ ਟਿੱਪਣੀਆਂ ਕੀਤੀਆਂ। ਜੁਆਬੀ ਕਾਨਫਰੰਸਾਂ ਵਿਚ ਨਰੇਂਦਰ ਮੋਦੀ ਦੀਆਂ ਤਕਰੀਰਾਂ ਬਾਰੇ ਨੁਕਤਾਵਾਰ ਸੁਆਲ ਪੁੱਛੇ ਗਏ ਅਤੇ ਨੁਕਤਾਵਾਰ ਚੁਸਤ ਫਿਕਰਿਆਂ ਵਿਚ ਜੁਆਬ ਦਿੱਤੇ ਗਏ। ਟੈਲੀਵਿਜ਼ਨ ਉਤੇ ਆਹਮੋ-ਸਾਹਮਣੇ ਵਾਲੀ ਪਰਦਾ-ਵੰਡ ਪੇਸ਼ਕਾਰੀ ਦਾ ਸਾਰਾ ਮਸਾਲਾ ਤਿਆਰ ਹੋ ਗਿਆ। ਨਰੇਂਦਰ ਮੋਦੀ ਦੀਆਂ ਟਿੱਪਣੀਆਂ ਵਿਚ ਕੋਈ Ḕਮੌਕੇ ਉੱਤੇ ਅਹੁੜਨḔ ਜਾਂ Ḕਸਿਆਸੀ ਸੂਝḔ ਵਾਲੀ ਗੱਲ ਨਹੀਂ ਹੈ। ਇਹ ਗੁਣ ਜੁਆਬੀ ਹਮਲਿਆਂ ਵਿਚ ਵੀ ਗ਼ੈਰ-ਹਾਜ਼ਰ ਹਨ। ਦੋਵੇਂ ਧਿਰਾਂ ਦੀਆਂ ਟਿੱਪਣੀਆਂ ਮਿੱਥ ਕੇ ਤਿਆਰੀ ਨਾਲ ਕੀਤੀਆਂ ਗਈਆਂ ਹਨ। ਇਹ ਤਿਆਰੀ ਇਸ਼ਤਿਹਾਰਬਾਜ਼ੀ ਅਤੇ ਫਿਲਮੀ ਦੁਨੀਆਂ ਨਾਲ ਜੁੜੇ ਲੇਖਕ ਕਰਦੇ ਹਨ। ਉਨ੍ਹਾਂ ਦੀ ਸਤਰਾਂ ਨੂੰ ਪੇਸ਼ ਕਰਨ ਦਾ ਹੁਨਰ ਆਗੂਆਂ ਦਾ ਹੈ ਜਿਸ ਦਾ ਨਿਰਦੇਸ਼ਨ ਕਰਨ ਵਾਲੇ ਉਨ੍ਹਾਂ ਕੱਪੜਿਆਂ, ਅਦਾਵਾਂ ਅਤੇ ਅੰਦਾਜ਼ ਦਾ ਧਿਆਨ ਰੱਖਦੇ ਹਨ। ਬੀਤੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਨਿਰਦੇਸ਼ਕ ਮਾਹਰਾਂ ਵਜੋਂ ਤਜਰਬਾ ਸਾਂਝਾ ਕਰਨ ਲਈ ਟੈਲੀਵਿਜ਼ਨ ਉੱਤੇ ਪੇਸ਼ ਹੁੰਦੇ ਰਹੇ ਸਨ। ਨਰੇਂਦਰ ਮੋਦੀ ਨੇ ਬਿਹਾਰ ਨੂੰ Ḕਜੰਗਲ ਰਾਜḔ ਅਤੇ Ḕਬੀਮਾਰੂ ਸੂਬਾḔ ਕਰਾਰ ਦਿੱਤਾ। ਦੂਜੇ ਪਾਸੇ ਨੀਤੀਸ਼ ਕੁਮਾਰ ਨੇ ਭਾਜਪਾ ਨੂੰ Ḕਭੜਕੀ ਹੋਈ ਝੂਠੀḔ ਜਾਂ Ḕਭਾਰਤੀ ਜੁਮਲਾ ਪਾਰਟੀḔਕਰਾਰ ਦਿੱਤਾ।
ਦੋਵਾਂ ਆਗੂਆਂ ਦੀਆਂ ਪਾਰਟੀਆਂ ਦਾ ਗੱਠਜੋੜ ਸਤਾਰਾਂ ਸਾਲ ਰਿਹਾ ਹੈ। ਦੋਵਾਂ ਨੂੰ ਇਹ ਤਾਂ ਦੱਸਣਾ ਚਾਹੀਦਾ ਹੈ ਕਿ ਉਹ ਮੌਜੂਦਾ ਨਤੀਜੇ ਉਤੇ ਕਿਵੇਂ ਪਹੁੰਚੇ ਹਨ। ਮੋਦੀ ਨੂੰ ਦੱਸਣਾ ਚਾਹੀਦਾ ਹੈ ਕਿ ਬਿਹਾਰ ਵਿਚ Ḕਬੀਮਾਰੂ ਸੂਬਾ ਹੋਣ ਦਾ ਮੌਜੂਦਾ ਦੌਰḔ ਕਦੋਂ ਤੇ ਕਿਵੇਂ ਸ਼ੁਰੂ ਹੋਇਆ ਅਤੇ ਭਾਜਪਾ ਇਸ ਸਮਝ ਉਤੇ ਕਦੋਂ ਅਤੇ ਕਿਵੇਂ ਪਹੁੰਚੀ। ਦੂਜੇ ਪਾਸੇ ਨਿਤੀਸ਼ ਕੁਮਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਭਾਜਪਾ ਕਦੋਂ ਤੇ ਕਿਵੇਂ Ḕਝੂਠ ਬੋਲਣ ਵਾਲੀ ਭੜਕੀ ਹੋਈḔ ਜਾਂ Ḕਜੁਮਲਾ ਪਾਰਟੀḔ ਬਣੀ। ਮੌਜੂਦਾ ਸਿਆਸਤ ਦਾ ਇਹੋ ਸਭ ਤੋਂ ਅਹਿਮ ਪੇਚ ਹੈ ਕਿ ਬਹਿਸ ਨੂੰ ਸੰਜੀਦਾ ਨਾ ਹੋਣ ਦਿਓ ਅਤੇ ਚੁਸਤ ਫਿਕਰਿਆਂ ਨਾਲ ਸਨਸਨੀ ਪੈਦਾ ਕਰੋ। ਟੈਲੀਵਿਜ਼ਨ ਉੱਤੇ ਰੋਜ਼ਾਨਾ ਮਾਹਰ ਚਰਚਾ ਕਰਦੇ ਹਨ ਕਿ ਕਿਹੜੇ ਫਿਕਰੇ ਨਾਲ ਕਿਹੜਾ ਆਗੂ ਬਾਜ਼ੀ ਮਾਰ ਗਿਆ। ਇਸ ਦਾ ਮੇਲ ਇਸ਼ਤਿਹਾਰਬਾਜ਼ੀ ਮੁਖੀ ਖੇਡ ਕ੍ਰਿਕਟ ਨਾਲ ਕੀਤਾ ਜਾ ਸਕਦਾ ਹੈ। ਮੈਚਾਂ ਅਤੇ ਲੜੀਆਂ ਦੇ ਫ਼ੈਸਲੇ ਪਾਸੇ ਕਰ ਕੇ ਖੇਡ ਮਾਹਰ ਪਾਰੀ ਦਰ ਪਾਰੀ ਜਾਂ ਪੜਾਅ ਦਰ ਪੜਾਅ ਦੇਖਦੇ ਹਨ ਜਦੋਂ ਕਿ ਸੱਟਾਬਾਜ਼ੀ ਗੇਂਦ-ਦਰ-ਗੇਂਦ ਚਲਦੀ ਹੈ। ਇਸੇ ਤਰ੍ਹਾਂ ਚੋਣਾਂ ਨਤੀਜਾ-ਦਰ-ਨਤੀਜਾ ਵੇਖੀਆਂ ਜਾਂਦੀਆਂ ਹਨ ਪਰ ਚਰਚਾ ਆਗੂਆਂ ਬਾਰੇ ਫਿਕਰਾ-ਦਰ-ਫਿਕਰਾ ਹੁੰਦੀ ਹੈ।
ਇਹ ਦੇਖਣ ਵਾਲਾ ਮਸਲਾ ਹੈ ਕਿ ਇਹ ਰੁਝਾਨ ਮਹਿਜ਼ ਸਿਆਸਤ ਤੱਕ ਮਹਿਦੂਦ ਨਹੀਂ ਹੈ। ਇਸ ਰੁਝਾਨ ਦੀ ਨੁਮਾਇੰਦਗੀ ਯੂਨੀਵਰਸਿਟੀਆਂ ਦੇ ਸੈਮੀਨਾਰਾਂ ਤੋਂ ਸਾਹਿਤਕ ਸਮਾਗਮਾਂ ਅਤੇ ਫੇਸਬੁੱਕ ਤੱਕ ਹੁੰਦੀ ਹੈ। ਮੋਦੀ ਨੇ ਨਿਤੀਸ਼ ਕੁਮਾਰ ਉਤੇ ਨਸਲੀ ਅਤੇ ਨਿੱਜੀ (ਡੀæਐਨæਏæ) ਟਿੱਪਣੀ ਕੀਤੀ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਫੇਸਬੁੱਕ ਉੱਤੇ ਆਮ ਵੇਖੀਆਂ ਜਾਂਦੀਆਂ ਹਨ। ਕਈ ਵਿਦਵਾਨ ਵੀ ਇਹ ਧਾਰਨਾਵਾਂ ਪੇਸ਼ ਕਰਦੇ ਹਨ ਕਿ ਕਿਹੜੀ ਗੱਲ ਕਿਸ ਨੂੰ (ਨਸਲੀ ਪੱਖੋਂ) ਸਮਝ ਆ ਸਕਦੀ ਹੈ। ਉਨ੍ਹਾਂ ਮੁਤਾਬਕ ਸਮਝਣ ਅਤੇ ਅਹਿਸਾਸ ਕਰਨ ਦੀ ਮਾਮਲਾ ਜਨਮ ਜਾਂ ਧਾਰਮਿਕ ਅਕੀਦਿਆਂ ਨਾਲ ਜੁੜਿਆ ਹੋਇਆ ਹੈ। ਇਹ ਧਾਰਨਾ ਵਾਰ ਵਾਰ ਪੇਸ਼ ਕੀਤੀ ਜਾਂਦੀ ਹੈ ਕਿ ਕੁਝ ਗੱਲਾਂ ਸਿਰਫ਼ ਸ਼ਰਧਾ ਜਾਂ ਇਲਹਾਮ ਦੇ ਘੇਰੇ ਵਿਚ ਹੀ ਸਮਝੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਇਹ ਧਾਰਨਾ ਜਾਤ ਅਤੇ ਲਿੰਗ ਨਾਲ ਜੋੜ ਕੇ ਤਜਰਬੇ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਅਤੇ ਮਨੁੱਖੀ ਸੰਵੇਦਨਾ ਨੂੰ ਬਿਲਕੁਲ ਖ਼ਾਰਜ ਕੀਤਾ ਜਾਂਦਾ ਹੈ। ਇੱਕ ਧਾਰਾ ਦਾ ਮੰਨਣਾ ਹੈ ਕਿ ਵਿਗਿਆਨਕ ਸੋਚ ਅਤੇ ਨਾਸਤਿਕ ਹੋਣ ਨਾਲ ਹੀ ਮਨੁੱਖਤਾ ਦੇ ਸਾਰੇ ਗੁਣ ਜੁੜੇ ਹੋਏ ਹਨ। ਬੁਨਿਆਦੀ ਤੌਰ ਉੱਤੇ ਇਹ ਪੇਚੀਦਾ ਮਾਮਲਿਆਂ ਦੀ ਪੇਚੀਦਗੀ ਨੂੰ ਨਜ਼ਰਅੰਦਾਜ਼ ਕਰ ਕੇ Ḕਅੰਤਿਮ ਸੱਚḔ ਦੀ ਪੇਸ਼ਕਾਰੀ ਦਾ ਤਰੱਦਦ ਹੋ ਨਿਬੜਦਾ ਹੈ। ਸਿਆਸੀ ਆਗੂ ਇਸ ਰੁਝਾਨ ਦੀ ਸਭ ਤੋਂ ਉਲਾਰ ਅਤੇ ਮੂੰਹਜ਼ੋਰ ਨੁਮਾਇੰਦਗੀ ਕਰਦੇ ਹਨ।
ਕਈ ਵਾਰ ਇਹ ਦਲੀਲ ਪੇਸ਼ ਕੀਤੀ ਜਾਂਦੀ ਹੈ ਕਿ ਘੱਟ ਪੜ੍ਹੇ-ਲਿਖੇ ਜਾਂ ਅਧਪੜ੍ਹ ਜਾਂ ਅਣਪੜ੍ਹ ਆਗੂਆਂ ਪੇਚੀਦਾ ਅਤੇ ਅਹਿਮ ਮਸਲਿਆਂ ਨੂੰ ਉਲਾਰ ਬੋਲਾਂ ਰਾਹੀਂ ਸਨਸਨੀ ਤੱਕ ਮਹਿਦੂਦ ਕਰਦੇ ਹਨ। ਦਰਅਸਲ ਇਸ ਸਾਰੇ ਰੁਝਾਨ ਦਾ ਅਗਵਾਨ ਪੜ੍ਹਿਆ-ਲਿਖਿਆ, ਅੰਗਰੇਜ਼ੀ ਬੋਲਣ ਵਾਲਾ ਅਤੇ ਅਮੀਰ ਹੋ ਰਿਹਾ ਸ਼ਹਿਰੀ ਤਬਕਾ ਹੈ। ਇਸੇ ਦੀ ਨੁਮਾਇੰਦਗੀ ਟੈਲੀਵਿਜ਼ਨ ਅਤੇ ਫੇਸਬੁੱਕ ਉੱਤੇ ਹੋ ਰਹੀ ਹੈ। ਇਹ ਟਵਿੱਟਰ ਦੀ 140 ਹਿੰਦਸਿਆਂ ਦੀ ਹੱਦ ਅੰਦਰ ਚੁਸਤ ਫਿਕਰੇ ਲਿਖਣ ਅਤੇ ਟੈਲੀਵਿਜ਼ਨ ਦੇ ਦੋ-ਚਾਰ ਫਿਕਰਿਆਂ ਦੇ ਬਿਆਨ ਦੇਣ ਦਾ ਮਾਹਰ ਹੈ। ਕਦੇ ਇਸੇ ਤਬਕੇ ਦੇ ਬਿਆਨ ਸਿਆਸੀ ਆਗੂਆਂ ਦੇ ਮੂੰਹੋਂ ਸੁਣਾਈ ਦਿੰਦੇ ਹਨ ਅਤੇ ਕਦੇ ਇਹ ਆਪ ਮਾਹਰ ਵਜੋਂ ਪੇਸ਼ ਹੁੰਦਾ ਹੈ। ਇਸ ਦੀ ਉਘੜਵੀਂ ਮਿਸਾਲ ਵੱਖ ਵੱਖ ਸਿਆਸੀ ਪਾਰਟੀਆਂ ਦੇ ਸਫ਼ੇਦਪੋਸ਼ ਬੁਲਾਰੇ ਹਨ ਜੋ ਟੈਲੀਵਿਜ਼ਨ ਦੀ Ḕਮੁੱਕੇਬਾਜ਼ੀ ਦੀ ਹਵਸḔ ਨੂੰ ਤੂਕਾਂ ਰਾਹੀਂ ਪੂਰਾ ਕਰਦੇ ਹਨ। ਇਹ ਸਫ਼ੇਦਪੋਸ਼ ਸਿਆਸਤ ਵਿਚ ਪਿਛਲੇ ਦਰਵਾਜ਼ਿਓਂ ਆਏ ਹਨ। ਇਨ੍ਹਾਂ ਦੀ ਪਿਛਲਾ ਦਰਵਾਜ਼ਾ ਖੋਲ੍ਹਣ ਵਾਲੇ ḔਮਾਲਕਾਂḔ ਤੋਂ ਬਿਨਾਂ ਕਿਸੇ ਲਈ ਕੋਈ ਜਵਾਬਦੇਹੀ ਨਹੀਂ ਅਤੇ ਕੋਈ ਜੁਆਬਤਲਬੀ ਨਹੀਂ ਹੋ ਸਕਦੀ। ਨਤੀਜੇ ਵਜੋਂ ਇਹ ਸਿਆਸਤ ਨੂੰ ਗ਼ੈਰ-ਸੰਜੀਦਾ ਕਰਨ ਦਾ ਅਹਿਮ ਕਾਰਜ ਕਰਦੇ ਹਨ। ਇਹ ਸਿਆਸਤ ਵਿਚ ḔਖੁੰਦਕੀḔ, ḔਲੱਚਰḔ ਅਤੇ ḔਹੋਛੇḔ ਬੋਲ ਲਿਆਏ ਹਨ ਜੋ ਫਿਲਮੀ ਤਜਰਬੇ ਵਿਚੋਂ ਪ੍ਰਵਾਨ ਹੋ ਕੇ ਆਈ ਹੈ। ਇਨ੍ਹਾਂ ਦੀ ਬਹੁ-ਅਰਥੀ ਬੋਲੀ ਇੱਕ ਪਾਸੇ ਅਗਲੇ ਦਿਨ Ḕਮੀਡੀਆ ਰਾਹੀਂ ਤੋੜ-ਮਰੋੜ ਕੇ ਪੇਸ਼ ਕੀਤੇ ਬਿਆਨਾਂḔ ਨੂੰ ਦਰੁਸਤ ਕਰਨ ਦਾ ਮੌਕਾ ਦਿੰਦੀ ਹੈ ਅਤੇ ਦੂਜੇ ਪਾਸੇ ਖੁਰਦੀ ਭਰੋਸੇਯੋਗਤਾ ਨੂੰ ਮਨੋਰੰਜਨ ਨਾਲ ਪੂਰਨ ਦਾ ਉਪਰਾਲਾ ਕਰਦੀ ਹੈ।
ਇਸ ਰੁਝਾਨ ਸਾਹਮਣੇ ਚੋਣ ਮਨੋਰਥ ਪੱਤਰਾਂ ਜਾਂ ਸੰਵਿਧਾਨ ਦੀ ਅਹਿਮੀਅਤ ਸੁਆਲਾਂ ਦੇ ਘੇਰੇ ਵਿਚ ਆ ਜਾਂਦੀ ਹੈ। ਇਹ ਸੁਆਲ ਤਾਂ ਪੁੱਛੇ ਹੀ ਜਾਣੇ ਚਾਹੀਦੇ ਹਨ ਕਿ ਕੀ ਸਿਆਸਤ ਚੁਸਤ ਫਿਕਰਾ ਬੋਲ ਕੇ ਸਨਸਨੀ ਪੈਦਾ ਕਰਨ ਦਾ ਨਾਮ ਹੈ? ਕੀ ਜਮਹੂਰੀਅਤ ਟਵਿੱਟਰ ਦੇ 140 ਹਿੰਦਸਿਆਂ ਜਿੰਨੀ ਸੰਖੇਪ ਹੋ ਗਈ ਹੈ ਜਾਂ ਨਸਲੀ ਪਛਾਣ ਨਾਲ ਇਸ ਦਾ ਪਸਾਰਾ ਹੋਣਾ ਹੈ? ਕੀ ਚੋਣ ਬਹਿਸ ਦਾ ਚਰਬਾ ਸੋਸ਼ਲ ਮੀਡੀਆ ਹੈ ਜਾਂ ਫੇਸਬੁੱਕ ਦਾ ਤਜਰਬਾ ਸਿਆਸਤਦਾਨਾਂ ਦੇ ਕੰਮ ਆ ਰਿਹਾ ਹੈ? ਇਨ੍ਹਾਂ ਸੁਆਲਾਂ ਤੋਂ ਬਾਅਦ ਸਮਾਜਕ ਇਨਸਾਫ਼, ਸ਼ਹਿਰੀ, ਮਨੁੱਖੀ ਅਤੇ ਜਮਹੂਰੀ ਹਕੂਕ ਦੇ ਮਸਲੇ ਕੀ ਮਾਅਨੇ ਰੱਖਦੇ ਹਨ?