ਐਸ਼ ਅਸ਼ੋਕ ਭੌਰਾ
ਜਿਸ ਤਰ੍ਹਾਂ ਦੇ ਇਸ ਵੇਲੇ ਸਿਆਸੀ ਹਾਲਾਤ ਨੇ, ਇਹ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿ ਹਾਕਮ ਸ਼ਬਦ ਨਾਲ ਸੂਫੀ ਜੁੜ ਸਕੇ ਕਿਉਂਕਿ ਇਨ੍ਹਾਂ ਦੋਹਾਂ ਵਿਚਲਾ ਫਾਸਲਾ ਕਸ਼ਮੀਰ ਅਤੇ ਕੰਨਿਆ ਕੁਮਾਰੀ ਵਾਲਾ ਹੈ। ਪਰ ਹਾਕਮ ਸੂਫੀ ਨੇ ਨਾ ਸਿਰਫ ਪੰਜਾਬੀ ਗਾਇਕੀ ਨੂੰ ਉਸ ਤਰ੍ਹਾਂ ਸ਼ਿੰਗਾਰਨ ਦੀ ਕੋਸ਼ਿਸ਼ ਕੀਤੀ ਜਿਵੇਂ 50 ਕੁ ਸਾਲ ਪਹਿਲਾਂ ਮੇਲੇ ਨੂੰ ਜਾਂਦੇ ਮੇਲੀ ਦੀ ਜੇਬ ‘ਚ ਇੰਚ ਕੁ ਦੀ ਅਤਰ ਫਲੇਲ ਦੀ ਸ਼ੀਸ਼ੀ ਹੁੰਦੀ ਸੀ।
ਜ਼ਿੰਦਗੀ ਨੂੰ ਬਹੁਤ ਸਾਰੇ ਲੋਕ ਪਤੰਗ ਵਾਂਗ ਉਚਾ ਉਡਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਦੋਂ ਕਿ ਉਨ੍ਹਾਂ ਨੂੰ ਪਤਾ ਹੈ ਕਿ ਨਾ ਕਾਂਟੀਮਾਰਾਂ ਦੀ ਗਿਣਤੀ ਘੱਟ ਹੈ ਅਤੇ ਨਾ ਹੀ ਉਨ੍ਹਾਂ ਕੋਲ ਉਹ ਡੋਰ ਹੈ ਜਿਹੜੀ ਪਤੰਗ ਨੂੰ ਉਚਾ ਉਡਾ ਦੇਵੇ। ਮੰਨਣਾ ਪਵੇਗਾ ਕਿ ਜ਼ਿੰਦਗੀ ਦੀ ਮਿਣਤੀ ਵਾਲੀ ਡੋਰ ਹਰੇਕ ਬੰਦੇ ਕੋਲ ਗਿੱਠਾਂ ਨਾਲ ਮਿਣਨ ਵਾਲੀ ਹੁੰਦੀ ਹੈ। ਹਾਕਮ ਸੂਫੀ ਨੇ ਜ਼ਿੰਦਗੀ ਭਾਵੇਂ ਬਹੁਤ ਛੋਟੀ ਗੁਜ਼ਾਰੀ ਹੈ ਪਰ ਪੈੜ੍ਹ ਬੜੀ ਲੰਮੀ ਛੱਡੀ ਹੈ।
ਵੋਟਾਂ ਦੀ ਰਾਜਨੀਤੀ ਕਰਕੇ ਗਿੱਦੜਬਾਹਾ ਭਾਵੇਂ ਕਿੰਨਾ ਵੀ ਹੋਰ ਨਜ਼ਰੀਏ ਨਾਲ ਵੇਖਿਆ ਜਾਂਦਾ ਰਹੇ ਪਰ ਗਿੱਦੜਬਾਹਾ, ਗੁਰਦਾਸ ਮਾਨ, ਹਾਕਮ ਸੂਫੀ-ਇਨ੍ਹਾਂ ਨੂੰ ਉਸ ਤਿਕੋਣ ਵਾਂਗ ਮੰਨਿਆ ਜਾਵੇਗਾ ਜਿਸ ਦੇ ਸਾਰੇ ਕੋਣ ਬਰਾਬਰ ਹੁੰਦੇ ਹਨ। ਮੇਰੇ ਨਾਲ ਹਾਕਮ ਸੂਫੀ ਦਾ ਉਹੀ ਸਬੰਧ ਹੈ ਜਿਵੇਂ ਗਿੱਟੇ ਦਾ ਝਾਂਜਰ ਨਾਲ, ਛੈਣੇ ਦਾ ਘੁੰਗਰੂ ਨਾਲ, ਬਲਦ ਦਾ ਟੱਲੀ ਨਾਲ, ਤਬਲੇ ਦਾ ਥਾਪ ਨਾਲ ਹੁੰਦਾ ਹੈ। ਬਹੁਤ ਘੱਟ ਮੁਲਾਕਾਤਾਂ ਭਾਵੇਂ ਹਾਕਮ ਸੂਫੀ ਨਾਲ ਹੋਈਆਂ ਹੋਣ ਪਰ ਅਸੀਂ ਦੋਹਾਂ ਨੇ ਸਭ ਤੋਂ ਵੱਧ ਫਿਲਾਸਫੀ ਇਸ ਮੇਲ ਮਿਲਾਪ ਵਿਚ ਸਿਰਜੀ ਹੈ। ਭਾਵੇਂ ਕਈ ਲੋਕ ਇਹ ਕਹਿੰਦੇ ਨੇ ਕਿ ਗੁਰਦਾਸ ਮਾਨ ਦਾ ਗੁਰੂ ਹਾਕਮ ਸੂਫੀ ਹੈ ਪਰ ਜਦੋਂ ਕਿ ਇੱਦਾਂ ਦਾ ਕਿਤਿਓਂ ਵੀ ਕੋਈ ਹਵਾਲਾ ਨਹੀਂ ਜਿਸ ਨੂੰ ਪ੍ਰਮਾਣਿਤ ਕੀਤਾ ਜਾ ਸਕੇ ਤੇ ਨਾ ਹੀ ਗੁਰਦਾਸ ਨੇ ਕਦੇ ਇਸ ਗੱਲ ਨੂੰ ਸਵੀਕਾਰਿਆ ਹੈ ਤੇ ਨਾ ਹੀ ਹਾਕਮ ਸੂਫੀ ਨੇ ਕਿਤੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਦੋਹਾਂ ਦੀ ਸਾਂਝ ਕੀ ਹੈ? ਮੈਂ ਦੱਸਦੈਂ, ਜਿਸ ਸਕੂਲ ਵਿਚ ਹਾਕਮ ਸੂਫੀ ਪੜ੍ਹਿਐ, ਉਹੀ ਸਕੂਲ ਗੁਰਦਾਸ ਮਾਨ ਦਾ ਹੈ, ਗਿੱਦੜਬਾਹੇ ਦੇ ਸਕੂਲ ਦੇ ਜਿਸ ਅਧਿਆਪਕ ਤੋਂ ਹਾਕਮ ਨੇ ਝਿੜਕਾਂ ਖਾਧੀਆਂ ਉਸੇ ਤੋਂ ਗੁਰਦਾਸ ਨੇ, ਜਿਸ ਸਕੂਲ ਦੀ ਗਰਾਊਂਡ ਵਿਚ ਖੜ ਕੇ ‘ਸੂਰਜਾ ਸੂਰਜਾ ਫੱਟੀ ਸੁਕਾ’ ਦੀ ਹੇਕ ਹਾਕਮ ਨੇ ਲਾਈ, ਉਸੇ ਗਰਾਊਂਡ ਵਿਚ ਦਰਖਤ ਹੇਠ ਬੈਠ ਕੇ ਗੁਰਦਾਸ ਮਾਨ ਵੀ ‘ਊੜਾ ਊਠ ਤੇ ਕੱਕਾ ਕਬੂਤਰ’ ਉਚਾਰਦਾ ਰਿਹਾ, ਇਸੇ ਸਕੂਲ ਵਿਚ ਦੋਹਾਂ ਨੇ ਖੁਸਰਿਆਂ ਦੇ ਸਾਜ਼ ਡਫਲੀ ਨੂੰ ਵਜਾ ਕੇ ਕੌਮਾਂਤਰੀ ਪੱਧਰ ‘ਤੇ ਪ੍ਰਸਿੱਧੀ ਦਿਵਾਈ। ਦੋਹਾਂ ਦਾ ਕੱਦ ਵੀ ਲਗਭਗ ਇਕੋ ਜਿਹਾ ਹੈ, ਉਮਰ ਦਾ ਹਾਣ ਮੰਗਲ ਵੀ, ਪਰ ਜੇ ਕੁਝ ਵੱਖਰਾ ਸੀ ਉਹ ਇਹ ਕਿ ਹਾਕਮ ਸੂਫੀ ਮੇਰੇ ਵਾਂਗ ਰੰਗ ਦਾ ਕਾਲਾ ਅਤੇ ਗੁਰਦਾਸ ਮਾਨ ਸਾਂਵਲੇ ਰੰਗ ਦਾ ਅਤੇ ਰਾਂਝੇ ਦੇ ਨੈਣ ਨਕਸ਼ਾਂ ਵਰਗਾ ਨਿਕਲਿਆ। ਕਲਾ ਨੂੰ ਪਿਆਰ ਕਰਨ ਵਾਲੇ ਗਿੱਦੜਬਾਹੇ ਦੇ ਲੋਕ ਭਾਵੇਂ ਬਾਦਲਾਂ ਜਾਂ ਰਾਜਨੀਤੀ ਕਰਕੇ ਇਕ ਦੂਜੇ ਵੱਲ ਗਹਿਰੀਆਂ ਅੱਖਾਂ ਕੱਢਦੇ ਰਹਿਣ ਪਰ ਇਸ ਗੱਲ ਨੂੰ ਮਾਣ ਨਾਲ ਕਹਿੰਦੇ ਰਹਿਣਗੇ ਕਿ ਹਾਕਮ ਅਤੇ ਗੁਰਦਾਸ ਸਾਡੇ ਸ਼ਹਿਰ ਦੇ ਹਨ।
ਮੇਰੇ ਨਾਲ ਹਾਕਮ ਸੂਫੀ ਦਾ ਮੇਲ 1990ਵਿਆਂ ਦੇ ਗੇੜ ਵਿਚ ਹੋਇਆ। ਹਾਲਾਂਕਿ ‘ਪਾਣੀ ਵਿਚ ਮਾਰਾਂ ਡੀਕਾਂ’ ਵਰਗੇ ਗੀਤ ਪੰਜਾਬੀਆਂ ਦੇ ਲਬਾਂ ‘ਤੇ ਉਵੇਂ ਸਨ ਜਿਵੇਂ ਨਵੀਂ ਬਹੂ ਦੀਆਂ ਤਲੀਆਂ ‘ਤੇ ਮਹਿੰਦੀ ਰੰਗ ਕਾਫੀ ਗੂੜਾ ਹੁੰਦਾ ਹੈ। ਹਾਕਮ ਨੂੰ ਮਿਲਣ ਦਾ ਮੇਰਾ ਚਾਅ ਅਧੂਰਾ ਇਸ ਕਰਕੇ ਰਹਿ ਗਿਆ ਸੀ ਕਿ ਇਨ੍ਹਾਂ ਦਿਨ੍ਹਾਂ ‘ਚ ਹੀ ਮੈਂ ਅਜੀਤ ਅਖਬਾਰ ਲਈ ਜਦੋਂ ਹਫਤਾਵਾਰੀ ਕਾਲਮ ‘ਸੁਰ ਸੱਜਣਾਂ ਦੀ’ ਲਿਖ ਰਿਹਾ ਸਾਂ ਤਾਂ ਹਾਕਮ ਸੂਫੀ ਨੂੰ ਸ਼ਾਮਿਲ ਨਹੀਂ ਕਰ ਸਕਿਆ ਕਿਉਂਕਿ ਗੱਲਾਂ ਮੈਂ ਸਾਰਿਆਂ ਦੀਆਂ ਘਰ ਵਾਲੀਆਂ ਤੋਂ ਕਹਾਉਣੀਆਂ ਹੁੰਦੀਆਂ ਸਨ ਪਰ ਉਨ੍ਹਾਂ ਦਿਨਾਂ ਵਿਚ ਹਾਕਮ ਮੈਨੂੰ ਕਹਿੰਦਾ ਰਿਹਾ ਕਿ ਹਾਲੇ ਮੈਂ ਵਿਆਹ ਨਹੀਂ ਕਰਵਾਇਆ ਜਦੋਂ ਕਰਾਵਾਂਗਾ ਉਦੋਂ ਦੱਸਾਂਗਾ। ਪਰ ਮੈਨੂੰ ਨਹੀਂ ਪਤਾ ਸੀ ਕਿ ‘ਕੱਲਾ ਹੀ ਰਹੇਗਾ ਅਤੇ ਦੁਨੀਆਂ ਵਾਂਗ ‘ਕੱਲਾ ਹੀ ਚਲਾ ਜਾਵੇਗਾ। ਪਰ ਜਿੰਨਾ ਕੁ ਮੈਂ ਹਾਕਮ ਨੂੰ ਜਾਣਦਾ ਹਾਂ ਜੇ ਕੋਈ ਸਵਰਗ ਹੋਇਆ, ਜਾਂ ਜੇਕਰ ਕੋਈ ਧਰਮਰਾਜ ਹੋਇਆ ਤੇ ਜਤੀ ਲੋਕਾਂ ਦੀ ਉਥੇ ਪੁੱਛ ਪ੍ਰਤੀਤ ਹੋਈ ਤਾਂ ਮੈਂ ਕਹਿ ਸਕਦਾਂ ਕਿ ਧਰਮ ਰਾਜ ਉਠ ਕੇ ਆਪ ਉਹਦੇ ਗਲੇ ‘ਚ ਹਾਰ ਪਾਉਣ ਨੂੰ ਧੰਨ ਭਾਗ ਹੀ ਸਮਝੇਗਾ। ਊਂ ਮੇਰੇ ਵਾਂਗ ਤੁਸੀਂ ਵੀ ਜਾਣਦੇ ਹੋਵੋਗੇ ਕਿ ਇਸ ਦੁਨੀਆਂ ਵਿਚ ਪਤੀਵਰਤਾ ਔਰਤਾਂ ਦੀ ਗਿਣਤੀ ਤਾਂ ਕਾਫੀ ਹੈ ਪਰ ਪਤਨੀਵਰਤਾ ਮਰਦਾਂ ‘ਤੇ ਸ਼ੱਕ ਕੀਤੀ ਜਾਣੀ ਸੁਭਾਵਿਕ ਹੀ ਹੈ।
ਹਾਕਮ ਦੇ ਗਲੇ ‘ਚ ਲਟਕਦਾ ਲੌਕੇਟ ਜਿਹਦੇ ‘ਚ ਓਸ਼ੋ ਦੀ ਵੱਡੀ ਤਸਵੀਰ ਲੱਗੀ ਹੁੰਦੀ ਸੀ, ਆਮ ਬੋਲਚਾਲ ਵਾਲੇ ਲੋਕਾਂ ਨੂੰ ਇਹ ਦੱਸਦਾ ਰਿਹਾ ਕਿ ਹਾਕਮ ਦੇ ਗਲੇ ‘ਚ ਸੁਰ, ਜ਼ਿੰਦਗੀ ‘ਚ ਫਕੀਰੀ ‘ਤੇ ਆਦਤ ਵਿਚ ਸੰਨਿਆਸ ਹੀ ਸੰਨਿਆਸ ਹੈ। ਇਸ ਗੱਲ ਨੂੰ ਤਸਦੀਕ ਹੀ ਕਰਾਂਗਾ ਕਿ ਉਹ ਓਸ਼ੋ ਦਾ ਭਗਤ ਰਿਹਾ ਤੇ ਇਕ ਦਰ ਦਾ ਹੋ ਕੇ ਬਹਿਣ ਵਾਂਗ ਉਹਦੀ ਜਿੰਨੀ ਕੁ ਸੀ, ਉਹ ਉਹਨੇ ਓਸ਼ੋ ਦੇ ਨਾਂ ਹੀ ਲਾਈ ਰੱਖੀ।
ਮਾਛੀਵਾੜੇ ਇਕ ਮੇਲਾ ਸੀ, ਇਸ ਮੇਲੇ ਦਾ ਸੰਚਾਲਕ ਸੀ ਗੁਰਮੁਖ ਦੀਪ, ਜੋ ਜੱਸੋਵਾਲ ਦੇ ਡੇਰੇ ‘ਤੇ ਵੀ ਅਕਸਰ ਮਿਲਿਆ ਕਰਦਾ ਸੀ। ਕਮਜ਼ੋਰ ਔਰਤ ਦੇ ਗਲੇ ਵਿਚ ਪਾਏ ਰਾਣੀ ਹਾਰ ਵਾਂਗ ਗੁਰਮੁਖ ਨੇ ਵੀ ਓਸ਼ੋ ਦੀ ਫੋਟੋ ਹਿੱਕ ਦੇ ਐਨ ਵਿਚਾਲੇ ਲਟਕਾਈ ਹੋਈ ਸੀ। ਉਨ੍ਹਾਂ ਦਿਨਾਂ ‘ਚ ਸ਼ੌਂਕੀ ਮੇਲੇ ਦੀ ਚੜ੍ਹਾਈ ਕਰਕੇ ਉਹਨੇ ਮੇਰਾ ਇਕ ਸਨਮਾਨ ਰੱਖ ਲਿਆ ਕਿ ਚਲੋ ਅਸ਼ੋਕ ਕਰਕੇ ਚਾਰ ਗਾਇਕ ਵੀ ਚੰਗੇ ਆ ਜਾਣਗੇ, ‘ਸੌਂ ਜਾ ਬੱਬੂਆ ਮਾਣੋ ਬਿੱਲੀ ਆਈ ਆ’ ਨਾਲ ਉਦੋਂ ਕਮਲਜੀਤ ਨੀਲੋਂ ਵੀ ਟੀਸੀ ਵਾਲਾ ਬੇਰ ਤੋੜ ਰਿਹਾ ਸੀ, ਉਹਨੂੰ ਸਨਮਾਨ ਕਰਨ ਲਈ ਚੁਣ ਲਿਆ ਤੇ ਨਾਲ ਹੀ ਹਾਕਮ ਸੂਫੀ ਨੂੰ ਇਸ ਕਰਕੇ ਕਿ ਹਾਕਮ ਓਸ਼ੋ ਦਾ ਚੇਲਾ ਐ ਤੇ ਗੁਰਮੁਖ ਦਾ ਵੀ ਓਹੋ ਗੁਰੂ ਐ, ਤੇ ਉਹਦੇ ਮੁਫਤ ‘ਚ ਆਉਣ ਦਾ ਫਾਰਮੂਲਾ ਫਿੱਟ ਰਹੇਗਾ। ਪਰ ਉਸ ਮੇਲੇ ਵਿਚ ਹਾਲਾਤ ਏਦਾਂ ਦੇ ਸਨ ਕਿ ਚਾਹ ਆਈ ਤਾਂ ਪਕੌੜੇ ਮੁੱਕ ਗਏ, ਜੇ ਪਕੌੜੇ ਆਏ ਤਾਂ ਚਾਹ ਲਈ ਦੁੱਧ ਮੁੱਕ ਗਿਆ ਤੇ ਉਹੀ ਹਾਲ ਦੁਪਹਿਰ ਦੇ ਖਾਣੇ ਦਾ ਰਿਹਾ ਕਿ ਸੰਗਤ ਤਾਂ ਸੀ ਤੇ ਪ੍ਰਸ਼ਾਦਾ ਵੀ, ਪਰ ਦਾਲ ਹੀ ਨਹੀਂ ਆਈ। ਹਾਕਮ ਸੂਫੀ ਦੇ ਸਨਮਾਨ ਵੇਲੇ ਉਹਨੂੰ ਗਿਆਰਾਂ ਸੌ ਦੀ ਰਾਸ਼ੀ ਦੇਣ ਦਾ ਖੂਬ ਖਿਲਾਰਾ ਪੈ ਗਿਆ। ਗੁਰਮੁਖ ਦੋ ਸੌ ਰੁਪਿਆ ਚੁੱਕੀ ਫਿਰੇ, ਮੇਰੇ ਤੋਂ ਸਨਮਾਨ ਕਰਵਾਉਣ ਦਾ ਡੇਢ ਸੌ ਲੈ ਲਿਆ, ਇਕ ਫਰੂਟ ਦੀ ਰੇੜ੍ਹੀ ਵਾਲੇ ਨੂੰ ਕਹੇ ਪੰਜਾਹ ਤੂੰ ਕੱਢ, ਨੀਲੋਂ ਨੂੰ ਪੁੱਛੀ ਜਾਵੇ ਤੇਰੀ ਜੇਭ ਵਿਚ ਕੁਝ ਹੈਗਾ? ਰਲਾ-ਮਿਲਾ ਕੇ ਚਾਰ ਸੌ ਸੱਠ ਰੁਪਏ ‘ਕੱਠੇ ਤਾਂ ਕਰ ਲਏ ਪਰ ਹਾਕਮ ਸੂਫੀ ਨੇ ਉਸ ਦੀ ਤਰਸਯੋਗ ਹਾਲਤ ਦੇਖ ਕੇ ਸੌ ਜੇਬ ‘ਚੋਂ ਕੱਢਿਆ ਅਤੇ ਪੰਜ ਸੌ ਸੱਠ ਰੁਪਏ ਗੁਰਮੁਖ ਨੂੰ ਫੜਾ ਕੇ ਕਿਹਾ, “ਮੈਂ ਤਾਂ ਵਿਆਹ ਕਰਵਾਇਆ ਨੀਂ, ਤੇਰੇ ਹੋਣ ਦੇ ਹਾਲਾਤ ਨਹੀਂ, ਤੂੰ ਇਨ੍ਹਾਂ ਪੰਜ ਸੌ ਸੱਠਾਂ ਨਾਲ ਅਗਲੇ ਸਾਲ ਮੇਲਾ ਲਾ ਲਈਂ।” ਇਉਂ ਇਕ ਫੱਕਰ ਦੀ ਫਕੀਰੀ ਨੇ ਸਿੱਧ ਕਰ ਦਿੱਤਾ ਕਿ ਜ਼ਿੰਦਗੀ ਮਾਨਣ ਲਈ ਹੁੰਦੀ ਹੈ, ਪੈਸੇ ਦੀਆਂ ਸ਼ਰਤਾਂ ‘ਤੇ ਜਿਊਣ ਲਈ ਨਹੀਂ। ਹਾਲਾਤ ਤਾਂ ਭਾਵੇਂ ਖਿੱਚੋਤਾਣ ਜਿਹੀ ਵਾਲੇ ਹੀ ਸਨ ਤੇ ਗੁਰਮੁਖ ਦਾ ਮੇਲਾ ਵੀ ਖਿੰਡਿਆ-ਪੁੰਡਿਆ ਸੀ, ਆ ਜੱਸੋਵਾਲ ਵੀ ਗਿਆ ਸੀ, ਰਾਮ ਸਰੂਪ ਰਾਜਸਥਾਨੀ ਵੀ, ਪਰ ਹਾਕਮ ਨੇ ਮੁੜ ਕੇ ਇਸ ਮੇਲੇ ਵਿਚ ਪੈਰ ਨਾ ਧਰਿਆ। ਹਾਲਾਂਕਿ ਗੁਰਮੁਖ ਨੇ ਓਸ਼ੋ ਦਾ ਵਾਸਤਾ ਪਾ ਕੇ ਦੋਹਾਂ ਵਿਚਲੀ ਸਾਂਝ ਲਈ ਤਰਲੇ ਬਹੁਤ ਕੱਢੇ ਸਨ।
ਮੇਰਾ ਇਹ ਮਨ ਬਣਿਆ ਸੀ ਕਿ ਹਾਕਮ ਸੂਫੀ ਨੂੰ ਸ਼ੌਂਕੀ ਮੇਲੇ ‘ਤੇ ਵੱਡਾ ਸਨਮਾਨ ਦਿੱਤਾ ਜਾਵੇ। ਪਰ ਕੁਝ ਕਾਰਨਾਂ ਕਰਕੇ ਇੱਦਾਂ ਹੋ ਨਾ ਸਕਿਆ ਤੇ 1991 ਵਿਚ ਮੋਹਣ ਸਿੰਘ ਮੇਲੇ ਦੌਰਾਨ ਉਹ ਮੈਨੂੰ ਪੰਜਾਬੀ ਭਵਨ ਦੇ ਨਾਲ ਲੱਗਦੀ ਗਰਾਊਂਡ ਵਿਚ ਖਿੱਚ ਕੇ ਲੈ ਗਿਆ। ਨਾਲ ਅਜੀਤ ਦਾ ਚੰਡੀਗੜ੍ਹ ਵਾਲਾ ਪੱਤਰਕਾਰ ਅਜਾਇਬ ਔਜਲਾ ਵੀ ਸੀ ਤੇ ਮਰਹੂਮ ਗਾਇਕਾ ਪਰਮਿੰਦਰ ਸੰਧੂ ਦਾ ਭਰਾ ਬਿੱਟੂ ਸੰਧੂ ਵੀ। ਹਾਕਮ ਮੈਨੂੰ ਕਹਿਣ ਲੱਗਾ ਕਿ ਇਹ ਮੇਲੇ ਲੱਗਦੇ ਰਹਿਣਗੇ, ਆਜਾ ਆਪਾਂ ਕੁਝ ਉਹ ਗੱਲਾਂ ਕਰੀਏ ਜਿਹੜੀਆਂ ਅੱਜ ਮੇਲੇ ਵਾਲੇ ਦਿਨ ਖਾਸ ਅਤੇ ਮਹੱਤਵਪੂਰਨ ਹੋ ਸਕਦੀਆਂ ਨੇ।
ਪਹਿਲੀ ਗੱਲ ਉਹਨੇ ਇਹ ਕਹੀ ਕਿ ਗ੍ਰਹਿਸਥ ਨੂੰ ਮੈਂ ਨਿੰਦਦਾ ਨਹੀਂ ਤੇ ਮੇਰਾ ਜਨਮ ਵੀ ਗ੍ਰਹਿਸਥ ਦਾ ਪ੍ਰਛਾਵਾਂ ਹੈ ਪਰ ਮੇਰੀ ਸੋਚ ਇਹ ਰਹੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਪੈਰਾਂ ‘ਚ ਵਿਆਹ ਦੀਆਂ ਬੇੜੀਆਂ ਪਾ ਕੇ ਜ਼ਿੰਦਗੀ ਨੂੰ ਤੁਰਦੀ-ਫਿਰਦੀ ਜੇਲ੍ਹ ਬਣਾ ਲਿਆ ਜਾਵੇ ਕਿਉਂਕਿ ‘ਵਹੁਟੀਆਂ ਹੱਥ ਸੋਟੀਆਂ’ ਮੈਂ ਰੋਜ਼ ਵੇਖਦਾ ਹਾਂ, ਸੁਣਦਾ ਹਾਂ ਅਤੇ ਪੜ੍ਹਦਾ ਹਾਂ। ਊਂ ਉਹਨੂੰ ਪਤਾ ਸੀ ‘ਕੱਲਿਆਂ ਕੋਲੋਂ ਜਾਂਦੀ ਜ਼ਿੰਦਗੀ ਨਹੀਂ ਗੁਜ਼ਾਰੀ ਔਖੀ ਹੈ’ ਪਰ ਉਸ ਨੇ ਸਮਾਜ ਦੀਆਂ ਰਾਵਾਂ, ਸਲ੍ਹਾਵਾਂ ਨੂੰ ਸਵੀਕਾਰ ਹੀਂ ਨਹੀਂ ਕੀਤਾ ਤੇ ਇਕ ਬਲਦ ਵਾਲਾ ਹਲ ਬਣ ਕੇ ਸੰਗੀਤ ਦੀ ਦੁਨੀਆਂ ‘ਚ ਆਪਣੇ ਡੂੰਘੇ ਸਿਆੜ ਕੱਢ ਕੇ ਗਿਆ ਹੈ। ਉਹਦੀ ਅਗਲੀ ਗੱਲ ਸੀ, ‘ਪ੍ਰੋæ ਮੋਹਨ ਸਿੰਘ ਨਹੀਂ ਰਿਹਾ ਪਰ ਮੇਲਾ ਲੱਗ ਰਿਹਾ ਹੈ’ ਮੈਨੂੰ ਲੱਗਦਾ ਜਿਸ ਦਿਨ ਜੱਸੋਵਾਲ ਗਿਆ, ਇਹ ਮੇਲਾ ਵੀ ਨਹੀਂ ਲੱਗਣਾ ਤੇ ਮੈਂ ਸੋਚਦਾਂ ਕਿ ਹਉਕਿਆਂ ਦਾ ਤਾਲ ਡਫਲੀ ਰਾਹੀਂ ਸਿਰਜਦਾ ਰਵਾਂ, ਮੇਰੀ ਥੋੜੀ ਹੈ, ਇਸੇ ਕਰਕੇ ਮੈਂ ਜੋੜੀ ਵੀ ਨਹੀਂ ਬਣਾਉਣੀ ਚਾਹੁੰਦਾਂ।
ਤੀਜੀ ਗੱਲ ਕਹਿ ਕੇ ਉਹਨੇ ਗੱਲ ਮੁੱਕਦੀ ਕਰ ਦਿੱਤੀ ਸੀ, ਗੁਰਦਾਸ ਬਾਬਾ ਹੈ ਅਤੇ ਬਾਬਿਆਂ ਨੂੰ ਸਲਾਮ ਹੀ ਹੁੰਦੀ ਹੈ। ਮੈਨੂੰ ਇੰਨਾ ਮਾਣ ਜ਼ਰੂਰ ਰਹੇਗਾ ਕਿ ਮੈਂ ਤੇ ਗੁਰਦਾਸ ਹਮਜੋਲੀ ਰਹੇ ਹਾਂ। ਦਰਦ ਦੀ ਪੀੜ੍ਹਾ ਸਮਝਦਿਆਂ ਮੈਂ ਵੀ ਇਸ ਗੱਲ ਨੂੰ ਕਹਿਣ ਵਿਚ ਝਿਜਕ ਮਹਿਸੂਸ ਨਹੀਂ ਕਰਦਾ ਕਿ ਜਿਵੇਂ ਅਲਜਬਰੇ ਦਾ ਫਾਰਮੂਲਾ ਹੁੰਦਾ ਹੈ ਕਿ ‘ਉਤਰ ਦੀ ਪੜਚੋਲ ਕਰੋ’ ਉਦਣ ਮੈਂ ਸਮਝ ਗਿਆ ਸਾਂ ਕਿ ਹਾਕਮ ਨਾਲ ਸੂਫੀ ਕਿਉਂ ਲੱਗਿਆ ਹੋਇਆ ਹੈ?
1993 ਦੀ ਇਕ ਕਹਾਣੀ ਉਸ ਮਿੰਨੀ ਕਹਾਣੀ ਵਰਗੀ ਹੈ ਜਿਸ ਦਾ ਸਿਰਲੇਖ ਵੀ ‘ਹਾਕਮ ਸੂਫੀ’ ਹੀ ਰੱਖਾਂਗਾ। ਮੈਂ ਗਿੱਦੜਬਾਹੇ ਦੇ ਨੇੜਿਓਂ ਲੰਘ ਰਿਹਾ ਸਾਂ। ਫੋਨ ਦੀ ਸਹੂਲਤ ਨਹੀਂ ਸੀ, ਸਮਾਂ ਸ਼ਾਮ ਦੇ ਚਾਰ ਕੁ ਵਜੇ ਦਾ ਸੀ। ਪੁੱਛਦਾ ਪੁਛਾਉਂਦਾ ਹਾਕਮ ਦੇ ਘਰੇ ਚਲਾ ਗਿਆ। ਅੰਦਰ ਵੜਿਆ ਤੇ ਫਾਂਟਾ ਵਾਲਾ ਕਛਿਹਰਾ ਪਾ ਕੇ ਬਨੈਣ ਪਾਈ ਹਾਕਮ ਚੌਂਕੜੀ ਮਾਰ ਕੇ ਵਾਣ ਵਾਲੇ ਮੰਜੇ ‘ਤੇ ਬੈਠਾ ਸੀ। ਉਹ ਛਾਲ ਮਾਰ ਕੇ ਭੱਜਾ ਆਇਆ। ਤੇ ਭਾਵੁਕ ਹੋ ਕੇ ਤਿੰਨ ਚਾਰ ਵਾਰ ਮੇਰਾ ਮੱਥਾ ਚੁੰਮ ਕੇ ਕਹਿਣ ਲੱਗਾ, “ਅਸ਼ੋਕ ਤੂੰ ਸਾਡੇ ਘਰ? ਇੱਦਾਂ ਮੈਂ ਸੋਚਿਆ ਨਹੀਂ ਸੀ ਕਿ ਤੂੰ ਚੁੱਪ ਚਪੀਤਾ ਆ ਜਾਵੇਂਗਾ।” ਤੇ ਉਹ ਫਾਂਟਾ ਵਾਲੇ ਕਛਿਹਰੇ ‘ਤੇ ਹੱਥ ਫੇਰ ਕੇ ਕਹਿਣ ਲੱਗਾ, “ਤੂੰ ਗਾਇਕਾਂ ‘ਚ ਰਿਹੈਂ ਪਰ ਫਕੀਰਾਂ ਦੇ ਵਸਤਰ ਤੂੰ ਪਹਿਲੀ ਵਾਰ ਵੇਖੇ ਹੋਣੇ ਨੇ”, ਤੇ ਨਾਲ ਹੀ ਹੱਸ ਪਿਆ ਕਿ ਕਾਲੀਆਂ ਲੱਤਾਂ ਤੇ ਚਿੱਟੀਆਂ ਫੱਟੀਆਂ ਵਾਲਾ ਕਛਿਹਰਾ ਊਂ ਫਬਦਾ ਤਾਂ ਚੰਗਾ ਪਰ ਮੈਂ ਜ਼ਿੰਦਗੀ ਦੀ ਉਹ ਤੂੰਬੀ ਵਜਾਈ ਐ ਜਿਹਦੀ ਤਾਰ ਤਾਂ ਮਜ਼ਬੂਤ ਸੀ ਪਰ ਤੂੰਬੀ ਦੀ ਘੋੜੀ ਲੱਭੀ ਹੀਂ ਨਹੀਂ ਸਾਰੀ ਉਮਰ। ਉਹ ਮੈਨੂੰ ਕਹਿੰਦਾ ਰਿਹਾ ਕਿ ਅੱਜ ਰਾਤ ਰੁਕ, ਆਪਾਂ ਗਾਇਕੀ ਦੇ ਮਹਾਂਭਾਰਤ ਦੀ ਗੱਲ ਕਰਾਂਗੇ। ਪਰ ਉਹ ਹਉਕਾ ਲੈ ਕੇ ਫਿਰ ਓਦਰ ਗਿਆ ਇਹ ਆਖ ਕੇ ਕਿ ਪੰਜਾਬੀ ਗਾਇਕੀ ਲਈ ਆਉਣ ਵਾਲਾ ਸਮਾਂ ਸਿਰਫ ਨੋਟਾਂ ਵਾਲਾ ਹੋਵੇਗਾ। ਤੇ ਜਿਸ ਕੰਮ ਲਈ ਸਿਰਫ ਪੈਸਾ ਮਿਲੇ, ਉਸ ਕੰਮ ਦਾ ਮਿਆਰ ਡਿੱਗ ਹੀ ਪੈਣਾ ਹੁੰਦਾ ਹੈ ਕਿਉਂਕਿ ਸੰਗੀਤ ਇਬਾਦਤ ਹੈ, ਵਪਾਰ ਨਹੀਂ। ਇਹ ਮੈਨੂੰ ਦੁੱਖ ਰਹੇਗਾ ਕਿ ਕਾਸ਼ ਉਦਣ ਮੈਂ ਰੁਕ ਜਾਂਦਾ ਤੇ ਕਹਿ ਸਕਦਾ ਕਿ ਮੈਂ ਵੀ ਹਾਕਮ ਦੇ ਘਰ ਦੀਆਂ ਖਾਧੀਆਂ।
1993 ਦੇ ਸ਼ੌਂਕੀ ਮੇਲੇ ‘ਚ ਅਸੀਂ ਉਸ ਦਾ ਸਨਮਾਨ ਕਰਨ ਦਾ ਫੈਸਲਾ ਲਗਭਗ ਲੈ ਹੀ ਲਿਆ ਸੀ, ਪਰ ਚਰਨਜੀਤ ਆਹੂਜਾ ਦੇ ਇਸ ਮੇਲੇ ‘ਚ ਆਉਣ ਕਰਕੇ ਕੁਝ ਸ਼ਰਤੀਆ ਸਮਝੌਤਾ ਮੈਨੂੰ ਕਰਨਾ ਪੈ ਗਿਆ। ਜਿਸ ਕਾਰਨ ਮਾਮਲਾ ਢਿੱਲਾ ਪੈ ਗਿਆ। ਹੁਸ਼ਿਆਰਪੁਰ ਦੇ ਤਤਕਾਲੀ ਡਿਪਟੀ ਕਮਿਸ਼ਨਰ ਗੁਰਮੇਲ ਸਿੰਘ ਬੈਂਸ ਹਾਕਮ ਸੂਫੀ ਦੇ ਕਾਫੀ ਉਪਾਸ਼ਕ ਸਨ ਤੇ ਉਨ੍ਹਾਂ ਦਾ ਵਾਰ ਵਾਰ ਇਸ ਮੇਲੇ ‘ਤੇ ਹਾਕਮ ਨੂੰ ਲੈ ਕੇ ਆਉਣ ਬਾਰੇ ਕਹਿਣਾ ਮੇਰੇ ਲਈ ਨਾ ਸਿਰਫ ਹਾਕਮ ਨਾਲ ਮੁਹੱਬਤ ਦਾ ਪ੍ਰਤੀਕ ਸੀ ਸਗੋਂ ਮੇਲੇ ਦੀ ਵਡਿਆਈ ਦਾ ਵੀ ਖਾਸ ਮਹੱਤਵ ਸੀ।
ਮੇਲੇ ‘ਚ ਤਾਂ ਉਹ ਨਹੀਂ ਆ ਸਕਿਆ ਪਰ ਉਹ ਮੇਰੇ ਕੋਲ ਫਿਰ ਘਰ ਆਇਆ। ਮਾਰਚ ਮਹੀਨਾ, ਚੌਦਾਂ ਤਰੀਕ, ਉਹ ਬੰਗੇ ਬੱਸ ਅੱਡੇ ‘ਤੇ ਬੱਸੋਂ ਉਤਰਿਆ, ਉਹਦੇ ਹੱਥ ‘ਚ ਨਿੱਕਾ ਜਿਹਾ ਬੈਗ ਸੀ, ਦੂਜੇ ਹੱਥ ਵਿਚ ਓਸ਼ੋ ਦੀ ਪੁਸਤਕ ‘ਕੀ ਈਸ਼ਵਰ ਮਰ ਗਿਆ ਹੈ?’ ਸੀ। ਉਹ ਕਿਤਾਬ ਸਣੇ ਮੇਰੇ ਗਲ ਲੱਗ ਕੇ ਮਿਲਿਆ ਤੇ ਇਸ ਤਰ੍ਹਾਂ ਦਾ ਕੋਈ ਅਹਿਸਾਸ ਨਹੀਂ ਹੋ ਰਿਹਾ ਸੀ ਕਿ ਮੈਂ ਆਪਣੇ ਸਕੂਟਰ ‘ਤੇ ਕਿਸੇ ਗਾਇਕ ਨੂੰ ਲੈਣ ਆਇਆ ਹਾਂ ਸਗੋਂ ਇੱਦਾਂ ਲੱਗਦਾ ਸੀ, ਜਿਵੇਂ ਕੋਈ ਜੋਗੀ ਪਹਾੜੋਂ ਉਤਰਨ ਦੀ ਬਜਾਏ ਪਹਾੜ ਚੜ੍ਹਨ ਲੱਗ ਪਿਆ ਹੋਵੇ। ਫਿਰ ਮੇਰੇ ਕੋਲ ਉਹ ਚਾਰ ਦਿਨ ਰਿਹਾ। ਤੇ ਇਹ ਵੀ ਉਹੀ ਦਿਨ ਸਨ ਜਦੋਂ ‘ਮੇਰੇ ਦਿਲ ਦਾ ਖਿਡੌਣਾ ਨਾਲ ਲੈ ਜਾ, ਕਦੇ ਕਦੇ ਖੇਡ ਲਿਆ ਕਰੀਂ’ ਵਾਲਾ ਨਿਰਮਲ ਸਿੱਧੂ ਵੀ ਅਖਬਾਰਾਂ ਅਤੇ ਦੂਰਦਰਸ਼ਨ ‘ਤੇ ਬਰੇਕ ਲੈਣ ਲਈ ਕਈ ਕਈ ਦਿਨ ਸਾਡੇ ਘਰ ਆ ਕੇ ਠਹਿਰਦਾ ਹੁੰਦਾ ਸੀ।
ਹਾਕਮ ਕਿਉਂਕਿ ਡਰਾਇੰਗ ਟੀਚਰ ਸੀ, ਕਲਾ ਹੱਥਾਂ ‘ਚ ਵੀ, ਰਗਾਂ ‘ਚ ਵੀ ਜਾਂ ਇਉਂ ਕਿ ਉਹ ਗੱਲ ਸੱਚੀ ਹੋ ਰਹੀ ਹੋਵੇ ਕਿ ‘ਅੰਦਰ ਤੂੰ ਏ ਬਾਹਰ ਤੂੰ ਏ’ ਤੇ ਹਾਕਮ ਨੂੰ ਵੀ ਉਸ ਦਿਨ ਪਹਿਲੀ ਵਾਰ ਪਤਾ ਲੱਗਾ ਸੀ ਕਿ ਮੈਂ ਵੀ ਅਧਿਆਪਕ ਹਾਂ ਪਰ ਉਹ ਇਹ ਸੋਚ ਕੇ ਹੋਰ ਵੀ ਅਚੰਭੇ ‘ਚ ਪੈ ਗਿਆ ਸੀ ਕਿ ਸ਼ਬਦਾਂ ਨਾਲ ਚੱਤੋਪਹਿਰ ਖੇਡਣ ਵਾਲਾ ਬੰਦਾ ਮਕੈਨੀਕਲ ਇੰਜੀਨੀਅਰਿੰਗ ਦਾ ਅਧਿਆਪਕ ਹੈ! ਮੈਂ ਉਹਨੂੰ ਹੱਸ ਕੇ ਕਿਹਾ ਕਿ ‘ਕਈ ਰੋਟੀਆਂ ਤਵੇ ‘ਤੇ ਨਹੀਂ ਪੱਕਦੀਆਂ ਹੁੰਦੀਆਂ, ਉਨ੍ਹਾਂ ਨੂੰ ਪਾਥੀਆਂ ਦੇ ਸਿੱਧੇ ਸੇਕ ਨਾਲ ਹੀ ਰਾੜਿਆ ਜਾਣਾ ਹੁੰਦਾ ਹੈ।’
ਖਾਸ ਗੱਲ ਇਹ ਸੀ ਕਿ ਉਹ ਜਿੰਨੇ ਦਿਨ ਮੇਰੇ ਕੋਲ ਰਿਹਾ, ਦੇਖੋ ਉਹਦੀ ਖੁਰਾਕ ਕੀ ਹੁੰਦੀ ਸੀ? ਸਵੇਰ ਨੂੰ ਚਾਹ ਨਾਲ ਇਕ ਪਰੌਂਠਾ ਤੇ ਉਤੇ ਅੰਬ ਦਾ ਆਚਾਰ, ਦੁਪਹਿਰ ਨੂੰ ਦੋ ਪ੍ਰਸ਼ਾਦੇ ਮਸਰਾਂ ਦੀ ਜਾਂ ਮਾਂਹ ਦੀ ਦਾਲ ਨਾਲ, ਰਾਤ ਨੂੰ ਚੌਲਾਂ ਦੀ ਬੁਰਕੀ। ਪਰ ਇਹ ਹੁੰਦਾ ਸੀ ਕਿ ਉਹ ਮਿੱਠੇ ਤੇ ਪੀਲੇ ਰੰਗ ਦੇ ਚੌਲ ਖਾਣ ਦਾ ਸ਼ੌਕੀਨ ਸੀ ਅਤੇ ਆਖ ਦਿੰਦਾ ਸੀ, ਦੇਗ ਹੀ ਬਣਾ ਲਵੋ। ਅੱਜ ਇਸ ਭੇਦ ਨੂੰ ਵੀ ਖੋਲ੍ਹਣਾ ਚਾਹੁੰਦਾ ਹਾਂ ਕਿ ਮੇਰੇ ਕੋਲ ਇੰਨੇ ਦਿਨ ਰਹਿਣ ਦਾ ਉਹਦਾ ਮੁੱਖ ਮਕਸਦ ਮੈਨੂੰ ਓਸ਼ੋ ਦਾ ਚੇਲਾ ਬਣਾਉਣਾ ਸੀ। ਉਹ ਧੱਕੇ ਨਾਲ ਮੇਰੇ ਗਲ ਚਾਰ ਦਿਨ ਮਾਲਾ ਵੀ ਪਾਉਂਦਾ ਰਿਹਾ ਪਰ ਉਹ ਆਪਣੇ ਯਤਨਾਂ ਵਿਚ ਸਫਲ ਨਾ ਹੋ ਸਕਿਆ। ਹਾਲਾਂਕਿ ‘ਇਕ ਓਂਕਾਰ’ ਤੋਂ ਲੈ ਕੇ ‘ਅਕਥ ਕਹਾਣੀ ਪ੍ਰੇਮ ਕੀ’ ਤੇ ‘ਸੰਭੋਗ ਤੋਂ ਸਮਾਧੀ ਤੱਕ’ ਵਰਗੀਆਂ ਗਿਆਰਾਂ ਪੁਸਤਕਾਂ ਓਸ਼ੋ ਦੀਆਂ ਮੈਂ ਹਾਕਮ ਸੂਫੀ ਦੇ ਕਹਿਣ ‘ਤੇ ਹੀ ਪੜ੍ਹੀਆਂ। ਓਸ਼ੋ ਦਾ ਨਾ ਵੀ ਅਸਰ ਹੋਇਆ ਹੋਵੇ ਪਰ ਜੀਵਨ ਫਿਲਾਸਫੀ ਦਾ ਇਕ ਵੱਖਰਾ ਰੰਗ ਇਨ੍ਹਾਂ ਕਿਤਾਬਾਂ ‘ਚੋਂ ਮੈਂ ਸਿਰਫ ਹਾਕਮ ਕਰਕੇ ਹੀ ਹਾਸਲ ਕਰ ਸਕਿਆ ਹਾਂ।
1996 ਵਿਚ ਸ਼ੌਂਕੀ ਮੇਲੇ ‘ਤੇ ਸਨਮਾਨ ਕਰਨ ਦਾ ਫੈਸਲਾ ਮੈਂ ਉਦੋਂ ਲੈ ਸਕਿਆ ਜਦੋਂ ਸ਼ੌਂਕੀ ਮੇਲੇ ਦੀਆਂ ਦੋਵੇਂ ਲੱਤਾਂ ਢਾਡੀ ਅਮਰ ਸਿੰਘ ਸ਼ੌਂਕੀ ਦੇ ਮੁੰਡੇ ਵਿਰੋਧੀਆਂ ਨੂੰ ਨਾਲ ਲੈ ਕੇ ਉਵੇਂ ਖਿੱਚਣ ਲੱਗ ਪਏ ਸਨ ਜਿਵੇਂ ਮਾੜੀ ਟੀਮ ਰੱਸਾ ਕਸ਼ੀ ਲਈ ਐਂਟਰੀ ਕਰਵਾ ਬਹਿੰਦੀ ਹੈ। ਮੈਨੂੰ ਯਾਦ ਹੈ, ਉਸ ਵੇਲੇ ਗੜ੍ਹਸ਼ੰਕਰ ਦੇ ਐਸ ਡੀ ਐਮ ਬਲਵਿੰਦਰ ਸਿੰਘ ਮੁਲਤਾਨੀ ਸਨ। ਮੈਂ ਮੇਲਾ ਛੱਡਣ ਦੇ ਰੌਂਅ ‘ਚ ਸੀ ਪਰ ਮੈਨੂੰ ਮੁਲਤਾਨੀ ਕਹਿਣ ਲੱਗਾ ਕਿ “ਲੋਕਾਂ ‘ਚ ਮੇਲਾ ਲਾਇਆ, ਤੈਨੂੰ ਲੋਕਾਂ ‘ਚ ਜਾ ਕੇ ਹੀ ਛੱਡਣਾ ਚਾਹੀਦਾ।”
ਉਸ ਸਾਲ ਮੈਂ 28-29 ਦੀ ਥਾਂ ਮੈਂ 27 ਜਨਵਰੀ ਨੂੰ ਇਕ ਦਿਨਾ ਮੇਲਾ ਲਾਇਆ ਤੇ ਇਸ ਮੇਲੇ ‘ਚ ਹਾਕਮ ਸੂਫੀ ਦਾ ਸਨਮਾਨ ਕਰਨ ‘ਚ ਸਫਲ ਹੋ ਹੀ ਗਿਆ। ਖਾਸ ਗੱਲ ਇਹ ਸੀ ਕਿ ਇਸ ਮੇਲੇ ‘ਚ ਸਰਦੂਲ ਸਕੰਦਰ ਵੀ ਆਇਆ, ਅਮਰ ਨੂਰੀ ਵੀ, ਕਮਲਜੀਤ ਨੀਰੂ ਵੀ, ਪੰਮੀ ਬਾਈ ਵੀ, ਤੇ ਗੁਰਕਿਰਪਾਲ ਸੂਰਾਪੁਰੀ ਵੀ। ਹਾਕਮ ਦੇ ਸਨਮਾਨ ਉਪਰੰਤ ਜਦੋਂ ਮੈਂ ਮੇਲਾ ਛੱਡਣ ਦੇ ਐਲਾਨ ਕਰਨ ਵੇਲੇ ਇਹ ਕਿਹਾ ਕਿ ਦਿੱਲੀ ਦਾ ਏਅਰਪੋਰਟ ਜੇ ਇੰਦਰਾ ਗਾਂਧੀ ਦੇ ਨਾਮ ‘ਤੇ ਬਣਿਆ ਹੋਇਐ ਤਾਂ ਇਹ ਇਕ ਸ਼ਰਧਾ ਜਾਂ ਸਮਰਪਣ ਹੈ ਤੇ ਜੇ ਸੋਨੀਆਂ ਗਾਂਧੀ ਜਾਂ ਨਹਿਰੂ ਪਰਿਵਾਰ ਜਾ ਕੇ ਕਹੇ ਕਿ ਏਅਰਪੋਰਟ ਸਾਡਾ ਹੈ, ਸਾਨੂੰ ਦਿਓ ਤਾਂ ਮੈਂ ਸਮਝਦਾਂ ਕਿ ਲੋਕ ਮੂਰਖਤਾ ਦੇ ਹੱਕ ‘ਚ ਰੱਜ ਕੇ ਤਾੜੀਆਂ ਵਜਾਉਣਗੇ, ਅੱਗੋਂ ਤੋਂ ਮੈਂ ਇਸ ਇਕੱਠ ਵਿਚ ਲੋਕਾਂ ਨੂੰ ਇਹ ਕਹਾਂਗਾ ਕਿ ਜੇ ਕੋਈ ਮੇਲਾ ਲਾਵੇ ਤਾਂ ਆਪੋ ਆਪਣੇ ਪਿਓ ਦੇ ਨਾਂ ‘ਤੇ ਹੀ ਲਾ ਲੈਣਾ ਚਾਹੀਦਾ ਹੈ। ਜਿੰਨੀ ਮਿਹਨਤ ਮੈਂ ਇਸ ਮੇਲੇ ਲਈ ਕੀਤੀ ਹੈ, ਇਸ ਮੇਲੇ ਦਾ ਨਾਂ ‘ਗਧਾ ਮੇਲਾ’ ਵੀ ਰੱਖ ਲੈਂਦਾ ਤਾਂ ਵੀ ਸਫਲ ਹੋ ਜਾਣਾ ਸੀ।
ਮੈਨੂੰ ਭਾਵੁਕ ਹੋਏ ਨੂੰ ਵੇਖ ਕੇ ਹਾਕਮ ਪੰਡਾਲ ਵਿਚੋਂ ਸਿੱਧਾ ਸਟੇਜ ‘ਤੇ ਆਇਆ। ਮਾਈਕ ਹੱਥ ‘ਚੋਂ ਖਿੱਚ ਲਿਆ। ਉਹਦੇ ਸ਼ਬਦਾਂ ਦੀ ਇਬਾਰਤ ਦੇਖੋ, “ਸਾਡੇ ਵਰਗੇ ਫੱਕਰਾਂ ਨਾਲ ਰਹਿਣ ਵਾਲਾ ਅਸ਼ੋਕ ਅੱਜ ਮੈਂ ਪਹਿਲੀ ਵਾਰ ਓਦਰਿਆ ਵੇਖਿਆ ਹੈ। ਬਾਬਿਆਂ ਨੂੰ ਹੋ ਪਤਾ ਨਹੀਂ ਕੀ ਗਿਆ! ਪਰ ਜੇ ਅੱਗੇ ਤੋਂ ਵੀ ਮੇਲਾ ਲਾਉਣਾ ਚਾਹੇ ਤਾਂ ਮੈਂ ਤਾਂ ਕੀ ਹਰ ਰਾਗੀ, ਢਾਡੀ, ਗਵੱਈਆ, ਗੀਤਕਾਰ, ਸੰਗੀਤਕਾਰ ਤੇ ਸਾਜ਼ੀ-ਸਾਜਿੰਦਾ ਬਾਬਿਆਂ ਨਾਲ ਖੜਾ ਰਹੇਗਾ।” ਤੇ ਮਾਈਕ ਉਹਨੇ ਪਿੱਠ ਵੱਲ ਕਰਕੇ ਖੱਬੀ ਬਾਂਹ ਮੇਰੇ ਗਲ ‘ਚ ਪਾ ਕੇ ਆਪਣੇ ਗਲ ਨਾਲ ਲਾ ਲਿਆ ਤੇ ਮੱਥਾ ਚੁੰਮ ਕੇ ਇਕ ਲੰਬੀ ਹੇਕ ‘ਚ ਗੀਤ ਵਾਂਗ ਕਹਿਣ ਲੱਗਾ, “ਤੂੰ ਯਾਰ ਅਸਾਡਾ ਏਂ ਅਸੀਂ ਤੇਰੇ ਯਾਰ ਕਹਾਵਾਂਗੇ, ਜਿਥੇ ਵੀ ਆਖੇਂਗਾ ਜਿੰਦ ਘੋਲ ਘੁਮਾਵਾਂਗੇ।”
ਮੇਲਾ ਛੱਡਣ ਦੇ ਦੁੱਖ ਨਾਲੋਂ ਜਿਸ ਗੱਲ ਦਾ ਮੈਨੂੰ ਸਕੂਨ ਮਿਲਦਾ ਰਿਹਾ ਉਹ ਇਹ ਕਿ ਹਾਕਮ ਸੂਫੀ ਵਰਗੀਆਂ ਅਨੇਕਾਂ ਮਹਾਨ ਸੁਰਾਂ ਮੇਰੇ ਸੱਜੇ-ਖੱਬੇ ਹੀ ਨਹੀਂ ਅੱਗੜ-ਪਿੱਛੜ ਵੀ ਰਹੀਆਂ ਹਨ।
ਇਹ ਕਹਾਣੀ ਕੁਝ ਸਾਲ ਹੀ ਪੁਰਾਣੀ ਹੈ। ਹਾਕਮ ਨੇ ਇਕ ਗੀਤ ਰਿਕਾਰਡ ਕਰਵਾਇਆ ‘ਵਟਣਾ’ ਜਿਸ ਦਾ ਮੁਖੜਾ ਸੀ:
ਵਟਣਾ ਮਲ ਕੁੜੀਏ
ਤੇਰਾ ਰੂਪ ਨਿਖਰਦਾ ਜਾਵੇ
ਇਹ ਵਟਣਾ ਤੇਰੇ ਸੋਹਣੇ ਵਰਗਾ
ਮਹਿੰਦੀ ਵੀ ਸ਼ਰਮਾਵੇæææ
ਇਸ ਗੀਤ ਨੂੰ ਜੇ ਹੁਣ ਵੀ ਧਿਆਨ ਨਾਲ ਸੁਣੋਗੇ ਤਾਂ ਥੋਨੂੰ ਲੱਗੇਗਾ ਕਿ ਵਰਤਮਾਨ ਯੁੱਗ ਵਿਚ ਪੰਜਾਬੀ ਗੀਤਾਂ ਨੂੰ ਲੋਕ ਗੀਤਾਂ ਵਾਂਗ ਜਿਉਂਦੇ ਰੱਖਣ ਦਾ ਉਹ ਸੰਕਲਪ ਹਾਕਮ ਸੂਫੀ ਦੇ ਇਸ ਗੀਤ ‘ਚ ਹੈ। ਉਹ ਚਾਹੁੰਦਾ ਸੀ ਕਿ ਇਸ ਦਾ ਫਿਲਮਾਂਕਣ ਬਹੁਤ ਚੰਗੀ ਤਰ੍ਹਾਂ ਹੋਵੇ। ਪਰ ਜਿਵੇਂ ਕਹਿੰਦੇ ਨੇ ਕਿ ਗਰੀਬ ਦੇ ਪੈਰ ‘ਚ ਫੋੜਾ ਨਿਕਲ ਆਵੇ ਤਾਂ ਸਫਰ ਵੀ ਤੇ ਜ਼ਿੰਦਗੀ ਵੀ-ਦੋਵੇਂ ਉਖੜ ਜਾਂਦੇ ਨੇ। ਇਸ ਗੀਤ ਦਾ ਫਿਲਮਾਂਕਣ ਤਾਂ ਹੋਇਆ ਪਰ ਉਵੇਂ ਜਿਵੇਂ ਰੱਜ ਕੇ ਸੁਨੱਖੀ ਕੁੜੀ ਨੂੰ ਡੋਲੀ ਤੋਰਨ ਵੇਲੇ ਲਾਲ ਸੂਟ ਨਾ ਨਸੀਬ ਹੋਇਆ ਹੋਵੇ। ਫੋਨ ‘ਤੇ ਹੋਈ ਗੱਲਬਾਤ ‘ਚ ਉਹ ਮੈਨੂੰ ਕਹਿੰਦਾ ਰਿਹਾ ਕਿ ਤੂੰ ਇਸ ਗੀਤ ਵੱਲ ਤਵੱਕੋਂ ਦੇਹ ਪਰ ਮੈਨੂੰ ਦੁੱਖ ਹੈ ਕਿ ਯਾਰ ਦੇ ਪਹਿਲੇ ਸਵਾਲ ਦਾ ਮੈਂ ਸਹੀ ਉਤਰ ਨਹੀਂ ਦੇ ਸਕਿਆ।
ਸ਼ੂਗਰ ਦੀ ਬਿਮਾਰੀ ਨੇ ਦੁਨੀਆਂ ਦੀ ਬਹੁਗਿਣਤੀ ਉਵੇਂ ਘੇਰ ਲਈ ਹੈ ਜਿਵੇਂ ਅਫਗਾਨਿਸਤਾਨ ਨੂੰ ਤਾਲਿਬਾਨਾਂ ਨੇ ਘੇਰ ਲਿਆ ਹੈ। ਕਿਉਂਕਿ ਇਹ ਉਹ ਬਿਮਾਰੀ ਹੈ ਜਿਹੜੀ ਬੰਦੇ ਨੂੰ ਅਦਰੋਂ ਵੀ ਤੇ ਬਾਹਰੋਂ ਵੀ ਖਾ ਜਾਂਦੀ ਹੈ, ਤੇ ਧਾਹ ਇਸ ਕਰਕੇ ਨਿਕਲਦੀ ਹੈ ਕਿ ਇਸੇ ਬਿਮਾਰੀ ਨੇ ਸਾਡੇ ਯਾਰ, ਸਾਡੇ ਮਿੱਤਰ, ਸਾਡੇ ਭਰਾ, ਇਕ ਸੰਤ, ਇਕ ਫਕੀਰ ਦੀ ਜ਼ਿੰਦਗੀ ਵਾਂਗ ਕਲਾ ਵੀ ਨਿਗਲ ਲਈ ਹੈ। ਜਿਸ ਦਿਨ ਉਸ ਨੇ ਆਖਰੀ ਸਾਹ ਲਿਆ, ਲਗਦਾ ਨਹੀਂ ਸੀ ਕਿ ਉਹ ਉਹੀ ਹਾਕਮ ਸੂਫੀ ਹੈ ਜਿਹੜਾ ਛੱਲਾ ਤੇ ਪਾਣੀ ਵਿਚ ਡੀਕਾਂ ਮਾਰਨ ਵਾਲੀਆਂ ਗੱਲਾਂ ਧੁਨਾਂ ਰਾਹੀਂ ਸੁਣਾਉਂਦਾ ਰਿਹਾ ਹੋਵੇ।
ਹਾਕਮ ਸੂਫੀ ਮੇਰੇ ਤੋਂ ਉਮਰ ‘ਚ ਸਿਰਫ ਦਸ ਸਾਲ ਵੱਡਾ ਸੀ। ਪਰ ਮੈਂ ਸਿੱਖਿਆ ਉਹਦੇ ਤੋਂ ਉਹ ਕੁਝ ਹੈ ਜੋ ਕਈ ਸੌ ਸਾਲਾਂ ਦੀ ਉਮਰਾਂ ਵਾਲੇ ਲੋਕਾਂ ਤੋਂ ਹਾਸਲ ਹੁੰਦਾ ਹੈ।
ਕਈ ਵਾਰ ਰਾਹਾਂ ‘ਚ ਲਿਖਿਆ ਹੁੰਦਾ ਹੈ, ‘ਬਚ ਕੇ ਅੱਗੇ ਕੂਹਣੀ ਮੋੜ ਹੈ’ ਪਰ ਧਰਾਤਲੀ ਰਸਤਿਆਂ ਤੋਂ ਤਾਂ ਤੁਸੀਂ ਸੰਭਲ ਸਕਦੇ ਹੋ ਪਰ ਮਨੁੱਖ ਨਹੀਂ ਜਾਣਦਾ ਕਿ ਜ਼ਿੰਦਗੀ ਰੋਜ਼ ਹੀ ਕੂਹਣੀ ਮੋੜ ‘ਤੇ ਖੜੀ ਹੁੰਦੀ ਹੈ, ਪਤਾ ਨਹੀਂ ਮੌਤ ਦੀ ਗੱਡੀ ਕਿਧਰੋਂ ਆਣ ਕੇ ਟਕਰਾ ਜਾਵੇ। ਇਸੇ ਕੂਹਣੀ ਮੋੜ ਦਾ ਸ਼ਿਕਾਰ ਹਾਕਮ ਸੂਫੀ ਹੋ ਗਿਐ ਉਹ ਵੀ ਉਸ ਉਮਰੇ ਜਿਸ ਉਮਰੇ ਕਿਸੇ ਦੇ ਜਾਣ ਦੀਆਂ ਸੰਭਾਵਨਾਵਾਂ ਘੱਟ ਹੀ ਹੁੰਦੀਆਂ ਨੇ। ਕਹਿ ਸਕਦੇ ਹਾਂ ਕਿ ਰੱਬ ਜਾਂ ਧਰਮਰਾਜ ਗੁਣਵਾਨ ਤੇ ਕਲਾਕਾਰ ਲੋਕਾਂ ਨੂੰ ਵੀ ‘ਖਾਸ ਰਿਆਇਤਾਂ’ ਨਹੀਂ ਦਿੰਦਾ।
ਮੈਨੂੰ ਮਾਣ ਰਹੇਗਾ ਕਿ ਉਸ ਹਾਕਮ ਸੂਫੀ ਦੀ ਗੱਲ ਕਰਕੇ ਹਟਿਆ ਹਾਂ, ਉਸ ਹਾਕਮ ਸੂਫੀ ਨਾਲ ਰਹਿੰਦਾ ਰਿਹਾਂ ਹਾਂ, ਜਿਹਨੂੰ ਨਾਵਾਕਿਫ ਲੋਕ ਉਹਦੇ ਗੀਤਾਂ ਕਰਕੇ ਵੀ ਜਾਣਦੇ ਹਨ, ਤੇ ਸਹਿਜ ਸੁਭਾਅ ‘ਮੱਲਕ ਦੇਣੀ’ ਕਹਿ ਦਿੰਦੇ ਨੇ ਹਾਕਮ ਗੁਰਦਾਸ ਦਾ ਉਸਤਾਦ ਹੈ।
ਹਾਕਮ ਸੂਫੀ ਜ਼ਿੰਦਾ ਹੈ ਅਤੇ ਜ਼ਿੰਦਾਬਾਦ ਰਹੇਗਾ। ਮੌਤ ਨੇ ਸਰੀਰਾਂ ਨੂੰ ਤਾਂ ਖਾਣਾ ਹੀ ਹੁੰਦਾ ਹੈ।
ਗੱਲ ਬਣੀ ਕਿ ਨਹੀਂ?
ਐਸ਼ ਅਸ਼ੋਕ ਭੌਰਾ
ਅੱਜ ਕੱਲ
ਬੁੱਲ੍ਹਾਂ ਤੋਂ ਜੋ ਸ਼ਾਂਤ ਬੜੇ ਨੇ, ਆਹਰੇ ਲਾਉਂਦੇ ਅੱਖਾਂ ਨੂੰ,
ਤਾਹੀਓਂ ਅੱਜ ਕੱਲ ਮਚਣਾ ਪੈਂਦਾ, ਬਿਨ ਤੀਲੀ ਤੋਂ ਕੱਖਾਂ ਨੂੰ।
ਲੂਤੀ ਲਾਈ ਫਿਰ ਨਾ ਲੱਭੀ, ਊਂ ਤਾਂ ਬੜੀ ਸਿਆਣੀ ਸੀ,
ਭਾਨ ਟਕੇ ਦੀ, ਕਰਨ ਇਸ਼ਾਰੇ, ਲੱਗ ਪਈ ਅੱਜ ਕਲ ਲੱਖਾਂ ਨੂੰ।
ਨਰਮ ਗੰਨੇ ਦੀ ਪੋਰੀ ਵੀ ਹੁਣ, ਰਹਿੰਦੀ ਭਰੀ ਕੁੜਿੱਤਣ ਨਾਲ,
ਤਾਹੀਂਓ ਕਹਿਣ ਨੂੰ ਚਿੱਤ ਨ੍ਹੀਂ ਕਰਦਾ, ਕੌੜਾ ਅੱਜ ਕੱਲ ਅੱਕਾਂ ਨੂੰ।
ਹਉਮੈ ਦਾ ਜੋ ਚੜ੍ਹਿਆ ਤੇਈਆ, ਅੰਦਰੋਂ ਬੰਦੇ ਮਾਰ ਰਿਹਾ ਏ,
ਖੋਰਾ ਅੱਜ ਕਲ ਲੱਗ ਸਕਦਾ ਏ, ਉਸ ਡਾਢੇ ਦੀਆਂ ਰੱਖਾਂ ਨੂੰ।
ਕਤਲ ਕਿਸੇ ਦਾ ਮੁਜ਼ਰਮ ਕੋਈ, ਮੁਨਸਫ ਨੂੰ ਕੀ ਹੋ ਗਿਆ ਏ?
ਜਿਹੜਾ ਫਾਹੇ ਟੰਗਦਾ ਅੱਜ ਕੱਲ, ਬਿਨ ਘੋਖੇ ਹੀ ਪੱਖਾਂ ਨੂੰ।
ਆਪਣਾ ਦੀਨ ਇਮਾਨ ਨ੍ਹੀਂ ਕੋਈ, ਠੀਕਰੀ ਪਹਿਰਾ ਬੀਵੀ ‘ਤੇ,
ਕਿਸ ਚੁੱਲ੍ਹੇ ਵਿਚ ਫੂਕ ਦਿਆਂਗੇ, ਅੱਜ ਕੱਲ ਐਸੀਆਂ ਸ਼ੱਕਾਂ ਨੂੰ।
ਮੱਖੀ ਦੇ ਹੀ ਬਹਿਣ ‘ਤੇ ḔਭੌਰੇḔ, ਬੇਕਾਬੂ ਹੋ ਜਾਂਦੇ ਸੀ,
ਅੱਜ ਕੱਲ ਰਤਾ ਵੀ ਫਰਕ ਨ੍ਹੀਂ ਪੈਂਦਾ, ਐਸੇ ਮੂੰਹ ਤੇ ਨੱਕਾਂ ਨੂੰ।