ਲਾਲਾ ਹਰਦਿਆਲ ਅਤੇ ਗਦਰ ਲਹਿਰ

ਲਾਲਾ ਹਰਦਿਆਲ: ਬੌਧਿਕ ਬੁਲੰਦੀ ਦਾ ਮੁਜੱਸਮਾ-2
ਆਜ਼ਾਦੀ ਦੀ ਲੜਾਈ ਵਿਚ ਲਾਲਾ ਹਰਦਿਆਲ ਦਾ ਯੋਗਦਾਨ ਅਭੁੱਲ ਹੈ। ਉਨ੍ਹਾਂ ਦੀ ਬੌਧਿਕ ਸਮਰੱਥਾ ਬਾਰੇ ਤਾਂ ਕਿਸੇ ਨੂੰ ਕੋਈ ਸ਼ੱਕ ਹੈ ਹੀ ਨਹੀਂ ਸੀ, ਜਦੋਂ ਅਮਰੀਕਾ ਦੀ ਧਰਤੀ ਉਤੇ ਆਜ਼ਾਦੀ ਦੀ ਲਹਿਰ ਗਦਰ ਦੇ ਰੂਪ ਵਿਚ ਕਰਵਟ ਲੈ ਰਹੀ ਸੀ ਤਾਂ ਉਸ ਵੇਲੇ ਉਨ੍ਹਾਂ ਵੱਲੋਂ ਕੀਤੀਆਂ ਪਹਿਲਕਦਮੀਆਂ ਨੇ ਉਨ੍ਹਾਂ ਦੀ ਜਥੇਬੰਦਕ ਸਮਰੱਥਾ ਦੇ ਦਰਸ਼ਨ ਵੀ ਕਰਵਾਏ। ਉਦੋਂ ਉਨ੍ਹਾਂ ਗਦਰ ਲਹਿਰ ਦੀ ਧਾਰ ਬੰਨ੍ਹਣ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ ਜੀਵਨ ਲਗਾਤਾਰ ਗਤੀਸ਼ੀਲ ਰਿਹਾ ਅਤੇ ਉਹ ਹਰ ਵਾਰ ਆਪਣੇ ਲਈ ਆਪ ਰਾਸਤੇ ਤਿਆਰ ਕਰਦੇ ਰਹੇ। ਚਰਨ ਸਿੰਘ ਜੱਜ ਦੇ ਇਸ ਲੇਖ ਵਿਚ ਉਨ੍ਹਾਂ ਦੀ ਇਸੇ ਪ੍ਰਤਿਭਾ ਬਾਰੇ ਗੱਲਾਂ ਕੀਤੀਆਂ ਗਈਆਂ ਹਨ। -ਸੰਪਾਦਕ

ਚਰਨ ਸਿੰਘ ਜੱਜ
ਗਦਰ ਲਹਿਰ ਦੀ ਸਥਾਪਨਾ
ਲਾਲਾ ਹਰਦਿਆਲ ਬਰਕਲੇ ਵਿਚ ਰਹਿੰਦਿਆਂ ਸਰਕਾਰੀ, ਗੈਰ-ਸਰਕਾਰੀ, ਸਮਾਜਕ, ਸਭਿਆਚਾਰਕ, ਪੱਤਰਕਾਰੀ ਅਤੇ ਸਾਹਿਤਕ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰ ਚੁੱਕੇ ਸਨ। ਉਨ੍ਹਾਂ ਦੀਆਂ ਲਿਖਤਾਂ ਵਿਚ ਚਮਤਕਾਰੀ ਸ਼ਕਤੀ ਸੀ। ਉਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਭਾਰਤੀਆਂ ਅੰਦਰ ਨਵੀਂ ਚੇਤਨਾ ਦਾ ਪਾਸਾਰ ਹੋਣ ਲੱਗਾ। ਉਨ੍ਹਾਂ ਦਾ ਇਕੋ ਮਨੋਰਥ ਸੀ ਕਿ ਭਾਰਤ ਵਿਚੋਂ ਬਰਤਾਨਵੀ ਸਰਕਾਰ ਖਤਮ ਕਰਨਾ ਅਤੇ ਭਾਰਤ ਦੇ ਹਰ ਖੇਤਰ ਵਿਚ ਪਰਿਵਰਤਨ ਲਿਆਉਣ। ਇਸ ਕੰਮ ਲਈ ਉਨ੍ਹਾਂ ਭਾਸ਼ਣਾਂ, ਲੇਖਾਂ, ਮੀਟਿੰਗਾਂ ਰਾਹੀਂ ਕਿਰਤੀ ਨੌਜੁਆਨਾਂ ਅਤੇ ਵਿਦਿਆਰਥੀਆਂ ਵਿਚ ਨਵੀਂ ਸ਼ਕਤੀ ਦਾ ਸੰਚਾਰ ਕੀਤਾ। ਭਾਰਤੀਆਂ ਅਤੇ ਪੰਜਾਬੀ ਸਿੱਖ ਕਿਰਤੀਆਂ ਲਈ ਉਨ੍ਹਾਂ ਏਕਤਾ ਕਮੇਟੀਆਂ ਬਣਾਈਆਂ। ਸਾਰੇ ਕਿਰਤੀਆਂ ਵੱਲੋਂ ਮੰਗ ਪੱਤਰ ਪੇਸ਼ ਕੀਤੇ ਗਏ। ਖੇਤ ਮਾਲਕਾਂ ਤੇ ਉਦਯੋਗਪਤੀਆਂ ਨੂੰ ਪਤਾ ਲੱਗ ਗਿਆ ਕਿ ਤਕੜੀ ਜਥੇਬੰਦੀ ਬਣ ਗਈ ਹੈ, ਹੁਣ ਬਹੁਤੀ ਦੇਰ ਬੇਇਨਸਾਫੀ ਨਹੀਂ ਕੀਤਾ ਜਾ ਸਕਦੀ। ਫਿਰ ਉਹ ਸਟਾਕਟਨ (ਕੈਲੀਫੋਰਨੀਆ) ਪੁੱਜੇ ਅਤੇ ਉਥੇ ਸ਼ ਜਵਾਲਾ ਸਿੰਘ ਅਤੇ ਸੰਤ ਵਿਸਾਖਾ ਸਿੰਘ ਨੂੰ ਮਿਲੇ ਜਿਨ੍ਹਾਂ ਨੇ ਭਾਰਤੀਆਂ, ਵਿਸ਼ੇਸ਼ ਤੌਰ ‘ਤੇ ਪੰਜਾਬੀ ਕਿਰਤੀ ਕਿਸਾਨਾਂ ਨਾਲ ਹੁੰਦੇ ਧੱਕਿਆਂ ਸਬੰਧੀ ਉਨ੍ਹਾਂ ਨੂੰ ਵਿਸਥਾਰ ਨਾਲ ਸਮਝਾਇਆ ਅਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਲਈ ਆਪ ਨੂੰ ਕਿਹਾ।
ਸਟਾਕਟਨ ਵਿਚ ਭਾਰਤ ਤੋਂ ਆਏ ਪਰਵਾਸੀ ਸਿੱਖ ਵਧੇਰੇ ਸਨ। ਉਸ ਸਮੇਂ ਇਨ੍ਹਾਂ ਦੇ ਕੰਮ ਕਰਨ ਅਤੇ ਮਿਹਨਤਾਨੇ ਦੇ ਮਾਮਲਿਆਂ ਵਿਚ ਝਗੜੇ ਹੁੰਦੇ ਰਹਿੰਦੇ ਸਨ। ਭਾਰਤੀ ਅਤੇ ਹੋਰ ਪਰਵਾਸੀਆਂ ਨਾਲੋਂ ਪੰਜਾਬੀ ਵਧੇਰੇ ਮਿਹਨਤ ਕਰਨ ਕਰ ਕੇ ਖੁਸ਼ਹਾਲ ਸਨ। ਉਥੇ ਗੁਰਦੁਆਰਾ ਵੀ ਸੀ। ਸ਼ ਜਵਾਲਾ ਸਿੰਘ ਤੇ ਸੰਤ ਬਾਬਾ ਵਿਸਾਖਾ ਸਿੰਘ ਨੇ ਭਾਰਤੀ ਵਿਦਿਆਰਥੀਆਂ ਲਈ ਮਦਦ ਜਾਂ ਵਜ਼ੀਫਿਆਂ ਦਾ ਐਲਾਨ ਵੀ ਕੀਤਾ ਹੋਇਆ ਸੀ। ਹਰਦਿਆਲ ਦੇ ਸੁਝਾਅ ‘ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਵਜ਼ੀਫਾ ਦੇਣ ਦਾ ਫੈਸਲਾ ਵੀ ਕੀਤਾ ਗਿਆ। ਇਨ੍ਹਾਂ ਵਜ਼ੀਫਿਆਂ ਦੀਆਂ ਖ਼ਬਰਾਂ ਜਦ ਭਾਰਤ ਦੀਆਂ ਅਖ਼ਬਾਰਾਂ ਵਿਚ ਛਪੀਆਂ ਤਾਂ ਬੀæਏæ ਪਾਸ 600 ਵਿਦਿਆਰਥੀਆਂ ਨੇ ਇਸ ਵਜ਼ੀਫੇ ਲਈ ਬੇਨਤੀ ਪੱਤਰ ਭੇਜੇ। ਯੂਨੀਵਰਸਿਟੀ ਦੇ ਸਹਿਯੋਗ ਨਾਲ ਕਮੇਟੀ ਬਣਾਈ ਗਈ ਜਿਸ ਦੇ ਮੁਖੀ ਡਾæ ਆਰਥਰ ਉਪਹਾਣ ਪੋਪ ਸਨ। ਇਸ ਵਿਚ ਹਰਦਿਆਲ, ਤਾਰਕਨਾਥ ਦਾਸ, ਸ਼ ਤੇਜਾ ਸਿੰਘ, ਸ਼ ਜਵਾਲਾ ਸਿੰਘ ਮੈਂਬਰਾਂ ਵਿਚ ਸ਼ਾਮਲ ਸਨ। ਕਮੇਟੀ ਨੇ ਪੜਤਾਲ ਕਰ ਕੇ ਛੇ ਵਿਦਿਆਰਥੀਆਂ ਦੀ ਚੋਣ ਕਰ ਲਈ। ਵਿਦਿਆਰਥੀ ਬਰਕਲੇ ਪਹੁੰਚ ਗਏ। ਉਨ੍ਹਾਂ ਨੂੰ ਇਕ ਮਕਾਨ ਕਿਰਾਏ ‘ਤੇ ਲੈ ਕੇ ਦਿੱਤਾ ਗਿਆ ਅਤੇ ਉਨ੍ਹਾਂ ਯੂਨੀਵਰਸਿਟੀ ਵਿਚ ਦਾਖਲ ਹੋ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੱਤੀ।
ਇਸੇ ਸਮੇਂ ਵਿਚ ਭਾਰਤ ਵਿਚ ਇਕ ਘਟਨਾ ਹੋਰ ਵਾਪਰ ਗਈ। ਭਾਰਤ ਵਿਚ ਵਾਇਸਰਾਏ ਲਾਰਡ ਹਾਰਡਿੰਗ ਨੂੰ ਕਤਲ ਕਰਨ ਦੀ ਨਾਕਾਮ ਕੋਸ਼ਿਸ਼ ਹੋਈ। ਭਾਰਤ ਦੀ ਬਰਤਾਨਵੀ ਸਰਕਾਰ ਨੇ ਮਾਸਟਰ ਅਮਰ ਚੰਦ ਨੂੰ ਮੁੱਖ ਦੋਸ਼ੀ ਕਰਾਰ ਦੇ ਕੇ ਫੜ ਲਿਆ ਜਿਸ ਦੇ ਕਬਜ਼ੇ ਵਿਚ ਹਰਦਿਆਲ ਵੱਲੋਂ ਲਿਖੇ ਪੱਤਰ ਮਿਲੇ ਸਨ। ਸਮੇਂ ਸਮੇਂ ਹਰਦਿਆਲ ਦੇ ਅਖ਼ਬਾਰਾਂ ਵਿਚ ਛਪੇ ਲੇਖਾਂ ਦੇ ਟੁਕੜੇ ਵੀ ਫੜੇ ਗਏ। ਜਦੋਂ ਇਸ ਘਟਨਾ ਦੀ ਖਬਰ 25 ਦਸੰਬਰ 1912 ਨੂੰ ਬਰਕਲੇ ਦੀਆਂ ਅਖ਼ਬਾਰਾਂ ਵਿਚ ਛਪੀ ਤਾਂ ਭਾਰਤੀ ਲੋਕਾਂ ਨੇ ਖੁਸ਼ੀ ਮਨਾਈ। ‘ਵੰਦੇ ਮਾਤਰਮ’ ਦਾ ਗੀਤ ਗਾਇਆ। ਭਾਰਤੀਆਂ ਨੇ ਜੋਸ਼ ਵਿਚ ਆ ਕੇ ਬਰਤਾਨਵੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਹਰਦਿਆਲ ਨੇ ਬੰਬ ਸੁੱਟਣ ਵਾਲੇ ਨੂੰ ਸਲਾਮ ਭੇਜਿਆ ਅਤੇ ਇਕ ਪ੍ਰੈਸ ਨੋਟ ਭਾਰਤ ਦੀਆਂ ਅਖਬਾਰਾਂ ਵਿਚ ਛਪਣ ਲਈ ਭੇਜਿਆ। ਭਾਰਤ ਵਿਚ ਤਾਂ ਇਹ ਪ੍ਰੈਸ ਨੋਟ ਛਪ ਨਾ ਸਕਿਆ, ਬਾਹਰਲੇ ਮੁਲਕਾਂ ਵਿਚ ਛਪ ਗਿਆ। ਵਾਇਸਰਾਏ ਉਤੇ ਬੰਬ ਸੁੱਟਣ ਦੇ ਜੋ ਜਸ਼ਨ ਮਨਾਏ ਗਏ, ਉਸ ਦਾ ਕੈਨੇਡਾ, ਅਮਰੀਕਾ ਅਤੇ ਬਰਤਾਨਵੀ ਸਰਕਾਰਾਂ ਨੇ ਗੰਭੀਰ ਨੋਟਿਸ ਲਿਆ। ਬਰਤਾਨਵੀ ਸਰਕਾਰ ਨੇ ਕਲਕੱਤਾ ਫੋਰਸ ਦੇ ਰਹਿ ਚੁੱਕੇ ਅਧਿਕਾਰੀ ਹਾਪਕਿਨਸਨ ਨੂੰ 8 ਜਨਵਰੀ 1913 ਨੂੰ ਕੈਲੀਫੋਰਨੀਆ ਭੇਜਿਆ। ਇਹ ਅਫਸਰ ਭਾਰਤੀ ਭਾਸ਼ਾਵਾਂ ਬੋਲ ਤੇ ਸਮਝ ਲੈਂਦਾ ਸੀ। ਉਸ ਨੇ ਆਉਂਦਿਆਂ ਹੀ ਬਰਤਾਨਵੀ ਜਨਰਲ ਕੌਂਸਲ ਪੁੱਜ ਕੇ ਭਾਰਤੀ ਵਿਦਿਆਰਥੀਆਂ ਤੇ ਨੇਤਾਵਾਂ ਦੇ ਨਾਂ ਟਿਕਾਣੇ ਪ੍ਰਾਪਤ ਕੀਤੇ ਅਤੇ ਗੁਪਤ ਰੂਪ ਵਿਚ ਪੜਤਾਲ ਸ਼ੁਰੂ ਕਰ ਦਿੱਤੀ। ਹਾਪਕਿਨਸਨ ਅਮਰੀਕਾ ਦੇ ਪਰਵਾਸੀ ਵਿਭਾਗ ਦੇ ਅਫਸਰਾਂ ਨੂੰ ਵੀ ਮਿਲਿਆ। ਸੈਨ ਫਰਾਂਸਿਸਕੋ ਵਿਚ ਇਕ ਮੰਦਰ ਦੇ ਪੁਜਾਰੀ ਕੋਲੋਂ ਲੋੜੀਂਦੀ ਜਾਣਕਾਰੀ ਵੀ ਹਾਸਿਲ ਕਰ ਲਈ। ਹਾਪਕਿਨਸਨ ਨੇ ਹਰਦਿਆਲ ਸਬੰਧੀ ਜੋ ਰਿਪੋਰਟ ਭਾਰਤ ਭੇਜੀ, ਉਸ ਵਿਚ ਲਿਖਿਆ ਸੀ ਕਿ ਹਰਦਿਆਲ ਸਭ ਤੋਂ ਖਤਰਨਾਕ ਬੁੱਧੀਜੀਵੀ ਤੇ ਪ੍ਰਤਿਭਾਸ਼ਾਲੀ ਇਨਕਲਾਬੀ ਨੇਤਾ ਹੈ, ਉਸ ਦਾ ਤਕੜਾ ਪ੍ਰਭਾਵ ਹੈ, ਇਸ ਦੇ ਭਾਸ਼ਣ ਸੁਣ ਕੇ ਨੌਜਵਾਨਾਂ ਵਿਚ ਜਜ਼ਬਾਤ ਦੀ ਅੱਗ ਭਰ ਜਾਂਦੀ ਹੈ।
ਉਧਰ, ਹਰਦਿਆਲ ਦੇ ਕੰਮਕਾਰ ਉਤੇ ਕੋਈ ਅਸਰ ਨਾ ਹੋਇਆ। ਉਨ੍ਹਾਂ ਦੇ ਉਦਮ ਸਦਕਾ ਕੈਲੀਫੋਰਨੀਆ ਵਿਚ ਵਿਦਿਆਰਥੀਆਂ ਅਤੇ ਕਿਰਤੀ-ਕਾਮਿਆਂ ਦੀਆਂ ਜਥੇਬੰਦੀਆਂ ਬਣ ਗਈਆਂ। ਵੱਖ ਵੱਖ ਸ਼ਹਿਰਾਂ ਵਿਚ ਯੰਗ ਇੰਡੀਆ ਐਸੋਸੀਏਸ਼ਨਾਂ ਦੀਆਂ ਬਰਾਂਚਾਂ ਖੋਲ੍ਹ ਦਿੱਤੀਆਂ ਗਈਆਂ ਜਿਨ੍ਹਾਂ ਵਿਚ ਨੌਜੁਆਨਾਂ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਵੱਖ ਵੱਖ ਸ਼ਹਿਰਾਂ ਵਿਚ ਪ੍ਰੋæ ਸਟੀਫਨਜ਼ ਦੇ ਲੈਕਚਰ ਵੀ ਕਰਵਾਏ। ਉਹ ਭਾਰਤ ਦੇ ਕ੍ਰਾਂਤੀਕਾਰੀਆਂ ਦਾ ਸਮਰਥਕ ਸੀ। ਉਹ ਵੀ ਕਹਿੰਦਾ ਸੀ ਕਿ ਭਾਰਤ ਦੀ ਅਜ਼ਾਦੀ ਹਥਿਆਰਬੰਦ ਸੰਘਰਸ਼ ਰਾਹੀਂ ਹੀ ਸੰਭਵ ਹੈ।
ਵੀਹਵੀਂ ਸਦੀ ਦੇ ਸ਼ੁਰੂ ਵਿਚ ਅਮਰੀਕਾ ਦੇ ਪੱਛਮੀ ਹਿੱਸੇ ਦੀ ਉਸਾਰੀ ਹੋ ਰਹੀ ਸੀ। ਸੜਕਾਂ ਤੇ ਪੁਲ ਬਣ ਰਹੇ ਸਨ; ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸਨ। ਓਰੇਗਾਨ ਸਟੇਟ ਵਿਚ ਪੈਂਦੇ ਕੋਲੰਬੀਆ ਦਰਿਆ ‘ਤੇ ਆਰਾ ਮਿੱਲਾਂ ਬਹੁਤ ਸਨ ਜਿਸ ਵਿਚ ਹਿੰਦੀ ਅਤੇ ਪੰਜਾਬੀ ਕਾਮੇ ਕੰਮ ਕਰਦੇ ਸਨ। ਕਾਰਖਾਨਿਆਂ ਵਿਚ ਕੰਮ ਕਰਨ ਵਾਲਿਆਂ ਨੂੰ ਪੂਰੀਆਂ ਸਹੂਲਤਾਂ ਨਹੀਂ ਸਨ ਦਿੱਤੀਆਂ ਜਾਂਦੀਆਂ। ਉਹ ਸਾਰੇ ਲਗਾਤਾਰ ਹੋ ਰਹੇ ਅਪਮਾਨ ਤੋਂ ਅੱਕੇ ਹੋਏ ਸਨ। ਹਾਲਾਤ ਬਿਹਤਰ ਬਣਾਉਣ ਲਈ ਕੀਤਾ ਕੀ ਜਾਵੇ, ਇਹ ਦੱਸਣ ਲਈ ਕੋਈ ਨਿੱਤਰ ਕੇ ਅੱਗੇ ਨਹੀਂ ਸੀ ਆ ਰਿਹਾ। ਹਰਨਾਮ ਸਿੰਘ ਕੋਟਲਾ ਨੌਧਸਿੰਘ ਅਖਬਾਰਾਂ ਪੜ੍ਹਦਾ ਰਹਿੰਦਾ ਸੀ। ਉਸ ਅਤੇ ਗੁਰੂਦੱਤ ਨੇ ਫੈਸਲਾ ਕੀਤਾ ਕਿ ਪੋਰਟਲੈਂਡ ਦੇ ਆਲੇ-ਦੁਆਲੇ ਦੀਆਂ ਆਰਾ ਮਿੱਲਾਂ ‘ਤੇ ਕੰਮ ਕਰਨ ਵਾਲਿਆਂ ਦੀ ਮੀਟਿੰਗ ਬੁਲਾਈ ਜਾਵੇ ਜਿਸ ਵਿਚ ਕੋਈ ਕਮੇਟੀ ਬਣਾਈ ਜਾਵੇ ਅਤੇ ਅਖ਼ਬਾਰ ਵੀ ਕੱਢਿਆ ਜਾਵੇ।
ਜੁਲਾਈ 1912 ਵਿਚ ਵੱਖ ਵੱਖ ਆਰਾ ਮਿੱਲਾਂ ਦੇ ਭਾਰਤੀ ਮਜ਼ਦੂਰ ਪੋਰਟਲੈਂਡ ਵਿਚ ਇਕੱਠੇ ਹੋਏ। ਇਸ ਮੀਟਿੰਗ ਵਿਚ ਬ੍ਰਾਈਡਲਵੇਲ, ਸੇਂਟ ਜੌਹਨ, ਲਿੰਟਨ ਅਤੇ ਪੋਰਟਲੈਂਡ ਤੋਂ ਕਿਰਤੀਆਂ ਨੇ ਹਿੱਸਾ ਲਿਆ। ਮੀਟਿੰਗ ਵਿਚ ਫੈਸਲਾ ਹੋਇਆ ਕਿ ਪੈਸੇਫਿਕ ਕੋਸਟ ਹਿੰਦੀ ਐਸੋਸੀਏਸ਼ਨ ਬਣਾ ਕੇ ਪੋਰਟਲੈਂਡ ਵਿਚ ਕਿਰਾਏ ‘ਤੇ ਘਰ ਲੈ ਕੇ ਦਫ਼ਤਰ ਖੋਲ੍ਹਿਆ ਜਾਵੇ। ਸਭ ਹਾਜ਼ਰ ਬੰਦੇ ਇਸ ਦੇ ਮੈਂਬਰ ਬਣ ਗਏ। ਭਾਈ ਸੋਹਣ ਸਿੰਘ ਭਕਨਾ ਨੂੰ ਪ੍ਰਧਾਨ, ਗੁਰੂਦੱਤ ਨੂੰ ਸੈਕਟਰੀ ਅਤੇ ਪੰਡਿਤ ਕਾਂਸ਼ੀ ਰਾਮ ਨੂੰ ਖਜ਼ਾਨਚੀ ਥਾਪਿਆ ਗਿਆ। ਉਰਦੂ ਵਿਚ ਅਖਬਾਰ ਕੱਢਣ ਦਾ ਫੈਸਲਾ ਕੀਤਾ ਗਿਆ ਪਰ ਇਸੇ ਦੌਰਾਨ ਗੁਰੂਦੱਤ ਬਿਮਾਰ ਹੋ ਗਿਆ। ਉਸ ਨੂੰ ਹਸਪਤਾਲ ਦਾਖਿਲ ਕਰਾਉਣਾ ਪਿਆ ਅਤੇ ਇਹ ਫੈਸਲਾ ਕਾਗਜ਼ਾਂ ਵਿਚ ਹੀ ਰਹਿ ਗਿਆ। ਮਜ਼ਦੂਰ ਬੇਚੈਨ ਸਨ, ਕੁਝ ਕਰਨਾ ਲੋਚਦੇ ਸਨ। ਲਾਲਾ ਠਾਕਰ ਦਾਸ, ਜੋ ਸੇਂਟ ਜੌਹਨ ਕੰਮ ਕਰਦਾ ਸੀ, ਨੇ ਸੁਝਾਅ ਦਿੱਤਾ ਕਿ ਸੈਨ ਫਰਾਂਸਿਸਕੋ ਵਿਚ ਰਹਿੰਦੇ ਲਾਲਾ ਹਰਦਿਆਲ ਨੂੰ ਇਸ ਕਾਰਜ ਦੀ ਅਗਵਾਈ ਕਰਨ ਲਈ ਬੇਨਤੀ ਕੀਤੀ ਜਾਵੇ। ਠਾਕਰ ਦਾਸ ਨੇ ਹਰਦਿਆਲ ਨੂੰ ਖ਼ਤ ਲਿਖਿਆ। ਜੁਆਬ ਵਿਚ ਹਰਦਿਆਲ ਨੇ ਵਾਇਦਾ ਕੀਤਾ ਕਿ ਉਹ ਉਨ੍ਹਾਂ ਕੋਲ ਜਲਦੀ ਪੁੱਜੇਗਾ।
25 ਮਾਰਚ 1913 ਨੂੰ ਲਾਲਾ ਹਰਦਿਆਲ ਤੇ ਭਾਈ ਪਰਮਾਨੰਦ, ਪੰਡਿਤ ਕਾਂਸ਼ੀ ਰਾਮ ਦੇ ਘਰ ਪੁੱਜੇ ਜਿਥੇ ਪਹਿਲਾਂ ਹੀ ਆਰਾ ਮਿੱਲਾਂ ਦੇ ਕਾਮੇ ਲਾਲਾ ਜੀ ਦੇ ਵਿਚਾਰ ਸੁਣਨ ਲਈ ਇਕੱਠੇ ਹੋਏ ਹੋਏ ਸਨ। ਲਾਲਾ ਜੀ ਨੇ ਆਪਣੇ ਜੋਸ਼ੀਲੇ ਵਿਚਾਰਾਂ ਵਿਚ ਆਖਿਆ ਕਿ ਜਿੰਨਾ ਚਿਰ ਬਰਤਾਨਵੀ ਰਾਜ ਦਾ ਖਾਤਮਾ ਨਹੀਂ ਹੋ ਜਾਂਦਾ, ਉਨਾ ਚਿਰ ਭਾਰਤੀਆਂ ਦੇ ਦੁੱਖਾਂ ਦਾ ਕੋਈ ਇਲਾਜ ਨਹੀਂ। ਭਾਰਤੀ ਬਰਤਾਨਵੀ ਰਾਜ ਸਕੂਲਾਂ-ਕਾਲਜਾਂ ਵਿਚ ਕਲਰਕ ਹੀ ਪੈਦਾ ਕਰਦਾ ਹੈ ਜੋ ਸਰਕਾਰੀ ਨੌਕਰੀਆਂ ਦੀ ਝਾਕ ਵਿਚ ਰਹਿੰਦੇ ਹਨ। ਅਜਿਹੇ ਲੋਕ ਭਾਰਤ ਦੀ ਸੁਤੰਤਰਤਾ ਲਈ ਕੁਝ ਵੀ ਨਹੀਂ ਕਰ ਸਕਦੇ। ਇਹ ਕੰਮ ਕੇਵਲ ਕਿਸਾਨ ਮਜ਼ਦੂਰ ਹੀ ਕਰ ਸਕਦੇ ਹਨ; ਬਸ਼ਰਤੇ ਉਨ੍ਹਾਂ ਨੂੰ ਦੇਸ਼ ਭਗਤੀ ਤੋਂ ਜਾਣੂ ਕਰਵਾਇਆ ਜਾਵੇ, ਉਨ੍ਹਾਂ ਨੂੰ ਜਮਹੂਰੀ ਤੇ ਸਿਆਸੀ ਭਾਂਤ ਦੀ ਪਾਰਟੀ ਬਣਾਉਣੀ ਚਾਹੀਦੀ ਹੈ ਜਿਸ ਦਾ ਫਿਰਕਾਪ੍ਰਸਤੀ, ਨਸਲ, ਰੰਗ ਅਤੇ ਜਾਤ-ਪਾਤ ਨਾਲ ਦੂਰ ਦਾ ਵੀ ਵਾਸਤਾ ਨਾ ਹੋਵੇ। ਸਾਰਿਆਂ ਨੂੰ ਇਥੇ ਭਾਰਤ ਦੀ ਕ੍ਰਾਂਤੀਕਾਰੀ ਲਹਿਰ ਦੀ ਤਿਆਰੀ ਕਰ ਕੇ ਭਾਰਤ ਵਿਚੋਂ ਬਰਤਾਨਵੀ ਸਾਮਰਾਜ ਨੂੰ ਖਤਮ ਕਰਨ ਲਈ ਉਥੇ ਜਾਣਾ ਚਾਹੀਦਾ ਹੈ। ਨਾਲ ਹੀ ਉਨ੍ਹਾਂ ਇਹ ਤਜ਼ਵੀਜ਼ ਪੇਸ਼ ਕੀਤੀ ਕਿ ਬਰਤਾਨਵੀ ਰਾਜ ਦੀਆਂ ਜੜ੍ਹਾਂ ਪੁੱਟਣ ਅਤੇ ਭਾਰਤੀਆਂ ਵਿਚ ਇਨਕਲਾਬੀ ਰੂਹ ਫੂਕਣ ਲਈ ਉਰਦੂ ਅਤੇ ਪੰਜਾਬੀ ਵਿਚ ਹਫਤਾਵਾਰੀ ਅਖਬਾਰ ਕੱਢਿਆ ਜਾਵੇ।
ਓਰੇਗਾਨ ਪ੍ਰਾਂਤ ਵਿਚ ਕੰਮ ਕਰਦੇ ਮਜ਼ਦੂਰਾਂ ਦੇ ਚੁਣੇ ਹੋਏ ਡੈਲੀਗੇਟਾਂ ਦੀ ਪ੍ਰਵਾਨਗੀ ਨਾਲ ਇਹ ਕੰਮ ਸਿਰੇ ਚੜ੍ਹਨਾ ਸੀ। ਇਸ ਲਈ ਬ੍ਰਾਈਡਲਵੇਲ ਵਿਚ 31 ਮਾਰਚ, ਲਿੰਟਨ ਵਿਚ 7 ਅਪ੍ਰੈਲ,  ਵੀਨਾ ਵਿਚ 14 ਅਪ੍ਰੈਲ ਤੇ ਕੁਝ ਹੋਰ ਥਾਈਂ ਇਕੱਤਰਤਾਵਾਂ ਕਰਨ ਦਾ ਫੈਸਲਾ ਕੀਤਾ ਗਿਆ। ਸਭ ਥਾਂਈਂ ਲਾਲਾ ਹਰਦਿਆਨ ਨੇ ਸਾਰੀ ਵਿਉਂਤ ਦੀ ਵਜਾਹਤ ਕੀਤੀ। ਡੈਲੀਗੇਟਾਂ ਦੀ ਮੀਟਿੰਗ ਐਸਟੋਰੀਆ ਵਿਚ 21 ਅਪਰੈਲ 1913 ਨੂੰ ਹੋਈ। ਸਭ ਦੀ ਤਸੱਲੀ ਲਈ ਮਸਲੇ ਇਕ ਵਾਰ ਫਿਰ ਵਿਚਾਰੇ ਗਏ। ਅੰਤ ਵਿਚ ਲਾਲਾ ਹਰਦਿਆਲ ਨੇ ਆਪਣੀਆਂ ਤਜਵੀਜ਼ਾਂ ਦਾ ਸਾਰ ਪੇਸ਼ ਕੀਤਾ।
ਇਸ ਤੋਂ ਬਾਅਦ 12 ਮੱਦਾਂ ਵਾਲਾ ਵਿਧਾਨ ਬਣਾਇਆ ਗਿਆ ਜਿਸ ਵਿਚ ਪਾਰਟੀ ਦਾ ਨਾਮ ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ ਆਫ ਅਮਰੀਕਾ ਪਾਸ ਹੋਇਆ ਅਤੇ ਇਹ ਵੀ ਕਿ ਪਾਰਟੀ ਦਾ ਦਫ਼ਤਰ ਸੈਨ ਫਰਾਂਸਿਸਕੋ ਵਿਚ ਹੋਵੇਗਾ। ਸੈਨ ਫਰਾਂਸਿਸਕੋ ਨੂੰ ਇਸ ਲਈ ਚੁਣਿਆ ਗਿਆ ਕਿ ਇਹ ਦੁਨੀਆਂ ਭਰ ਦੇ ਕ੍ਰਾਂਤੀਕਾਰੀਆਂ ਦਾ ਹੈਡਕੁਆਰਟਰ ਸੀ। ਫੈਸਲਾ ਹੋਇਆ ਕਿ ਪਾਰਟੀ ਆਪਣਾ ਅਖ਼ਬਾਰ ਹਿੰਦੀ, ਉਰਦੂ ਅਤੇ ਪੰਜਾਬੀ ਵਿਚ ਕੱਢੇਗੀ, ਮੁੱਖ ਸੰਪਾਦਕ ਲਾਲਾ ਜੀ ਹੋਣਗੇ। ਟਰਾਂਸਲੇਸ਼ਨ ਦਾ ਕੰਮ ਕਰਤਾਰ ਸਿੰਘ ਸਰਾਭਾ ਕਰੇਗਾ। ਬਰਤਾਨਵੀ ਸਰਕਾਰ ਦੇ ਖ਼ਿਲਾਫ਼ ਹਥਿਆਰਬੰਦ ਘੋਲ ਕੀਤਾ ਜਾਵੇਗਾ। ਦਫ਼ਤਰ ਦਾ ਕੋਈ ਵੀ ਮੈਂਬਰ ਤਨਖਾਹ ਨਹੀਂ ਲਵੇਗਾ। ਹਰ ਮੈਂਬਰ ਨੂੰ ਇਕ ਡਾਲਰ, ਮਹੀਨੇ ਦੀ ਪਹਿਲੀ ਤਰੀਕ ਨੂੰ ਦੇਣਾ ਪਵੇਗਾ। ਹਰ ਮੈਂਬਰ ਦਾ ਕੋਈ ਵੀ ਆਪਣਾ ਧਰਮ ਹੋ ਸਕਦਾ ਹੈ, ਪਰ ਉਹ ਇਸ ਬਾਰੇ ਕੋਈ ਬਹਿਸ ਨਹੀਂ ਕਰ ਸਕਦਾ। ਪਾਰਟੀ ਮੈਂਬਰਾਂ ਦੀ ਚੋਣ ਹਰ ਸਾਲ ਹੋਵੇਗੀ। ਮੀਟਿੰਗ ਵਿਚ ਅੱਠ ਮੈਂਬਰੀ ਕੇਂਦਰੀ ਕਮੇਟੀ ਚੁਣੀ ਗਈ ਜਿਸ ਤਹਿਤ ਸੋਹਣ ਸਿੰਘ ਭਕਨਾ ਪ੍ਰਧਾਨ, ਲਾਲਾ ਹਰਦਿਆਲ ਸਕੱਤਰ, ਪੰਡਿਤ ਕਾਂਸ਼ੀ ਰਾਮ ਖਜ਼ਾਨਚੀ, ਕੇਸਰ ਸਿੰਘ ਠੱਠਗੜ੍ਹ ਮੀਤ ਪ੍ਰਧਾਨ, ਹਰਨਾਮ ਸਿੰਘ ਕੋਟਲਾ ਨੌਧਸਿੰਘ ਸਹਾਇਕ ਖਜ਼ਾਨਚੀ, ਕਰੀਮ ਬਖਸ਼ ਪ੍ਰਬੰਧਕੀ ਸਕੱਤਰ ਬਣੇ। ਫੰਡ ਇਕੱਠਾ ਕਰਨ ਦੀ ਅਪੀਲ ‘ਤੇ 10 ਹਜ਼ਾਰ ਡਾਲਰ ਮੌਕੇ ‘ਤੇ ਹੀ ਇਕੱਠਾ ਹੋ ਗਿਆ। ਮੀਟਿੰਗ ਖਤਮ ਹੋਣ ਤੋਂ ਬਾਅਦ ਸਾਰੇ ਵਰਕਰ ਆਪੋ ਆਪਣੇ ਥਾਂਈਂ ਚਲ ਗਏ ਅਤੇ ਲਾਲਾ ਹਰਦਿਆਲ ਕੈਲੀਫੋਰਨੀਆ ਮੁੜ ਗਏ। ਲਗਭਗ 7 ਮਹੀਨਿਆਂ ਦੀ ਦੇਰੀ ਨਾਲ ਪਹਿਲੀ ਨਵੰਬਰ 1913 ਨੂੰ ‘ਗਦਰ’ (ਉਰਦੂ) ਦਾ ਪਹਿਲਾ ਅੰਕ ਪ੍ਰਕਾਸ਼ਤ ਹੋਇਆ। ਇਸ ਨੂੰ ਕਰਤਾਰ ਸਿੰਘ ਸਰਾਭਾ ਤੇ ਰਘਬਰ ਲਾਲ ਗੁਪਤਾ ਨੇ ਸਾਈਕਲੋਸਟਾਈਲ ਕੀਤਾ ਸੀ। ਦਫ਼ਤਰ ਅਤੇ ਅਖਬਾਰ ਦਾ ਕੰਮ ਤੇਜ਼ ਕਰਨ ਵਾਸਤੇ ਪ੍ਰੈਸ ਦੇ ਸਟਾਫ ਵਿਚ ਹਰਨਾਮ ਸਿੰਘ ਕੋਟਲਾ ਨੌਧਸਿੰਘ, ਪੰਡਿਤ ਜਗਤ ਰਾਮ, ਪ੍ਰਿਥਵੀ ਸਿੰਘ, ਅਮਰ ਸਿੰਘ, ਪੂਰਨ ਸਿੰਘ, ਸੋਹਣ ਲਾਲ ਪਾਠਕ ਸ਼ਾਮਿਲ ਹੋ ਗਏ। ਪ੍ਰੈਸ ਅਤੇ ਆਸ਼ਰਮ ਵਿਚ ਆਪ ਮੁਹਾਰੇ ਵਿਦਿਆਰਥੀ ਆਣ ਰਲੇ ਸਨ। ਸਭ ਦਾ ਸਾਂਝਾ ਸਲਾਮ ‘ਵੰਦੇ ਮਾਤਰਮ’ ਸੀ।
ਹਫਤਾਵਾਰੀ ‘ਗਦਰ’
‘ਗਦਰ’ ਦਾ ਪ੍ਰਕਾਸ਼ਨ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿਚ ਵੱਡੀ ਘਟਨਾ ਸੀ। ਇਹ ਇਨਕਲਾਬ ਦਾ ਬੁਲੰਦ ਹੋਕਾ ਸੀ। ਲਾਲਾ ਹਰਦਿਆਲ ਬਰਤਾਨਵੀ ਕੂਟਨੀਤੀ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਉਨ੍ਹਾਂ ਨੂੰ ਸਰਕਾਰ ਦੇ ਜ਼ੁਲਮ ਜਬਰ ਨੂੰ ਬੇਪਰਦ ਕਰਨ ਦਾ ਹੁਨਰ ਆਉਂਦਾ ਸੀ। ਗਦਰ ਦੇ ਪਹਿਲ-ਪ੍ਰਿਥਮੇ ਅੰਕ ਵਿਚ ਲਿਖਿਆ ਸੀ ਕਿ ਅੱਜ ਪਹਿਲੀ ਨਵੰਬਰ 1913 ਦਾ ਦਿਨ ਭਾਰਤ ਦੇ ਇਤਿਹਾਸ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੈ ਕਿਉਂਕਿ ਅੱਜ ਵਿਦੇਸ਼ੀ ਜ਼ਮੀਨ ਉਤੇ, ਪਰ ਆਪਣੀ ਬੋਲੀ ਵਿਚ ਬਰਤਾਨਵੀ ਰਾਜ ਵਿਰੁਧ ਜੰਗ ਅਰੰਭ ਹੁੰਦਾ ਹੈ,

ਸਾਡਾ ਨਾਂ ਕੀ ਹੈ-ਗਦਰ
ਸਾਡਾ ਕੰਮ ਕੀ ਹੈ-ਇਨਕਲਾਬ
ਇਹ ਬਗਾਵਤ ਕਿਥੇ ਹੋਵੇਗੀ-ਭਾਰਤ ਵਿਚ।
ਇਹ ਕਦੋਂ ਕਾਮਯਾਬ ਹੋਵੇਗੀ-ਕੁਝ ਸਾਲਾਂ ਵਿਚ।æææ
ਬਰਤਾਨੀਆ ਦਾ ਜਬਰ ਜ਼ੁਲਮ ਭਾਰਤੀ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਉਹ ਆਜ਼ਾਦੀ ਲਈ ਮਰ ਮਿਟਣ ਦੀ ਤਾਕ ਵਿਚ ਨੇ। ਛੇਤੀ ਹੀ ਉਹ ਸਮਾਂ ਆਵੇਗਾ ਜਦੋਂ ਬੰਦੂਕਾਂ ਤੇ ਖੂਨ, ਕਲਮਾਂ ਤੇ ਸਿਆਹੀ ਦੀ ਥਾਂ ਲੈਣਗੇ।æææਇਹ ਉਹ ਵਿਚਾਰਧਾਰਾ ਸੀ ਜੋ ਗਦਰ ਹਰ ਹਫ਼ਤੇ ਪ੍ਰਚਾਰਦਾ ਸੀ।
ਅਗਲੇ ਹਫ਼ਤੇ ਜਰਮਨਾਂ ਨਾਲ ਸਾਂਝ ਪਾਉਣ ਦੀ ਗੱਲ ਕੀਤੀ ਗਈ ਕਿਉਂਕਿ ਜਰਮਨਾਂ ਤੇ ਭਾਰਤੀਆਂ ਦਾ ਸਾਂਝਾ ਦੁਸ਼ਮਣ ਬਰਤਾਨੀਆ ਸੀ। 15 ਨਵੰਬਰ 1913 ਦੇ ਪਰਚੇ ਵਿਚ ਉਨ੍ਹਾਂ ਗੱਦਾਰ ਟੁੱਕੜਬੋਚਾਂ ਬਾਰੇ ਵੀ ਚਿਤਾਵਨੀ ਦਿੱਤੀ ਗਈ ਸੀ ਜਿਨ੍ਹਾਂ ਨੇ ਆਜ਼ਾਦੀ ਦੀ ਇਸ ਲੜਾਈ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਸਨ। ‘ਗਦਰ’ ਦੇ 18 ਤੇ 23 ਦਸੰਬਰ ਵਾਲੇ ਅੰਕਾਂ ਵਿਚ ਲਿਖਿਆ ਗਿਆ ਕਿ ਭਾਰਤਵਾਸੀ ਦੇਸ਼ ਭਗਤ ਵੱਡੀ ਗਿਣਤੀ ਵਿਚ ਆਜ਼ਾਦੀ ਲਹਿਰ ਵਿਚ ਸ਼ਾਮਿਲ ਹੋ ਰਹੇ ਹਨ, ਬੰਬ ਅਤੇ ਹਥਿਆਰਾਂ ਵਾਲੀ ਪਾਰਟੀ ਉਭਰ ਕੇ ਸਾਹਮਣੇ ਆ ਚੁੱਕੀ ਹੈ। ਇਸ ਨਾਲ ਬਰਤਾਨਵੀ ਸਰਕਾਰ ਦਾ ਕਾਲਜਾ ਮੂੰਹ ਵਿਚ ਆਇਆ ਹੋਇਆ ਹੈ। 6 ਜਨਵਰੀ 1914 ਵਾਲੇ ਅੰਕ ਵਿਚ ਹਰਦਿਆਲ ਨੇ ਲਿਖਿਆ ਸੀ-ਹਰ ਇਕ ਨੂੰ ਦਿੱਲੀ ਦਾ 1857 ਦਾ ਗਦਰ ਯਾਦ ਹੈ, ਜੇ ਅਸੀਂ ਅੰਗਰੇਜ਼ਾਂ ਦੇ ਅਧੀਨ ਹਾਂ ਤਾਂ ਇਸ ਵਿਚ ਕਸੂਰ ਸਾਡਾ ਭਾਰਤੀਆਂ ਦਾ ਹੈ, ਜੇ ਅਸੀਂ ਇਕਸੁਰ ਹੋ ਕੇ ਲੜਾਈ ਲੜੀਏ ਤਾਂ ਅਜ਼ਾਦ ਹੋ ਸਕਦੇ ਹਾਂ।
‘ਗਦਰ’ ਨੇ ਭਾਰਤੀ ਪਰਵਾਸੀਆਂ ਦੀ ਚੇਤਨਾ ਪ੍ਰਚੰਡ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਮਾਤ ਭੂਮੀ ਦੇ ਵਿਚਾਰ ਉਨ੍ਹਾਂ ਦੇ ਮਨਾਂ ਵਿਚ ਘਰ ਕਰ ਗਏ। ਅਜ਼ਾਦੀ ਦੇ ਨਵੇਂ ਵਿਚਾਰਾਂ ਨਾਲ ਉਹ ਨਵੇਂ ਮਨੁੱਖ ਬਣ ਗਏ। ਖੇਤਰੀ ਭਿੰਨ-ਭੇਦ ਅਸਲੋਂ ਅਲੋਪ ਹੋ ਗਏ। ਕਈ ਪਰਵਾਸੀ ਭਾਰਤੀਆਂ ਨੇ ਤਾਂ ਆਪਣੀ ਸਾਰੀ ਕਮਾਈ ਗਦਰ ਪਾਰਟੀ ਨੂੰ ਦੇ ਦਿੱਤੀ ਸੀ। ਭਰਾਤਰੀ-ਭਾਵ ਨੇ ਸੁਆਰਥ ਦਾ ਥਾਂ ਲੈ ਲਿਆ ਸੀ। ਉਨ੍ਹਾਂ ਭਾਰਤ ਦੀ ਅਜ਼ਾਦੀ ਬਾਰੇ ਸੋਚਣਾ, ਤੜਫਣਾ, ਸੁਪਨੇ ਲੈਣੇ ਤੇ ਵਿਉਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ‘ਗਦਰ’ ਦੀਆਂ ਲਿਖਤਾਂ ਨੇ ਭਾਰਤੀਆਂ ਦੀ ਬੇਸਬਰੀ ਨੂੰ ਅਮਲੀ ਜਾਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ।
ਗਦਰ ਦੇ ਬੁਲਾਰੇ ਨੇ ਮਲਾਇਆ, ਬਰਮਾ, ਸਿਆਮ, ਇੰਡੋਨੇਸ਼ੀਆ, ਹਾਂਗਕਾਂਗ, ਫਿਲੀਪੀਨਜ਼, ਚੀਨ, ਜਪਾਨ, ਕੈਨੇਡਾ, ਅਮਰੀਕਾ, ਅਫਰੀਕਾ, ਈਸਟ ਇੰਡੀਜ਼, ਗੁਆਨਾ, ਆਸਟਰੇਲੀਆ, ਨਿਊਜ਼ੀਲੈਂਡ, ਅਰਜਨਟੀਨਾ ਆਦਿ ਵਿਚ ਗਦਰ ਪਾਰਟੀ ਦੀ ਜੜ੍ਹ ਲੱਗਣ ਲਈ ਜ਼ਮੀਨਾਂ ਤਿਆਰ ਕਰ ਲਈਆਂ। ‘ਗਦਰ’ ਧਰਮਨਿਰਪੱਖ, ਗੈਰ-ਫਿਰਕੂ ਤੇ ਇਨਕਲਾਬੀ ਜਮਹੂਰੀ ਅਖਬਾਰ ਸੀ। ਇਹ ਅੰਦੋਨਲਕਾਰੀ ਲਾਮਬੰਦਕ ਤੇ ਪ੍ਰਬੰਧਕ ਦੇ ਮਿਲਵੇਂ ਕੰਮ ਕਰਦਾ ਸੀ। ਭਾਰਤੀ ਪਰਵਾਸੀ ਇਸ ਦੇ ਤੂਫਾਨੀ ਅਸਰ ਹੇਠ ਸਨ। ਇਹ ਸਪਸ਼ਟ ਸ਼ਬਦਾਂ ਵਿਚ ਭਾਰਤੀਆਂ ਦੇ ਦਿਲਾਂ ਦੀਆਂ ਰੀਝਾਂ ਦੀ ਤਰਜਮਾਨੀ ਕਰਦਾ ਸੀ।
ਅਮਰੀਕਾ ਵਿਚੋਂ ਹਰਦਿਆਲ ਨੂੰ ਕੱਢਣਾ
ਅਮਰੀਕਾ ਤੇ ਕੈਨੇਡਾ ਵਿਚ ਇਨਕਲਾਬੀ ਉਭਾਰ ਸਿਖਰ ‘ਤੇ ਪੁੱਜ ਰਿਹਾ ਸੀ। ‘ਗਦਰ’ ਅਖ਼ਬਾਰ, ਗਦਰ ਸਾਹਿਤ ਤੇ ਗਦਰ ਪਾਰਟੀ ਦੀ ਕਾਰਗੁਜ਼ਾਰੀ ਨੇ ਦੋਨਾਂ ਸਰਕਾਰਾਂ ਦੇ ਤੌਖਲੇ ਵਧਾ ਦਿੱਤੇ। ਨਿੱਤ ਨਵੇਂ ਲੋਕ ਇਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਸਨ ਅਤੇ ਖੁੱਲ੍ਹੇ ਦਿਲ ਨਾਲ ਮਾਇਕ ਸਹਾਇਤਾ ਵੀ ਕਰ ਰਹੇ ਸਨ। ਬਰਤਾਨਵੀ ਸਰਕਾਰ ਨੂੰ ਆਪਣੇ ਏਜੰਟਾਂ ਰਾਹੀਂ ਗਦਰ ਪਾਰਟੀ ਦੀਆਂ ਸਰਗਰਮੀਆਂ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ। ਬਰਤਾਨਵੀ ਹੁਕਮਰਾਨ ਭਾਰਤੀ ਲੋਕਾਂ ਵਿਚ ਵਧ ਰਹੀ ਸਿਆਸੀ ਜਾਗ੍ਰਿਤੀ ਤੋਂ ਘਬਰਾਉਣ ਲੱਗ ਪਏ। ਉਹ ਸਮਝਦੇ ਸਨ ਕਿ ਗਦਰ ਪਾਰਟੀ ਦੇ ਇਨਕਲਾਬੀ ਉਭਾਰ ਪਿੱਛੇ ਹਰਦਿਆਲ ਦਾ ਹੱਥ ਹੈ। ਜੇ ਉਸ ਨੂੰ ਦ੍ਰਿਸ਼ ਤੋਂ ਲਾਂਭੇ ਕਰ ਦਿੱਤਾ ਜਾਵੇ ਤਾਂ ਆਪੇ ਟਿਕ-ਟਿਕਾ ਹੋ ਜਾਵੇਗਾ। ਆਖਰਕਾਰ, ਕੈਲੀਫੋਰਨੀਆ ਦੀ ਸਰਕਾਰ ਨੇ ਲਾਲਾ ਹਰਦਿਆਲ ਨੂੰ ਦੇਸ਼ ਨਿਕਾਲਾ ਦੇਣ ਲਈ ਵਾਰੰਟ ਜਾਰੀ ਕਰ ਦਿੱਤੇ।
25 ਮਾਰਚ ਦਿਨ ਬੁੱਧਵਾਰ ਦੀ ਸ਼ਾਮ ਨੂੰ ਯੁਗਾਂਤਰ ਆਸ਼ਰਮ ਵਲੋਂ ਵਿਸ਼ਾਲ ਇਕੱਤਰਤਾ ਕੀਤੀ ਗਈ ਜਿਸ ਦੀ ਪ੍ਰਧਾਨਗੀ ਪ੍ਰਸਿੱਧ ਵਕੀਲ ਮਿਸਟਰ ਸਮਿੱਥ ਨੇ ਕੀਤੀ ਸੀ। ਉਥੇ ਤਿੰਨ ਆਦਮੀ ਗ੍ਰਿਫਤਾਰੀ ਵਾਰੰਟ ਲੈ ਕੇ ਪੁੱਜੇ ਹੋਏ ਸਨ। ਉਂਜ ਉਨ੍ਹਾਂ ਹਰਦਿਆਲ ਨੂੰ ਜਲਸੇ ਨੂੰ ਸੰਬੋਧਨ ਕਰ ਲੈਣ ਦਿੱਤਾ। ਰਾਤ ਨੂੰ ਉਨ੍ਹਾਂ ਅਮਰੀਕਨ ਦੋਸਤਾਂ ਨੂੰ ਸੂਚਿਤ ਕੀਤਾ ਕਿ ਸਵੇਰੇ ਪਰਵਾਸ ਮਹਿਕਮੇ ਜਾਣਾ ਹੈ। ਸਾਰੇ ਅਖਬਾਰਾਂ ਵਾਲੇ, ਵਕੀਲ ਅਤੇ ਹਮਦਰਦ ਅੰਗਰੇਜ਼ ਨਾਲ ਜਾਣ ਲਈ ਤਿਆਰ ਹੋ ਗਏ। ਅਮਰੀਕਨ ਔਰਤਾਂ ਹਰਦਿਆਲ ਦੀ ਜ਼ਮਾਨਤ ਦੇਣ ਦਾ ਬੰਦੋਬਸਤ ਕਰਨ ਲੱਗ ਪਈਆਂ। ਦੂਸਰੇ ਦਿਨ ਲਾਲਾ ਹਰਦਿਆਲ ਅਮਰੀਕਨ ਸਾਥੀਆਂ ਨਾਲ ਕੁਆਰਨਟੀਨ ਪੁੱਜ ਗਏ। ਦਫ਼ਤਰ ਵੱਲੋਂ ਵਾਰੰਟ ਪੇਪਰ ਦਿਖਾਏ ਗਏ ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ਕਿ ਹਰਦਿਆਲ ਨੇ 31 ਅਕਤੂਬਰ 1913 ਨੂੰ ਰੂਸੀ ਜ਼ਾਰ ਖ਼ਿਲਾਫ਼ ਤਕਰੀਰ ਕੀਤੀ ਸੀ। 14 ਜਾਂ 15 ‘ਗਦਰ’ ਅਖ਼ਬਾਰ ਦੇ ਲੇਖਾਂ ਦਾ ਪੁਲੰਦਾ ਵੀ ਦਿਖਾਇਆ ਗਿਆ। ਦਫ਼ਤਰ ਦੇ ਅਫਸਰ ਕੋਈ ਤਿੰਨ ਘੰਟੇ ਅੰਗਰੇਜ਼ ਸਾਥੀਆਂ ਦੇ ਸਾਹਮਣੇ ਪੁੱਛ ਪੜਤਾਲ ਕਰਦੇ ਰਹੇ ਪਰ ਕੋਈ ਠੋਸ ਹਕੀਕਤ ਨਾ ਦੱਸ ਸਕੇ। ਅਖੀਰ ਵਿਚ ਇਕ ਹਜ਼ਾਰ ਡਾਲਰ ਦੀ ਜ਼ਮਾਨਤ ‘ਤੇ ਛੱਡ ਦਿੱਤਾ। ਅਗਲੀ ਪੇਸ਼ੀ 10 ਅਪ੍ਰੈਲ 1914 ਨੂੰ ਰੱਖ ਦਿੱਤੀ। ਕੈਲੀਫੋਰਨੀਆ ਦੀਆਂ ਅਖ਼ਬਾਰਾਂ ਜਿਨ੍ਹਾਂ ਵਿਚ ‘ਕ੍ਰਾਨੀਕਲ’ ਤੇ ‘ਬੁਲਿਟਨ’ ਸ਼ਾਮਲ ਹਨ, ਦੇ ਮੁੱਖ ਪੰਨਿਆਂ ‘ਤੇ ਖਬਰਾਂ ਅਤੇ ਆਰਟੀਕਲ ਲਿਖੇ ਗਏ। ਪੁੱਛਿਆ ਗਿਆ ਕਿ ਲਾਲਾ ਹਰਦਿਆਲ ਵਰਗੇ ਬੁੱਧੀਜੀਵੀ ਅਤੇ ਸੰਵੇਦਨਸ਼ੀਲ ਵਿਅਕਤੀ ਨੂੰ ਕਿਉਂ ਕੱਢਿਆ ਜਾ ਰਿਹਾ ਹੈ, ਜਦੋਂ ਕਿ ਹੋਰ ਵੀ ਲੋਕ ਆਜ਼ਾਦੀ ਦੀ ਲੜਾਈ ਲੜ ਰਹੇ ਹਨ। ਅਖਬਾਰਾਂ ਵਿਚ ਖ਼ਬਰਾਂ ਛਪਣ ਨਾਲ ਸਰਕਾਰ ਦੇ ਅੰਦਰ ਵੀ ਹਿਲਜੁਲ ਸ਼ੁਰੂ ਹੋ ਗਈ। ਕੁਝ ਸੈਨੇਟਰਾਂ ਨੇ ਬੁਰਾ ਮਨਾਇਆ। ਕੈਲੀਫੋਰਨੀਆ ਦੀ ਸਰਕਾਰ ਨੇ ਵੀ ਰੋਸ ਜਤਾਇਆ। ਵਾਸ਼ਿੰਗਟਨ ਤੋਂ ਖਬਰ ਆਈ ਕਿ ਹਰਦਿਆਲ ਨੂੰ ਅੰਗਰੇਜ਼ੀ ਕੌਂਸਲ ਨੇ ਫੜਾਇਆ ਹੈ। ਅਸਿਸਟੈਂਟ ਕਮਿਸ਼ਨਰ (ਜਨਰਲ ਇਮੀਗ੍ਰੇਸ਼ਨ) ਮਿਸਟਰ ਕਾਰਨਡ ਨੇ ਕਿਹਾ ਕਿ ਉਨ੍ਹਾਂ ਨੂੰ ਬ੍ਰਿਟਿਸ਼ ਅੰਬੈਸੀ ਦੇ ਸਕੱਤਰ ਮਿਸਟਰ ਸਕਾਟ ਨੇ ਆ ਕੇ ਕਿਹਾ ਸੀ ਕਿ ਹਰਦਿਆਲ ਇਸ ਦੇਸ਼ ਵਿਚੋਂ ਕੱਢਣ ਦੇ ਲਾਇਕ ਹੈ। ਅਖ਼ਬਾਰਾਂ ਵਿਚ ਇਸ ਗੱਲ ਨੇ ਜ਼ੋਰ ਫੜ ਲਿਆ ਕਿ ਹਰਦਿਆਲ ਨੂੰ ਬ੍ਰਿਟਿਸ਼ ਅੰਬੈਸੀ ਦੇ ਕਹਿਣ ‘ਤੇ ਫੜਾਇਆ ਗਿਆ।
ਲਾਲਾ ਹਰਦਿਆਲ ਦੀ ਗ੍ਰਿਫ਼ਤਾਰੀ ਨੇ ਭਾਰਤੀ ਪਰਵਾਸੀਆਂ ਵਿਚ ਬਹੁਤ ਹਲਚਲ ਮਚਾਈ। ਗਦਰ ਪਾਰਟੀ ਨੇ ਹੰਗਾਮੀ ਮੀਟਿੰਗ ਸੱਦ ਕੇ ਇਸ ਮਸਲੇ ਦੇ ਸਿੱਧ-ਪੁੱਠ ਬਾਰੇ ਵਿਚਾਰ ਕੀਤੀ। ਪਾਰਟੀ ਨੇ ਵਕੀਲਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਪਰ ਸਾਰਿਆਂ ਦੀ ਸਲਾਹ ਦਾ ਨਿਚੋੜ ਸੀ ਕਿ ਹਰਦਿਆਲ ਨੂੰ ਅਮਰੀਕਾ ਛੱਡ ਦੇਣਾ ਚਾਹੀਦਾ ਹੈ ਕਿਉਂਕਿ ‘ਗਦਰ’ ਅਖ਼ਬਾਰ ਵਿਚ ਦਿੱਲੀ ਬੰਬ ਕੇਸ ਦੀ ਪ੍ਰਸ਼ੰਸਾ ਕੀਤੀ ਗਈ ਸੀ। ਬਰਤਾਨਵੀ ਸਰਕਾਰ ਮੁਤਾਬਕ ਸਾਰੀ ਸਾਜ਼ਿਸ਼ ਕੈਲੀਫੋਰਨੀਆ ਵਿਚ ਹੀ ਤਿਆਰ ਹੋਈ ਸੀ ਤੇ ਮੁੱਖ ਸਾਜ਼ਿਸ਼ਕਾਰ ਹਰਦਿਆਲ ਸੀ।
ਹਰਦਿਆਲ ਨੇ ਜਲਾਵਤਨ ਹੋਣ ਤੋਂ ਪਹਿਲਾਂ ਸੰਤੋਖ ਸਿੰਘ ਨੂੰ ਗਦਰ ਪਾਰਟੀ ਦਾ ਜਨਰਲ ਸਕੱਤਰ ਥਾਪ ਦਿੱਤਾ ਅਤੇ ਬੈਂਕਾਂ ਦੇ ਖਾਤੇ ਉਸ ਦੇ ਨਾਮ ਕਰਵਾ ਦਿੱਤੇ। ਹਰਨਾਮ ਸਿੰਘ ਕੋਟਲਾ ਨੌਧਸਿੰਘ ਨੂੰ ਗਦਰ ਦਾ ਐਡੀਟਰ ਇੰਚਾਰਜ ਬਣਾ ਦਿੱਤਾ। ਡਾਕਘਰ ਲਿਜਾ ਕੇ ਜਾਣ-ਪਛਾਣ ਕਰਵਾ ਦਿੱਤੀ। ਸਾਰੀਆਂ ਜ਼ਿੰਮੇਵਾਰੀਆਂ ਦਾ ਹਿਸਾਬ ਕਿਤਾਬ ਮੁਕਾ ਕੇ ਜਨੇਵਾ (ਸਵਿਟਜ਼ਰਲੈਂਡ) ਪੁੱਜ ਗਏ। ਉਥੇ ਜਾ ਕੇ ਉਹ ਬਿਮਾਰ ਹੋ ਗਏ। ਸਰਕਾਰਾਂ ਦੀ ਬੇਰੁਖੀ, ਜ਼ਿੰਦਗੀ ਦੀਆਂ ਤਲਖ ਹਕੀਕਤਾਂ, ਗਦਰ ਲਹਿਰ ਨਾਲੋਂ ਮਜਬੂਰਨ ਟੁੱਟਣ, ਇਕ ਮੁਲਕ ਤੋਂ ਦੂਜੇ ਮੁਲਕ ਜਾਣ, ਆਪਣੇ ਵਤਨ ਤੋਂ ਦੂਰ-ਪਹਿਲਾਂ ਸਵਿਟਜ਼ਰਲੈਂਡ ਅਤੇ ਫਿਰ ਜਰਮਨੀ, ਇਟਲੀ ਅਤੇ ਸਵੀਡਨ ਵਿਚ ਕਠਿਨਾਈਆਂ, ਤੰਗੀਆਂ-ਤੁਰਸ਼ੀਆਂ, ਔਕੜਾਂ, ਮੁਸ਼ਕਿਲਾਂ ਨਾਲ ਜੂਝਦਿਆਂ ਅਖੀਰ ਅਮਰੀਕਾ ਦੇ ਸ਼ਹਿਰ ਫਿਲਾਡੈਲਫੀਆ ਪਹੁੰਚ ਗਏ ਜਿਥੇ 4 ਮਾਰਚ 1939 ਨੂੰ ਮੌਤ ਦੀ ਗੋਦ ਵਿਚ ਜਾ ਬੈਠੇ। ਉਨ੍ਹਾਂ ਵਲੋਂ ਸਵੈ-ਵਿਕਾਸ ਲਈ ਦਰਸਾਇਆ ਮਾਰਗ ਬੰਦੇ ਦੀ ਸੋਚ ਨੂੰ ਮਾਂਜ-ਸੰਵਾਰ ਕੇ ਤਿੱਖਾ ਕਰਨ ਦੀ ਸਮਰੱਥਾ ਰਖਦਾ ਹੈ। ਲਾਲਾ ਹਰਦਿਆਲ ਆਪਣੇ ਸਮੇਂ ਦਾ ਆਲਮ ਫਾਜ਼ਲ ਸੀ।

Be the first to comment

Leave a Reply

Your email address will not be published.