ਭਗਵਾਨ ਪਰਸੂ ਰਾਮ ਜੀ

ਹਾਲ ਹੀ ਵਿਚ ਪੰਜਾਬ ਸਰਕਾਰ ਦੇ ਹੁਕਮਾਂ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਹਿੰਦੂ ਮਿਥਿਹਾਸਕ ਦੇਵਤਾ ਭਗਵਾਨ ਪਰਸੂ ਰਾਮ ਦੇ ਨਾਂ ‘ਤੇ ਇਕ ਚੇਅਰ ਸਥਾਪਿਤ ਕੀਤੀ ਹੈ। ਪ੍ਰੋæ ਹਰਪਾਲ ਸਿੰਘ ਪੰਨੂ, ਜਿਨ੍ਹਾਂ ਦੇ ਲੇਖ ਪੰਜਾਬ ਟਾਈਮਜ਼ ਦੇ ਪਾਠਕ ਅਕਸਰ ਇਨ੍ਹਾਂ ਕਾਲਮਾਂ ਵਿਚ ਪੜ੍ਹਦੇ ਰਹਿੰਦੇ ਹਨ, ਨੇ ਇਸ ਚੇਅਰ ਦੀ ਸਥਾਪਨਾ ‘ਤੇ ਗੰਭੀਰ ਪ੍ਰਸ਼ਨ ਉਠਾਇਆ ਹੈ,

‘ਇਸ ਪਿੱਛੇ ਪੰਜਾਬ ਸਰਕਾਰ ਦੀਆਂ ਕੀ ਮਜਬੂਰੀਆਂ ਹਨ, ਸਾਨੂੰ ਕੋਈ ਇਲਮ ਨਹੀਂ, ਪਰ ਇਹ ਚੇਅਰ ਪੰਜਾਬੀ ਅਕਾਦਮਿਕਤਾ ਲਈ ਕਿਵੇਂ ਲਾਹੇਵੰਦ ਹੋਵੇਗੀ?’ ਸ਼ਾਇਦ ਪੰਜਾਬ ਸਰਕਾਰ ਦੀ ਮਜਬੂਰੀ ਆਪਣੀ ਭਾਈਵਾਲ ਭਾਰਤੀ ਜਨਤਾ ਪਾਰਟੀ ਨੂੰ ਖੁਸ਼ ਕਰਨ ਦੀ ਹੋਵੇ! -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: +91-94642-51454

ਪੰਜਾਬ ਦੇ ਵਸਨੀਕ ਬਹੁਤ ਸਾਰੇ ਪੌਰਾਣਿਕ ਨਾਇਕਾਂ, ਖਲਨਾਇਕਾਂ ਨੂੰ ਜਾਣਦੇ ਹਨ ਪਰ ਭਗਵਾਨ ਪਰਸੂ ਰਾਮ ਤੋਂ ਵਧੀਕ ਜਾਣੂ ਨਹੀਂ। ਜਦੋਂ ਦਾ ਪੰਜਾਬ ਸਰਕਾਰ ਦੇ ਐਲਾਨ ‘ਤੇ ਪੰਜਾਬੀ ਯੂਨੀਵਰਸਿਟੀ ਵਿਚ ਭਗਵਾਨ ਜੀ ਦੇ ਨਾਮ ਦੀ ਚੇਅਰ ਸਥਾਪਤ ਹੋਈ ਹੈ, ਮੇਰੇ ਪਾਸੋਂ ਬਹੁਤ ਸਾਰੇ ਲੋਕਾਂ ਨੇ ਉਨ੍ਹਾਂ ਬਾਰੇ ਜਾਣਕਾਰੀ ਮੰਗੀ। ਪੇਸ਼ ਹੈ ਸੰਖੇਪ ਵਾਕਫੀ:
ਭਗਵਾਨ ਪਰਸੂ ਰਾਮ ਵੈਦਿਕ ਮੱਤ ਵਿਚਲੇ ਵਿਸ਼ਣੂ ਜੀ ਦੇ ਛੇਵੇਂ ਅਵਤਾਰ ਸਨ। ਸਪਤ-ਰਿਸ਼ੀਆਂ ਵਿਚੋਂ ਇਕ ਜਮਦਗਨੀ ਪਿਤਾ ਅਤੇ ਮਾਤਾ ਰੇਣੁਕਾ ਦੇ ਘਰ ਪੈਦਾ ਹੋਏ। ਆਪ ਤ੍ਰੇਤੇ ਯੁਗ ਦੇ ਆਖਰ ਅਤੇ ਦੁਆਪਰ ਦੇ ਸ਼ੁਰੂ ਵਿਚ ਹੋਏ, ਚਿਰੰਜੀਵੀ ਕਹਾਏ, ਯਾਨਿ ਕਿ ਅਮਰ। ਵੈਦਿਕ ਮਤ ਵਿਚ ਇਸ ਤਰ੍ਹਾਂ ਦੇ ਸੱਤ ਅਮਰ ਪੁਰਖ ਮੰਨੇ ਗਏ ਹਨ। ਉਨ੍ਹਾਂ ਨੇ ਸ਼ਿਵਜੀ ਦੀ ਯਾਦ ਵਿਚ ਸਖਤ ਤਪ ਕੀਤਾ, ਫਲਸਰੂਪ ਸ਼ਿਵ ਜੀ ਪਾਸੋਂ ਪਰਸੂ (ਕੁਹਾੜੇ) ਦਾ ਵਰਦਾਨ ਮਿਲਿਆ। ਸ਼ਿਵ ਜੀ ਪਾਸੋਂ ਉਨ੍ਹਾਂ ਨੇ ਜੰਗ ਦੀਆਂ ਅਨੇਕ ਕਲਾਵਾਂ ਸਿੱਖੀਆਂ।
ਕਰਤਵੀਰ ਖੱਤਰੀ ਅਰਜੁਨ ਨੇ ਉਨ੍ਹਾਂ ਦੇ ਪਿਤਾ ਦਾ ਵਧ (ਕਤਲ) ਕਰ ਦਿੱਤਾ ਸੀ। ਭਗਵਾਨ ਇੰਨੇ ਕਰੋਧ ਵਿਚ ਆਏ ਕਿ ਉਨ੍ਹਾਂ ਨੇ ਖੱਤਰੀਆਂ ਦਾ ਖੁਰਾ ਖੋਜ ਮਿਟਾਉਣ ਦਾ ਨਿਰਣਾ ਲੈ ਲਿਆ ਤੇ ਇਕੀ ਵਾਰ ਭਿਆਨਕ ਧਰਮ ਧੁੱਧ ਕੀਤੇ। ਮਹਾਂਭਾਰਤ ਅਤੇ ਰਾਮਾਇਣ ਵਿਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਉਹ ਭੀਸ਼ਮ ਪਿਤਾਮਾ, ਦਰੋਣਾਚਾਰੀਆ ਅਤੇ ਕਰਨ ਦੇ ਅਧਿਆਪਕ ਰਹੇ।
ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰਾਵਣ ਦਾ ਪੁੱਤਰ ਇੰਦਰਜੀਤ ਅਤੇ ਪਰਸੂ ਰਾਮ ਦੋ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੂੰ ਤਿੰਨ ਅਕਾਲ ਅਸਤ੍ਰ ਬ੍ਰਹਿਮੰਡ-ਅਸਤ੍ਰ, ਵੈਸ਼ਨਵ-ਅਸਤ੍ਰ ਅਤੇ ਪਸ਼ੁਪਤ-ਅਸਤ੍ਰ ਪ੍ਰਾਪਤ ਹੋਏ। ਸ਼ਿਵ ਜੀ ਤੋਂ ਉਨ੍ਹਾਂ ਨੇ ਗ੍ਰੰਥ ਵੀ ਪੜ੍ਹੇ। ਸ਼ਿਵ ਜੀ ਦੀ ਸਲਾਹ ਮੰਨ ਕੇ ਦੇਵਤਿਆਂ ਨੇ ਉਨ੍ਹਾਂ ਨੂੰ ਹੋਰ ਵੀ ਕਈ ਸ਼ਕਤੀਸ਼ਾਲੀ ਅਸਤ੍ਰ ਦਿੱਤੇ। ਬ੍ਰਾਹਮਣਾਂ ਦੇ ਕੁਝ ਵਡੇਰੇ ਪੁਰਖ ਨਿਯੋਗੀ, ਚਿਤਪਵਨ, ਦੇਵਰੁਖੇ, ਦੈਵਦਨਾ, ਮੋਹਿਆਲ, ਤਿਆਗੀ, ਅਨਾਵਿਲ ਅਤੇ ਨੰਬਦਰੀ ਖਾਨਦਾਨਾਂ ਆਦਿ ਦਾ ਪਿਤਾਮਾ ਸੀ। ਕਲਯੁਗ ਦੇ ਜਿਹੜੇ ਵੱਡੇ ਰਿਸ਼ੀ ਮੰਨੇ ਗਏ-ਵਿਆਸ, ਕ੍ਰਿਪਾ ਤੇ ਦ੍ਰੋਣ ਦਾ ਬੇਟਾ ਅਸ਼ਵਥਾਮਾ, ਇਨ੍ਹਾਂ ਵਿਚ ਇਕ ਪਰਸੂ ਰਾਮ ਵੀ ਸੀ। ਉਹ ਸੱਤ ਰਿਸ਼ੀਆਂ ਵਿਚੋਂ ਇਕ ਹੈ। ਹਿੰਦੂ ਮਤ ਵਿਚ ਮੰਨਿਆ ਗਿਆ ਹੈ ਕਿ ਕਲਯੁਗ ਵਿਚ ਪ੍ਰਗਟ ਹੋਣ ਵਾਲੇ ਕਲਕੀ ਅਵਤਾਰ ਦੇ ਗੁਰੂ ਰੂਪ ਵਿਚ ਫਿਰ ਭਗਵਾਨ ਪਰਸੂ ਰਾਮ ਜਨਮ ਲੈਣਗੇ।
ਨਾਮ: ਪਰਸੂ ਮਾਇਨੇ ਕੁਹਾੜਾ, ਸੋ ਪਰਸੂ ਰਾਮ ਦਾ ਅਰਥ ਹੈ ਰਾਮ ਜੀ ਕੁਹਾੜੇ ਸਣੇ। ਉਹ ਭ੍ਰਿਗੂ ਵੰਸ਼ ਵਿਚੋਂ ਸਨ। ਭ੍ਰਿਗੂ ਸ਼ਬਦ ਦਾ ਮਾਇਨਾ ਹੁੰਦਾ ਹੈ ਤੀਰੰਦਾਜ਼ ਜਿਸ ਕਾਰਨ ਭਾਰਗਵ ਨਾਮ ਵੀ ਪੈ ਗਿਆ, ਭ੍ਰਿਗੁਪਤੀ ਵੀ ਕਿਹਾ ਗਿਆ, ਯਾਨਿ ਕਿ ਭ੍ਰਿਗੂ ਵੰਸ਼ ਦਾ ਵਡੇਰਾ। ਉਨ੍ਹਾਂ ਦਾ ਨਾਮ ਭ੍ਰਿਗੂ ਵੰਸ਼ੀ ਤੇ ਜਮਦਾਗਨੀ ਵੀ ਹੈ।
ਜਨਮ ਸਥਾਨ: ਉਨ੍ਹਾਂ ਦੇ ਸਹੀ ਜਨਮ ਸਥਾਨ ਬਾਰੇ ਵਿਦਵਾਨ ਇਕ ਮੱਤ ਨਹੀਂ। ਅਜੋਕੇ ਮਹੇਸ਼ਵਰ ਖੇਤਰ ਵਿਚ ਕੋਈ ਥਾਂ ਹੈ ਜਾਂ ਸੀ ਜਿਥੇ ਉਹ ਪੈਦਾ ਹੋਏ। ਬਾਬੇ ਦਾ ਨਾਮ ਰੁਚਿਕਾ ਸੀ ਤੇ ਰੁਚਿਕਾ ਸੰਤ ਭ੍ਰਿਗੂ ਦਾ ਬੇਟਾ ਸੀ। ਪਰਸੂ ਰਾਮ ਭਾਰਦਵਾਜ ਅਤੇ ਕਸ਼ਯਪ ਵੰਸ਼ਾਂ ਦਾ ਕੁਲਗੁਰੂ ਸੀ। ਉਹ ਗੌੜ ਬ੍ਰਾਹਮਣ ਸੀ। ਇਕ ਦਿਨ ਰੁਚਿਕਾ ਆਪਣੇ ਲਈ ਦੁਲਹਨ ਦੀ ਤਲਾਸ਼ ਵਿਚ ਤੁਰਿਆ ਫਿਰਦਾ ਸੀ। ਸੂਰਜਵੰਸ਼ੀ ਅਤੇ ਚੰਦ੍ਰਵੰਸ਼ੀ ਦੋ ਖਾਨਦਾਨ ਇਲਾਕੇ ਵਿਚ ਆਬਾਦ ਸਨ। ਚੰਦ੍ਰਵੰਸ਼ੀ ਰਾਜਾ ਗਾਧੀ ਦੀ ਧੀ ਕੁਆਰੀ ਸੀ ਜਿਸ ਦਾ ਨਾਮ ਸੀ ਸਤਿਆਵਤੀ। ਰੁਚਿਕਾ, ਗਾਧੀ ਦੇ ਮਹਿਲ ਵਿਚ ਗਿਆ, ਰਾਜੇ ਨੇ ਪੁਰੋਹਤ ਦਾ ਬੇਅੰਤ ਆਦਰ-ਮਾਣ ਕੀਤਾ। ਉਥੇ ਰਾਜਕੁਮਾਰੀ ਸਤਿਆਵਤੀ ਦੇਖੀ ਤਾਂ ਰਿਸ਼ੀ ਰੁਚਿਕਾ ਮੋਹਿਤ ਹੋ ਗਿਆ ਤੇ ਰਾਜੇ ਨੂੰ ਧੀ ਦਾ ਹੱਥ ਫੜਾਉਣ ਲਈ ਕਿਹਾ। ਰਾਜਾ ਇਹ ਮੰਗ ਸੁਣ ਕੇ ਦੁਖੀ ਹੋਇਆ ਪਰ ਉਹ ਪੁਰੋਹਤ ਨੂੰ ਨਾਂਹ ਵੀ ਨਹੀਂ ਕਰ ਸਕਦਾ ਸੀ। ਸ਼ਾਇਦ ਗੱਲ ਟਲ ਜਾਏ, ਸੋਚ ਕੇ ਰਾਜੇ ਨੇ ਕਿਹਾ-ਠੀਕ ਹੈ ਪੰਡਤ ਜੀ, ਧੀ ਦੇ ਦਿਆਂਗਾ ਪਰ ਇਸ ਦੇ ਬਦਲੇ ਤੁਹਾਥੋਂ ਇਕ ਹਜ਼ਾਰ ਸਫੈਦ ਘੋੜੇ ਲਵਾਂਗਾ, ਘੋੜਿਆਂ ਦੇ ਕੰਨ ਕਾਲੇ ਹੋਣ।
ਰਿਸ਼ੀ ਨੇ ਵਰੁਣ ਦੇਵ ਦੀ ਅਰਾਧਨਾ ਕਰਨੀ ਸ਼ੁਰੂ ਕਰ ਦਿੱਤੀ। ਤਪ ਸਫਲ ਹੋਇਆ ਤੇ ਇੱਛਤ ਹਜ਼ਾਰ ਘੋੜੇ ਮਿਲ ਗਏ। ਰਾਜੇ ਨੇ ਆਪਣੀ ਧੀ ਦਾ ਵਿਆਹ ਰੁਚਿਕਾ ਨਾਲ ਕਰ ਦਿੱਤਾ ਪਰ ਸਤਿਆਵਤੀ ਦੇ ਸੰਤਾਨ ਪੈਦਾ ਨਾ ਹੋਈ। ਰਾਜੇ ਦੇ ਮਹਿਲ ਵਿਚ ਵੀ ਬੇਟਾ ਨਹੀਂ ਸੀ। ਸੋ ਫਿਕਰ ਹੋਇਆ, ਹੁਣ ਵਾਰਸ ਦੀ ਗੈਰਹਾਜ਼ਰੀ ਸਦਕਾ ਰਾਜ ਭਾਗ ਖਤਮ ਹੋਏਗਾ। ਇਕ ਦਿਨ ਉਸ ਨੇ ਆਪਣਾ ਫਿਕਰ ਪਤੀ ਕੋਲ ਜ਼ਾਹਿਰ ਕੀਤਾ।
ਰੁਚਿਕਾ ਨੇ ਦੋ ਪਿਆਲੇ ਸ਼ਰਬਤ ਦੇ ਤਿਆਰ ਕਰ ਕੇ ਪਤਨੀ ਨੂੰ ਕਿਹਾ-ਇਕ ਪਿਆਲਾ ਤੁਹਾਡੀ ਮਾਤਾ ਲਈ ਹੈ, ਉਸ ਦੇ ਮਹਿਲ ਵਿਚ ਤੇਜਸਵੀ ਯੋਧਾ ਖੱਤਰੀ ਪੈਦਾ ਹੋਏਗਾ ਤੇ ਵਾਰਸ ਦੀ ਚਿੰਤਾ ਖਤਮ। ਦੂਜਾ ਪਿਆਲਾ ਤੇਰੇ ਲਈ, ਤੂੰ ਜਿਸ ਬੇਟੇ ਨੂੰ ਜਨਮ ਦਏਂਗੀ, ਉਹ ਵੱਡਾ ਤਪੱਸਵੀ ਸਾਧੂ ਹੋਵੇਗਾ। ਦੋਵੇਂ ਪਿਆਲੇ ਸਤਿਆਵਤੀ ਨੇ ਮਾਂ ਨੂੰ ਫੜਾ ਕੇ ਸਾਰੀ ਗੱਲ ਦੱਸੀ। ਮਹਾਰਾਣੀ ਨੂੰ ਰੁਚਿਕਾ ਉਪਰ ਇਤਬਾਰ ਨਹੀਂ ਸੀ। ਉਸ ਨੇ ਦੋਵੇਂ ਪਿਆਲੇ ਬਦਲ ਦਿੱਤੇ, ਆਪ ਧੀ ਵਾਲਾ ਤੇ ਧੀ ਨੂੰ ਆਪਣੇ ਵਾਲਾ ਪਿਆਲਾ ਫੜਾ ਦਿੱਤਾ।
ਮਾਵਾਂ ਧੀਆਂ ਗਰਭਵਤੀਆਂ ਹੋ ਗਈਆਂ। ਰੁਚਿਕਾ ਨੇ ਦੇਖਿਆ ਕਿ ਉਸ ਦੀ ਪਤਨੀ ਦੇ ਪੇਟ ਦੁਆਲੇ ਖੱਤਰੀ ਦੀ ਆਭਾ ਹੈ। ਪਤਨੀ ਨੂੰ ਕਾਰਨ ਪੁੱਛਿਆ। ਸਤਿਆਵਤੀ ਨੇ ਭੇਤ ਜ਼ਾਹਿਰ ਕਰ ਦਿੱਤਾ ਤਾਂ ਰੁਚਿਕਾ ਨੇ ਕਿਹਾ-ਹੁਣ ਸਾਧੂ ਨਹੀਂ, ਆਪਣੇ ਘਰ ਯੋਧਾ ਪੈਦਾ ਹੋਏਗਾ। ਪਤਨੀ ਨੇ ਬੇਨਤੀ ਕੀਤੀ-ਪਤੀਦੇਵ, ਤੁਸੀਂ ਸਮਰੱਥ ਹੋ। ਸਾਡੀ ਭੁੱਲ ਖਿਮਾ ਕਰੋ। ਮੈਂ ਚਾਹੁੰਦੀ ਹਾਂ, ਮੇਰਾ ਬੇਟਾ ਤਪੱਸਵੀ ਹੋਵੇ ਤੇ ਪੋਤਾ ਯੋਧਾ। ਬੇਨਤੀ ਮੰਨੀ ਗਈ। ਬੇਟਾ ਜਮਦਾਗਨੀ ਪੈਦਾ ਹੋਇਆ ਜੋ ਰਿਸ਼ੀ ਸੀ ਤੇ ਉਸ ਦੇ ਅਗਾਂਹ ਬੇਟਾ ਭਾਰਗਵ ਪੈਦਾ ਹੋਇਆ ਜੋ ਜੰਗਬਾਜ਼ ਸੀ। ਭਾਰਗਵ ਦਾ ਹੀ ਨਾਮ ਪਰਸੂ ਰਾਮ ਹੈ, ਵਿਸ਼ਣੂ ਦੇ ਛੇਵੇਂ ਅਵਤਾਰ।
ਰੇਣੁਕਾ ਦਾ ਘੜਾ: ਦੇਵੀ ਰੇਣੁਕਾ ਨੂੰ ਆਪਣੇ ਸਤ ਉਪਰ ਇੰਨਾ ਫਖਰ ਸੀ ਕਿ ਇਸ ਸਤ ਸਦਕਾ ਉਹ ਨਦੀ ਵਿਚੋਂ ਕੱਚਾ ਘੜਾ ਪਾਣੀ ਦਾ ਭਰ ਕੇ ਲੈ ਆਉਂਦੀ। ਇਕ ਦਿਨ ਉਹ ਪਾਣੀ ਭਰਨ ਗਈ ਤਾਂ ਅਸਮਾਨ ਵਿਚ ਗੰਧਰਵ ਉਡਦੇ ਜਾਂਦੇ ਦੇਖੇ। ਉਹ ਇੰਨੇ ਸੁਹਣੇ ਸਨ ਕਿ ਪਲ ਛਿਣ ਲਈ ਰੇਣੁਕਾ ਦੇ ਮਨ ਵਿਚ ਕਾਮਵਾਸਨਾ ਜਾਗ ਪਈ, ਫਲਸਰੂਪ ਘੜਾ ਖੁਰ ਗਿਆ ਤੇ ਪਾਣੀ ਡੁੱਲ੍ਹ ਗਿਆ। ਉਹ ਡਰ ਗਈ ਕਿ ਹੁਣ ਪਤੀ ਜਮਦਾਗਨੀ ਨੂੰ ਕਿਵੇਂ ਮੂੰਹ ਦਿਖਾਵਾਂ? ਦੇਰ ਤਕ ਰੇਣੁਕਾ ਨਾ ਪਰਤੀ, ਤਾਂ ਦਿਭ ਦ੍ਰਿਸ਼ਟੀ ਨਾਲ ਪਤੀ ਨੇ ਸਾਰਾ ਮਾਮਲਾ ਜਾਣ ਲਿਆ। ਰਿਸ਼ੀ ਨੇ ਜੇਠੇ ਪੁੱਤਰ ਨੂੰ ਕੁਹਾੜਾ ਦੇ ਕੇ ਕਿਹਾ ਕਿ ਆਪਣੀ ਮਾਂ ਦਾ ਕਤਲ ਕਰ। ਬੇਟੇ ਨੇ ਨਾਂਹ ਕਰ ਦਿੱਤੀ ਤਾਂ ਪਿਤਾ ਨੇ ਉਸ ਨੂੰ ਪੱਥਰ ਕਰ ਦਿੱਤਾ। ਬਾਕੀ ਬੇਟਿਆਂ ਨੇ ਵੀ ਨਾਂਹ ਕਰ ਦਿੱਤੀ ਤੇ ਪੱਥਰ ਹੋ ਗਏ। ਆਖਰ ਸਭ ਤੋਂ ਛੋਟਾ ਪਰਸੂ ਰਾਮ ਰਹਿ ਗਿਆ ਜੋ ਪਿਤਾ ਦਾ ਪੂਰਨ ਆਗਿਆਕਾਰੀ ਸੀ। ਉਸ ਨੇ ਮਾਂ ਦਾ ਸਿਰ ਵੱਢ ਦਿੱਤਾ। ਪਿਤਾ ਨੇ ਪ੍ਰਸੰਨ ਹੋ ਕੇ ਕਿਹਾ-ਮੈਂ ਖੁਸ਼ ਹਾਂ, ਜੋ ਮੰਗਂੇਗਾ, ਦਿਆਂਗਾ। ਪਰਸੂ ਰਾਮ ਨੇ ਕਿਹਾ-ਮੇਰੀ ਮਾਂ ਅਤੇ ਭਰਾਵਾਂ ਨੂੰ ਸੁਰਜੀਤ ਕਰ ਦਿਉ। ਪਿਤਾ ਨੇ ਸਾਰੇ ਸੁਰਜੀਤ ਕਰ ਦਿੱਤੇ।
ਹਿੰਦੂ ਮਿਥਿਹਾਸ ਅਨੁਸਾਰ ਸ਼ਿਵ ਜੀ ਨੇ ਇਕ ਵਾਰ ਆਪਣੇ ਚੇਲੇ ਦੀ ਅਜ਼ਮਾਇਸ਼ ਵਾਸਤੇ ਯੁੱਧ ਲਈ ਲਲਕਾਰਿਆ। ਇੱਕੀ ਦਿਨ ਘੋਰ ਯੁੱਧ ਹੋਇਆ। ਪਰਸੂ ਨੇ ਸ਼ਿਵ ਜੀ ਦੇ ਮੱਥੇ ਉਪਰ ਕੁਹਾੜਾ ਮਾਰਿਆ ਤਾਂ ਡੂੰਘਾ ਜ਼ਖਮ ਹੋ ਗਿਆ। ਸ਼ਿਵ ਜੀ ਨੇ ਪ੍ਰਸੰਨ ਹੋ ਕੇ ਅਸੀਸਾਂ ਦਿੱਤੀਆਂ ਅਤੇ ਆਪਣੇ ਮੱਥੇ ਦੇ ਜ਼ਖਮ ਨੂੰ ਸੰਭਾਲ ਕੇ ਰੱਖਿਆ। ਸ਼ਿਵ ਜੀ ਨੂੰ ਉਨ੍ਹਾਂ ਦੇ ਸ਼ਰਧਾਲੂ ਪਰਸੂ-ਖੰਡ ਨਾਮ ਨਾਲ ਵੀ ਧਿਆਉਂਦੇ ਹਨ ਜਿਸ ਦਾ ਅਰਥ ਹੈ ਪਰਸੂ ਵਲੋਂ ਕੀਤਾ ਗਿਆ ਜ਼ਖਮ। ਇੰਦਰ ਦੇਵਤਾ ਨੇ ਖੁਸ਼ ਹੋ ਕੇ ਉਸ ਨੂੰ ਵਿਜੇ ਧਨੁਖ ਦਿੱਤਾ ਜਿਸ ਨਾਲ ਉਸ ਨੇ 21 ਵਾਰ ਖੱਤਰੀਆਂ ਦਾ ਸਰਬਨਾਸ ਕੀਤਾ। ਬਾਅਦ ਵਿਚ ਪਰਸੂ ਨੇ ਇਹ ਧਨੁਖ ਆਪਣੇ ਚੇਲੇ ਕਰਨ ਨੂੰ ਦਿੱਤਾ ਜਿਸ ਦੀ ਵਰਤੋਂ ਕਰਨ ਨੇ ਮਹਾਂਭਾਰਤ ਦੇ 17ਵੇਂ ਦਿਨ ਕੀਤੀ।
ਮਹਾਂਭਾਰਤ ਅਤੇ ਪੁਰਾਣ ਗ੍ਰੰਥਾਂ ਵਿਚ ਅਨੇਕ ਹਵਾਲੇ ਹਨ ਕਿ ਬ੍ਰਾਹਮਣਾਂ ਅਤੇ ਖੱਤਰੀਆਂ ਵਿਚਕਾਰ ਸਦੀਆਂ ਤਕ ਪੁਸ਼ਤੈਨੀ ਦੁਸ਼ਮਣੀ ਰਹੀ ਤੇ ਖੱਤਰੀ ਬ੍ਰਾਹਮਣਾਂ ਹੱਥੋਂ ਹਾਰਦੇ ਰਹੇ। ਕਰਤਵੀਰ ਨਾਮ ਦਾ ਖੱਤਰੀ ਰਾਜਾ ਇੰਨਾ ਤਾਕਤਵਰ ਹੋ ਗਿਆ ਸੀ ਕਿ ਉਸ ਨੇ ਬ੍ਰਾਹਮਣ ਰਾਜੇ ਰਾਵਣ ਨੂੰ ਹਰਾ ਕੇ ਕੈਦ ਕਰ ਲਿਆ। ਬਾਅਦ ਵਿਚ ਰਾਵਣ ਖੱਤਰੀ ਰਾਜਾ ਰਾਮਚੰਦਰ ਹੱਥੋਂ ਕਤਲ ਹੋਇਆ।
ਪਰਸੂ ਰਾਮ ਦੇ ਵਡੇਰੇ ਔਰਵ ਨੇ ਦੱਸਿਆ-ਅਜੇ ਮੈਂ ਜੰਮਿਆ ਨਹੀਂ ਸਾਂ, ਮੈਂ ਆਪਣੀ ਮਾਂ ਅਤੇ ਹੋਰ ਬ੍ਰਾਹਮਣ ਔਰਤਾਂ ਦੇ ਰੁਦਨ ਦੀਆਂ ਆਵਾਜ਼ਾਂ ਸੁਣੀਆਂ। ਖੱਤਰੀ ਬ੍ਰਾਹਮਣਾਂ ਦਾ ਜੀਆ-ਘਾਤ ਕਰਨ ਲੱਗੇ ਸਨ। ਮੇਰੀ ਮਾਂ ਦਾ ਕੋਈ ਸਹਾਰਾ ਨਹੀਂ ਸੀ। ਉਸ ਨੇ ਮੈਨੂੰ ਆਪਣੇ ਪਟ ਵਿਚ ਛੁਪਾ ਕੇ ਬਚਾਇਆ। (ਮਹਾਂਭਾਰਤ 1:182)
ਪਰਸੂ ਰਾਮ ਜੰਗਲ ਵਿਚ ਗਿਆ ਹੋਇਆ ਸੀ। ਉਸ ਦੇ ਪਿਤਾ ਜਮਦਾਗਨੀ ਕੋਲ ਰਾਜਾ ਕਰਤਵੀਰ ਆਇਆ। ਜਮਦਾਗਨੀ ਨੇ ਮਹਿਮਾਨ ਦੀ ਸ਼ਾਹਾਨਾ ਸੇਵਾ ਕੀਤੀ। ਰਾਜੇ ਨੇ ਪੁੱਛਿਆ-ਤੁਹਾਡੇ ਕੋਲ ਇਨਾ ਧਨ, ਰਿਜ਼ਕ ਕਿਥੋਂ ਆ ਗਿਆ ਪੁਰੋਹਤ? ਜਮਦਾਗਨੀ ਨੇ ਰਾਜੇ ਨੂੰ ਕਾਮਧੇਨ ਗਊ ਦਿਖਾਈ ਜੋ ਇੰਦਰ ਨੇ ਦਿੱਤੀ ਸੀ। ਇਹ ਮੰਗੀ ਗਈ ਹਰ ਵਸਤੂ ਦੇ ਦਿੰਦੀ। ਰਾਜੇ ਨੇ ਕਾਮਧੇਨ ਮੰਗੀ ਪਰ ਇਨਕਾਰ ਹੋ ਗਿਆ ਤਾਂ ਉਹ ਜਬਰਨ ਲੈ ਗਿਆ।
ਵਾਪਸ ਆਉਣ ‘ਤੇ ਪਰਸੂ ਰਾਮ ਨੇ ਰਾਜੇ ਦੀ ਕਰਤੂਤ ਜਾਣੀ ਤਾਂ ਕੁਹਾੜਾ ਚੁੱਕ ਕੇ ਮਹਿਲ ਉਤੇ ਹੱਲਾ ਬੋਲ ਦਿੱਤਾ। ਗਾਰਡ ਵੱਢ ਕੇ ਖੱਤਰੀ ਰਾਜਾ ਕਰਤਵੀਰ ਕਤਲ ਕਰ ਦਿੱਤਾ ਤੇ ਕਾਮਧੇਨ ਲੈ ਆਇਆ। ਪਿਤਾ ਖੁਸ਼ ਹੋਇਆ ਪਰ ਲਹੂ ਲਿਬੜਿਆ ਕੁਹਾੜਾ ਦੇਖ ਕੇ ਕਿਹਾ-ਕ੍ਰੋਧ ਤਿਆਗ, ਪਸ਼ਚਾਤਾਪ ਕਰ। ਪਰਸੂ ਰਾਮ ਇਕ ਸਾਲ ਤੀਰਥ ਰਟਨ ਕਰਦਾ ਰਿਹਾ। ਕਰਤਵੀਰ ਦੇ ਬੇਟਿਆਂ ਨੇ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਜਮਦਾਗਨੀ ਕਤਲ ਕਰ ਦਿੱਤਾ। ਉਸ ਦਾ ਸਿਰ ਕੱਟ ਕੇ ਆਪਣੀ ਰਾਜਧਾਨੀ ਵਿਚ ਲੈ ਗਏ।
ਵਾਪਸ ਆ ਕੇ ਪਰਸੂ ਰਾਮ ਨੇ ਆਪਣੀ ਮਾਂ ਨੂੰ ਰੁਦਨ ਕਰਦੀ ਦੇਖਿਆ ਤਾਂ ਫੈਸਲਾ ਕੀਤਾ ਕਿ ਖੱਤਰੀਆਂ ਦਾ ਬੀਜਨਾਸ ਕਰਾਂਗਾ। ਮਾਂ ਨੇ ਇੱਕੀ ਵਾਰ ਛਾਤੀ ਪਿੱਟੀ, ਪਰਸੂ ਰਾਮ ਨੇ ਇੱਕੀ ਵਾਰ ਖੱਤਰੀਆਂ ਦਾ ਖਾਤਮਾ ਕੀਤਾ। ਇਸ ਪਿਛੋਂ ਤਾਂ ਗੁੱਸੇ ਵਿਚ ਉਹ ਪਾਗਲ ਹੋ ਗਿਆ, ਸਾਰੀ ਧਰਤੀ ਦਾ ਚੱਕਰ ਲਾਇਆ, ਖੱਤਰੀ ਕਸੂਰਵਾਰ ਸਨ ਕਿ ਬੇਕਸੂਰ, ਨਿਰਦੈਤਾ ਨਾਲ ਵੱਢੇ। ਮਹਾਂਭਾਰਤ ਵਿਚ ਦਰਜ ਹੈ:
ਇਸ ਅੱਗ ਦੀ ਨਾਲ ਪਰਸੂ ਰਾਮ ਨੇ ਇੰਨੇ ਖੱਤਰੀ ਮਾਰੇ ਕਿ ਪੰਜ ਝੀਲਾਂ ਲਹੂ ਦੀਆਂ ਭਰ ਗਈਆਂ ਜਿਨ੍ਹਾਂ ਦਾ ਨਾਮ ਸਾਮੰਤ-ਪੰਚਕ ਹੈ।(1:2)
ਉਸ ਨੇ ਕੁਹਾੜਾ ਨਦੀ ਵਿਚ ਧੋਤਾ ਤਾਂ ਨਦੀ ਲਾਲ ਹੋ ਗਈ। ਜਦੋਂ ਸਾਰੇ ਖੱਤਰੀ ਮੁਕਾ ਦਿੱਤੇ, ਤਦ ਉਸ ਨੇ ਅਸ਼ਵਮੇਧ ਜੱਗ ਰਚਿਆ। ਜਿੱਤੀ ਹੋਈ ਜ਼ਮੀਨ ਬ੍ਰਾਹਮਣਾਂ ਵਿਚ ਵੰਡਦਾ ਗਿਆ। ਜਿਥੇ ਜਿਥੇ ਘੋੜਾ ਗਿਆ, ਖੱਤਰੀਆਂ ਨੂੰ ਕਿਹਾ ਗਿਆ-ਲੜੋ ਜਾਂ ਹਥਿਆਰ ਸੁੱਟੋ। ਨਾ ਉਹ ਲੜੇ, ਨਾ ਹਥਿਆਰ ਸੁੱਟੇ; ਫਲਸਰੂਪ ਕਤਲ ਕੀਤੇ ਗਏ।
ਉਸ ਨੇ ਅਮਰਾਪਦ ਪ੍ਰਾਪਤ ਕੀਤਾ, ਇਸ ਲਈ ਰਾਮਾਇਣ ਅਤੇ ਮਹਾਂਭਾਰਤ ਦੋਵਾਂ ਗ੍ਰੰਥਾਂ ਵਿਚ ਉਸ ਦੀ ਅਹਿਮ ਭੂਮਿਕਾ ਹੈ। ਸ਼ਿਵ ਜੀ ਤੋਂ ਪ੍ਰਾਪਤ ਧਨੁਖ ਉਸ ਨੇ ਰਾਜਾ ਜਨਕ ਨੂੰ ਦਿੱਤਾ। ਇਹੀ ਧਨੁਖ ਸੀਤਾ ਸਵੰਬਰ ਵਿਚ ਵਰਤਿਆ ਗਿਆ ਸੀ।
ਬਾਲਮੀਕ ਰਾਮਾਇਣ ਵਿਚ ਲਿਖਿਆ ਹੈ ਕਿ ਗੁਸੈਲੈ ਪਰਸੂ ਰਾਮ ਨੇ ਸ੍ਰੀ ਰਾਮ ਚੰਦਰ ਉਪਰ ਹਮਲਾ ਕੀਤਾ। ਰਾਜਾ ਦਸਰਥ ਨੇ ਬੇਨਤੀ ਕੀਤੀ-ਮੇਰੀ ਜਾਨ ਲੈ ਲੈ ਪੁਰੋਹਤ, ਮੇਰੇ ਬੇਟੇ ਨੂੰ ਛੱਡ ਦੇਹ। ਰਾਮ ਚੰਦਰ ਜੀ ਨੇ ਕਿਹਾ-ਮੈਂ ਤੇਰਾ ਕਤਲ ਕਰ ਸਕਦਾ ਹਾਂ, ਪਰ ਬ੍ਰਹਮ-ਹੱਤਿਆ ਦੇ ਦੋਸ਼ ਤੋਂ ਡਰਦਾ ਹਾਂ।
ਇਹ ਪ੍ਰਸੰਗ ਵੀ ਆਉਂਦਾ ਹੈ ਕਿ ਬ੍ਰਹਮਰਿਸ਼ੀ ਵਸ਼ਿਸ਼ਟ ਨੇ ਖੱਤਰੀਆਂ ਨੂੰ ਕਿਹਾ ਸੀ-ਇਸ ਗੁਸੈਲੇ ਸਾਧੂ ਦੇ ਸਾਹਮਣੇ ਨਹੀਂ ਆਉਣਾ, ਪਰ ਸੀਤਾ ਉਸ ਦੇ ਸਾਹਮਣੇ ਚਲੀ ਗਈ। ਪਰਸੂ ਰਾਮ ਨੇ ਅਸੀਸ ਦਿੱਤੀ-ਸੁਹਾਗਣ ਰਹੇਂ। ਇਸੇ ਅਸੀਸ ਸਦਕਾ ਰਾਮਚੰਦਰ ਜੀ ਵਿਰੁੱਧ ਉਹ ਹਥਿਆਰ ਨਹੀਂ ਚੁੱਕ ਸਕਿਆ।
ਮਹਾਂਭਾਰਤ ਵਿਚਲੀ ਸਾਖੀ ਮੁਤਾਬਕ ਬ੍ਰਹਮਚਾਰੀ ਭੀਸ਼ਮ ਕਿਸੇ ਹੋਰ ਕੁੜੀ ਦੇ ਭੁਲੇਖੇ ਅੰਬਾ ਸ਼ਹਿਜ਼ਾਦੀ ਨੂੰ ਚੁੱਕ ਲਿਆਉਂਦੇ ਹਨ, ਪਰ ਵਿਆਹ ਨਾ ਕਰਾਉਣ ਦਾ ਪ੍ਰਣ ਹੋਣ ਕਰ ਕੇ ਉਸ ਨੂੰ ਆਖਦੇ ਹਨ-ਚਲੀ ਜਾਹ। ਅੰਬਾ ਪਰਸੂ ਰਾਮ ਕੋਲ ਫਰਿਆਦ ਕਰਦੀ ਹੈ ਕਿ ਹੁਣ ਮੇਰੇ ਨਾਲ ਕੌਣ ਵਿਆਹ ਕਰੇਗਾ? ਭੀਸ਼ਮ ਨੂੰ ਮਨਾਉ ਜਾਂ ਯੁੱਧ ਕਰੋ। ਦੋਵੇਂ 23 ਦਿਨ ਤੱਕ ਖੂਨੀ ਯੁੱਧ ਕਰਦੇ ਹਨ, ਕੋਈ ਨਹੀਂ ਹਾਰਦਾ। ਆਖਰ ਜਦੋਂ ਪਰਸੂ ਰਾਮ ਭੀਸ਼ਮ ਹੱਥੋਂ ਕਤਲ ਹੋਣ ਲਗਦਾ ਹੈ, ਪਿਤਰ ਆਕਾਸ਼ ਵਿਚੋਂ ਉਤਰ ਕੇ ਰੋਕਦੇ ਹੋਏ ਆਖਦੇ ਹਨ-ਭੀਸ਼ਮ, ਬ੍ਰਾਹਮਣ ਖਿਲਾਫ ਹਥਿਆਰ ਚੁੱਕਣਾ ਖੱਤਰੀ ਧਰਮ ਨਹੀਂ। ਬ੍ਰਾਹਮਣ ਦਾ ਕੰਮ ਵਿਦਿਆ ਦੇਣਾ ਹੈ, ਖੱਤਰੀ ਉਸ ਦੀ ਰਾਖੀ ਕਰਨ। ਫਿਰ ਪਰਸੂ ਰਾਮ ਨੂੰ ਕਿਹਾ-ਓ ਭ੍ਰਿਗੂ ਵੰਸ਼ ਦੇ ਰਿਸ਼ੀ, ਤੁਸੀਂ ਵੀ ਹੁਣ ਹਥਿਆਰ ਤਿਆਗੋ, ਭੀਸ਼ਮ ਨੂੰ ਹਰਾਉਣਾ ਸੰਭਵ ਨਹੀਂ।
ਅੰਬਾ ਨੂੰ ਪਰਸੂ ਰਾਮ ਨੇ ਕਿਹਾ-ਭੀਸ਼ਮ ਨੂੰ ਹਰਾਉਣਾ ਮੇਰੇ ਵਸ ਨਹੀਂ। ਤੂੰ ਉਸ ਦੀ ਸ਼ਰਨ ਵਿਚ ਹੀ ਜਾਹ। ਜਦੋਂ ਪਰਸੂ ਰਾਮ ਨੇ ਸਨਿਆਸ ਲੈਣ ਦਾ ਫੈਸਲਾ ਕੀਤਾ, ਉਹ ਧਨ ਅਤੇ ਜ਼ਮੀਨ ਵੰਡ ਚੁਕਾ ਤਾਂ ਬ੍ਰਾਹਮਣ ਦਰੋਣ ਆ ਗਿਆ, ਦਾਨ ਮੰਗਿਆ-ਕੀ ਦਿਆਂ? ਦਰੋਣ ਨੇ ਕਿਹਾ-ਜੀ ਅਸਤਰ ਸ਼ਸਤਰ ਤੇ ਚਲਾਉਣ ਦੀ ਵਿਧੀ। (ਮਹਾਂਭਾਰਤ 7: 131)
ਗਰੀਬ ਬ੍ਰਾਹਮਣ ਦਰੋਣ ਨੂੰ ਸਾਰੇ ਸ਼ਸਤਰ ਮਿਲ ਗਏ, ਸ਼ਸਤਰ ਵਿਦਿਆ ਮਿਲੀ। ਇਨ੍ਹਾਂ ਸ਼ਸਤਰਾਂ ਰਾਹੀਂ ਫਿਰ ਕੌਰਵਾਂ ਪਾਂਡਵਾਂ ਦੇ ਯੁੱਧ ਵਿਚ ਖੱਤਰੀਆਂ ਦਾ ਸਰਬਨਾਸ ਹੋਇਆ।
ਇਹ ਪਰਸੂ ਰਾਮ ਭਗਵਾਨ ਦੀ ਸਾਖੀ ਹੈ। ਪਰਸੂ ਰਾਮ ਅਤੇ ਹੋਰ ਪੌਰਾਣਿਕ ਨਾਇਕ ਆਪੋ ਆਪਣੀ ਥਾਂ ਮਹੱਤਵਪੂਰਨ ਹਨ, ਪਰ ਪੰਜਾਬ ਵਿਚਲੀ ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬ ਸਰਕਾਰ ਨੇ ਭਗਵਾਨ ਪਰਸੂ ਰਾਮ ਚੇਅਰ ਦੀ ਸਥਾਪਨਾ ਕਿਸ ਉਦੇਸ਼ ਨੂੰ ਸਾਹਮਣੇ ਰੱਖ ਕੇ ਕੀਤੀ? ਇਸ ਯੂਨੀਵਰਸਿਟੀ ਵਿਚ ਤਾਂ ਖੱਤਰੀਆਂ ਦੀ ਗਿਣਤੀ ਪਹਿਲਾਂ ਹੀ ਥੋੜ੍ਹੀ ਹੈ, ਉਨ੍ਹਾਂ ਉਪਰ ਕਹਿਰ ਕਾਹਨੂੰ ਢਾਹੁਣਾ?
ਸਵਾਮੀ ਧਰਮ ਤੀਰਥ ਆਪਣੀ ਕਿਤਾਬ ‘ਹਿੰਦੂ ਸਾਮਰਾਜਵਾਦ ਦਾ ਇਤਿਹਾਸ’ ਦੇ ਪੰਨਾ 99 ਉਪਰ ਪਰਸੂ ਰਾਮ ਜੀ ਨੂੰ ਬ੍ਰਾਹਮਣ ਦਹਿਸ਼ਤਗਰਦ ਲਿਖਦੇ ਹਨ। ਚੇਅਰ ਦੀ ਸਥਾਪਨਾ ਕਰਨ ਪਿੱਛੇ ਪੰਜਾਬ ਸਰਕਾਰ ਦੀਆਂ ਕੀ ਮਜਬੂਰੀਆਂ ਹਨ, ਸਾਨੂੰ ਕੋਈ ਇਲਮ ਨਹੀਂ, ਪਰ ਇਹ ਚੇਅਰ ਪੰਜਾਬੀ ਅਕਾਦਮਿਕਤਾ ਲਈ ਕਿਵੇਂ ਲਾਹੇਵੰਦ ਹੋਵੇਗੀ? ਸਰਕਾਰ ਦਾ ਕੋਈ ਨੁਮਾਇੰਦਾ ਦੱਸੇ ਤਾਂ ਅਸੀਂ ਸ਼ੁਕਰਗੁਜ਼ਾਰ ਹੋਵਾਂਗੇ।