ਕੰਧ ਐਰੇ ‘ਤੇ ਹੀ ਜਾਸੀ

‘ਕੰਧ ਐਰੇ ‘ਤੇ ਹੀ ਜਾਸੀ’ ਨਾਂ ਦੇ ਇਸ ਲੇਖ ਵਿਚ ਕਾਨਾ ਸਿੰਘ ਨੇ ਲੋਕ ਮੁਹਾਵਰਿਆਂ ਅਤੇ ਅਖਾਣਾਂ ਦੇ ਜ਼ਰੀਏ ਆਪਣੀਆਂ ਕੁਝ ਪਸੰਦੀਦਾ ਗੱਲਾਂ-ਬਾਤਾਂ ਸਾਂਝੀਆਂ ਕੀਤੀਆਂ ਹਨ। ਉਹ ਅਖਾਣ ਦੀ ਇਕ ਲੜੀ ਫੜ ਕੇ ਉਸ ਦੇ ਆਲੇ-ਦੁਆਲੇ ਆਪਣੇ ਸ਼ਬਦਾਂ ਦਾ ਤਾਣਾ ਬੁਣਦੀ ਚਲੀ ਜਾਂਦੀ ਹੈ।

ਅਜਿਹਾ ਕਰਦਿਆਂ ਉਸ ਦਾ ਸਹਿਜ ਅਤੇ ਸੁਹਜ ਦੇਖਣ ਹੀ ਵਾਲਾ ਹੁੰਦਾ ਹੈ। ਉਹ ਆਪਣੀ ਹਰ ਰਚਨਾ ਵਿਚ ਇਸੇ ਸੁਹਜ ਤੇ ਸਹਿਜ ਦੇ ਗੂੜ੍ਹੇ ਰੰਗ ਭਰਦੀ ਹੈ ਅਤੇ ਆਪਣੇ ਪਾਤਰਾਂ ਤੇ ਘਟਨਾਵਾਂ ਨੂੰ ਤਰਤੀਬ ਦਿੰਦੀ ਹੈ। ਇਸ ਤਰਤੀਬ ਵਿਚ ਮੌਲਦੀ-ਧੜਕਦੀ ਜ਼ਿੰਦਗੀ ਦੇ ਦਰਸ਼ਨ ਹੁੰਦੇ ਹਨ। ਇਹੀ ਕਾਨਾ ਸਿੰਘ ਦੀਆਂ ਰਚਨਾਵਾਂ ਦੀ ਖੂਬਸੂਰਤੀ ਹੈ। -ਸੰਪਾਦਕ

ਕਾਨਾ ਸਿੰਘ
ਫੋਨ:+91-95019-44944

ਬੇਜੀ ਦਾ ਇਕ ਅਖਾਣ ਹੁੰਦਾ ਸੀ, ‘ਚੇਤੇ-ਮਚੇਤੇ ਤੈ ਹੁਣ ਆ ਗਏ ਨੁ, ਸਾੜ੍ਹੇ ਵੇਲੇ ਤੈ ਘੀਸੀਆਂ ਹੀ ਸੀਆਂ।’
ਨਵੇਂ ਨਵੇਂ ਹੀਆ ਟਿਕੇਸਾਂ ਵਤਨੋਂ ਉਜੜ ਕੇ ਅਸੀਂ ਆ ਵੱਸੇ ਦਿੱਲੀ-ਸ਼ਾਹਦਰੇ ਵਿਚ। ਭਾਂਤ ਭਾਂਤ ਦੀ ਲੱਕੜੀ। ਕੋਈ ਬਹਾਵਲਪੁਰੀਆ, ਤੇ ਕੋਈ ਲਾਹੌਰੀਆ ਪਰਿਵਾਰ। ਨਾਲੋ-ਨਾਲ ਮੂਲ-ਵਸਨੀਕਾਂ ਦੇ ਹਿੰਦੀ ਭਾਸ਼ੀ ਪਰਿਵਾਰਾਂ ਨਾਲ ਮੇਲ-ਜੋਲ, ਉੱਠ-ਬੈਠ ਵੀ ਸੁਭਾਵਕ ਹੀ ਸੀ।
ਸਿਰਾਂ ਤੋਂ ਚੁੰਨੀਆਂ ਖਿਸਕਣ ਲੱਗੀਆਂ। ਪੀਢੀ-ਪੱਕੀ ਇਕ ਗੁੱਤ ਦੋ ਗੁੱਤਾਂ ਵਿਚ ਵੰਡੀਣ ਲੱਗੀ। ਨਾਸ਼ਤੇ ਵਿਚ ਪਰੌਂਠਿਆਂ ਦੀ ਥਾਂ ‘ਤੇ ਡਬਲਰੋਟੀ-ਮੱਖਣ ਵਧੇਰੇ ਪਸੰਦ ਹੋਣ ਲੱਗਾ। ਚਟਕਾਰੇ ਲਾ ਕੇ ਅਸਾਂ ਬਾਲਕਾਂ ਨੂੰ ਖਾਂਦਿਆਂ ਵੇਖ ਕੇ ਬੇਜੀ ਦੇ ਮੂੰਹੋਂ ਸਹਿਜ ਸੁਭਾਅ ਹੀ ਆਖ ਹੋ ਜਾਂਦਾ:
‘ਚੇਤੇ-ਮਚੇਤੇ ਤੈ ਹੁਣ ਆ ਗਏ ਨੁ, ਸਾੜ੍ਹੇ ਵੇਲੇ ਤੈ ਘੀਸੀਆਂ ਹੀ ਸੀਆਂ।’
“ਬੇਜੀ ਜੀ ਇਸਨਾ ਕੇ ਮਤਬਲ?”
ਉਦੋਂ ਇਹ ਅਖਾਣ ਸਾਡੇ ਪੱਲੇ ਨਹੀਂ ਸੀ ਪੈਂਦਾ। ਜੇ ਪੈਂਦਾ ਵੀ ਸੀ ਤਾਂ ਅੱਧ-ਪਚੱਧਾ ਹੀ, ਪਰ ਹੁਣ ਇਸ ਦੇ ਯਾਦ ਆਉਣ ‘ਤੇ ਖ਼ਿਆਲ ਆਉਂਦਾ ਹੈ ਕਿ ਇਸ ਵਿਚ ਤਾਂ ਸਾਡੇ ਸਮਾਜਕ ਵਰਤਾਰੇ ਦਾ ਪੂਰਾ ਇਤਿਹਾਸ ਲੁਕਿਆ ਪਿਆ ਹੈ।
ਅੱਜ ਤੋਂ ਸੌ ਸਵਾ ਸੌ ਸਾਲ ਪਹਿਲਾਂ ਗਰਾਵਾਂ-ਮੋਹੜਿਆਂ ਵਿਚ ਰਹਿੰਦੇ ਸਾਡੇ ਵੱਡੇ ਵਡੇਰੇ ਜੰਗਲ-ਪਾਣੀ ਲਈ ਬਾਹਰ ਹੀ ਤਾਂ ਜਾਇਆ ਕਰਦੇ ਸਨ। ਹੁਣ ਵੀ ਬਥੇਰੇ ਜਾਂਦੇ ਨੇ। ਪਿੰਡਾਂ ਵਿਚ ਹੀ ਨਹੀਂ, ਸ਼ਹਿਰਾਂ ਅਤੇ ਮਹਾਂਨਗਰਾਂ ਵਿਚ ਵੀ। ਜ਼ਰਾ ਰੇਲ ਦਾ ਸਫ਼ਰ ਕਰ ਕੇ ਤਾਂ ਵੇਖੋ।
ਹੁਣ ਬੇਸ਼ਕ ਪਿੰਡਾਂ ਵਿਚ ਵੀ ਸ਼ਹਿਰੀ ਸਹੂਲਤਾਂ ਉਪਲਬਧ ਹਨ, ਪਰ ਬੇਜੀ ਦਾ ਜ਼ਮਾਨਾ ਤਾਂ ਸਵਾ-ਸਦੀ ਤੋਂ ਵੀ ਪਹਿਲਾਂ ਦਾ ਹੈ। ਜੰਗਲ-ਪਾਣੀ ਜਾਂਦਿਆਂ ਪਾਣੀ ਦਾ ਲੋਟਾ ਵੀ ਘੱਟ-ਵੱਧ ਹੀ ਕੋਈ ਲਿਜਾਂਦਾ ਹੋਵੇਗਾ। ਦੂਰ ਦੂਰ, ਵਿਰਲੀਆਂ ਵਿਰਲੀਆਂ ਬਸਤੀਆਂ ਦੇ ਵਸਨੀਕ, ਨਦੀ, ਨਹਿਰ ਜਾਂ ਕੂਲ੍ਹ-ਕੱਸੀ ਦੇ ਲਾਗੇ ਚਾਗੇ ਹੀ ਫਾਰਗ ਹੁੰਦੇ ਹੋਣੇ ਨੇ। ਜੇ ਨੇੜੇ-ਤੇੜੇ ਪਾਣੀ ਨਾ ਵਗਦਾ ਹੋਵੇ ਤਾਂ ਰੇਤ-ਮਿੱਟੀ ਵਿਚ ਹੀ ਘੀਸੀ ਕਰ ਲੈਂਦੇ ਹੋਣੇ ਨੇ।
ਅੱਜ ਵੀ ਤਾਂ ਅਜਿਹੀ ਸਥਿਤੀ ਵਿਚ ਕੋਈ ਇੰਜ ਹੀ ਕਰੇਗਾ।
ਅਸਾਂ ਤਾਂ ਬਾਲ-ਵਰੇਸ ਵਿਚ ਆਪਣੇ ਗੁਜਰਖਾਨ ਦੇ ਪੱਕੇ ਘਰਾਂ ਦੇ ਧੁਰ-ਕੋਠਿਆਂ ਉਤੇ ਪੱਕੀਆਂ ਟੱਟੀਆਂ ਦਾ ਇਸਤੇਮਾਲ ਹੀ ਵੇਖਿਆ ਸੀ ਜਿਨ੍ਹਾਂ ਨੂੰ ਹਰ ਰੋਜ਼ ਮਿਹਤਰ ਦੂਹਰੀਆਂ ਤ੍ਰੇਹੜੀਆਂ ਪੌੜੀਆਂ ਚੜ੍ਹ ਕੇ ਹੂੰਝਣ ਜਾਂਦਾ ਸੀ, ਪਰ ਬੇਜੀ ਦਾ ਬਚਪਨ ਤਾਂ ਉਨ੍ਹੀਵੀਂ ਸਦੀ ਦੇ ਪਿਛਲੇਰੇ ਅੱਧ ਦਾ ਸੀ। ਉਸ ਮੁਤਾਬਕ ਉਨ੍ਹਾਂ ਦਾ ਅਖਾਣ ਸਹੀ ਹੀ ਸੀ:
‘ਚੇਤੇ-ਮਚੇਤੇ ਤੈ ਹੁਣ ਆ ਗਏ ਨੁ, ਸਾੜ੍ਹੇ ਵੇਲੇ ਤੈ ਘੀਸੀਆਂ ਹੀ ਸੀਆਂ।’
ਆਂਦੀ ਹਾਂ, ਜਾਂਦੀ ਹਾਂ, ਖਾਵਾਂਗਾ-ਪੀਵਾਂਗਾ, ਹੈਗਾ-ਨੀਘਾ, ਆਤਾ-ਜਾਤਾ, ‘ਕੇ’ ਦੀ ਥਾਂ ‘ਕੀ’ ‘ਕਿਆ’, ਮੁਝੇ-ਤੁਝੇ। ਪੋਠੋਹਾਰੀ, ਮਾਂ-ਬੋਲੀ ਦੀ ਥਾਂ ਤੇ ਠੇਠ ਪੰਜਾਬੀ ਜਾਂ ਦਿੱਲੀ ਵਾਲੀ ਹਿੰਦੀ-ਉਰਦੂ ਦੀ ਲਫ਼ਾਜ਼ੀਅਤ ਅਸਾਂ ਬਾਲਕਾਂ ਦੇ ਮੂੰਹੋਂ ਸੁਣ ਕੇ ਬੇਜੀ ਲੋਹੇ-ਲਾਖ਼ੇ ਹੋ ਜਾਂਦੇ ਜਦ ਕਿ ਉਂਜ ਹਸੂੰ ਹਸੂੰ ਕਰਦੇ, ਖੁਸ਼-ਰਹਿਣੇ, ਨਿਰਾ ਪਿਆਰ ਹੀ ਪਿਆਰ ਸਨ ਉਹ। ਅਜਿਹੇ ਵੇਲੇ ਉਹ ਸਾਨੂੰ ਮੱਤਾਂ ਦਿੰਦੇ ਹੋਏ ਆਖਦੇ:
‘ਜਾਤ ਵਟਾਈ ਚੰਗੀ ਤੈ ਬੋਲੀ ਵਟਾਈ ਮੰਦੀ।’ ਅੱਜ ਦੇ ਵਿਗਿਆਨਕ ਪੱਖ ਤੋਂ ਵੀ ਤਾਂ ਅੰਤਰਜਾਤੀ ਵਿਆਹ ਹੀ ਸਹੀ ਮੰਨੇ ਜਾਂਦੇ ਹਨ ਨਾ, ਤੇ ਬੋਲੀ ਨਾਲੋਂ ਟੁੱਟਿਆ ਬੰਦਾ ਅਨਜੜ੍ਹਿਆ ਰੁੱਖ।
ਮਾਂ-ਦਾਦੀ ਦਾ ਇਕ ਹੋਰ ਚਹੇਤਾ ਅਖਾਣ ਹੁੰਦਾ ਸੀ:
‘ਮਾਂ ਨਾ ਸੂਈ ਮਾਸੀ ਸੂਈ।’
ਮਤਲਬ, ਮਾਸੀ ਤੇ ਮਾਂ ਵਿਚ ਕੋਈ ਫਰਕ ਨਹੀਂ। ਕੀ ਹੋਇਆ ਜੇ ਮਾਂ ਸਾਡੇ ਕੋਲ ਨਹੀਂ ਤਾਂ। ਮਾਸੀ ਤਾਂ ਹੈ, ਹਰ ਮਰਜ਼ ਦੀ ਦਵਾ।
ਜੇ ਮਾਂ ਦੀ ਕੁੱਖੋਂ ਹੋਰ ਬਾਲ ਨਹੀਂ ਪੈਦਾ ਹੋ ਸਕਦਾ ਤਾਂ ਮਾਸੀ ਆਪਣਾ ਬਾਲਕ ਦੇ ਦੇਵੇਗੀ, ਜਾਂ ਉਹਦੀ ਖ਼ਾਤਰ ਇਕ ਹੋਰ ਵਿਅੰਮ ਕੱਟ ਲਵੇਗੀ।
ਕਿਸੇ ਵੱਡੀ ਭੈਣ ਦੇ ਤੁਰ ਜਾਣ ‘ਤੇ ਜੀਜੇ ਨਾਲ ਸਾਲੀ ਦਾ ਵਿਆਹ ਕਰ ਦੇਣਾ ਸਾਡੇ ਸਭਿਆਚਾਰ ਦਾ ਪ੍ਰਚੱਲਤ ਦਸਤੂਰ ਹੈ। ਮਾਸੀ, ਮਾਂ ਮਹਿੱਟਰਾਂ ਦੀ ਸਕੀ ਮਾਂ ਹੋ ਨਿੱਤਰਦੀ ਹੈ।
ਮਤਰੇਈ ਇੰਨੀ ਮਤਰੇਈ ਹੁੰਦੀ ਨਹੀਂ ਜਿੰਨੀ ਬਣਾ ਦਿੱਤੀ ਜਾਂਦੀ ਹੈ। ਮਤਰੇਈ ਦੇ ਸਫ਼ਰ ਦੀ ਸ਼ੁਰੂਆਤ ਹੀ ‘ਸੰਦੇਹ’ ਤੋਂ ਹੁੰਦੀ ਹੈ। ਸਾਡੇ ਮਹਾਂਕਾਵਿ, ਮਹਾਂਭਾਰਤ, ਰਮਾਇਣ ਅਤੇ ਕਿੱਸਾ-ਕਾਵਿ (ਪੂਰਨ), ਲੋਕ-ਸਾਹਿਤ, ਬਾਤਾਂ ਆਦਿ ਮਤਰੇਈ ਨੂੰ ਅਤਿ ਦੀ ਅਮਾਨਵੀ ਜਾਂ ਰਾਕਸ਼ੀ ਜਿਹਾ ਦਰਸਾਉਂਦੀਆਂ ਹਨ।
ਮਤਰੇਏਪਣ ਨੂੰ ਜੇ ਕੋਈ ਠੁੰਮਣਾ ਮਿਲਿਆ ਹੈ ਤਾਂ ਸਿਰਫ਼ ਤੇ ਸਿਰਫ਼ ਮਾਸੀ ਯਾਨਿ ਮਾæææਸੀæææ ਅਰਥਾਤ ਮਾਂ ਜਿਹੀ ਤੋਂ ਹੀ।
‘ਮਾਂ ਨਾ ਸੂਈ ਮਾਸੀ ਸੂਈ।’
ਠੀਕ ਹੀ ਤਾਂ ਕਹਿੰਦੇ ਸਨ ਬੇਜੀ। ਇਸ ਨਾਲ ਜੁੜਦਾ ਇਕ ਹੋਰ ਅਖਾਣ ਵੀ ਚੜ੍ਹਿਆ ਹੋਇਆ ਸੀ ਬੇਜੀ ਦੇ ਮੂੰਹ ‘ਤੇ। ਉਹ ਸੀ:
ਜਿਹੀ ਮਾਂ ਤੈ ਜਿਹੀ ਮਾਸੀ
ਕੰਧ ਐਰੇ ਤੈ ਹੀ ਜਾਸੀ
ਜੇ ਬਚਪਨ ਤੋਂ ਹੀ ਮੈਂ ਕਸੀਦੇ-ਕਢਾਈਆਂ ਤੇ ਕਰੋਸ਼ੀਏ ਦੀਆਂ ਬੁਣਤੀਆਂ ਵਾਲੇ ਮਾਂ ਦੇ ਸ਼ੌਕਾਂ ਵਲ ਰੁਚਿਤ ਹੋ ਗਈ ਸਾਂ ਤਾਂ ਮਾਸੀ ਵਾਂਗ ਛੰਦ-ਬੰਦੀ ਵਿਚ ਛੇੜ-ਛਾੜ ਵੀ ਮੇਰਾ ਸ਼ੁਗਲ ਸੀ। ਮੇਰੀ ਜਿਹੜੀ ਵੀ ਸਿਫ਼ਤ ਅ-ਸਿਫ਼ਤ ਬੇਜੀ ਮੇਰੀ ਮਾਂ-ਮਾਸੀ ਨਾਲ ਮੇਲ ਖਾਂਦੀ ਵੇਖਦੇ ਤਾਂ ਤੱਤ ਖੜੱਤ ਉਚਰਦੇ:
ਜੇਹੀ ਮਾਂ ਤੈ ਜੇਹੀ ਮਾਸੀ
ਕੰਧ ਐਰੇ (ਨੀਹਾਂ) ਤੈ ਹੀ ਜਾਸੀ
ਕਿਸੇ ਕੰਧ ਦੀ ਉਸਾਰੀ ਤਾਂ ਉਸ ਦੀਆਂ ਨੀਂਹਾਂ ਮੁਤਾਬਕ ਹੀ ਹੋਵੇਗੀ। ਆਦਤਾਂ, ਚਾਲ-ਢਾਲ, ਵਿਚਾਰ ਜਾਂ ਲੱਛਣ ਸਹਿਜ-ਸੁਭਾਅ ਹੀ ਧੀ ਆਪਣੀ ਮਾਂ ਤੋਂ ਗ੍ਰਹਿਣ ਕਰਦੀ ਹੈ। ਮਾਂ ਨਾਲ ਮਾਸੀ ਤੋਂ ਵੱਧ ਹੋਰ ਕੌਣ ਮੇਲ ਖਾ ਸਕਦਾ ਹੈ?
ਮਾਸੀ ਦੀਆਂ ਬਾਤਾਂ, ਕਹਾਣੀਆਂ, ਖੇਡਾਂ, ਟੋਟਕੇ, ਤੋਹਫ਼ੇ, ਹੈ ਕੋਈ ਅੰਤ?
ਨਾਨਕੇ ਘਰ ‘ਚੋਂ ਮਾਸੀ ਨੂੰ ਮਨਫ਼ੀ ਕਰ ਕੇ ਤਾਂ ਵੇਖੋ, ਕੀ ਰਹਿ ਜਾਂਦਾ ਹੈ ਬਾਕੀ ਭਲਾ।
ਅੱਜ ਦੇ ਖਪਤ ਸੰਸਾਰ ਵਿਚ ਬੇਸ਼ੱਕ ਕਾਫ਼ੀ ਹੱਦ ਤੱਕ ਮਾਂ ਨੂੰ ਵੀ ਪਿਉ ਵਾਂਗ ਘਰੋਂ ਬਾਹਰ ਰਹਿਣਾ ਪੈਂਦਾ ਹੈ, ਫਿਰ ਵੀ ਗੁਣਾਤਮਕ ਤੇ ਗਿਣਾਤਮਕ ਪੱਖ ਤੋਂ ਬਾਲਕ ਨੂੰ ਪਿਉ ਨਾਲੋਂ ਮਾਂ ਦੀ ਸੰਗਤ ਹੀ ਵਧੇਰੇ ਪ੍ਰਾਪਤ ਹੁੰਦੀ ਹੈ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਪਰਿਵਾਰ ਦੇ ਮੁੰਡਿਆਂ ਦੇ ਪ੍ਰਸੰਗ ਵਿਚ ਬੇਜੀ ਦਾ ਅਖਾਣ ਹੁੰਦਾ ਸੀ:
ਪਿਉ ਤੈ ਪੁੱਤਰ ਤੁਖਮ ਤੈ ਘੋੜਾ
ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ
ਜਿੱਥੇ ਧੀ ਦੇ ਸੁਭਾਅ, ਆਚਰਨ ਜਾਂ ਆਦਤਾਂ ਵਿਚ ਮਾਂ ਦੀ ਸ਼ਮੂਲੀਅਤ ਕੰਧ ਦੀ ਨੀਂਹ ਵਰਗੀ ਸਮਝਦੇ ਸਨ ਬੇਜੀ, ਉਥੇ ਪੁੱਤਰ ਦੀ ਪਛਾਣ ਵਿਚ ਪਿਤਾ-ਪੁਰਖੀ, ਨਸਲ ਨੂੰ ਤਰਜੀਹ ਦਿੰਦੇ। ਬਹੁਤੀ ਨਹੀਂ ਤਾਂ ਥੋੜ੍ਹੀ ਹੀ ਸਹੀ, ਪਰ ਕਿਉਂ?
ਕਿਉਂਕਿ ਪਿਤਾ ਦਾ ਬਾਹਲਾ ਕਾਰ-ਵਿਹਾਰ ਤੇ ਸੰਸਾਰ ਘਰ ਤੋਂ ਬਾਹਰਲੇ ਸਮਾਜ ਨਾਲ ਸਬੰਧਤ ਹੁੰਦਾ ਹੈ। ਪੁੱਤਰ ਵੀ ਜ਼ਿਆਦਾ ਕਰ ਕੇ ਘਰੋਂ ਬਾਹਰ ਵਿਚਰਦੇ ਹਨ, ਗਲੀ-ਮੁਹੱਲੇ ਦੇ ਦੋਸਤ-ਮਿੱਤਰਾਂ ਨਾਲ ਤੇ ਵੱਡੇ ਹੋ ਕੇ ਕਾਰੋਬਾਰ ਵਿਚ ਵੀ।
ਮਾਂ ਪਿਉ ਦੀ ‘ਘਰਵਾਲੀ’ ਹੁੰਦੀ ਹੈ। ਬਾਲਕ ਦਾ ਮਾਂ ਨਾਲ ਹਰ ਪਲ ਦਾ ਸਾਥ ਹੁੰਦਾ ਹੈ ਤੇ ਪਿਉ ਨਾਲ ਪਲ ਦੋ ਪਲ ਦਾ।
ਚਾਲ-ਢਾਲ, ਆਵਾਜ਼ ਤੇ ਅੰਦਾਜ਼ ਵਿਚ ਪੁੱਤਰ ਅੰਦਰ ਪਿਉ ਦੇ ਨਸਲੀ ਗੁਣ ਆਉਣੇ ਸੁਭਾਵਕ ਹਨ, ਭਾਵੇਂ ਉਨ੍ਹਾਂ ਦਾ ਮੇਲ ਕਦੇ-ਕਦਾਈਂ ਹੀ ਹੋਵੇ ਜਾਂ ਅਸਲੋਂ ਹੀ ਨਾ ਹੋਇਆ ਹੋਵੇ। ਸੱਚ ਹੀ ਤਾਂ ਕਹਿੰਦੇ ਸਨ ਬੇਜੀ:
ਪਿਉ ‘ਤੇ ਪੁੱਤਰ ਤੁਖਮ ‘ਤੇ ਘੋੜਾ
ਬਹੁਤਾ ਨਹੀਂ ਪਰ ਥੋੜ੍ਹਾ ਥੋੜ੍ਹਾ।
ਜੇ ਪੁੱਤਰ ਵਿਚ ਵਿਰਸੇ ਦਾ ਪੱਖ ਭਾਰੂ ਹੈ ਤਾਂ ਧੀ ਵਿਚ ਵਿਰਸਾ ਜਮ੍ਹਾ ਨੇੜਤਾ ਦਾ ਕੰਧ ਅਤੇ ‘ਐਰੇ’ ਦਾ।
ਜਿੱਥੋਂ ਤੱਕ ਮੇਰੇ ਨਿੱਜ ਦਾ ਸਬੰਧ ਹੈ, ਜਿਹੀ ਮਾਂ ਤੇ ਜਿਹੀ ਦਾਦੀæææ ਨਾ ਕਹੀਏ?