ਪੰਜਾਬੀ ਪੱਤਰਕਾਰੀ ਦੇ ਭੁੱਲੇ ਵਿਸਰੇ ਪਲ

ਗੁਲਜ਼ਾਰ ਸਿੰਘ ਸੰਧੂ
ਸੁਰਿੰਦਰ ਸਿੰਘ ਤੇਜ ਦੇ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਨ ਨੇ ਮੈਨੂੰ ਆਪਣੇ ਜੀਵਨ ਵਿਚ ਆਈਆਂ ਪੱਤਰਕਾਰੀ ਨਾਲ ਸਬੰਧਤ ਹਸਤੀਆਂ ਚੇਤੇ ਕਰਵਾ ਦਿੱਤੀਆਂ ਹਨ। ਐਮæਐਸ਼ ਰੰਧਾਵਾ, ਪ੍ਰੇਮ ਭਾਟੀਆ, ਕੁਲਵੰਤ ਸਿੰਘ ਵਿਰਕ ਤੇ ਬਰਜਿੰਦਰ ਸਿੰਘ ਹਮਦਰਦ। ਮੈਨੂੰ ਭਾਰਤੀ ਖੇਤੀ ਬਾੜੀ ਖੋਜ ਕਾਉਂਸਲ ਵਿਚ ਪੰਜਾਬੀ ਦਾ ਉਪ ਸੰਪਾਦਕ ਲਾਉਣ ਵਾਲਾ ਐਮæਐਸ਼ ਰੰਧਾਵਾ ਸੀ।

ਮੇਰੇ ਨਾਲ ਤਾਮਿਲ, ਤੈਲਗੂ, ਬੰਗਾਲੀ, ਮਰਾਠੀ, ਮਲਿਆਲਮ ਦਾ ਕੰਮ ਕਰਨ ਵਾਲੇ ਡੀæ ਮੁਥੂਸਵਾਮੀ, ਟੀæ ਆਰæ ਰਾਓ, ਸੁਮਨਿੰਦਰ ਪਾਂਡੇ, ਐਸ਼ਕੇæ ਅੱਢੀਆ ਤੇ ਰਾਧਾ ਮੈਨਨ-ਸਾਰੇ ਇੱਕ ਵੱਡੇ ਕਮਰੇ ਵਿਚ ਬੈਠਣ ਤੇ ਇੱਕ ਦੂਜੇ ਨੂੰ ਜਾਨਣ ਕਾਰਨ ਭਾਰਤ ਦੀ ਸਮੁੱਚੀ ਭਾਸ਼ਾ ਤੇ ਸਭਿਆਚਾਰ ਤੋਂ ਜਾਣੂ ਹੋ ਗਏ।
ਮੈਨੂੰ ਪੰਜਾਬੀ ਟ੍ਰਿਬਿਊਨ ਵੱਲ ਨੂੰ ਤੋਰਨ ਵਾਲਾ ਮੇਰਾ ਮਿੱਤਰ ਬਰਜਿੰਦਰ ਸਿੰਘ ਹਮਦਰਦ ਸੀ। ਉਸ ਨੂੰ ਅਪਣੇ ਪਿਤਾ ਸਾਧੂ ਸਿੰਘ ਹਮਦਰਦ ਦੇ ਅਕਾਲ ਚਲਾਣੇ ਪਿੱਛੋਂ ਟ੍ਰਿਬਿਊਨ ਛੱਡ ਕੇ ‘ਅਜੀਤ’ ਸੰਭਾਲਣੀ ਪੈ ਗਈ ਸੀ। ਉਹ ਜਾਣਦਾ ਸੀ ਕਿ ਮੈਨੂੰ ਧੜੱਲੇਦਾਰ ਟਰੱਸਟੀ ਐਮæਐਸ਼ ਰੰਧਾਵਾ ਤੇ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਮੁਖ ਸੰਪਾਦਕ ਪ੍ਰੇਮ ਭਾਟੀਆ ਵੱਲੋਂ ਉਸ ਦੇ ਉਤਰ ਅਧਿਕਾਰੀ ਬਾਰੇ ਪੁਛੇ ਜਾਣ ‘ਤੇ ਉਸ ਨੇ ਮੇਰਾ ਹੀ ਨਾਂ ਲਿਆ। ਮੇਰੀ ਇੰਟਰਵੀਊ ਸਮੇਂ ਛੋਟੇ ਮੋਟੇ ਸਵਾਲ ਤਾਂ ਕਈਆਂ ਨੇ ਪੁੱਛੇ ਪਰ ਪ੍ਰੇਮ ਭਾਟੀਆ ਨੇ ਕੇਵਲ ਇਹੀਓ ਪੁੱਛਿਆ ਕਿ ਮੈਂ ਕਿੰਨੇ ਕੁ ਦਿਨਾਂ ਤੱਕ ਕੰਮ ਸੰਭਾਲ ਸਕਦਾ ਹਾਂ। ਉਤਰ ਵਿਚ ‘ਜਦੋਂ ਚਾਹੋ’ ਸੁਣਦਿਆਂ ਹੀ ਰੰਧਾਵਾ ਸਾਹਿਬ ਨੇ ਸਕੱਤਰ ਚੋਣ ਕਮੇਟੀ ਨੂੰ ਕੇਵਲ ਏਨਾ ਹੀ ਪੁੱਛਿਆ ਕਿ ਕੀ ਉਹ ਮੈਨੂੰ ਚੁਣੇ ਜਾਣ ਦੀ ਚਿੱਠੀ ਹੱਥੋ ਹੱਥੀਂ ਨਹੀਂ ਦੇ ਸਕਦੇ।
ਕੀ ਤੁਸੀਂ ਸੋਚ ਸਕਦੇ ਹੋ ਕਿ ਦਸ ਵਿਚੋਂ ਹਾਲੀ ਤਿੰਨ ਉਮੀਦਵਾਰਾਂ ਦੀ ਇੰਟਰਵਿਊ ਬਾਕੀ ਸੀ। ਬਰਜਿੰਦਰ ਸਿੰਘ ਹਮਦਰਦ ‘ਪੰਜਾਬੀ ਟ੍ਰਿਬਿAਨ’ ਵਿਚ ਆਉਣ ਤੋਂ ਪਹਿਲਾਂ ‘ਦ੍ਰਿਸ਼ਟੀ’ ਨਾਂ ਦਾ ਸਾਹਿਤਕ ਰਸਾਲਾ ਕੱਢ ਰਿਹਾ ਸੀ ਜਿਹੜਾ ਉਸ ਨੂੰ ਬੰਦ ਕਰਕੇ ਆਉਣਾ ਪਿਆ ਸੀ, ਪੰਜਾਬੀ ਟ੍ਰਿਬਿਊਨ ਤੋਂ ਅਜੀਤ ਪਰਤਣ ਵਾਂਗ। ਬਰਜਿੰਦਰ ਸਿੰਘ ਦੇ ਚੁਣੇ ਉਪ ਸੰਪਾਦਕਾਂ ਵਿਚੋਂ ਇੱਕਲਾ ਤੇਜ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਕੇਂਦਰ ਤੋਂ ਗਿਆ ਸੀ। ਉਸ ਨੂੰ ਉਥੇ ਕੁਲਵੰਤ ਸਿੰਘ ਵਿਰਕ ਨੇ ਚੁਣਿਆ ਸੀ ਤੇ ਜਦੋਂ ਵਿਰਕ ਦਾ ਕੰਮ ਮੈਂ ਸਾਂਭਿਆ ਤਾਂ ਮੇਰੇ ਅਮਲੇ ਵਿਚ ਤੇਜ ਸਭ ਤੋਂ ਜੂਨੀਅਰ ਪਰ ਸਭ ਤੋਂ ਸਿਆਣਾ ਕਾਮਾ ਸੀ। ਪੰਜਾਬੀ ਟ੍ਰਿਬਿਊਨ ਦੇ ਮੁਢਲੇ ਉਪ ਸੰਪਾਦਕਾਂ ਵਿਚੋਂ ਕੇਵਲ ਉਹੀਓ ਹੈ ਜਿਹੜਾ ਸੰਪਾਦਕ ਦੀ ਪਦਵੀ ਤੱਕ ਪਹੁੰਚਿਆ। ਇਸ ਪੌੜੀ ਦੀ ਸ਼ਿਖਰ ਉਤੇ ਉਸ ਦਾ ਸਵਾਗਤ ਹੈ।
ਰਹਿ ਗਈ ਮੇਰੀ ਚੀਨ ਉਡਾਰੀ: ਆਪਣੀ ਜਵਾਨੀ ਵਿਚ ਸਮਾਜਵਾਦੀ ਧਾਰਨਾ ਨੂੰ ਪਰਨਾਏ ਮੇਰੇ ਮਿੱਤਰਾਂ ਨੂੰ ਰੂਸ ਤੇ ਚੀਨ ਵੇਖਣ ਦਾ ਬੜਾ ਚਾਓ ਸੀ, ਉਥੋਂ ਦੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਪਰਜਾ ਦਾ ਹੁੰਗਾਰਾ ਜਾਨਣ ਲਈ। ਤਿੰਨ ਦਹਾਕੇ ਪਹਿਲਾਂ ਮੈਨੂੰ ਮੇਰੇ ਮਿੱਤਰ ਦਰਸ਼ਨ ਸਿੰਘ ਨੇ, ਜੋ ਰੂਸੀ ਦੂਤਾਵਾਸ ਨਾਲ ਦੋ ਦਹਾਕੇ ਤੋਂ ਜੁੜਿਆ ਹੋਇਆ ਸੀ, ਰੂਸੀ ਸਰਕਾਰ ਵਲੋਂ ਮੈਨੂੰ ਰੂਸ ਜਾਣ ਦਾ ਸੱਦਾ ਭਿਜਵਾ ਦਿੱਤਾ। ਉਹ ਸੱਦਾ ਮੇਰੇ ਨਾਂ ਉਤੇ ਮੇਰੇ ਦਫ਼ਤਰ ਦੇ ਪਤੇ ‘ਤੇ ਆਇਆ ਪਰ ਸੱਦਾ ਆਉਣ ਤੋਂ ਦੋ ਹਫਤੇ ਪਹਿਲਾਂ ਕਿਸੇ ਕਾਰਨ ਮੈਨੂੰ ਉਹ ਦਫ਼ਤਰ ਛੱਡਣਾ ਪੈ ਗਿਆ ਸੀ। ਮੇਰੇ ਉਤਰ ਅਧਿਕਾਰੀ ਨੇ ਮੇਰੇ ਨਾਂ ਵਾਲਾ ਉਹ ਸੱਦਾ ਦਬੋਚ ਲਿਆ ਤੇ ਰੂਸ ਅਤੇ ਆਪਣੇ ਦਫ਼ਤਰ ਵਾਲਿਆਂ ਨਾਲ ਗਿੱਟ-ਮਿੱਟ ਕਰਕੇ ਮੇਰੀ ਥਾਂ ਖੁਦ ਰੂਸ ਦੀ ਸੈਰ ਕਰ ਆਇਆ।
ਹੁਣ ਤਿੰਨ ਦਹਾਕੇ ਪਿੱਛੋਂ ਮੋਹਾਲੀ ਸੀਨੀਅਰ ਸਿਟੀਜ਼ਨ ਸੰਸਥਾ ਨੇ ਚੀਨ ਤੇ ਹਾਂਗ ਕਾਂਗ ਦੀ ਫੇਰੀ ਦਾ ਪ੍ਰੋਗਰਾਮ ਉਲੀਕਿਆ ਤਾਂ ਮੈਨੂੰ ਵੀ ਸ਼ਾਮਲ ਕਰ ਲਿਆ। ਇਹ ਗੱਲ ਸੁਣਦੇ ਸਾਰ ਮੇਰੇ ਡਾਕਟਰਾਂ ਨੇ ਮੇਰੇ ਕੋਲੋਂ ਨਾਂਹ ਕਰਵਾ ਦਿੱਤੀ। ਏਸ ਲਈ ਕਿ ਮੇਰੀ ਨਬਜ਼ ਮੇਰਾ ਪੂਰਾ ਸਾਥ ਨਹੀਂ ਦੇ ਰਹੀ। ਏਸ ਲਈ ਕਿ ਜੇ ਕਿਸੇ ਟੂਰਿਸਟ ਦੇ ਸਰੀਰ ਵਿਚੋਂ ਉਸ ਦਾ ਭੌਰ ਉਡਾਰੀ ਮਾਰ ਜਾਵੇ ਤਾਂ ਦੂਰ-ਦੁਰਾਡੇ ਦੇਸ਼ ਲਾਸ਼ ਨੂੰ ਕੌਣ ਸਾਂਭੇਗਾ। ਮੈਂ ਆਪਣਾ ਜਿਸਮ ਦਾਨ ਕਰ ਚੁੱਕਾ ਹਾਂ ਤੇ ਲੋੜੀਂਦਾ ਕਾਰਡ ਹਰ ਸਮੇਂ ਆਪਣੀ ਜੇਬ ਵਿਚ ਰੱਖਦਾ ਹਾਂ। ਵਿਦੇਸ਼ ਵਿਚ ਇਹ ਕਾਰਡ ਚਲਦਾ ਹੈ ਕਿ ਨਹੀਂ, ਕਿਸੇ ਨੂੰ ਨਹੀਂ ਪਤਾ। ਜਾਣ ਵਾਲਿਆਂ ਦੀ ਸੂਚੀ ਮੁਕੰਮਲ ਹੋ ਚੁੱਕੀ ਹੈ ਤੇ ਹੁਣ ਕੁਝ ਵੀ ਨਹੀਂ ਹੋ ਸਕਦਾ। ਅੱਗੇ ਤੋਂ ਵਿਦੇਸ਼ ਜਾਣਾ ਹੋਵੇ ਤਾਂ ਪਤਾ ਕਰਾਂਗੇ ਕਿ ਬੇਜਾਨ ਜਿਸਮ ਨੂੰ ਸਾਂਭਣਗੇ ਜਾਂ ਨਹੀਂ। ਮੇਰੀ ਮਿੱਟੀ ਕਿਧਰੇ ਵੀ ਰਹਿ ਜਾਵੇ ਮੈਨੂੰ ਕੀ? ਧਰਤੀ ਮਾਤਾ ਇੱਕ ਹੀ ਹੈ।
ਮੈਂ ਜਾਣਦਾ ਹਾਂ ਕਿ ਮੇਰੀ ਉਮਰ ਵਿਚ ਅਜਿਹਾ ਮੌਕਾ ਮੁੜ ਨਹੀਂ ਬਣਨਾ। ਅਸੀਂ ਬੀਜਿੰਗ, ਹਾਂਗਕਾਂਗ, ਸ਼ਿੰਘਾਈ ਤੇ ਮਕਾਓ ਜਾਣਾ ਸੀ। ਮਕਾਓ ਪੱਛਮੀ ਚੀਨ ਸਾਗਰ ਤੇ ਚੀਨ ਦੀ ਸੀਮਾਂ ਉਤੇ ਪੈਂਦਾ ਹੈ ਤੇ ਮਕਾਓ ਦੇ ਮਹਾਨ ਬੁਰਜ ਤੋਂ ਬਿਨਾ ਉਹ ਸਥਾਨ ਅਪਣੇ ਵਿਸ਼ੇਸ਼ ਪ੍ਰਸ਼ਾਸਨ ਲਈ ਜਾਣਿਆ ਜਾਂਦਾ ਹੈ। ਹਾਂਗਕਾਂਗ 618 ਈਸਵੀ ਤੋਂ ਚੀਨ ਦਾ ਹਿੱਸਾ ਸੀ ਜਿਸ ਨੂੰ ਬਰਤਾਨਵੀ ਸਰਕਾਰ ਨੇ ਡੇਢ ਸੌ ਸਾਲ ਆਪਣੀ ਬਸਤੀ ਬਣਾਈ ਰੱਖਿਆ ਪਰ 1997 ਤੋਂ ਮੁੜ ਚੀਨ ਕੋਲ ਹੈ ਤੇ ਖਰੀਦਦਾਰੀ ਲਈ ਪ੍ਰਸਿੱਧ ਹੈ। ਸ਼ਿੰਘਾਈ ਅਪਣੇ ਰਤਨ ਮੋਤੀ ਉਦਯੋਗ ਤੇ ਵਿਲੱਖਣ ਅਜਾਇਬ ਘਰ ਲਈ ਜਾਣਿਆ ਜਾਂਦਾ ਹੈ। ਬੀਜਿੰਗ ਦੀ ਮਹਾਨ ਮੋਰਚਾਬੰਦੀ ਦੀਵਾਰ ਤਾਂ ਦੁਨੀਆਂ ਤੇ ਸੱਤ ਅਜੂਬਿਆਂ ਵਿਚ ਸ਼ਾਮਲ ਹੈ ਤੇ ਇਥੋਂ ਦਾ ਰੇਸ਼ਮੀ ਵਸਤਰ ਅਜਾਇਬ ਘਰ, ਟਾਇਨਾਮਨ ਚੌਕ, ਵਰਜਿਤ ਸ਼ਹਿਰ ਦਾ ਗੇੜਾ ਵੀ ਮਾਨਯੋਗ ਹੈ। ਨੌ ਦਿਨਾਂ ਦੇ ਇਸ ਦੌਰੇ ਵਿਚ ਇਨ੍ਹਾਂ ਸਾਰੀਆਂ ਥਾਂਵਾਂ ‘ਤੇ ਜਾਣਾ ਨਿਸਚਿਤ ਸੀ। ਜਾਪਦਾ ਹੈ ਕਿ ਮੈਨੂੰ ਆਪਣੀਆਂ ਰੀਝਾਂ ਦੇ ਦੇਸ਼ ਵੇਖੇ ਬਿਨਾ ਹੀ ਇਸ ਦੁਨੀਆਂ ਤੋਂ ਜਾਣਾ ਪੈਣਾ ਹੈ। ਜਿਵੇਂ ਉਸ ਨੂੰ ਮਨਜ਼ੂਰ, ਜਿਸ ਤੋਂ ਮੈਂ ਜਾਣੂ ਨਹੀਂ!
ਅੰਤਿਕਾ: (ਗੁਰਭਜਨ ਗਿੱਲ ਦੀ ‘ਗੁਲਨਾਰ’ ਵਿਚੋਂ)
ਉਸੱਲ ਵੱਟੇ ਲੈਂਦਿਆਂ ਰਾਤ ਗੁਜ਼ਾਰ ਲਈ ਹੈ,
ਤੇਰੀ ਚੁੱਪ ਦੀ ਕੀਮਤ ਕਿੰਨੀ ਤਾਰ ਲਈ ਹੈ।
ਇੱਕ ਵਾਰੀ ਟੁਣਕਾ ਕੇ ਰੂਹ ਦਾ ਸਾਜ਼ ਕੁੰਵਾਰਾ,
ਤੂੰ ਵੀ ਮੁੜ ਕੇ ਕਿੱਥੋਂ ਸਾਡੀ ਸਾਰ ਲਈ ਹੈ।