ਸਾਡੇ ਲੇਖਕਾਂ ਨੂੰ ਨਾ-ਲਿਖਣਾ ਨਹੀਂ ਆਉਂਦਾ!

ਦੇਵਿੰਦਰ ਸਤਿਆਰਥੀ-10
ਗੁਰਬਚਨ ਸਿੰਘ ਭੁੱਲਰ
ਸਤਿਆਰਥੀ ਜੀ ਦੀ ਹਰ ਰਚਨਾ ਘਰੋਂ ਬਾਹਰ ਵਾਰ ਵਾਰ ਦੀ ਸੋਧ-ਸੁਧਾਈ ਵਿਚੋਂ ਲੰਘਦੀ ਅਤੇ ਸੰਪੂਰਨਤਾ ਨੂੰ ਤਾਂਘਦੀ ਰਹਿੰਦੀ ਸੀ। ਮੈਨੂੰ ਇਹ ਜਾਣਨ ਦੀ ਉਤਸੁਕਤਾ ਸੀ ਕਿ ਇਸ ਰਚਨਾ ਦਾ ਮੁੱਢਲਾ ਰੂਪ ਕਦੋਂ ਅਤੇ ਕਿਥੇ ਲਿਖਿਆ ਜਾਂਦਾ ਹੈ। ਇਕ ਦਿਨ ਮੈਂ ਪੁੱਛਿਆ, “ਸਤਿਆਰਥੀ ਜੀ, ਤੁਹਾਡੀ ਰਚਨਾ ਪੂਰਨਤਾ ਤਾਂ ਸੜਕਾਂ ਉਤੇ, ਕਾਫ਼ੀ ਹਾਊਸ ਵਿਚ, ਚਾਹ-ਖ਼ਾਨਿਆਂ ਵਿਚ ਜਾਂ ਪਾਰਕਾਂ ਵਿਚ ਪ੍ਰਾਪਤ ਕਰਦੀ ਹੈ, ਤੁਸੀਂ ਇਹਦਾ ਮੂਲ, ਭਾਵ ਮੁੱਢਲਾ ਰੂਪ ਕਦੋਂ ਰਚਦੇ ਹੋ?

ਤੁਸੀਂ ਤਾਂ ਦਿਨ-ਰਾਤ ਉਦਾਸੀ ਉਤੇ ਹੀ ਰਹਿੰਦੇ ਹੋ। ਰਚਨਾ-ਕਾਰਜ ਤਾਂ ਇਕਾਂਤ ਤੇ ਸਹਿਜ ਲੋੜਦਾ ਹੈ। ਇਹਤੋਂ ਇਲਾਵਾ ਲੇਖਕਾਂ ਦੀਆਂ ਅਨੇਕ ਆਦਤਾਂ ਹੁੰਦੀਆਂ ਹਨ। ਕੋਈ ਵਿਸ਼ੇਸ਼ ਕਿਸਮ ਦੀ ਕਲਮ ਵਰਤਦਾ ਹੈ, ਕੋਈ ਵਿਸ਼ੇਸ਼ ਕਿਸਮ ਦਾ ਕਾਗਜ਼, ਕੋਈ ਵਿਸ਼ੇਸ਼ ਮਾਹੌਲ ਮੰਗਦਾ ਹੈ, ਕੋਈ ਕਿਸੇ ਵਿਸ਼ੇਸ਼ ਥਾਂ ਬੈਠ ਕੇ ਹੀ ਲਿਖ ਸਕਦਾ ਹੈ। ਤੁਸੀਂ?”
“ਦਰਅਸਲ ਜੀ ਮੈਂ ਰੋਜ਼ ਸਵੇਰੇ-ਸਵੇਰੇ ਲਿਖਦਾ ਹਾਂ। ਜਾਗਦੇ ਪਿਆਂ ਉਸਲਵੱਟੇ ਲੈਣ ਦੀ ਥਾਂ ਮੈਂ ਚਾਰ ਵਜੇ ਜਾਂ ਉਹਤੋਂ ਵੀ ਪਹਿਲਾਂ ਉਠ ਖੜ੍ਹਦਾ ਹਾਂ। ਸਵੇਰੇ ਉਠਣ ਤੋਂ ਪਹਿਲਾਂ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਜਾਗਦਾ ਪਿਆ ਮੈਂ ਸੋਚ ਲੈਂਦਾ ਹਾਂ ਕਿ ਉਠ ਕੇ ਕੀ ਕਰਨਾ ਹੈ। ਫੇਰ ਜਿੰਨਾ ਚਿਰ ਦਿਲ ਕਰੇ, ਕੰਮ ਕਰਦਾ ਰਹਿੰਦਾ ਹਾਂ, ਨੌਂ ਵਜੇ ਤਾਈਂ, ਦੁਪਹਿਰ ਤਾਈਂ, ਕਦੀ-ਕਦੀ ਸਾਰਾ ਦਿਨ ਵੀ। ਲਿਖਣ ਲਈ ਹੋਰ ਕੋਈ ਆਦਤ ਨਹੀਂ, ਬਸ ਜੀ ਧੀਮੀ ਆਵਾਜ਼ ਵਿਚ ਸੰਗੀਤ ਵਜਦਾ ਹੋਣਾ ਚਾਹੀਦਾ ਹੈ।”
ਸਤਿਆਰਥੀ ਜੀ ਬਾਰੇ ਬਹੁਤੇ ਪਾਠਕਾਂ ਦਾ ਵਿਚਾਰ ਸੀ ਕਿ ਬਹੁਤ ਸਮੇਂ ਤੋਂ ਉਨ੍ਹਾਂ ਦੀ ਰਚਨਾ ਸਮਝ ਨਹੀਂ ਪੈਂਦੀ। ਪਾਠਕ ਕਹਿੰਦੇ ਸਨ ਕਿ ਉਨ੍ਹਾਂ ਦੇ ਵਖਰੇ-ਵਖਰੇ ਵਾਕ-ਵਾਕੰਸ਼ ਤਾਂ ਬਹੁਤ ਸੁੰਦਰ, ਮੋਤੀਆਂ ਵਰਗੇ ਸੁੰਦਰ ਹੁੰਦੇ ਹਨ, ਪਰ ਉਨ੍ਹਾਂ ਦੀ ਰਚਨਾ ਵਿਚ ਉਸ ਧਾਗੇ ਦੀ ਘਾਟ ਹੁੰਦੀ ਹੈ ਜਿਹੜਾ ਇਨ੍ਹਾਂ ਵਖਰੇ-ਵਖਰੇ ਮੋਤੀਆਂ ਨੂੰ ਰਾਣੀ-ਹਾਰ ਬਣਾ ਸਕੇ।
ਇਕ ਦਿਨ ਨਵਯੁਗ ਵਿਚ ਇਹੋ ਮਾਮਲਾ ਛਿੜਿਆ ਤਾਂ ਉਹ ਪਿੱਛਾ ਛੁਡਾਉਣ ਲਈ ਕਹਿੰਦੇ, “ਲਉ ਜੀ, ਅੱਜ ਤੋਂ ਪਾਠਕਾਂ ਦੀ ਸਮਝ ਪੈਣ ਵਾਲਾ ਸਰਲ ਲਿਖਣਾ ਸ਼ੁਰੂ ਕਰ ਦਿੰਦੇ ਹਾਂ। “ਭਾਪਾ ਜੀ ਨੇ ਉਨ੍ਹਾਂ ਦੀ ਗੱਲ ਫੜ ਲਈ ਅਤੇ ਮੈਨੂੰ ਕੋਰਾ ਕਾਗ਼ਜ਼ ਫੜਾਉਂਦੇ ਹੋਏ ਬੋਲੇ, “ਲੈ ਬਈ ਭੁੱਲਰ, ਇਨ੍ਹਾਂ ਦਾ ਬਿਆਨ ਲਿਖ, ‘ਆਰਸੀ’ ਵਿਚ ਦੇਈਏ। “ਮੈਂ ਉਥੇ ਬੈਠਿਆਂ ਹੀ ਉਨ੍ਹਾਂ ਵੱਲੋਂ ਬਿਆਨ ਲਿਖ ਕੇ ਭਾਪਾ ਜੀ ਨੂੰ ਫੜਾ ਦਿੱਤਾ। ਉਨ੍ਹਾਂ ਨੇ ਪੜ੍ਹਿਆ ਅਤੇ ਸਤਿਆਰਥੀ ਜੀ ਨੂੰ ਸੁਣਾ ਕੇ ਦਸਖ਼ਤ ਵਾਸਤੇ ਉਨ੍ਹਾਂ ਦੇ ਅੱਗੇ ਰੱਖ ਦਿੱਤਾ। ਉਸ ਵਿਚ ਇਕਰਾਰ ਕੀਤਾ ਗਿਆ ਸੀ ਕਿ ਉਹ ਅੱਗੋਂ ਲਈ ਪਾਠਕਾਂ ਦੇ ਸਮਝ ਪੈਣ ਵਾਲੀ ਰਚਨਾ ਹੀ ਕਰਿਆ ਕਰਨਗੇ। ਕੰਪੋਜ਼ੀਟਰ ਨੂੰ ਬੁਲਾ ਕੇ ‘ਆਰਸੀ’ ਦੇ ਤਿਆਰ ਹੋ ਰਹੇ ਅੰਕ ਲਈ ਦਿੰਦਿਆਂ ਭਾਪਾ ਜੀ ਨੇ ਹਦਾਇਤ ਕੀਤੀ, “ਮੂਲ ਲਿਖਤ ਮੈਨੂੰ ਹੁਣੇ ਮੋੜ ਦੇਣਾ। “ਦਸ-ਪੰਦਰਾਂ ਮਿੰਟਾਂ ਵਿਚ ਕੰਪੋਜ਼ੀਟਰ ਕਾਗ਼ਜ਼ ਮੋੜ ਗਿਆ ਤਾਂ ਉਹ ਭਾਪਾ ਜੀ ਨੇ ਦਰਾਜ਼ ਵਿਚ ਤਾਲਾ-ਬੰਦ ਕਰ ਦਿੱਤਾ।
ਇਹ ਬਿਆਨ ਪੜ੍ਹ ਕੇ ਬਹੁਤੇ ਪਾਠਕ ਬਹੁਤ ਖੁਸ਼ ਹੋਏ। ‘ਆਰਸੀ’ ਨੂੰ ਚਿੱਠੀਆਂ ਵੀ ਆਈਆਂ। ਪਰ ਜਦੋਂ ਚੇਪੀ-ਦਰ-ਚੇਪੀ ਦੇ ਪੁਲਸਰਾਤ ਨੂੰ ਪਾਰ ਕਰ ਕੇ ਅਗਲੀ ਕਹਾਣੀ ਭਾਪਾ ਜੀ ਨੂੰ ਛਾਪਣ ਵਾਸਤੇ ਦਿੱਤੀ ਗਈ, ਪਰਨਾਲਾ, ਪੰਚਾਇਤ ਦਾ ਕਿਹਾ ਸਿਰ-ਮੱਥੇ ਹੋਣ ਦੇ ਬਾਵਜੂਦ, ਉਥੇ ਦਾ ਉਥੇ ਸੀ। ਜਦੋਂ ਅਸੀਂ ਵਚਨ ਤੋੜਨ ਦਾ ਗਿਲਾ ਕੀਤਾ, ਕਹਿਣ ਲਗੇ, “ਦਰਅਸਲ ਜੀ, ਵਾਅਦਾ ਹੀ ਕਿਆ ਜੋ ਵਫ਼ਾ ਹੋ ਗਿਆ। ਵਾਅਦੇ ਦੀ ਪਹਿਲੀ ਸ਼ਰਤ ਤਾਂ ਹੈ ਹੀ ਉਹਨੂੰ ਅੱਗੇ ਚੱਲ ਕੇ ਤੋੜਨਾ। ਜੀ, ਆਪਣੇ ਤਾਂ ਪੁਰਾਤਨ ਗਰੰਥ ਵੀ ਵਡੇਰਿਆਂ ਦੀਆਂ ਵਾਅਦੇ ਤੋੜਨ ਦੀਆਂ ਉਦਾਹਰਨਾਂ ਨਾਲ ਭਰੇ ਪਏ ਨੇ।”
ਮਗਰੋਂ ਫੇਰ ਇਕ ਦਿਨ ਢੁੱਕਵਾਂ ਮੌਕਾ ਦੇਖ ਕੇ ਮੈਂ ਉਨ੍ਹਾਂ ਤੋਂ ਇਹ ਜਵਾਬ ਵੀ ਮੰਗ ਹੀ ਲਿਆ, “ਸਤਿਆਰਥੀ ਜੀ, ਤੁਹਾਡੀ ਰਚਨਾ ਨੇ ਪਿਛਲੇ ਸਾਲਾਂ ਸਗੋਂ ਦਹਾਕਿਆਂ ਵਿਚ ਸੌਖੇ ਤੋਂ ਔਖੇ ਵੱਲ ਦੀ ਯਾਤਰਾ ਕੀਤੀ ਹੈ। ਕੀ ਇਹਦੇ ਪਿਛੇ ਤੁਹਾਡੀ ਗਿਆਨ ਦੀ ਬਹੁਲਤਾ ਹੈ, ਭਾਵ ਸਮੁੰਦਰ ਨੂੰ ਕੁੱਜੇ ਵਿਚ ਬੰਦ ਕਰਨ ਦੀ ਲਾਲਸਾ ਹੈ ਜਾਂ ਕੁਝ ਹੋਰ?”
ਬਾਬੇ ਮੁਸਕਰਾਏ, “ਭੁੱਲਰ ਜੀ, ਆਪਣੇ ਪਿੰਡਾਂ ਦੀ ਇਕ ਬੋਲੀ ਹੈ,” ਉਹ ਫੇਰ ਲੋਕ-ਗੀਤਾਂ ਵੱਲ ਮੁੜੇ, “ਕੱਲੀ ਟੱਕਰੇਂ ਤਾਂ ਹਾਲ ਸੁਣਾਵਾਂ, ਦੁੱਖਾਂ ਵਿਚ ਪੈ ਗਈ ਜਿੰਦੜੀ! ਮੇਰਾ ਸਾਹਿਤ ਤਾਂ ਜੀ ਬਹੁਤ ਦੁੱਖਾਂ ਵਿਚ ਫਸਿਆ ਹੋਇਆ ਹੈ। ਤੁਸੀਂ ਕੱਲੇ ਟੱਕਰ ਹੀ ਗਏ ਹੋ ਤਾਂ ਲਉ ਇਹ ਦੁੱਖੜਾ ਵੀ ਸੁਣ ਲਵੋ। ਆਪਣੇ ਪ੍ਰਕਾਸ਼ਕ ਤੇ ਸੰਪਾਦਕ ਮਿੱਤਰ ਭਾਪਾ ਜੀ ਮੈਨੂੰ ਮੁੜ-ਮੁੜ ਪੁੱਛਣਗੇ, ਸਤਿਆਰਥੀ ਜੀ, ਤੁਸੀਂ ਹੁਣ ‘ਇਕੱਨੀ’ ਵਰਗੀ ਕਹਾਣੀ ਕਿਉਂ ਨਹੀਂ ਲਿਖਦੇ? ਮੇਰਾ ਜਾਇਜ਼ ਜਵਾਬ ਹੁੰਦਾ ਹੈ, ਉਹ ਤਾਂ ਜੀ ਮੈਂ 1941 ਵਿਚ ਹੀ ਲਿਖ ਦਿੱਤੀ ਸੀ; ਕੀ ਮੈਂ ਏਨੇ ਸਮੇਂ ਮਗਰੋਂ ਵੀ ਏਨਾ ਸਮਾਂ ਪਹਿਲਾਂ ਵਰਗੀ ਕਹਾਣੀ ਹੀ ਲਿਖਾਂ? ਦਰਅਸਲ ਜੀ, ਮੈਂ ਤਾਂ ਨਤ-ਮਸਤਕ ਹੋ ਕੇ ਪ੍ਰਾਰਥਨਾ ਕਰਦਾ ਹਾਂ, ਹੇ ਰੱਬਾ, ਮੈਨੂੰ ਨਾ-ਸਮਝਣ ਵਾਲਾ ਪਾਠਕ ਨਾ ਦੇ। ਹੁਣ ਤੁਸੀਂ ਹੀ ਦੱਸੋ, ਭੁੱਲਰ ਜੀ, ਮੈਂ ਰਚਨਾ ਪਾਠਕਾਂ ਨੂੰ ਸਮਝਾਉਣ ਲਈ ਰਚਨਾਕਾਰ ਵਜੋਂ ਆਪਣਾ ਮਿਆਰ ਕਿਵੇਂ ਡੇਗ ਲਵਾਂ?”
ਮੇਰੇ ਮਨ ਵਿਚ ਆਉਂਦਾ ਕਿ ਉਨ੍ਹਾਂ ਨੂੰ ਕਹਾਂ, ਉਚ ਪਾਏ ਦੀ ਰਚਨਾ ਦਾ ਭਾਸ਼ਾਈ ਔਖ ਜਾਂ ਸ਼ੈਲੀਗਤ ਉਲਝੇਵੇਂ ਨਾਲ ਤਾਂ ਕੋਈ ਸਬੰਧ ਨਹੀਂ। ਉਨ੍ਹਾਂ ਦੀ ਹੀ ਕਵਿਤਾ ਦੀ ਇਕ ਸਤਰ ਚੇਤੇ ਆਈ: ‘ਸੁਰ ‘ਚੋਂ ਸੁਰ ਤੁਰੇ, ਮੁਰਲੀਏ ਨੀ ਹੋ ਉਰ੍ਹੇ!’ ਇਕ ਹੋਰ ਕਵਿਤਾ ਵਿਚ ਉਹ ਆਪਣੀ ਬੱਚੀ ਬਾਰੇ ਕਹਿੰਦੇ ਹਨ, ‘ਬਿਸਕੁਟ ਵਾਂਗੂੰ ਭੁਰ ਭੁਰ ਪੈਂਦੀ, ਪਾਰੁਲ ਦੀ ਮੁਸਕਾਨ।’ ਇਸ ਤੋਂ ਵਧੀਕ ਭਾਸ਼ਾਈ ਸਾਦਗੀ ਕੀ ਹੋਵੇਗੀ ਅਤੇ ਇਸ ਤੋਂ ਵਧੀਕ ਅਰਥਾਂ ਦੀ ਗਹਿਰਾਈ ਤੇ ਕਲਪਨਾ ਦੀ ਉਚਾਈ ਕੀ ਹੋਵੇਗੀ। ਉਨ੍ਹਾਂ ਦੀਆਂ ਹੋਰ ਕਵਿਤਾਵਾਂ ਦੇ ਬੰਦ ਵੀ ਯਾਦ ਆ ਜਾਂਦੇ ਸਨ ਜੋ ਭਾਸ਼ਾਈ ਪੱਖੋਂ ਜਿੰਨੀਆਂ ਸਰਲ ਹਨ, ਭਾਵਨਾਵਾਂ ਅਤੇ ਅਰਥਾਂ ਦੇ ਪਖੋਂ, ਪ੍ਰਗਤੀਵਾਦ ਦਾ ਦਾਅਵਾ ਕੀਤੇ ਬਿਨਾ ਵੀ, ਓਨੀਆਂ ਹੀ ਕਦਰਯੋਗ ਅਤੇ ਲੋਕ-ਮੁਖੀ ਹਨ:
‘ਤੇਰੇ ਹਲ ਨੇ ਲਹੂ-ਲੁਹਾਨ
ਓ ਹਿੰਦੁਸਤਾਨ!
ਤੇਰਾ ਢਿੱਡ ਕਬਰ ਸਦੀਆਂ ਦੀ
ਓ ਹਿੰਦੁਸਤਾਨ!æææ
ਧਰਤੀਏ ਨੀ ਸਮਝਾ ਕਣਕ ਨੰ
ਜਿਧ-ਖਿਧੀਆਂ ਨਾ ਕਰੇ ਪਈ ਇੰਜ
ਭੁਖਿਆਂ ਨਾਲ ਕੀ ਆਖੇ ਹਾਸਾ!æææ’
ਇਸੇ ਤਰ੍ਹਾਂ ਇਕ ਮਿਸਾਲ ਵਜੋਂ ਉਨ੍ਹਾਂ ਦੀਆਂ ਕਹਾਣੀਆਂ ਵਿਚੋਂ ਇਸਤਰੀ ਤੇ ਚਰਖੇ ਦੀ ਅਟੁੱਟ ਪ੍ਰੰਪਰਾਗਤ ਸਾਂਝ ਦੇ ਲੋਕ-ਧਾਰਾਈ ਭਾਂਡੇ ਅਤੇ ਨਿਰੋਲ ਆਰਥਕ-ਰਾਜਨੀਤਕ ਵਸਤ ਵਾਲੀ ਕਹਾਣੀ ‘ਦੇਵਤਾ ਡਿੱਗ ਪਿਆ’ ਚੇਤੇ ਆ ਜਾਂਦੀ ਹੈ। ਲੋਕ-ਧਾਰਾ ਜਿੰਨੀ ਸਰਲ ਅਤੇ ਆਪਣੇ ਆਪ ਨੂੰ ਰਾਜਨੀਤੀ ਤੋਂ ਉਕਾ ਹੀ ਬੇਲਾਗ ਕਹਿਣ ਵਾਲੇ ਤੇ ਲੋਕਾਂ ਵਲੋਂ ਰਾਜਨੀਤੀ ਤੋਂ ਉਕਾ ਹੀ ਬੇਲਾਗ ਸਮਝੇ ਜਾਣ ਵਾਲੇ ਲੇਖਕ ਵਲੋਂ ਲਿਖੀ ਗਈ ਨਿਰੋਲ ਆਰਥਕ-ਰਾਜਨੀਤਕ ਕਹਾਣੀ ਹੈ ਇਹ। ਚਰਖਾ ਅਤੇ ਮਿੱਲ, ਪੁਰਾਤਨਤਾ ਅਤੇ ਆਧੁਨਿਕਤਾ, ਤਜਣਯੋਗ ਪਰੰਪਰਾ ਅਤੇ ਅਪਣਾਉਣ-ਯੋਗ ਨਵੀਂ ਲੀਹ ਵਿਚਕਾਰ ਰਣ ਦਾ ਖੇਤਰ ਹੈ ਇਹ ਕਹਾਣੀ। ਗਾਂਧੀ-ਭਗਤਾਂ ਵਲੋਂ ਦੇਵਤਾ ਬਣਾ ਦਿਤੇ ਗਏ ਚਰਖੇ ਦੀ ਪੂਰੀ ਚੜ੍ਹਤ ਦੇ ਦਿਨਾਂ ਵਿਚ ਉਸ ਨੂੰ ਘੁਣ ਤੋਂ ਖਵਾ ਕੇ ਡੇਗਣਾ ਗਾਂਧੀ ਜੀ ਦੇ ਪ੍ਰਸੰæਸਾ-ਪਾਤਰ ਲੇਖਕ ਦਾ ਸਚੁਮੱਚ ਹੀ ਇਕ ਇਨਕਲਾਬੀ ਕਦਮ ਸੀ। ਰੱਸੀ ਵਰਗੇ ਮੋਟੇ ਧਾਗੇ ਬਣਾਉਂਦੇ ਹੱਥਾਂ ਦੇ ਟਾਕਰੇ ਚਰਖਾ ਇਕ ਵਧੀਆ ਮਸ਼ੀਨ ਸੀ। ਪਰ ਹੁਣ ਜਦੋਂ ਵੱਡੀਆਂ ਮਿੱਲਾਂ ਆ ਗਈਆਂ, ਚਰਖੇ ਦਾ ਸਮਾਂ ਲੱਦ ਗਿਆ। ਇਹ ਕਹਾਣੀ ਅਤਿਅੰਤ ਸਰਲ ਸ਼ੈਲੀ-ਬੋਲੀ ਰਾਹੀਂ ਕੇਵਲ ਬੀਤੇ ਨੂੰ ਹੀ ਨਹੀਂ ਸਿਮਰਦੀ ਅਤੇ ਵਰਤਮਾਨ ਨੂੰ ਹੀ ਨਹੀਂ ਚਿਤਰਦੀ, ਸਗੋਂ ਪਾਠਕ ਨੂੰ ਕਾਫੀ ਦੁਰੇਡੇ ਭਵਿੱਖ ਦੇ ਦਰਸ਼ਨ ਕਰਵਾ ਕੇ ਉਹਦੇ ਮਨ ਵਿਚ ਸਤਿਆਰਥੀ ਜੀ ਦੀ ਪ੍ਰਤਿਭਾ ਦਾ ਝੰਡਾ ਗੱਡ ਦਿੰਦੀ ਹੈ।
ਪਰ ਮੇਰੇ ਵਲੋਂ ਉਨ੍ਹਾਂ ਨੂੰ ਅਜਿਹੀਆਂ ਦਲੀਲਾਂ ਨਾਲ ਘੇਰੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਰੋਸ ਜਤਾਇਆ, “ਅੱਖਾਂ ਨੂੰ ਜੋ ਕੁਝ ਤੇ ਜਿਸ ਤਰ੍ਹਾਂ ਵੇਖਣ ਦੀ ਆਦਤ ਪੈ ਚੁਕੀ ਹੈ, ਇਨ-ਬਿਨ ਉਹੋ ਕੁਝ ਸਾਡੇ ਲੇਖਕ ਲਿਖ ਰਹੇ ਨੇ। ਹਰ ਲੇਖਕ ਆਪਣੀ ਪਹਿਲੀ ਰਚਨਾ ਨੂੰ ਹੀ ਮੁੜ-ਮੁੜ ਛਾਪ ਰਿਹਾ ਹੈ। ਨਵੇਂ-ਨਵੇਂ ਨਾਂ ਦੇ ਕੇ। ਉਹੋ ਪਾਤਰ ਹਨ, ਉਹੋ ਲੇਖਕ, ਉਹੋ ਕਹਾਣੀ, ਉਹੋ ਕਵਿਤਾ, ਬੇਹੀ-ਬੁਸੀ। ਜਿਵੇਂ ਅਸੀਂ ਕੋਈ ਨਵਾਂ ਰਾਹ ਲੱਭਣ ਦੀ ਰੀਤ ਤੇ ਸ਼ਕਤੀ ਗੁਆ ਚੁਕੇ ਹੋਈਏ।æææਭੁੱਲਰ ਜੀ, ਮੈਨੂੰ ਤਾਂ ਇਹ ਸ਼ਿਕਾਇਤ ਹੈ ਕਿ ਸਾਡਾ ਤਥਾ-ਕਥਿਤ ਨਵਾਂ ਸਾਹਿਤ ਵੀ ਨਵਾਂ ਨਹੀਂ! ਇਸੇ ਕਰਕੇ ਜੀ ਬਹੁਤ ਖੁਸ਼ੀ ਉਨ੍ਹਾਂ ਨਾਲ ਬੈਠ ਕੇ ਹੁੰਦੀ ਹੈ ਜਿਹੜੇ ਲੇਖਕ ਨਹੀਂ, ਪਾਠਕ ਹਨ, ਜਾਂ ਪਾਠਕ ਹੋਣ ਲਈ ਤਾਂਘਦੇ ਹਨ। ਲੇਖਕ ਮਿੱਤਰਾਂ ਨਾਲ ਉਠ-ਬੈਠ ਕੇ ਕਈ ਵਾਰ ਚਿਤ ਬੜਾ ਕਾਹਲਾ ਪੈਣ ਲਗਦਾ ਹੈ ਕਿਉਂਕਿ ਹਰ ਬੰਦਾ ਆਪਣੀ ਰਚਨਾ ਦੇ ਗ਼ਜ਼ ਨਾਲ ਤੁਹਾਨੂੰ ਹੀ ਨਹੀਂ, ਸਾਰੀ ਦੁਨੀਆਂ ਨੂੰ ਮਾਪ ਰਿਹਾ ਹੁੰਦਾ ਹੈ।”
ਅਗਲੀ ਵਾਰ ਉਹ ਮੇਰੇ ਘਰ ਆਏ ਤਾਂ ਮੈਂ ਫੇਰ ਉਨ੍ਹਾਂ ਨੂੰ ਉਨ੍ਹਾਂ ਦੀਆਂ ਗੱਲਾਂ ਵਿਚ ਹੀ ਘੇਰਨ ਦੀ ਕੋਸ਼ਿਸ਼ ਕੀਤੀ, “ਪਰ ਇਥੇ ਤਾਂ, ਸਤਿਆਰਥੀ ਜੀ, ਤੁਹਾਡੀ ਗੱਲ ਵਿਚ ਸਵੈ-ਵਿਰੋਧ ਆ ਜਾਂਦਾ ਹੈ। ਇਕ ਪਾਸੇ ਤੁਸੀਂ ਪਾਠਕ ਨੂੰ ਏਨਾ ਮਹੱਤਵ ਦਿੰਦੇ ਹੋ ਕਿ ਜਣੇ-ਖਣੇ ਨੂੰ ਸੁਣਾਉਣ ਵਿਚ ਤੇ ਉਹਦੀ ਰਾਏ ਸਿਰ-ਮੱਥੇ ਰੱਖਣ ਵਿਚ ਵੀ ਤੁਸੀਂ ਕੋਈ ਝਿਜਕ ਨਹੀਂ ਦਿਖਾਉਂਦੇ ਅਤੇ ਦੂਜੇ ਪਾਸੇ ਰਚਨਾ ਪਾਠਕ ਦੇ ਸਿਰ ਤੋਂ ਉਤੇ-ਉਤੇ ਲੰਘ ਜਾਣ ਦੀ ਵੀ ਤੁਹਾਨੂੰ ਕੋਈ ਪ੍ਰਵਾਹ ਨਹੀਂ!”
ਪਰ ਚੌਦਾਂ ਹੱਥ ਦੀ ਛਾਲ ਮਾਰਨ ਦੇ ਸਮਰੱਥ ਹਿਰਨ-ਸੋਚ ਵਾਲੇ ਬਾਬੇ ਮੇਰੇ ਵਰਗਿਆਂ ਦੇ ਅਜਿਹੇ ਕੱਚੇ ਘੇਰਿਆਂ ਵਿਚ ਫਸਣ ਵਾਲੇ ਕਿਥੇ ਸਨ! ਉਨ੍ਹਾਂ ਨੇ ਨਵਾਂ ਸਿਧਾਂਤ ਪੇਸ਼ ਕਰ ਦਿੱਤਾ, “ਦਰਅਸਲ ਜੀ, ਰਚਨਾ ਕਰਦਿਆਂ ਹੋਇਆਂ ਲਿਖਣਾ ਓਨਾ ਮਹੱਤਵ ਨਹੀਂ ਰਖਦਾ ਜਿੰਨਾ ਨਾ-ਲਿਖਣਾ। ਸਰਤ ਚੰਦਰ ਚੈਟਰਜੀ ਨੇ ਦਲੀਪ ਕੁਮਾਰ ਰਾਏ ਨੂੰ ਕਿਹਾ ਸੀ, ਤੂੰ ਲਿਖਣਾ ਤਾਂ ਜਾਣਦਾ ਹੈਂ, ਪਰ ਨਾ-ਲਿਖਣਾ ਨਹੀਂ। ਭੁੱਲਰ ਜੀ, ਦੇਖੋ ਨਾ, ਮਕਾਨ ਵਿਚ ਕੁਝ ਹਿੱਸਾ ਅਣਛੱਤਿਆ ਵੀ ਤਾਂ ਹੁੰਦਾ ਹੈ। ਇਹ ਕੋਈ ਨੀਰੇ ਵਾਲਾ ਕੋਠਾ ਥੋੜ੍ਹੋ ਹੁੰਦਾ ਹੈ ਜਿਸ ਵਿਚ ਨਾ ਬਾਰੀ ਹੋਵੇ, ਨਾ ਰੌਸ਼ਨਦਾਨ?æææਰਹੀ ਗੱਲ ਰਚਨਾ ਸੁਣਾਉਣ ਦੀ, ਜੀਹਦਾ ਤੁਸੀਂ ਹੁਣੇ ਜ਼ਿਕਰ ਕੀਤਾ ਹੈ”, ਉਹ ਮੇਜ਼ ਉਤੋਂ ਖਰੜਾ ਚੁਕਦਿਆਂ ਬੋਲੇ, “ਲਓ ਇਕ ਛੋਟੀ ਜਿਹੀ ਰਚਨਾ ਸੁਣੋ।”