ਅਕਾਲੀਆਂ ਨੇ ਵੰਡ ਵੇਲੇ ਮੰਗਿਆ ਸੀ ਆਜ਼ਾਦ ਪੰਜਾਬ

ਅੰਮ੍ਰਿਤਸਰ: 1946 ਵਿਚ ਲਾਹੌਰ ਅਸੈਂਬਲੀ ਦੇ ਬਾਹਰ ਹੋਈ ਰੈਲੀ ਦੇ ਚਸ਼ਮਦੀਦ ਗਵਾਹ ਤੇ ਸ਼ਾਲ ਕਲੱਬ ਇੰਡੀਆ ਦੇ ਚੇਅਰਮੈਨ ਜੇæਐਸ਼ ਮਦਾਨ ਨੇ ਖੁਲਾਸਾ ਕੀਤਾ ਕਿ ਉਸ ਵੇਲੇ ਅਕਾਲੀ ਆਗੂਆਂ ਵੱਲੋਂ ਪੁਰਾਣੇ ਪੰਜਾਬ (ਲਹਿੰਦੇ ਤੇ ਚੜ੍ਹਦੇ ਪੰਜਾਬ) ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ‘ਬਫਰ ਸਟੇਟ’ ਬਣਾਉਣ ਦੀ ਮੰਗ ਰੱਖੀ ਗਈ ਸੀ ਜਿਸ ਨੂੰ ਆਜ਼ਾਦ ਪੰਜਾਬ ਦਾ ਨਾਂ ਦਿੱਤਾ ਗਿਆ ਸੀ ਪਰ ਇਹ ਮੰਗ ਪੂਰੀ ਨਾ ਹੋਣ ਕਾਰਨ ਪੰਜਾਬ ਦੋ ਹਿੱਸਿਆਂ ਵਿਚ ਵੰਡਿਆ ਗਿਆ ਤੇ ਸਿੱਟੇ ਵਜੋਂ ਦੋਵੇਂ ਪਾਸੇ ਵੱਡਾ ਖ਼ੂਨ ਖਰਾਬਾ ਵੀ ਹੋਇਆ ਜਿਸ ਵਿਚ ਲੱਖਾਂ ਲੋਕ ਉਜੜੇ ਤੇ ਮਾਰੇ ਗਏ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਰਹੂਮ ਮਾਸਟਰ ਤਾਰਾ ਸਿੰਘ ਨੇ ਜੇਕਰ ਮੁਸਲਿਮ ਲੀਗ ਦੀ ਯੋਜਨਾ ਦਾ ਡੱਟ ਕੇ ਵਿਰੋਧ ਨਾ ਕੀਤਾ ਹੁੰਦਾ ਤਾਂ ਅੱਜ ਅੰਮ੍ਰਿਤਸਰ ਤੇ ਸਿੱਖਾਂ ਦਾ ਰੂਹਾਨੀ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵੀ ਪਾਕਿਸਤਾਨ ਦਾ ਹਿੱਸਾ ਹੋਣਾ ਸੀ।
ਸ਼ ਮਦਾਨ 1946 ਵਿਚ ਲਾਹੌਰ ਅਸੈਂਬਲੀ ਦੇ ਬਾਹਰ ਹੋਈ ਰੈਲੀ ਵਿਚ ਸ਼ਾਮਲ ਸਨ ਜਿਥੇ ਮੁਸਲਿਮ ਲੀਗ ਦੀ ਇਸ ਜ਼ਿੱਦ ਖ਼ਿਲਾਫ਼ ਮਾਸਟਰ ਤਾਰਾ ਸਿੰਘ ਨੇ ਨਾ ਸਿਰਫ ਲੀਗ ਦਾ ਝੰਡਾ ਪਾੜਿਆ ਸੀ ਸਗੋਂ ਪਾਕਿਸਤਾਨ ਖ਼ਿਲਾਫ਼ ਨਾਅਰੇ ਵੀ ਲਾਏ ਸਨ। ਤਕਰੀਬਨ 90 ਸਾਲਾਂ ਦੇ ਸ਼ ਮਦਾਨ ਜੋ ਇਸ ਵੇਲੇ ਮਦਾਨ ਟੈਕਸਟਾਈਲ ਨਾਂ ਦੀ ਸੰਸਥਾ ਦੇ ਪ੍ਰਬੰਧਕੀ ਭਾਈਵਾਲ ਹਨ, ਨੇ ਦੱਸਿਆ ਕਿ 1946 ਵਿਚ ਜਦੋਂ ਇਹ ਘਟਨਾ ਵਾਪਰੀ, ਉਸ ਵੇਲੇ ਉਹ ਵੀ ਉਥੇ ਰੈਲੀ ਵਿਚ ਸ਼ਾਮਲ ਸਨ। ਇਹ ਰੈਲੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਹਿੰਦੂ ਮਹਾਂ ਸਭਾ ਵੱਲੋਂ ਸਾਂਝੇ ਤੌਰ ‘ਤੇ ਲਾਹੌਰ ਅਸੈਂਬਲੀ ਦੇ ਬਾਹਰ ਅਚਨਚੇਤੀ ਕੀਤੀ ਗਈ ਸੀ। ਉਸ ਦਿਨ ਅਸੈਂਬਲੀ ਭਵਨ ਵਿਚ ਮੁਸਲਿਮ ਲੀਗ ਵੱਲੋਂ ਅੰਮ੍ਰਿਤਸਰ ਨੂੰ ਪਾਕਿਸਤਾਨ ਵਿਚ ਸ਼ਾਮਲ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਗਿਆ ਸੀ ਜਿਸ ਦਾ ਮਾਸਟਰ ਤਾਰਾ ਸਿੰਘ ਨੇ ਬਾਹਰ ਡਟਵਾਂ ਵਿਰੋਧ ਕੀਤਾ।
ਉਨ੍ਹਾਂ ਦੱਸਿਆ ਕਿ ਰੈਲੀ ਵਿਚ ਕਾਂਗਰਸ ਤੇ ਹਿੰਦੂ ਮਹਾਂ ਸਭਾ ਨੇ ਐਲਾਨ ਕੀਤਾ ਸੀ ਕਿ ਇਸ ਮਾਮਲੇ ਵਿਚ ਮਾਸਟਰ ਤਾਰਾ ਸਿੰਘ ਵੱਲੋਂ ਜੋ ਵੀ ਫੈਸਲਾ ਕੀਤਾ ਜਾਵੇਗਾ, ਦੋਵੇਂ ਜਥੇਬੰਦੀਆਂ ਉਸ ਦਾ ਡਟ ਕੇ ਸਮਰਥਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਅਕਾਲੀ ਆਗੂ ਨੇ ਇਸ ਸਮਾਗਮ ਵਿਚ ਮੁਸਲਿਮ ਲੀਗ ਦੀ ਯੋਜਨਾ ਦਾ ਡਟ ਕੇ ਵਿਰੋਧ ਕੀਤਾ ਤੇ ਆਪਣੀ ਕਿਰਪਾਨ ਨਾਲ ਮੁਸਲਿਮ ਲੀਗ ਦਾ ਝੰਡਾ ਪਾੜਿਆ। ਉਨ੍ਹਾਂ ਉਸ ਮੌਕੇ ਪਾਕਿਸਤਾਨ ਖ਼ਿਲਾਫ਼ ਨਾਅਰੇ ਵੀ ਲਾਏ ਜਿਸ ਨਾਲ ਮਾਹੌਲ ਵਿਚ ਤਣਾਅ ਪੈਦਾ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਅਚਨਚੇਤੀ ਕੀਤੀ ਗਈ ਇਸ ਰੈਲੀ ਵਿਚ ਉਸ ਵੇਲੇ ਭਾਵੇਂ ਵੱਡੀ ਗਿਣਤੀ ਲੋਕ ਸ਼ਾਮਲ ਨਹੀਂ ਸਨ ਪਰ ਜਿੰਨੇ ਵੀ ਲੋਕ ਸ਼ਾਮਲ ਸਨ, ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਦੇ ਫੈਸਲੇ ਦਾ ਸਮਰਥਨ ਕੀਤਾ ਸੀ। ਇਸ ਵਿਰੋਧ ਨੂੰ ਦੇਖਦਿਆਂ ਹੀ ਮੁਸਲਿਮ ਲੀਗ ਨੇ ਆਪਣੀ ਜ਼ਿੱਦ ਛੱਡੀ, ਜਿਸ ਦੇ ਸਿੱਟੇ ਵਜੋਂ ਅੰਮ੍ਰਿਤਸਰ ਤੇ ਸ੍ਰੀ ਹਰਿਮੰਦਰ ਸਾਹਿਬ ਭਾਰਤ ਦਾ ਹਿੱਸਾ ਬਣੇ ਰਹੇ।
ਸ਼ ਮਦਾਨ ਉਸ ਵੇਲੇ ਲਾਹੌਰ ਦੇ ਰੋਇਲ ਪਾਰਕ ਇਲਾਕੇ ਵਿਚ ਸਥਾਪਤ ਖਾਦ ਪਦਾਰਥਾਂ ਦੀ ਜਾਂਚ ਏਜੰਸੀ ਦੀ ਪ੍ਰਯੋਗਸ਼ਾਲਾ ਵਿਚ ਤਾਇਨਾਤ ਸਨ। ਉਨ੍ਹਾਂ ਦਾ ਘਰ ਭਾਵੇਂ ਅੰਮ੍ਰਿਤਸਰ ਵਿਚ ਸੀ ਪਰ ਉਹ ਆਪਣੀ ਨੌਕਰੀ ਕਾਰਨ ਵਧੇਰੇ ਸਮਾਂ ਲਾਹੌਰ ਵਿਖੇ ਰਹਿੰਦੇ ਸਨ। ਉਸ ਦਿਨ ਉਹ ਆਪਣੇ ਕੁਝ ਸਾਥੀਆਂ ਨਾਲ ਲਾਹੌਰ ਅਸੈਂਬਲੀ ਦੇ ਬਾਹਰ ਹੋਈ ਰੈਲੀ ਨੂੰ ਦੇਖਣ ਗਏ ਸਨ ਤੇ ਇਸ ਘਟਨਾ ਦੇ ਚਸ਼ਮਦੀਦ ਗਵਾਹ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਵੰਡ ਤੋਂ ਕੁਝ ਸਮਾਂ ਪਹਿਲਾਂ ਹੀ ਹਾਲਾਤ ਬਦਲਣੇ ਸ਼ੁਰੂ ਹੋ ਗਏ ਸਨ। ਦੋਵੇਂ ਪਾਸੇ ਇਕ-ਦੂਜੇ ਦੇ ਫਿਰਕੇ ਦੇ ਲੋਕਾਂ ਨੂੰ ਕੌੜੀ ਨਜ਼ਰ ਨਾਲ ਦੇਖਿਆ ਜਾਂਦਾ ਸੀ।
___________________________________________
ਵੰਡ ਦੀ ਲਕੀਰ ਸਿੱਖਾਂ ਦੇ ਮੱਥੇ ਦੀ ਤਕਦੀਰ ਬਣ ਗਈ: ਜਥੇਦਾਰ
ਲੁਧਿਆਣਾ: ਨਨਕਾਣਾ ਸਾਹਿਬ ਤੇ ਪਾਕਿਸਤਾਨ ਦੇ ਹੋਰ ਗੁਰਦੁਆਰੇ ਪੁਸਤਕ ਰਿਲੀਜ਼ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਰ ਕੌਮ ਦਾ ਇਤਿਹਾਸ ਹੁੰਦਾ ਹੈ ਤੇ ਇਹੀ ਇਤਿਹਾਸ ਉਸ ਦਾ ਵਿਰਾਸਤੀ ਸਰਮਾਇਆ ਹੁੰਦਾ ਹੈ। ਸਿੱਖ ਕੌਮ ਦਾ ਆਪਣਾ ਸ਼ਾਨਦਾਰ ਇਤਿਹਾਸ ਹੈ ਜਿਸ ਵਿਚ ਭਾਵਨਾ ਤੇ ਸਿਦਕ ਦੋਵੇਂ ਸ਼ਾਮਲ ਹਨ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਿੰਦ-ਪਾਕਿ ਦੀ ਵੰਡ ਹੋਣ ਕਰਕੇ ਸਿੱਖਾਂ ਨੂੰ ਇਕ ਵਿਸ਼ੇਸ਼ ਕਿਸਮ ਦੀ ਤ੍ਰਾਸਦੀ ਵਿਚੋਂ ਲੰਘਣਾ ਪਿਆ ਹੈ। ਜਿੱਥੇ ਇਹ ਦੋਵੇਂ ਦੇਸ਼ਾਂ ਵਿਚ ਵੰਡ ਦੀ ਲਕੀਰ ਹੈ, ਉੱਥੇ ਇਹ ਸਿੱਖ ਕੌਮ ਦੇ ਮੱਥੇ ਦੀ ਲਕੀਰ ਬਣ ਗਈ ਹੈ। ਪੂਰਬੀ ਪੰਜਾਬ ਦੇ ਸਿੱਖਾਂ ਨੂੰ ਇਸ ਲਕੀਰ ਨੇ ਆਪਣੀ ਜਨਮ ਭੂਮੀ ਨਨਕਾਣਾ ਸਾਹਿਬ ਤੋਂ ਦੂਰ ਕਰ ਦਿੱਤਾ ਹੈ। ਪਾਕਿਸਤਾਨੀ ਪੰਜਾਬ ਵਿਚ ਸਥਿਤ ਗੁਰਧਾਮਾਂ ਨੂੰ ਵੰਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਪਰੋਕਤ ਪੁਸਤਕ ਵਿਚ ਨੌਜਵਾਨ ਲੇਖਕ ਰਣਜੋਧ ਸਿੰਘ ਨੇ ਪਾਕਿਸਤਾਨ ਵਿਚ ਸਿੱਖਾਂ ਦੀ ਇਤਿਹਾਸਕ ਮਾਨਸਿਕਤਾ ਨੂੰ ਨਿਵੇਕਲੀ ਸ਼ੈਲੀ ਵਿਚ ਪੇਸ਼ ਕੀਤਾ ਹੈ। ਉਸ ਨੇ ਇਹ ਪੁਸਤਕ 2006 ਵਿਚ ਲਿਖਣੀ ਆਰੰਭ ਕੀਤੀ ਜੋ ਪੂਰੇ ਛੇ ਸਾਲਾਂ ਵਿਚ ਮਿਹਨਤ ਤੇ ਲਗਨ ਨਾਲ ਪੂਰੀ ਕੀਤੀ ਗਈ ਹੈ। ਲੇਖਕ ਨੇ ਜਿੱਥੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਨੂੰ ਕੈਮਰੇ ਵਿਚ ਕਲਿਕ ਕਰਕੇ ਖੂਬਸੂਰਤ ਚਿੱਤਰ ਇਸ ਪੁਸਤਕ ਵਿਚ ਪੇਸ਼ ਕੀਤੇ ਹਨ, ਉੱਥੇ ਨਾਲ ਹੀ ਸਿੱਖ ਸਰੋਕਾਰਾਂ ਦੀ ਇਤਿਹਾਸਕ ਸਮੱਗਰੀ ਬਹੁਤ ਸੁੰਦਰ ਸ਼ਾਬਦਿਕ ਸ਼ੈਲੀ ਵਿਚ ਦਿੱਤੀ ਗਈ ਹੈ। ਲੇਖਕ ਰਣਜੋਧ ਸਿੰਘ ਨੇ ਇਸ ਮੌਕੇ ਦੱਸਿਆ ਕਿ ਪਾਕਿਸਤਾਨ ਅੰਦਰ 200 ਦੇ ਕਰੀਬ ਗੁਰਦੁਆਰੇ ਹਨ। ਪੁਸਤਕ ਦੇ ਅੰਤ ਵਿਚ ਸਾਰੇ ਪਵਿੱਤਰ ਸਥਾਨਾਂ ਦੀ ਸੂਚੀ ਦਰਜ ਕੀਤੀ ਗਈ ਹੈ। ਇਸ ਪੁਸਤਕ ਵਿਚ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਬਾਬਾ ਲੀਲ੍ਹਾ ਸਾਹਿਬ, ਗੁਰਦੁਆਰਾ ਪੱਟੀ ਸਾਹਿਬ, ਗੁਰਦੁਆਰਾ ਮਾਲ ਜੀ ਸਾਹਿਬ, ਗੁਰਦੁਆਰਾ ਕਿਆਰ ਸਾਹਿਬ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਹਰਗੋਵਿੰਦ ਸਾਹਿਬ, ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਸੱਚਾ ਸੌਦਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਰੌੜੀ ਸਾਹਿਬ, ਗੁਰਦੁਆਰਾ ਚੱਕੀ ਸਾਹਿਬ, ਗੁਰਦੁਆਰਾ ਖੂਹੀ ਭਾਈ ਲਾਲੋ ਜੀ, ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦੇ ਖੂਬਸੂਰਤ ਚਿੱਤਰ ਤੇ ਇਨ੍ਹਾਂ ਦੇ ਇਤਿਹਾਸ ਨੂੰ ਖੂਬਸੂਰਤ ਸਰਲ, ਸੁਖੈਨ ਤੇ ਰਸੀਲੀ ਸ਼ੈਲੀ ਵਿਚ ਲਿਖ ਕੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿਚ ਸਿੱਖ ਜਗਤ ਦੇ ਸਨਮੁੱਖ ਕੀਤਾ ਹੈ।

ਜਥੇਦਾਰ ਦਾ ਹੁਕਮ ਦਰ-ਕਿਨਾਰ, ਕਾਨਫਰੰਸਾਂ ਵਿਚ ਤੋਹਮਤਾਂ ਭਾਰੂ
ਫਤਹਿਗੜ੍ਹ ਸਾਹਿਬ: ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਦੀ ਅਦੁੱਤੀ ਕੁਰਬਾਨੀ ਮੌਕੇ ਇੱਥੇ ਹੋਏ ਸਿਆਸੀ ਸਮਾਗਮਾਂ ਵਿਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਦੀ ਅਪੀਲ ਨਜ਼ਰਅੰਦਾਜ਼ ਕਰ ਕੇ ਇੱਕ ਦੂਜੀ ਉਤੇ ਰੱਜ ਕੇ ਚਿੱਕੜ ਉਛਾਲਿਆ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਅਪੀਲ ਕੀਤੀ ਸੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਮੱਦੇਨਜ਼ਰ ਕਾਨਫਰੰਸਾਂ ਵਿਚ ਸਿਰਫ ਸ਼ਹੀਦਾਂ ਦੀ ਹੀ ਗੱਲ ਕੀਤੀ ਜਾਵੇ ਅਤੇ ਮਾਹੌਲ ਸੰਜੀਦਾ ਰੱਖਿਆ ਜਾਵੇ। ਇਹ ਲਗਾਤਾਰ ਤੀਜੀ ਵਾਰ ਹੈ ਕਿ ਜਥੇਦਾਰ ਵੱਲੋਂ ਜਾਰੀ ਅਪੀਲ ਇਸ ਤਰ੍ਹਾਂ ਵਿਸਾਰੀ ਗਈ ਹੈ।
ਕਾਨਫਰੰਸਾਂ ਵਿਚ ਨਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਦੂਸ਼ਣਬਾਜ਼ੀ ਦੀ ਕੋਈ ਕਸਰ ਬਾਕੀ ਛੱਡੀ ਅਤੇ ਨਾ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ। ਅਕਾਲੀ ਦਲ ਅਤੇ ਕਾਂਗਰਸ  ਨੇ ਤਾਂ ਇੱਕ ਦੂਜੇ ਨੂੰ ਗੁੰਡਿਆਂ ਦੀਆਂ ਪਾਰਟੀਆਂ ਕਹਿ ਕੇ ਭੰਡਿਆ। ਅਜਿਹਾ ਹੀ ਨਜ਼ਾਰਾ ਅਕਾਲੀ ਦਲ (ਅੰਮ੍ਰਿਤਸਰ) ਦੀ ਕਾਨਫਰੰਸ ਵਿਚ ਨਜ਼ਰ ਆਇਆ। ਚੇਤੇ ਰਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਸਿਆਸੀ ਧਿਰਾਂ ਨੂੰ ਅਕਾਲ ਤਖਤ ਦੇ ਜਥੇਦਾਰ ਦੀ ਅਪੀਲ ਨੂੰ ਅਮਲ ਵਿਚ ਲਿਆਉਣ ਦੀ ਬੇਨਤੀ ਕੀਤੀ ਸੀ, ਪਰ ਕਿਸੇ ਵੀ ਪਾਰਟੀ ਨੇ ਇਹ ਅਪੀਲ ਗੌਲੀ ਤੱਕ ਨਹੀਂ।
ਅਕਾਲੀ ਦਲ ਦੀ ਕਾਨਫਰੰਸ ਵਿਚ ਬਹੁਤੇ ਨੇਤਾਵਾਂ ਨੇ ਕਾਂਗਰਸ ਨੂੰ ਪੰਜਾਬ ਦੀਆਂ ਦੁੱਖ-ਤਕਲੀਫਾਂ ਦੀ ਜਨਨੀ ਦੱਸਿਆ। ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਕਿਸੇ ਨੂੰ ਵੀ ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਕਾਨਫਰੰਸ ਵਿਚ ਉਨ੍ਹਾਂ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਿਜਦਾ ਕੀਤਾ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਲਾਮਿਸਾਲ ਦੱਸਿਆ। ਉਨ੍ਹਾਂ ਐਲਾਨ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਨੂੰ ਸਮਰਪਿਤ ਕੌਮਾਂਤਰੀ ਪੱਧਰ ਦਾ ਖੇਡ ਸਟੇਡੀਅਮ ਫਤਹਿਗੜ੍ਹ ਸਾਹਿਬ ਵਿਖੇ ਬਣਾਇਆ ਜਾਵੇਗਾ।
ਕਾਂਗਰਸ ਦੀ ਕਾਨਫਰੰਸ ਵਿਚ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਭਾਜਪਾ ਦੇ ਰਾਜ ਨੂੰ ‘ਗੁੰਡਾ ਰਾਜ’ ਐਲਾਨਿਆ। ਉਨ੍ਹਾਂ ਆਖਿਆ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਹੱਥੋਂ ਸਰਕਾਰ ਖਿਸਕ ਕੇ ਮਜੀਠੀਆ ਦੇ ਗੁੰਡਾ ਬ੍ਰਿਗੇਡ ਦੇ ਹੱਥਾਂ ਵਿਚ ਜਾ ਚੁੱਕੀ ਹੈ। ਇਸ ਬਿਗ੍ਰੇਡ ਦੇ ਮੈਂਬਰ ਆਮ ਆਦਮੀ ਨਾਲ ਵੀ ਧੱਕਾ ਕਰ ਰਹੇ ਹਨ।
_______________________________________
‘ਹੁਣ ਜਥੇਦਾਰ ਸਾਹਿਬ ਪਹਿਲ ਕਰਨ’
ਅੰਮ੍ਰਿਤਸਰ: ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਅਕਾਲ ਤਖਤ ਦੇ ਜਥੇਦਾਰ ਨੂੰ ਬਿਨਾਂ ਕਿਸੇ ਭਿੰਨ-ਭੇਦ ਦੇ ਕਾਰਵਾਈ ਕਰਨੀ ਚਾਹੀਦੀ ਹੈ। ਜੇ ਸਿਆਸੀ ਆਗੂਆਂ ਨੇ ਲਗਾਤਾਰ ਤੀਜੀ ਵਾਰ ਉਨ੍ਹਾਂ ਦੇ ਅਪੀਲ ਨੂੰ ਦਰਕਿਨਾਰ ਕੀਤਾ ਹੈ ਤਾਂ ਉਨ੍ਹਾਂ ਨੂੰ ਅਕਾਲ ਤਖਤ ਉਤੇ ਤਲਬ ਕਰਨਾ ਚਾਹੀਦਾ ਹੈ। ਸਿੱਖ ਵਿਦਵਾਨਾਂ ਮੁਤਾਬਕ ਵੱਖ ਵੱਖ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਸਿੱਧੀਆਂ ਸਿੱਖ ਧਰਮ ਨਾਲ ਜੁੜੀਆਂ ਜਥੇਬੰਦੀਆਂ ਹਨ, ਇਸ ਲਈ ਜਥੇਦਾਰ ਨੂੰ ਇਨ੍ਹਾਂ ਤੋਂ ਹੀ ਕਾਰਵਾਈ ਆਰੰਭ ਕਰਨੀ ਚਾਹੀਦੀ ਹੈ ਅਤੇ ਇਨ੍ਹਾਂ ਦਲਾਂ ਦੇ ਆਗੂਆਂ ਨੂੰ ਸਕਤੀ ਨਾਲ ਹੁਕਮ ਜਾਰੀ ਕਰਨਾ ਚਾਹੀਦਾ ਹੈ। ਇਕ ਵਾਰ ਜੇ ਅਕਾਲੀ ਆਗੂ ਤੋਹਮਤਾਂ ਵਾਲੇ ਭਾਸ਼ਨਾਂ ਤੋਂ ਬਾਜ ਆ ਜਾਣ ਤਾਂ ਹੋਰ ਪਾਰਟੀਆਂ ਆਪਣੇ-ਆਪ ਪਿਛਾਂਹ ਹਟ ਜਾਣਗੀਆਂ। ਇਸ ਤੋਂ ਬਾਅਦ ਜੇ ਲੋੜ ਪਵੇ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।

‘ਸਿਆਸੀ ਕਾਨਫਰੰਸਾਂ ਉਤੇ ਪਾਬੰਦੀ ਲੱਗੇ’
ਫਤਿਹਗੜ੍ਹ ਸਾਹਿਬ: ਸਿਆਸੀ ਆਗੂਆਂ ਵੱਲੋਂ ਅਕਾਲ ਤਖਤ ਦੇ ਜਥੇਦਾਰ ਦੀ ਅਪੀਲ ਦਰਕਿਨਾਰ ਕੀਤੇ ਜਾਣ ਤੋਂ ਸੰਗਤ ਵਿਚ ਬਹੁਤ ਰੋਸ ਹੈ। ਸੰਗਤ ਦਾ ਕਹਿਣਾ ਹੈ ਕਿ ਜੇ ਸਿਆਸੀ ਆਗੂਆਂ ਨੇ ਜਥੇਦਾਰ ਦੀ ਗੱਲ ਵੀ ਨਹੀਂ ਸੁਣਨੀ ਜਿਸ ਦਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਿੱਧਾ ਸਬੰਧ ਹੈ ਤਾਂ ਅਜਿਹੇ ਆਗੂਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸੰਗਤ ਦੇ ਇਕ ਹਿੱਸੇ ਨੇ ਸਿਆਸੀ ਕਾਨਫਰੰਸਾਂ ਬੰਦ ਕਰਨ ਦੀ ਆਵਾਜ਼ ਉਠਾਈ ਹੈ। ਉਨ੍ਹਾਂ ਮੁਤਾਬਕ ਇਨ੍ਹਾਂ ਕਾਨਫਰੰਸਾਂ ਵਿਚ ਸਿੱਖੀ ਸਿਧਾਂਤਾਂ ਅਤੇ ਸ਼ਹੀਦਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ, ਬੱਸ ਇਕ-ਦੂਜੇ ਖਿਲਾਫ ਭੜਾਸ ਕੱਢੀ ਜਾਂਦੀ ਹੈ।
________________________________________
ਸਾਹਿਬਜ਼ਾਦਿਆਂ ਦੀ ਸ਼ਹੀਦੀ ਪ੍ਰੇਰਨਾ ਦਾ ਸਰੋਤ: ਮਾਨ
ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਕੀਤੀ ਕਾਨਫ਼ਰੰਸ ਵਿਚ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਅਤੇ ਨਾਲ ਹੀ ਆਖਿਆ ਕਿ ਅੱਜ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਸੇਧ ਲੈਣ ਦੀ ਬਹੁਤ ਲੋੜ ਹੈ। ਦੁਨਿਆਵੀ ਲਾਲਸਾਵਾਂ ਹੀ ਲੋਕ ਭਾਜਪਾ ਤੇ ਮੋਦੀ ਨੂੰ ਗੁਜਰਾਤ ਵਿਚ ਵੋਟਾਂ ਪਾ ਕੇ ਜਿਤਾ ਰਹੇ ਹਨ। ਇਹੀ ਹਾਲ ਪੰਜਾਬ ਦਾ ਹੋਇਆ ਹੈ, ਲੋਕਾਂ ਨੇ ਬਾਦਲਾਂ ਨੂੰ ਵੋਟਾਂ ਪਾ ਕੇ ਇਹੀ ਕੁਝ ਸਾਬਤ ਕੀਤਾ ਹੈ। ਸ਼ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਖ਼ਾਲਿਸਤਾਨ ਜਮਹੂਰੀ ਅਤੇ ਅਮਨਮਈ ਤਰੀਕੇ ਨਾਲ ਕਾਇਮ ਕੀਤਾ ਜਾਵੇਗਾ। ਇਸ ਮੌਕੇ ਦਲ ਵੱਲੋਂ 23 ਮਤੇ ਪਾਸ ਕੀਤੇ ਗਏ। ਕਾਨਫਰੰਸ ਨੂੰ ਧਿਆਨ ਸਿੰਘ ਮੰਡ, ਪਰਮਜੀਤ ਸਿੰਘ ਸਹੋਲੀ, ਇਕਬਾਲ ਸਿੰਘ ਟਿਵਾਣਾ, ਬਲਵੰਤ ਸਿੰਘ ਗੋਪਾਲਾ, ਪ੍ਰੋæ ਮਹਿੰਦਰਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਾਬਾ ਅਮਰਜੀਤ ਸਿੰਘ ਕਿਲਾ ਹਕੀਮਾਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰ ਕੇ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ ਝੱਬਰ, ਧਰਮ ਸਿੰਘ ਕਲੋੜ, ਰਣਦੇਵ ਸਿੰਘ ਦੇਵੀ, ਸਵਰਨ ਸਿੰਘ ਫਾਟਕ ਮਾਜਰੀ ਤੇ ਹੋਰ ਅਹੁਦੇਦਾਰ ਪੁੱਜੇ ਹੋਏ ਸਨ।
_______________________________________________
ਸਮਾਗਮ ਸਿਆਸੀ ਅਖਾੜੇ ਨਾ ਬਣਨ: ਖਾਲਸਾ
ਆਨੰਦਪੁਰ ਸਾਹਿਬ: ਸੰਤ ਸਮਾਜ ਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੇ ਅਪੀਲ ਕੀਤੀ ਹੈ ਕਿ ਸਿੱਖਾਂ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਹੋਣ ਵਾਲੇ ਸਮਾਗਮਾਂ ਨੂੰ ਸਿਆਸੀ ਅਖਾੜੇ ਬਣਾ ਕੇ ਇਕ-ਦੂਜੇ ‘ਤੇ ਦੂਸ਼ਣ ਨਾ ਲਾਏ ਜਾਣ। ਇਸ ਨਾਲ ਸ਼ਹੀਦੀ ਸਮਾਗਮਾਂ ਦੀ ਮਹਾਨਤਾ ਤੇ ਪਵਿੱਤਰਤਾ ਨੂੰ ਸੱਟ ਵੱਜਦੀ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਸੰਤ ਖਾਲਸਾ ਨੇ ਕਿਹਾ ਕਿ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਤਾਂ ਸਮੁੱਚੀ ਸਿੱਖ ਕੌਮ ਸ਼ਹਾਦਤ ਦੇਣ ਵਾਲੇ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ, ਦੂਜੇ ਪਾਸੇ ਸਿਆਸੀ ਲੋਕ ਆਪਣੀਆਂ ਰੋਟੀਆਂ ਸੇਕ ਰਹੇ ਹਨ। ਸ਼ਹੀਦੀ ਸਮਾਗਮਾਂ ਵਿਚ ਕਿਸੇ ਵੀ ਪਾਰਟੀ ਨੂੰ ਸਿਆਸੀ ਕਾਨਫਰੰਸ ਕਰਨ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ‘ਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ‘ਚ ਤਿਆਰ ਹੋ ਰਹੀ ਸ਼ਹੀਦੀ ਯਾਦਗਾਰ ਜੂਨ ਦੇ ਪਹਿਲੇ ਹਫਤੇ ਪੰਥ ਨੂੰ ਸਮਰਪਤ ਕਰ ਦਿੱਤੀ ਜਾਵੇਗੀ। ਇਸ ਮੌਕੇ ਸ਼ਮੂਲੀਅਤ ਲਈ ਧੜੇਬੰਦੀ ਤੇ ਵਿਤਕਰੇ ਤੋਂ ਉਤੇ ਉੱਠ ਕੇ ਦੇਸ਼-ਵਿਦੇਸ਼ ਵਿਚ ਵਸਦੇ ਪੰਥ ਦਰਦੀਆਂ ਨੂੰ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਜਾਵੇਗਾ।

Be the first to comment

Leave a Reply

Your email address will not be published.