ਮਰਤਬਾਨ

ਬਲਜੀਤ ਬਾਸੀ
ਜਿਸ ਕਿਸੇ ਨੇ ਰੋਟੀ ਨਾਲ ਅਚਾਰ ਖਾਧਾ ਹੈ ਜਾਂ ਰੋਟੀ ਖਾਧੀ ਹੀ ਅਚਾਰ ਨਾਲ ਹੈ, ਉਸ ਨੇ ਚੀਨੀ ਮਿੱਟੀ ਦੇ ਬਣੇ ਮਰਤਬਾਨ ਜ਼ਰੂਰ ਵਰਤੇ ਜਾਂ ਦੇਖੇ ਹੋਣਗੇ। ਮੈ ‘ਦੇਖੇ’ ਇਸ ਲਈ ਕਿਹਾ ਹੈ ਕਿ ਕਈ, ਖਾਸ ਤੌਰ ‘ਤੇ ਗਰੀਬ ਘਰਾਂ ਵਿਚ ਮਰਤਬਾਨ ਦੀ ਅਣਹੋਂਦ ਵਿਚ ਅਚਾਰ ਚਾਟੀ ਵਿਚ ਵੀ ਪਾਇਆ ਜਾਂਦਾ ਹੈ।

ਉਂਜ ਅਚਾਰ ਤੇ ਮਰਤਬਾਨ ਦਾ ਜੋੜ ਕੁਝ ਇਸ ਤਰ੍ਹਾਂ ਲਗਦਾ ਹੈ ਜਿਵੇਂ ਦੋਵੇਂ ਇਕ ਦੂਜੇ ਲਈ ਹੀ ਬਣੇ ਹੋਣ। ਪਰ ਇਹ ਵੀ ਸੱਚ ਹੈ ਕਿ ਜਿਵੇਂ ਜਿਵੇਂ ਸਭਿਅਤਾ ਦਾ ਵਿਕਾਸ ਹੁੰਦਾ ਗਿਆ, ਮਰਤਬਾਨ ਅਲੋਪ ਹੁੰਦਾ ਗਿਆ!
ਹੋਰ ਪੁਰਾਤਨ ਉਪਯੋਗੀ ਚੀਜ਼ਾਂ ਵਾਂਗ ਮਰਤਬਾਨ ਵੀ ਸਜਾਵਟੀ ਵਸਤੂ ਬਣ ਕੇ ਰਹਿ ਗਏ ਹਨ। ਅੱਜ ਕਲ੍ਹ ਕਈ ਆਕਾਰਾਂ ਤੇ ਰੰਗਾਂ ਨਾਲ ਰੰਗੇ ਸਜਾਵਟੀ ਮਰਤਬਾਨ ਲੋਕਾਂ ਨੇ ਆਪਣੇ ਘਰੀਂ ਰੱਖੇ ਹੋਏ ਹਨ। ਖਾਣ-ਪੀਣ ਦੇ ਪਦਾਰਥ ਪਾਉਣ ਲਈ ਹੁਣ ਹੋਰ ਤਰ੍ਹਾਂ ਦੇ ਕੱਚ ਜਾਂ ਚੀਨੀ ਦੇ ਜਾਰ, ਕੈਨ, ਬੋਤਲਾਂ, ਡੱਬੇ ਆ ਗਏ ਹਨ। ਕੁਝ ਵੀ ਹੋਵੇ, ਭਾਰੀ ਪੇਂਦੇ, ਚੌੜੇ ਦਲ ਅਤੇ ਮੋਟੀ ਕਾਇਆ ਵਾਲੇ ਰੁਹਬਦਾਰ ਮਰਤਬਾਨਾਂ ਅੱਗੇ ਸਭ ਚੀਂਗਰਪੋਟ ਲਗਦੇ ਹਨ। ਮਰਤਬਾਨ ਵਿਚ ਆਮ ਤੌਰ ‘ਤੇ ਅਚਾਰ ਤੋਂ ਬਿਨਾਂ ਮੁਰੱਬੇ, ਗੁਲਕੰਦ ਅਤੇ ਹੋਰ ਰਸਾਇਣ ਵੀ ਪਾਏ ਜਾਂਦੇ ਹਨ। ਬਹੁਤੇ ਪਦਾਰਥ ਅਰਬੀ-ਯੁਨਾਨੀ ਹਿਕਮਤ ਨਾਲ ਸਬੰਧ ਰਖਦੇ ਹਨ। ਇਸ ਲਈ ਇਹ ਵੀ ਕਿਹਾ ਜਾਂਦਾ ਹੈ ਕਿ ਭਾਂਡੇ ਦੇ ਨਾਲ ਸ਼ਬਦ ਮਰਤਬਾਨ ਵੀ ਅਰਬ ਤੋਂ ਹੀ ਆਇਆ ਹੈ।
ਕੁਝ ਥਾਂਵਾਂ ‘ਤੇ ਮਰਤਬਾਨ ਨੂੰ ਇੰਮ੍ਰਿਤਬਾਨ ਵਜੋਂ ਵੀ ਉਚਾਰਿਆ ਜਾਂਦਾ ਹੈ ਇਸ ਲਈ ਇਹ ਵਿਚਾਰ ਵੀ ਪ੍ਰਚਲਿਤ ਹੈ ਕਿ ਮਰਤਬਾਨ ਅਸਲ ਵਿਚ ਅੰਮ੍ਰਿਤ ਰੱਖਣ ਵਾਲਾ ਭਾਂਡਾ ਹੀ ਹੈ। ਚੌਧਵੀਂ ਸਦੀ ਵਿਚ ਮਰਾਕੋ ਤੋਂ ਭਾਰਤ ਆਏ ਇਬਨਬਤੂਤਾ ਨੇ ਲਿਖਿਆ ਹੈ, “ਸ਼ਹਿਜ਼ਾਦੀ ਨੇ ਮੈਨੂੰ ਕਪੜੇ, ਦੋ ਹਾਥੀਆਂ ਦਾ ਲੱਦ ਚੌਲ, ਚਾਰ ਭਾਂਡੇ ਸ਼ਰਬਤ ਦੇ, ਦਸ ਭੇਡਾਂ, ਦੋ ਝੋਟੇ ਅਤੇ ਚਾਰ ਮਰਤਬਾਨ ਭੇਟ ਕੀਤੇ। ਇਨ੍ਹਾਂ ਮਰਤਬਾਨਾਂ ਵਿਚ ਕਾਲੀ ਮਿਰਚ ਅਤੇ ਅੰਬ ਭਰੇ ਹੋਏ ਸਨ।” ਲਿਖਤ ਵਿਚ ਮਰਤਬਾਨ ਸ਼ਬਦ ਦੀ ਇਹ ਸਭ ਤੋਂ ਪੁਰਾਣੀ ਵਰਤੋਂ ਦੱਸੀ ਜਾਂਦੀ ਹੈ।
ਮਰਤਬਾਨ ਨੂੰ ਅਰਬੀ ਸ੍ਰੋਤ ਵਾਲਾ ਸ਼ਬਦ ਮੰਨਣ ਵਾਲਿਆਂ ਦਾ ਕਹਿਣਾ ਹੈ ਕਿ ਇਸ ਸ਼ਬਦ ਦਾ ਮੂਲ ਹੈ ਅਰਬੀ ‘ਮਥਾਬਾਨ’ ਜਿਸ ਦਾ ਸਾਬਦਿਕ ਅਰਥ ਹੁੰਦਾ ਹੈ ‘ਬੈਠੀ ਹੋਈ ਮੁਦਰਾ’ ਅਰਥਾਤ ਗੱਦੀ ‘ਤੇ ਬੈਠਾ ਰਾਜਾ। ਇਸ ਤੋਂ ਅੰਗਰੇਜ਼ੀ ਦਾ ਇਕ ਸ਼ਬਦ ਬਣਿਆ ‘ਮਾਰਜ਼ੀਪੈਨ’ ਜੋ ਖੰਡ, ਬਦਾਮ ਅਤੇ ਸ਼ਹਿਦ ਦੀ ਬਣੀ ਹੋਈ ਇਕ ਮਠਿਆਈ ਨੂੰ ਆਖਦੇ ਹਨ। ਇਹ ਮਠਿਆਈ ਆਮ ਤੌਰ ‘ਤੇ ਕਿਸੇ ਜਾਨਵਰ ਆਦਿ ਦੀ ਸ਼ਕਲ ਵਿਚ ਬਣਾਈ ਜਾਂਦੀ ਹੈ ਤਾਂ ਕਿ ਬੱਚੇ ਇਸ ਵੱਲ ਖਿੱਚੇ ਆਉਣ। ਇਸੇ ਤੱਥ ਕਾਰਨ ਇਸ ਦਾ ਸਬੰਧ ਉਪਰੋਕਤ ਮਥਾਬਾਨ ਨਾਲ ਜੋੜਿਆ ਜਾਂਦਾ ਹੈ। ਲਾਤੀਨੀ ਵਿਚ ਜਾ ਕੇ ਇਹ ਸ਼ਬਦ ‘ਸਿੰਘਾਸਣ ‘ਤੇ ਬੈਠੇ ਈਸਾ’ ਵਾਲੇ ਸਿੱਕੇ ਲਈ ਰੂੜ੍ਹ ਹੋ ਗਿਆ। ਅਜਿਹੇ ਸਿੱਕੇ ਸਜਾਵਟੀ ਡੱਬਿਆਂ ਵਿਚ ਰੱਖੇ ਜਾਂਦੇ ਸਨ। ਪੰਦਰਵੀਂ ਸਦੀ ਵਿਚ ਇਹ ਸਿੱਕੇ ਚੱਲਣੋਂ ਬੰਦ ਹੋ ਗਏ ਤਾਂ ਇਨ੍ਹਾਂ ਡੱਬਿਆਂ ਨੂੰ ਵਧੀਆ ਕਿਸਮ ਦੀਆਂ ਖਾਣ ਵਾਲੀਆਂ ਗੋਲੀਆਂ ਰੱਖਣ ਲਈ ਵਰਤਿਆ ਜਾਣ ਲੱਗਾ। ਇਥੋਂ ਹੀ ਇਹ ਸ਼ਬਦ ਡੱਬਿਆਂ ਜਾਂ ਪਾਤਰਾਂ ਦੇ ਭਾਵ ਤੋਂ ਬਦਾਮਾਂ ਆਦਿ ਦੀ ਮਿਠਾਈ ਵਜੋਂ ਵਰਤਿਆ ਜਾਣ ਲੱਗਾ। ਉਂਜ ਇਸ ਸ਼ਬਦ ਦੀਆਂ ਅਨੇਕਾਂ ਹੋਰ ਵਿਉਤਪਤੀਆਂ ਸੁਝਾਈਆਂ ਗਈਆਂ ਹਨ।
ਗੌਰਤਲਬ ਹੈ ਕਿ ਭਾਂਡੇ ਦੇ ਨਾਂ ਤੋਂ ਭਾਂਡੇ ਵਿਚਲੀ ਚੀਜ਼ ਦਾ ਨਾਂ ਪੈ ਜਾਣਾ ਕੋਈ ਅਲੋਕਾਰ ਗੱਲ ਨਹੀਂ। ਪਾਣੀ ਪਾਉਣ ਵਾਲੇ ਬਰਤਨ ਨੂੰ ਬਾਲਟੀ ਆਖਦੇ ਹਨ ਪਰ ਬਾਲਟੀ ਸ਼ਬਦ ਹੁਣ ਇਕ ਪ੍ਰਕਾਰ ਦੇ ਕੜ੍ਹੀ ਜਿਹੇ ਪਕਵਾਨ ਲਈ ਵੀ ਵਰਤਿਆ ਜਾਂਦਾ ਹੈ। ਦੇਗ਼ ਇਕ ਬਰਤਨ ਵੀ ਹੈ, ਕੜਾਹ ਦਾ ਸੂਚਕ ਵੀ ਹੈ। ਥਾਲੀ ਦਾ ਅਰਥ ਖਾਣਾ ਰੱਖਣ ਵਾਲੇ ਭਾਂਡੇ ਤੋਂ ਇਲਾਵਾ ਖਾਣਾ ਵੀ ਹੈ ਜਿਵੇਂ ‘ਗੁਜਰਾਤੀ ਥਾਲੀ’।
ਮਰਤਬਾਨ ਬਾਰੇ ਤਸੱਲੀਬਖਸ਼ ਖੋਜ ਦਸਦੀ ਹੈ ਕਿ ਇਹ ਮੁਢਲੇ ਤੌਰ ‘ਤੇ ਬਰਮਾ ਵਿਚ ਬਣਾਏ ਜਾਂਦੇ ਸਨ। ਇਰਾਵਦੀ ਨਦੀ ਦੇ ਡੈਲਟਾ ਦੇ ਪੂਰਬ ਵਿਚ ਪੇਂਗੂ ਟਾਪੂ ਦੀ ਖਾੜੀ ਕੋਲ ਇਕ ਤੇਲੰਗ ਨਾਂ ਦੀ ਬੰਦਰਗਾਹ ਸੀ ਜਿਸ ਦਾ ਬਾਅਦ ਵਿਚ ਨਾਂ ‘ਮੁੱਤ-ਤਾ-ਵਾਨ’ ਪ੍ਰਚਲਿਤ ਹੋ ਗਿਆ। ਇਹ ਨਦੀ ਜਿਸ ਥਾਂ ਸਮੁੰਦਰ ਵਿਚ ਮਿਲਦੀ ਸੀ ਉਥੇ ਪੇਗੂ ਦੇ ਰਾਜਪੁੱਤਰ ‘ਮੋਇਰਾਮਿਆ’ ਦਾ ਇਹ ਕਸਬਾ ਸੀ। ਇਹ ਕਸਬਾ ਅੱਜ ਮਿਆਂਨਮਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਰਮਾ ਦੇਸ਼ ਦਾ ਸਰਕਾਰੀ ਨਾਂ ਵੀ ਅੱਜ ਕਲ੍ਹ ਇਹੋ ਹੀ ਹੈ। 1514 ਵਿਚ ਇਹ ‘ਮੁੱਤ-ਤਾ-ਵਾਨ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਯੂਰਪ ਦੇ ਯਾਤਰੂਆਂ ਅਨੁਸਾਰ ਇਹ ਲੋਕ ਹਿਸਾਬ ਕਿਤਾਬ ਰੱਖਣ ਦੇ ਮਾਹਿਰ ਸਨ। ਇਥੋਂ ਲਾਖ ਅਤੇ ਕਪੜਾ ਬਰਾਮਦ ਕੀਤੇ ਜਾਂਦੇ ਸਨ। ਇਨ੍ਹਾਂ ਵਪਾਰੀਆ ਨੇ ਹੀ ਇਸ ਦਾ ਨਾਂ ਬਦਲ ਕੇ ਮਰਤਬਾਨ ਰੱਖ ਦਿੱਤਾ। ਇਸ ਦਾ ਜ਼ਿਕਰ ਮਰਤਬਾਨੋ ਅਤੇ ਮਾਰਤੌਨ ਵਜੋਂ ਵੀ ਹੈ। ਇਸ ਸ਼ਹਿਰ ਵਿਚ ਚੀਨੀ ਮਿੱਟੀ ਦੇ ਭਾਂਡੇ ਬਣਦੇ ਸਨ ਜੋ ਵਿਦੇਸ਼ਾਂ ਨੂੰ ਬਰਾਮਦ ਕੀਤੇ ਜਾਂਦੇ ਸਨ। ਮਰਤਬਾਨ ਸ਼ਹਿਰ ਤੋਂ ਆਉਣ ਕਾਰਨ ਵਿਦੇਸ਼ੀਆਂ ਨੇ ਇਨ੍ਹਾਂ ਭਾਂਡਿਆਂ ਦਾ ਨਾਂ ਵੀ ਮਰਤਬਾਨ ਹੀ ਗ੍ਰਹਿਣ ਕਰ ਲਿਆ। ‘ਅਲਫ਼ ਲੈਲਾ’ ਵਿਚ ਇਨ੍ਹਾਂ ਨੂੰ ਬਰਤਮਾਨ ਕਿਹਾ ਗਿਆ ਹੈ।
ਹੁਣ ਆਈਏ, ਇਸ ਸ਼ਬਦ ਦੀ ਵਿਉਤਪਤੀ ‘ਤੇ। ਹਿੰਦੀ ਦੇ ਪ੍ਰਸਿੱਧ ਨਿਰੁਕਤ ਸ਼ਾਸਤਰੀ ਅਜਿਤ ਵਡਨੇਰਕਰ ਇਹ ਮੰਨਦੇ ਹੋਏ ਕਿ ਮਰਤਬਾਨ ਸ਼ਬਦ ਅਰਬੀ ਦਾ ਨਹੀਂ, ਸੁਝਾਅ ਦਿੰਦੇ ਹਨ ਕਿ ਇਹ ਮੁਢਲੇ ਤੌਰ ‘ਤੇ ਭਾਰਤੀ ਹੈ। ਬਰਮਾ ਇਤਿਹਾਸਕ ਤੌਰ ‘ਤੇ ਭਾਰਤ ਦਾ ਹਿੱਸਾ ਰਿਹਾ ਹੈ। ਬਰਮੀ ਭਾਸ਼ਾ ਵਿਚ ਮਿੱਟੀ ਦੇ ਭਾਂਡਿਆਂ ਨੂੰ ‘ਮ੍ਰਿਦਾਂਡ’ (ਮ੍ਰਿਦ = ਮਿੱਟੀ + ਭਾਂਡ = ਭਾਂਡਾ) ਕਿਹਾ ਜਾਂਦਾ ਹੈ। ਮਿੱਟੀ ਤੋਂ ਹੀ ਮਟਕਾ ਬਣਿਆ ਹੈ। ਮਿੱਟੀ ਸ਼ਬਦ ਸੰਸਕ੍ਰਿਤ ਮ੍ਰਿਦ ਤੋਂ ਬਣਿਆ ਹੈ। ਇਸ ਤਰ੍ਹਾਂ ਮਿੱਟੀ ਦੇ ਬਣੇ ਇਨ੍ਹਾਂ ਭਾਂਡਿਆਂ ਵਿਚ ਘਰ ਦੇ ਪਾਣੀ ਰੱਖਣ ਤੋਂ ਇਲਾਵਾ ਹੋਰ ਚੀਜ਼ਾਂ ਵੀ ਰੱਖੀਆਂ ਜਾਂਦੀਆਂ ਸਨ। ਵਡਨੇਰਕਰ ਦਾ ਵਿਚਾਰ ਹੈ ਕਿ ਹੋ ਸਕਦਾ ਹੈ ਮਰਤਬਾਨ ਸ਼ਹਿਰ ਦਾ ਨਾਂ ਇਥੇ ਮਰਤਬਾਨ ਬਣਨ ਕਰਕੇ ਪਿਆ ਹੋਵੇ ਨਾ ਕਿ ਇਸ ਤੋਂ ਉਲਟ ਗੱਲ, ਅਤੇ ਹੋ ਸਕਦਾ ਹੈ ਮਰਤਬਾਨ ਸ਼ਬਦ ‘ਮ੍ਰਿਦਭਾਂਡ’ ਸ਼ਬਦ ਦਾ ਵਿਗੜਿਆ ਰੂਪ ਹੋਵੇ। ਮਿੱਟੀ-ਸ਼ਿਲਪ ਦੇ ਧਨੀ ਬਰਮਾ ਦੇ ਇਕ ਸਥਾਨ ਦਾ ਨਾਂ ਹੀ ਮਿਰਦਾਂਡ ਹੈ। ਦੂਸਰੀ ਗੱਲ ਇਹ ਕਿ ਬਰਮਾ ਪ੍ਰਾਚੀਨ ਕਾਲ ਤੋਂ ਹੀ ਵਡੇਰੇ ਭਾਰਤ ਦਾ ਹਿੱਸਾ ਰਿਹਾ ਹੈ। ਬਰਮਾ ਦਾ ਨਾਂ ਹੀ ਭਾਰਤੀ ਮੂਲ ਦੇ ‘ਬ੍ਰਹਮ’ ਤੋਂ ਬਣਿਆ ਹੈ। ਪਰ ਅਜਿਤ ਵਡਨੇਰਕਰ ਦੀ ਦਲੀਲ ਬਹੁਤੀ ਗਲੇ ਨਹੀਂ ਉਤਰਦੀ। ਬਰਮੀ ਭਾਸ਼ਾ ਹਿੰਦ-ਯੂਰਪੀ ਭਾਸ਼ਾ ਪਰਿਵਾਰ ਤੋਂ ਬਿਲਕੁਲ ਵੱਖਰੀ ਚੀਨੀ-ਤਿੱਬਤੀ ਭਾਸ਼ਾ ਪਰਿਵਾਰ ਨਾਲ ਸਬੰਧ ਰੱਖਦੀ ਹੈ। 1326 ਦੇ ਇਕ ਸ਼ਿਲਾਲੇਖ ਵਿਚ ਮਰਤਬਾਨ ਸ਼ਹਿਰ ਦਾ ਨਾਂ ਪਹਿਲੀ ਵਾਰੀ ਮੁੱਤਮਾ ਵਜੋਂ ਦਰਜ ਹੋਇਆ ਮਿਲਦਾ ਹੈ। ਇਸ ਤੋਂ ਬਾਅਦ ਵੀ ਜ਼ਰਾ ਜਿੰਨੇ ਫਰਕ ਨਾਲ ਇਸੇ ਤਰ੍ਹਾਂ ਦਾ ਨਾਂ ਮਿਲਦਾ ਹੈ।
ਮੌਰਿਸ ਕੌਲਿਸ ਨਾਂ ਦੇ ਵਿਦਵਾਨ ਦਾ ਸੁਝਾਅ ਹੈ ਕਿ ਮਰਤਬਾਨ ਸ਼ਬਦ ਦੋ ਥਾਂਵਾਂ ਦੇ ਨਾਂਵਾਂ ‘ਮਰਗੂਈ’ ਅਤੇ ‘ਤੇਨਾਸਰਿਮ’ ਦੇ ਛੋਟੇ ਰੂਪਾਂ ‘ਮਰਿਤ’ ਅਤੇ ‘ਤਨਾਉ’ ਦੇ ਸੰਯੋਗ (ਮਰਿਤ+ਤਨਾਉ) ਤੋਂ ਬਣਿਆ ਹੋ ਸਕਦਾ ਹੈ। ਇਨ੍ਹਾਂ ਦੋਹਾਂ ਸਥਾਨਾਂ ਦੇ ਆਰ-ਪਾਰ ਦਾ ਇਲਾਕਾ ਮਰਤਬਾਨ-ਸ਼ਿਲਪ ਲਈ ਮਸ਼ਹੂਰ ਹੈ। ਘਟੋ ਘਟ ਇਸ ਤੱਥ ਤੋਂ ਕਿ ਮਰਤਬਾਨ ਸ਼ਹਿਰ ਦਾ ਪ੍ਰਾਚੀਨਤਮ ਉਪਲਭਦ ਨਾਂ ‘ਮੁੱਤਮਾ’ ਸੀ, ਵਡਨੇਰਕਰ ਦਾ ਇਹ ਕਿਆਫਾ ਰੱਦ ਹੋ ਜਾਂਦਾ ਹੈ ਕਿ ਮਰਤਬਾਨ ਸ਼ਬਦ ਅਸਲ ਵਿਚ ‘ਮ੍ਰਿਦਾਂਡ’ (ਮ੍ਰਿਦ = ਮਿੱਟੀ + ਭਾਂਡ = ਭਾਂਡਾ) ਹੈ। ਕੁਝ ਵੀ ਹੋਵੇ, ਇਕ ਗੱਲ ਤਾਂ ਸਪੱਸ਼ਟ ਹੈ ਕਿ ਪੁਰਾਣੇ ਜ਼ਮਾਨਿਆਂ ਤੋਂ ਹੀ ਮਰਤਬਾਨ ਬਰਮਾ ਤੋਂ ਹੀ ਬਣਾ ਕੇ ਦੁਨੀਆਂ ਭਰ ਵਿਚ ਬਰਾਮਦ ਕੀਤੇ ਜਾਂਦੇ ਸਨ। ਇਕ ‘ਮਰਤਬਾਨ ਦੀ ਖਾੜੀ’ ਵੀ ਹੈ ਜੋ ਬਰਮਾ ਦੇ ਦੱਖਣ ਵਿਚ ਸਥਿਤ ਅੰਡੇਮਾਨ ਸਾਗਰ ਦੀ ਇਕ ਸ਼ਾਖਾ ਹੈ। ਇਸ ਖਾੜੀ ਦਾ ਇਹ ਨਾਂ ਪਿਛੇ ਜ਼ਿਕਰ ਕੀਤੇ ਮਰਤਬਾਨ ਨਾਮਕ ਨਗਰ ਤੋਂ ਹੀ ਪਿਆ ਹੈ ਤੇ ਜਿਸ ਦਾ ਇਕ ਹੋਰ ਨਾਂ ਮੁਤਾਮਾ ਸੀ।