ਲੋਕ ਗਾਇਕੀ, ਸੁਰ ਤੇ ਸੰਗੀਤ ਦਾ ਸੁਮੇਲ:ਜਸਵਿੰਦਰ ਬਰਾੜ

‘ਫੋਕ ਕੁਈਨ’ ਕਰਕੇ ਜਾਣੀ ਜਾਂਦੀ ਜਸਵਿੰਦਰ ਕੌਰ ਬਰਾੜ ਉਹ ਪੰਜਾਬੀ ਗਾਇਕਾ ਹੈ ਜਿਸ ਨੇ ਅਜੋਕੀ ਲਕ ਮਟਕਾਊ ਫੋਹਸ਼ ਗਾਇਕੀ ਤੋਂ ਕੋਹਾਂ ਦੂਰ ਲੋਕ ਤੱਥ ਆਧਾਰਤ ਸਾਫ-ਸੁਥਰੀ ਗਾਇਕੀ ਰਾਹੀਂ ਆਪਣੀ ਨਿਵੇਕਲੀ ਪਛਾਣ ਬਣਾਈ ਹੈ। ਮੰਚ ‘ਤੇ ਜਦੋਂ ਉਹ ਉਚੀ ਹੇਕ ਨਾਲ ਆਪਣੇ ਵਿਲੱਖਣ ਅੰਦਾਜ਼ ਵਿਚ ਗੀਤ ਪੇਸ਼ ਕਰਦੀ ਹੈ ਤਾਂ ਸਰੋਤੇ ਵਜਦ ਵਿਚ ਆਏ ਝੂਮਣ ਲਗਦੇ ਹਨ।

ਜਿਲਾ ਸਿਰਸਾ ਦੇ ਪਿੰਡ ਕਾਲਿਆਂਵਾਲੀ ਵਿਚ ਪਿਤਾ ਸ਼ ਬਲਦੇਵ ਸਿੰਘ ਤੇ ਮਾਤਾ ਸ੍ਰੀਮਤੀ ਨਰਿੰਦਰ ਕੌਰ ਦੇ ਘਰ ਜੰਮੀ ਜਸਵਿੰਦਰ ਬਰਾੜ ਸੰਨ 1990 ਤੋਂ ਪੰਜਾਬੀ ਸੰਗੀਤ ਜਗਤ ਵਿਚ ਸਰਗਰਮ ਹੈ। ਉਸ ਨੂੰ ਕੁਝ ਖੂਬੀਆਂ ਕੁਦਰਤ ਤੋਂ ਹੀ ਨਸੀਬ ਹਨ ਜਿਨ੍ਹਾਂ ਸਦਕਾ ਉਸ ਦੀ ਆਵਾਜ਼ ਵਿਚ ਅਜਿਹੀ ਲਰਜ ਤੇ ਗੜਕ ਹੈ ਕਿ ਸੁਰ-ਸੰਗੀਤ ਦੇ ਨਪੇ ਤੁਲੇ ਤਾਲ-ਮੇਲ ਨਾਲ ਸਰੋਤਿਆਂ ਨੂੰ ਇਕ ਨਿਆਰੀ ਦੁਨੀਆਂ ਵਿਚ ਲੈ ਜਾਂਦੀ ਹੈ। ਗੀਤ ਵਿਚ ਪ੍ਰਸੰਗ ਇਸ ਢੰਗ ਨਾਲ ਜੋੜਦੀ ਹੈ ਕਿ ਗੀਤ ਦੀ ਰਵਾਨੀ ਵਿਚ ਕੋਈ ਵਿਘਨ ਨਾ ਪਵੇ ਤੇ ਦਿਲ ਪ੍ਰਚਾਵਾ ਹੁੰਦਾ ਰਹੇ। ਸਟੇਜ ‘ਤੇ ਉਸ ਦਾ ਗਿੱਧਾ-ਭੰਗੜਾ ਬੇਮਤਲਬ ਨਹੀਂ ਹੁੰਦਾ ਸਗੋਂ ਕਿਸੇ ਪ੍ਰਸੰਗ ਦਾ ਹੀ ਹਿੱਸਾ ਹੁੰਦਾ ਹੈ।
ਸ਼ੇਅਰੋ-ਸ਼ਾਇਰੀ, ਜੁਮਲਿਆਂ ਤੇ ਦਿਲਚਸਪ ਸ਼ਬਦਾਂ ਦੀ ਵਰਤੋਂ ਰਾਹੀਂ ਜਸਵਿੰਦਰ ਸਰੋਤਿਆਂ ਨਾਲ ਝੱਟ ਹੀ ਪੀਡਾ ਰਾਬਤਾ ਬਣਾ ਲੈਂਦੀ ਹੈ ਅਤੇ ਉਹ ਹੁੰਗਾਰਾ ਭਰਨ ਲਈ ਮਜਬੂਰ ਹੋ ਜਾਂਦੇ ਹਨ।
ਜਸਵਿੰਦਰ ਬਰਾੜ ਵਿਚ ਗੀਤ ਵਿਚਲੇ ਦ੍ਰਿਸ਼ ਨੂੰ ਆਵਾਜ਼ ਦੇ ਉਤਰਾਅ-ਚੜ੍ਹਾਅ ਰਾਹੀਂ ਚਿਤਰਣ ਦੀ ਸਮਰੱਥਾ ਹੈ। ਉਹ ਤੁਰੰਤ ਸਰੋਤਿਆਂ ਨੂੰ ਕੀਲ ਲੈਂਦੀ ਹੈ। ਮਜ਼ਾਲ ਐ ਕੋਈ ਉਸ ਦੀ ਪੇਸ਼ਕਾਰੀ ਦੌਰਾਨ ਅਕੇਵਾਂ ਮਹਿਸੂਸ ਕਰੇ, ਉਹ ਆਪ ਵੀ ਥਕੇਵਾਂ ਨਹੀਂ ਮੰਨਦੀ। ਲੋਕ ਗੀਤ ‘ਛੱਲਾ’ ਗਾਉਂਦੀ ਉਹ ਡੱਲਾ ਮਲਾਹ ਦੀ ਕਥਾ ਦਾ ਬਿਰਤਾਂਤ ਦਿੰਦੀ ਕਿਸੇ ਇਕਾਂਗੀ ਨਾਟਕ ਦੇ ਪਾਤਰ ਦਾ ਰੂਪ ਧਾਰ ਕੇ ਆਪਣੇ ਨਾਲ ਦਰਸ਼ਕਾਂ ਨੂੰ ਵੀ ਭਾਵੁਕ ਕਰ ਜਾਂਦੀ ਹੈ। ਉਹ ਕਿਤੇ ਕਿਤੇ ਲੋਕ ਗੀਤ ਤੇ ਲੋਕ ਤੱਥ ਦੇ ਸੁਮੇਲ ਨਾਲ ਰਾਸ ਲੀਲਾ ਦਾ ਪ੍ਰਭਾਵ ਵੀ ਸਿਰਜ ਜਾਂਦੀ ਹੈ। ਗੀਤ ਦੇ ਬੋਲਾਂ ਦੇ ਨਾਲ ਮੇਲ ਖਾਂਦੀ ਢੁਕਵੀਂ ਸ਼ਾਇਰੀ ਸੋਨੇ ‘ਤੇ ਸੁਹਾਗੇ ਦਾ ਕੰਮ ਕਰਦੀ ਹੈ।
ਪਿਛੇ ਜਿਹੇ ਜਦੋਂ ਉਹ ਆਪਣੀ ਅਮਰੀਕਾ ਫੇਰੀ ਦੌਰਾਨ ਸ਼ਿਕਾਗੋ ਵਿਚ ‘ਪੰਜਾਬ ਟਾਈਮਜ਼’ ਦੇ ਦਫਤਰ ਆਈ ਤਾਂ ਉਸ ਨਾਲ ਮੁਲਾਕਾਤ ਦਾ ਸਬੱਬ ਬਣਿਆ ਤੇ ਕੁਝ ਗੱਲਾਂ-ਬਾਤਾਂ ਹੋਈਆਂ।
ਇਹ ਪੁਛੇ ਜਾਣ ‘ਤੇ ਕਿ ਗਾਇਕੀ ਦੀ ਚੇਟਕ ਕਿਵੇਂ ਲੱਗੀ? ਉਸ ਦੱਸਿਆ ਕਿ ਜੀਵਨ ਵਿਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਮੈਨੂੰ ਇਸ ਪਾਸੇ ਤੋਰਿਆ। ਘਰੇਲੂ ਮੁਸ਼ਕਿਲਾਂ ਕਰਕੇ ਮੈਨੂੰ ਇਸ ਖੇਤਰ ਵਿਚ ਆਉਣਾ ਪਿਆ। ਕਦੀ ਸੋਚਿਆ ਨਹੀਂ ਸੀ, ਬਸ ਆਮ ਲੋਕਾਂ ਵਾਂਗ ਮੈਂ ਵੀ ਰਿਸ਼ਤੇਦਾਰਾਂ ਦੇ ਵਿਆਹ-ਸ਼ਾਦੀਆਂ ਮੌਕੇ ਆਂਢ-ਗੁਆਂਢ ਵਿਚ ਲੇਡੀਜ਼ ਸੰਗੀਤ ਦੌਰਾਨ ਗੀਤ ਗਾਉਂਦੀ। ਅਕਸਰ ਪੁਰਾਣੇ ਗਾਇਕਾਂ ਦੇ ਗੀਤ ਗਾਉਂਦੀ। ਸਾਰੇ ਰਲ-ਮਿਲ ਗਿੱਧਾ ਪਾਉਂਦੇ ਨਚਦੇ-ਟਪਦੇ, ਪਰ ਇਹ ਨਹੀਂ ਸੀ ਪਤਾ ਕਿ ਮੈਨੂੰ ਇਸ ਖੇਤਰ ਵਿਚ ਆਉਣਾ ਪਏਗਾ।
ਉਸ ਦਸਿਆ, ਮੈਂ ਉਚੀ ਹੇਕ ਵਿਚ ਗਾਉਂਦੀ, ਨਾਲ ਹੀ ਸ਼ਾਇਰਾਂ ਦੇ ਕਲਾਮ, ਕਾਫੀਆਂ ਦੇ ਢੁਕਵੇਂ ਬੰਦ ਜੋੜ ਦਿੰਦੀ। ਉਚੀ ਹੇਕ ਕਰਕੇ ਮੈਨੂੰ ਮੇਰੇ ਸਾਥੀਆਂ ਨੇ ਹੱਲਾਸ਼ੇਰੀ ਦਿੱਤੀ ਅਤੇ ਮੈਂ ਗਾਇਕੀ ਦੇ ਖੇਤਰ ਵਿਚ ਪੈਰ ਧਰ ਲਿਆ। ਸਟੇਜ ‘ਤੇ ਗਾਉਣ ਦੀ ਸ਼ੁਰੂਆਤ ਮੈਂ ਬਾਬਾ (ਕੁਲਦੀਪ) ਮਾਣਕ ਦੇ ਗੀਤ ‘ਚੰਨਾਂ ਵਿਚੋਂ ਚੰਨ ਗੁਜਰੀ ਦਾ ਚੰਨ’ ਅਤੇ ਜਗਮੋਹਨ ਕੌਰ ਦੇ ਗੀਤਾਂ ਨਾਲ ਕੀਤੀ।
ਜਸਵਿੰਦਰ ਬਰਾੜ ਨੇ ਦੱਸਿਆ ਕਿ ਉਸ ਉਤੇ ਵਾਹਿਗੁਰੂ ਦੀ ਸਵੱਲੀ ਨਜ਼ਰ ਰਹੀ ਪਰ ਕਰੜੀ ਸਾਧਨਾ ਵੀ ਕਰਨੀ ਪਈ। ਸੰਗੀਤ ਦੀ ਸਿੱਖਿਆ ਗੁਰਤੇਜ ਕਾਬਿਲ ਕੋਲੋਂ ਲਈ ਤੇ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ।
ਤੁਹਾਡੀ ਸੰਵਾਦ ਅਦਾਇਗੀ, ਰਿਦਮ ਤੇ ਲੈਅ ਬੜੀ ਨਪੀ-ਤੁਲੀ ਸ਼ੈਲੀਬੱਧ ਹੁੰਦੀ ਹੈ। ਕੀ ਤੁਸੀਂ ਪਹਿਲਾਂ ਸਕ੍ਰਿਪਟ ਲਿਖ ਲੈਂਦੇ ਹੋ? ਜਸਵਿੰਦਰ ਦਾ ਜਵਾਬ ਸੀ, “ਨਹੀਂ ਬਿਲਕੁਲ ਨਹੀਂ। ਇਹ ਰੱਬੀ ਗੁਣ ਹੀ ਹੈ, ਮੈਂ ਕਦੀ ਕੋਈ ਵਿਸ਼ੇਸ਼ ਤਿਆਰੀ ਨਹੀਂ ਕੀਤੀ। ਜਦੋਂ ਸਰੋਤੇ ਪਿਆਰ ਨਾਲ ਸੁਣਦੇ ਹਨ ਤਾਂ ਆਪ ਮੁਹਾਰੇ ਹੀ ਲੜੀ ਅਗੇ ਤੁਰ ਪੈਂਦੀ ਹੈ।”
ਤੁਸੀਂ ਲੋਕ ਗੀਤ ਗਾਉਂਦੇ ਹੋ, ਪਰ ਅੱਜ ਕਲ ਇਕ ਵਰਗ ਦੇ ਗਾਇਕ ਲੋਕ ਗੀਤਾਂ ਨੂੰ ਰਵਾਇਤੀ ਸਾਜ਼ਾਂ ਦੀ ਥਾਂ ਕੰਪਿਊਟਰਾਈਜ਼ਡ ਸੰਗੀਤ ਨਾਲ ਫਿਊਜ਼ਨ ਸੰਗੀਤ ਦੇ ਨਾਂ ‘ਤੇ ਫੋਕ ਰਾਕ ਰੀਮਿਕਸ ਘੜ ਰਹੇ ਹਨ, ਇਸ ਨਾਲ ਮੌਲਿਕ ਲੋਕ ਗੀਤਾਂ ‘ਤੇ ਪੈਣ ਵਾਲੇ ਅਸਰ ਬਾਰੇ ਤੁਹਾਡੀ ਕੀ ਰਾਏ ਹੈ? ਇਹ ਪੁੱਛੇ ਜਾਣ ‘ਤੇ ਜਸਵਿੰਦਰ ਬਰਾੜ ਦਾ ਕਹਿਣਾ ਸੀ, ਅਜਿਹਾ ਜ਼ਿਆਦਾਤਰ ਨੌਜਵਾਨ ਪੀੜ੍ਹੀ ਕਰ ਰਹੀ ਹੈ। ਇਸ ਵਿਚ ਕੁਝ ਬੁਰਾ ਨਹੀਂ, ਕਿਉਂਕਿ ਘੱਟੋ ਘੱਟ ਇਸ ਨਾਲ ਸਾਡੀ ਨਵੀਂ ਪੀੜ੍ਹੀ ਮਾੜੀ ਮੋਟੀ ਤਾਂ ਆਪਣੇ ਵਿਰਸੇ ਨਾਲ ਜੁੜਦੀ ਹੈ। ਕਿਸੇ ਨਾ ਕਿਸੇ ਵਸੀਲੇ ਸਭਿਆਚਾਰ ਸਾਂਭਿਆ ਰਹੇ, ਇਨ੍ਹਾਂ ਦਾ ਪੰਜਾਬੀ ਸਭਿਆਚਾਰ ਨਾਲ ਲਗਾਓ ਬਣਿਆ ਰਹੇ। ਬਾਕੀ ਲੋਕ ਗੀਤਾਂ ਨੇ ਸਦਾ ਜਿਉਂਦੇ ਹੀ ਰਹਿਣਾ ਹੈ।
ਜਸਵਿੰਦਰ ਬਰਾੜ ਦੀ ਐਲਬਮ ‘ਮਿਰਜਾ’ ਜਦੋਂ ਰਿਲੀਜ਼ ਹੋਈ ਤਾਂ ਇਸ ਨੇ ਸੰਗੀਤ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਅਤੇ ਉਹ ਉਚ ਕੋਟੀ ਦੇ ਗਾਇਕਾਂ ਵਿਚ ਸ਼ੁਮਾਰ ਹੋ ਗਈ। ਗੀਤ ‘ਮਿਰਜਾ’ ਨਾਲ ਮਿਲੀ ਸ਼ਫਲਤਾ ਬਾਰੇ ਪੁੱਛਣ ‘ਤੇ ਜਸਵਿੰਦਰ ਬਰਾੜ ਨੇ ਕਿਹਾ ਕਿ ਮੇਰੇ ਤੋਂ ਪਹਿਲਾਂ ਤੇ ਬਾਅਦ ਵਿਚ ਵੀ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਨੇ ਮਿਰਜਾ ਬਹੁਤ ਵਧੀਆ ਗਾਇਆ ਹੈ ਪਰ ਮੇਰੇ ਗਾਏ ਮਿਰਜੇ ਨੂੰ ਵੀ ਬੇਹੱਦ ਪਿਆਰ ਮਿਲਿਆ ਹੈ। ਮੈਂ ਬਸ ਮਿਰਜਾ ਗੀਤ ਸ਼ੇਅਰੋ-ਸ਼ਾਇਰੀ ਮਿਕਸ ਕਰਕੇ ਥੋੜ੍ਹਾ ਨਵੇਂ ਤਰੀਕੇ ਨਾਲ ਪੇਸ਼ ਕੀਤਾ।
ਜਸਵਿੰਦਰ ਨੇ ਦੱਸਿਆ ਕਿ ਉਸ ਦੀ ਪਹਿਲੀ ਐਲਬਮ ‘ਕੀਮਤੀ ਚੀਜ’ 1990 ਵਿਚ ਰਿਲੀਜ਼ ਹੋਈ ਸੀ। ਹੋਰ ਪ੍ਰਮੁਖ ਕੈਸੇਟਾਂ ਵਿਚ ‘ਖੁੱਲਾ ਅਖਾੜਾ’, ‘ਰਾਂਝਾ ਜੋਗੀ ਹੋ ਗਿਆ’, ‘ਅਖਾੜਾ’, ‘ਇਸ਼ਕ-ਮੁਹੱਬਤ-ਯਾਰੀ’, ‘ਦੂਜਾ ਅਖਾੜਾ’, ‘ਗੂੰਜਦਾ ਅਖਾੜਾ’, ‘ਝੱਲਾ ਦਿਲ ਆਵਾਜ਼ਾਂ ਮਾਰਦਾ’, ‘ਰੌਂਦੀ ਨੂੰ ਹੋਰ ਨਾ ਰਵਾ’, ‘ਤੇਰੀ ਯਾਦ ਸਤਾਵੇ’, ‘ਗੱਲਾਂ ਪਿਆਰ ਦੀਆਂ’, ‘ਮੈਂ ਤੈਨੂੰ ਯਾਦ ਕਰਦੀ’, ‘ਪਿਆਰ’, ‘ਜਿਉਂਦੇ ਰਹਿਣ’ ਆਦਿ ਸ਼ਾਮਲ ਹਨ।
ਉਸ ਦਸਿਆ ਕਿ ਕੁਝ ਕਾਰਨਾਂ ਕਰਕੇ ਮੈਨੂੰ ਗਾਇਕੀ ਦੇ ਖੇਤਰ ਵਿਚੋਂ ਬਾਹਰ ਜਾਣਾ ਪਿਆ ਸੀ। ਪੰਜ ਸਾਲ ਦੇ ਵਕਫੇ ਪਿਛੋਂ ਵਾਪਸ ਪਰਤੀ ਅਤੇ ਸੰਗੀਤਕਾਰ ਸਚਿਨ ਆਹੂਜਾ, ਗੀਤਕਾਰ ਸੰਜੀਵ ਤੇ ਰਿੰਪੀ ਰਿਕਾਰਡਰ ਵਾਲਿਆਂ ਵਲੋਂ ਮਿਲੇ ਯੋਗਦਾਨ ਲਈ ਮੈਂ ਉਨ੍ਹਾਂ ਦੀ ਮਸ਼ਕੂਰ ਹੈ। ਮਿਲੇ ਸਹਿਯੋਗ ਲਈ ਉਹ ਆਪਣੇ ਪਤੀ, ਭੈਣ ਤੇ ਸਹੁਰੇ ਪਰਿਵਾਰ ਦੀ ਵੀ ਸ਼ੁਕਰਗੁਜ਼ਾਰ ਹੈ।
ਅੱਜ ਕਲ ਗਲੈਮਰ ਤੇ ਵਪਾਰਕ ਅਸ਼ਲੀਲ ਕਿਸਮ ਦੀਆਂ ਵੀਡੀਓ ਦੀ ਮੰਗ ਜ਼ਿਆਦਾ ਹੈ, ਤੁਹਾਡੀਆਂ ਸਾਹਿਤਕ ਤੇ ਲੋਕ ਤੱਥ ਦੇ ਗੀਤਾਂ ਦੀ ਮਿਊਜ਼ਿਕ ਵੀਡੀਓ ਅੱਜ ਦੇ ਦੌਰ ਨਾਲ ਮੇਲ ਨਹੀਂ ਖਾਂਦੀਆਂ। ਤੁਸੀਂ ਇਸ ਸਥਿਤੀ ਦਾ ਮੁਕਾਬਲਾ ਕਿਵੇਂ ਕਰਦੇ ਹੋ? ਜਸਵਿੰਦਰ ਨੇ ਕਿਹਾ, ਇਕ ਗੱਲ ਸਾਫ ਹੈ ਕਿ ਮੈਂ ਹਲਕੀ ਕਿਸਮ ਦੀ ਗਾਇਕੀ ਨਾਲ ਸਮਝੌਤਾ ਨਹੀਂ ਕਰ ਸਕਦੀ। ਗਾਇਕ ਕਲਾਕਾਰ ਸਾਫ ਸੁਥਰੀ ਅਤੇ ਉਸਾਰੂ ਗਾਇਕੀ ਨਾਲ ਹੀ ਲੰਮਾ ਸਮਾਂ ਲੋਕਾਂ ਦੇ ਚੇਤਿਆ ਵਿਚ ਵਸੇ ਰਹਿੰਦੇ ਹਨ। ਚਲੰਤ ਗਾਣੇ ਦੀ ਉਮਰ ਬੜੀ ਥੋੜ੍ਹੀ ਹੁੰਦੀ ਹੈ। ਅਜੋਕੀ ਅਸ਼ਲੀਲ ਗਾਇਕੀ ਨੂੰ ਸਿਰਫ ਸਰੋਤੇ ਹੀ ਠੱਲ ਪਾ ਸਕਦੇ ਹਨ।
ਮਾਣ-ਸਨਮਾਨ ਬਾਰੇ ਜਸਵਿੰਦਰ ਦਾ ਕਹਿਣਾ ਹੈ ਕਿ ਵੱਡਾ ਅਵਾਰਡ ਤਾਂ ਸਰੋਤਿਆਂ ਦਾ ਹੁੰਗਾਰਾ ਹੀ ਹੁੰਦਾ ਹੈ। ਪਰ ਇਹ ਅਵਾਰਡ ਵੀ ਹੋਰ ਚੰਗਾ ਕੰਮ ਕਰਨ ਲਈ ਹੌਸਲਾ ਵਧਾਉਂਦੇ ਹਨ। ਉਸ ਨੂੰ ਹੁਣ ਤੱਕ ‘ਸ਼੍ਰੋਮਣੀ ਪੰਜਾਬੀ ਲੋਕ ਗਾਇਕੀ ਅਵਾਰਡ 2010’ ਪ੍ਰੋæ ਮੋਹਨ ਸਿੰਘ ਮੇਲੇ ‘ਤੇ ਮਿਲਿਆ। ਇਸ ਤੋਂ ਇਲਾਵਾ ‘ਸੰਗੀਤ ਸਮਰਾਟ ਅਵਾਰਡ’ ਈæਟੀæਸੀæ ਚੈਨਲ ‘ਪੰਜਾਬੀ ਮਿਊਜ਼ਿਕ ਅਵਾਰਡ’, ਮਿਰਜਾ ਗਾਣੇ ਲਈ ‘ਬੈਸਟ ਫੋਕ ਵੋਕਲਸਿਟ ਫੀਮੇਲ ਅਵਾਰਡ’ ਅਤੇ ‘ਗੱਲਾਂ ਪਿਆਰ ਦੀਆਂ’ ਐਲਬਮ ਲਈ ‘ਬੈਸਟ ਫੋਕ ਫੀਮੇਲ ਸਿੰਗਰ 2006’ ਮਿਲ ਚੁਕੇ ਹਨ।
ਪੱਲਿਓਂ ਪੈਸੇ ਖਰਚ ਕੇ ਕੈਸੇਟ ਰਿਕਾਰਡ ਕਰਵਾਉਣ ਵਾਲੇ ਨਵੇਂ ਗਾਇਕਾਂ ਬਾਰੇ ਕੁਝ ਕਹਿਣ ਤੋਂ ਪਹਿਲਾਂ ਤਾਂ ਉਹ ਕੁਝ ਝਿਜਕੀ ਪਰ ਫਿਰ ਥੋੜ੍ਹਾ ਰੁਕ ਕੇ ਬੋਲੀ ਕਿ ਇਹ ਸਭ ਪਾਇਰੇਸੀ ਕਰਕੇ ਹੋ ਰਿਹਾ ਹੈ। ਰਿਕਾਰਡਿੰਗ ਕੰਪਨੀਆਂ ਕੋਲੋਂ ਕੈਸੇਟ ਰਿਕਾਰਡ ਕਰਵਾਉਣੀ ਵੱਸੋਂ ਬਾਹਰ ਹੋ ਰਹੀ ਹੈ ਕਿਉਂਕਿ ਸੰਗੀਤ ਮਾਰਕਿਟ ਦੇ ਹਾਲਾਤ ਚੰਗੇ ਨਹੀਂ ਹਨ। ਕੈਸੇਟਾਂ ਦੀ ਵਿਕਰੀ ਘੱਟ ਹੈ ਤੇ ਸਾਹਿਤਕ ਕੈਸੇਟਾਂ ਦਾ ਹਾਲ ਤਾਂ ਉਸ ਤੋਂ ਵੀ ਮਾੜਾ ਹੈ। ਕੰਪਨੀਆਂ ਦੀਆਂ ਆਪਣੀਆਂ ਮਜਬੂਰੀਆਂ ਹਨ।
ਗੀਤਾਂ ਦੀ ਚੋਣ ਅਤੇ ਨਵੇਂ ਗੀਤਕਾਰਾਂ ਨਾਲ ਕੰਮ ਕਰਨ ਬਾਰੇ ਉਸ ਕਿਹਾ ਕਿ ਫਨਕਾਰ ਕੋਈ ਵੀ ਹੋਵੇ, ਨਵਾਂ ਜਾਂ ਨਾਮੀ, ਉਹ ਕੋਈ ਵਿਸ਼ੇਸ਼ ਧਿਆਨ ਨਹੀਂ ਦਿੰਦੀ ਪਰ ਗੀਤ ਦੇ ਬੋਲ ਜਰੂਰ ਚੰਗੇ ਤੇ ਮਨ ਨੂੰ ਟੁੰਬਣ ਵਾਲੇ ਹੋਣੇ ਚਾਹੀਦੇ ਹਨ।
ਜਸਵਿੰਦਰ ਨੇ ਦਸਿਆ ਕਿ ਉਹ ਖੁਦ ਵੀ ਗੀਤ ਲਿਖ ਲੈਂਦੀ ਹੈ। ਇਕ ਘਟਨਾ ਦਾ ਵਿਸ਼ੇਸ਼ ਜਿਕਰ ਕਰਦਿਆਂ ਉਸ ਦੱਸਿਆ ਕਿ ਅਸੀਂ ਇਕ ਵਾਰੀ ਹਰੀਕੇ ਪੱਤਣ ਜਾ ਰਹੇ ਸਾਂ। ਰਾਸਤੇ ਵਿਚ ਬੱਸ ਸਟੈਂਡ ‘ਤੇ ਚਿੱਟਾ ਕੁੜਤਾ-ਚਾਦਰਾ ਤੇ ਤੁਰਲੇ ਵਾਲੀ ਸੁਹਣੀ ਪੱਗ ਬੰਨ੍ਹੀ, ਕੋਈ ਖਾਨਦਾਨੀ ਸਰਦਾਰ ਜਵਾਨ ਖੜਾ ਸੀ ਤੇ ਮੈਂ ਦੇਖਦੇ ਹੀ ਕੁਝ ਪਲਾਂ ਵਿਚ ਗੀਤ ਰਚ ਦਿੱਤਾ, “ਤੇਰੀ ਜੁੱਤੀ ਕਢਵੀਂ, ਪੱਗ ਲੜ ਛੱਡਵੀਂ, ਤੇਰਾ ਕੁੜਤਾ ਬੋਲੀਆਂ ਪਾਵੇ, ਕਿਤੇ ਮੇਰੀ ਨਜ਼ਰ ਨਾ ਲੱਗ ਜਾਵੇ।”
ਜਸਵਿੰਦਰ ਦੇ ਧਾਰਮਿਕ ਗੀਤ Ḕਅੰਮ੍ਰਿਤਸਰ ਨੂੰ ਚੱਲੀਏ, ਗੁਰਾਂ ਨੂੰ ਮਿਲਣਾ ਏḔ ਦਾ ਜ਼ਿਕਰ ਕਰਦਿਆਂ ਜਦੋਂ ਉਸ ਦੇ ਧਾਰਮਿਕ ਭਾਵਨਾਵਾਂ ਵਿਚ ਵਹਿ ਜਾਣ ਬਾਰੇ ਪੁਛਿਆ ਤਾਂ ਉਸ ਦੱਸਿਆ ਕਿ ਮੈਂ ਸਰੋਤਾ ਵੀ ਤਗੜੀ ਹਾਂ। ਸੰਤ ਸਿੰਘ ਮਸਕੀਨ ਤੇ ਭਾਈ ਪਿੰਦਰਪਾਲ ਸਿੰਘ ਨੂੰ ਬਹੁਤ ਸੁਣਦੀ ਹਾਂ। ਬਾਣੀ ਪੜ੍ਹਦਿਆਂ ਮਨ ਨੂੰ ਬੜਾ ਸਕੂਨ ਮਿਲਦਾ ਹੈ। ਧਾਰਮਿਕ ਗੀਤ ਗਾਉਂਦਿਆਂ ਮੈਂ ਪੂਰੀ ਉਸ ਵਿਚ ਡੁਬ ਜਾਂਦੀ ਹਾਂ।
ਜਸਵਿੰਦਰ ਬਰਾੜ ਉਨ੍ਹਾਂ ਗਾਇਕਾਂ ਵਿਚੋਂ ਹੈ ਜੋ ਆਪਣੇ ਗੀਤਾਂ ਰਾਹੀ ਸਮਾਜ ਨੂੰ ਨਵੀਂ ਸੇਧ ਦੇਣ ਦਾ ਲਗਾਤਾਰ ਉਪਾਰਲਾ ਕਰਦੇ ਰਹਿੰਦੇ ਹਨ। ਉਹ ਅੱਜ ਕਲ ਬਠਿੰਡਾ ਵਿਚ ਆਪਣੇ ਪਤੀ ਰਣਜੀਤ ਸਿੰਘ ਸਿੱਧੂ ਤੇ ਆਪਣੀ ਧੀ ਨਾਲ ਰਹਿ ਰਹੀ ਹੈ। ਜਸਵਿੰਦਰ ਨਾਲ ਸੰਪਰਕ ਫੋਨ 91-98763-00772 ਜਾਂ 91-98727-49396 ਜਾਂ ਈਮੇਲ: ਜਅਸੱਨਿਦeਰਬਰਅਰ06@ਗਮਅਲਿ।ਚੋਮ ਰਾਹੀਂ ਕੀਤਾ ਜਾ ਸਕਦਾ ਹੈ।
-ਸੁਰਿੰਦਰ ਸਿੰਘ ਭਾਟੀਆ
ਫੋਨ: 224-829-1437