ਸਾਂਝ ਅਤੇ ਜਾਗਰੂਪਤਾ ਦਾ ਪ੍ਰਤੀਕ:ਜਾਗੋ

ਸੁਖਦੇਵ ਮਾਦਪੁਰੀ
ਫੋਨ: 094630-34472
ਵਿਆਹ ਵਿਚ ਮੁਟਿਆਰਾਂ ਨੂੰ ਸਭ ਤੋਂ ਵੱਧ ਚਾਅ ਜਾਗੋ ਕੱਢਣ ਦਾ ਹੁੰਦਾ ਹੈ। ਜਾਗੋ ਵਿਆਹ ਦੀ ਇਕ ਅਜਿਹੀ ਮਨਮੋਹਕ ਰਸਮ ਹੈ ਜੋ ਨਾਨਕਾ ਮੇਲ਼ ਵਲੋਂ ਮੁੰਡੇ-ਕੁੜੀ ਦੇ ਵਿਆਹ ‘ਤੇ ਬੜੇ ਚਾਅ ਨਾਲ ਨਿਭਾਈ ਜਾਂਦੀ ਹੈ। ਪੁਰਾਤਨ ਸਮੇਂ ਤੋਂ ਹੀ ਜਾਗੋ ਕੱਢਣ ਦਾ ਰਿਵਾਜ ਹੈ। ਇਹ ਰਾਤ ਸਮੇਂ ਕੱਢੀ ਜਾਂਦੀ ਹੈ।

ਰਵਾਇਤਨ ਦਿਨ ਵੇਲੇ ਪਿੱਤਲ ਦੀ ਵਲਟੋਹੀ ‘ਤੇ ਆਟੇ ਦੇ ਦੀਵੇ ਬਣਾ ਕੇ ਚਿਪਕਾ ਦਿੱਤੇ ਜਾਂਦੇ ਹਨ ਅਤੇ ਰਾਤੀਂ ਉਨ੍ਹਾਂ ਵਿਚ ਰੂੰ ਦੀਆਂ ਬੱਤੀਆਂ ਰੱਖ ਕੇ ਤੇ ਸਰ੍ਹੋਂ ਦਾ ਤੇਲ ਪਾ ਕੇ ਮਘਾ ਦਿੱਤਾ ਜਾਂਦਾ ਹੈ। ਇਸ ਜਗਦੀ ਹੋਈ ਵਲਟੋਹੀ ਨੂੰ ਜਾਗੋ ਆਖਦੇ ਹਨ।
ਨਾਨਕੇ ਮੇਲ਼ ਨਾਲ਼ ਆਈ ਵਿਆਹੁੰਦੜ ਦੀ ਪੰਜਾਬੀ ਪਹਿਰਾਵੇ ਵਿਚ ਫੱਬੀ ਮਾਮੀ ਸੱਗੀ ਫੁੱਲਾਂ ਨਾਲ਼ ਗੁੰਦੇ ਸਿਰ ਉਤੇ ਮਲਕੜੇ ਜਿਹੇ ਜਗਮਗਾਉਂਦੇ ਦੀਵਿਆਂ ਵਾਲ਼ੀ ਵਲਟੋਹੀ ਨੂੰ ਟਿਕਾਉਂਦੀ ਹੈ ਅਤੇ ਫਿਰ ਵਿਆਹ ਵਾਲ਼ੇ ਘਰ ਵਿਚ ਸ਼ਗਨ ਵਜੋਂ ਪਹਿਲਾਂ ਗਿੱਧੇ ਦੀਆਂ ਕੁਝ ਬੋਲੀਆਂ ਪਾਈਆਂ ਜਾਂਦੀਆਂ ਹਨ। ਜਾਗੋ ਵਾਲ਼ੀ ਮਾਮੀ ਵਲਟੋਹੀ ਨੂੰ ਹੱਥ ਲਾਏ ਬਿਨਾਂ ਗਿੱਧੇ ਵਿਚ ਨੱਚਦੀ ਆਪਣੀ ਕਲਾ ਦਿਖਾਊਂਦੀ ਹੈ। ਗਹਿਣੇ-ਗੱਟਿਆਂ ਅਤੇ ਝਿਲਮਲ-ਝਿਲਮਲ ਕਰਦੀਆਂ ਰੇਸ਼ਮੀ ਪੁਸ਼ਾਕਾਂ ਨਾਲ਼ ਫੱਬੀਆਂ ਮੇਲਣਾਂ ਅਤੇ ਸ਼ਰੀਕੇ ਦੀਆਂ ਮੁਟਿਆਰਾਂ-ਸੁਆਣੀਆਂ ਦੇ ਚਿਹਰਿਆਂ ‘ਤੇ ਪੈਂਦੀ ਜਾਗੋ ਦੀ ਰੋਸ਼ਨੀ ਕਹਿਰਾਂ ਦਾ ਰੂਪ ਚਾੜ੍ਹ ਦੇਂਦੀ ਹੈ ਅਤੇ ਉਨ੍ਹਾਂ ਦੇ ਨੈਣਾਂ ਵਿਚੋਂ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਤੁਰਦੀਆਂ ਹਨ। ਉਹ ਜਾਗੋ ਦੇ ਗੀਤ ਗਾਉਂਦੀਆਂ ਹੋਈਆਂ ਅਦਭੁੱਤ ਨਜ਼ਾਰਾ ਪੇਸ਼ ਕਰਦੀਆਂ ਹਨ। ਇਨ੍ਹਾਂ ਮੁਟਿਆਰਾਂ ਦਾ ਜਲੌ ਵੇਖਣ ਵਾਲ਼ਾ ਹੁੰਦਾ ਹੈ। ਕੋਈ ਹੁੰਦੜਹੇਲ ਮੁਟਿਆਰ ਖੂੰਡੇ ‘ਤੇ ਘੁੰਗਰੂ ਬੰਨ੍ਹ ਕੇ ਖੂੰਡਾ ਖੜਕਾਉਂਦੀ ਜਾਗੋ ਦੇ ਅੱਗੇ-ਅੱਗੇ ਤੁਰਦੀ ਹੈ-ਇਹ ਜਾਗੋ ਪਿੰਡ ਵਿਚ ਸ਼ਰੀਕੇ ਦੇ ਘਰਾਂ ਵਿਚ ਲੈ ਜਾ ਕੇ ਜਾਗੋ ਦਾ ਗਿੱਧਾ ਪਾਇਆ ਜਾਂਦਾ ਹੈ-ਜਾਗੋ ਕਢਦੀਆਂ ਸੁਆਣੀਆਂ ਪਿੰਡ ਦੀਆਂ ਗਲ਼ੀਆਂ ਵਿਚ ਤੁਰਦੀਆਂ ਸਮੂਹਿਕ ਰੂਪ ਵਿਚ ਜਾਗੋ ਅਤੇ ‘ਆਉਂਦੀਏ ਕੁੜੀਏ, ਜਾਂਦੀਏ ਕੁੜੀਏ’ ਦੇ ਗੀਤ ਰੂਪ ਗਾਉਂਦੀਆਂ ਹਨ:
ਜਾਗੋ ਕਢਣੀ ਮੜਕ ਨਾਲ਼ ਤੁਰਨਾ
ਬਈ ਵਿਆਹ ਕਰਤਾਰੇ ਦਾ
ਜਾਗੋ ਵਾਲ਼ੀਆਂ ਘਰੋਂ ਤੁਰਨ ਸਮੇਂ ਮੰਗਲਾਚਰਨ ਵਜੋਂ ਗੁਰੂਆਂ ਪੀਰਾਂ ਨੂੰ ਧਿਆਉਂਦੀਆਂ ਹਨ:
ਆਉਂਦੀਏ ਕੁੜੀਏ, ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਕਾਨਾ
ਭਗਤੀ ਦੋ ਕਰ’ਗੇ
ਗੁਰੂ ਨਾਨਕ ਤੇ ਬਾਬਾ ਮਰਦਾਨਾ
ਬਈ ਭਗਤੀ ਦੋ ਕਰ’ਗੇ
ਉਹ ਜਨ-ਸਾਧਾਰਨ ਵਿਚ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਹੋਕਾ ਦੇਂਦੀਆਂ ਹਨ:
ਜਾਗੋ ਜਾਗਦਿਆਂ ਦਾ ਮੇਲਾ ਬਈ
ਜਾਗੋ ਆਈ ਆ।
ਪਿਛਲੀ ਸਦੀ ਦੇ ਛੇਵੇਂ ਦਹਾਕੇ ਤਕ ਪਿੰਡਾਂ ਵਿਚ ਬਿਜਲੀ ਨਹੀਂ ਸੀ ਆਈ। ਹਨ੍ਹੇਰੀਆਂ ਗਲ਼ੀਆਂ ਵਿਚੋਂ ਲੰਘਦੀ ਜਗਮਗਾਉਂਦੀ ਜਾਗੋ ਨੇ ਚਾਰੇ ਬੰਨੇ ਚਾਨਣ ਬਖੇਰਦਿਆਂ ਖ਼ੁਸ਼ੀਆਂ ‘ਚ ਮਖ਼ਮੂਰ ਮੁਟਿਆਰਾਂ ਦੇ ਮੁਖੜਿਆਂ ਦੀ ਆਭਾ ਨੂੰ ਚਾਰ ਚੰਦ ਲਾ ਦੇਣੇ। ਉਨ੍ਹਾਂ ਆਪਣੀ ਆਮਦ ਦੀ ਸੂਚਨਾ ਗੀਤਾਂ ਦੇ ਬੋਲਾਂ ਨਾਲ਼ ਦੇਣੀ:
ਇਸ ਪਿੰਡ ਦੇ ਪੰਚੋ ਤੇ ਸਰਪੰਚੋ, ਲੰਬੜਦਾਰੋ
ਬਈ ਬੱਤੀਆਂ ਜਗਾ ਕੇ ਰੱਖਿਓ
ਸਾਰੇ ਪਿੰਡ ‘ਚ ਫੇਰਨੀ ਜਾਗੋ
ਬਈ ਲੋਕਾਂ ਦੇ ਪਰਨਾਲੇ ਭੰਨਣੇ।
ਵਿਆਹ ਦੇ ਚਾਅ ‘ਚ ਭੂਸਰੀਆਂ ਮੇਲਣਾਂ ਨੇ ਰਾਹ ਵਿਚ ਆਉਂਦੇ ਰੇਹੜੇ-ਗੱਡੇ ਉਲਟਾ ਦੇਣੇ, ਪਏ ਬਜ਼ੁਰਗਾਂ ਦੇ ਮੰਜੇ ਮੂਧੇ ਕਰ ਸੁਟਣੇ, ਓਟੇ ਝਲਿਆਨੀਆਂ ਤੋੜ ਦੇਣੀਆਂ, ਘਰਾਂ ਦੇ ਪਰਨਾਲੇ ਭੰਨ ਦੇਣੇ ਅਤੇ ਪਿੰਡ ਦੇ ਹਟਵਾਣੀਆਂ ਦੀਆਂ ਹੱਟੀਆਂ ਤੋਂ ਖਾਣ ਵਾਲ਼ੇ ਖਿੱਲਾਂ-ਮਖਾਣੇ ਲੁੱਟ ਲੈਣੇ। ਜੇ ਕੁਝ ਨਾ ਮਿਲਣਾ ਤਾਂ ਪਿੰਡ ਨੂੰ ਤਾਹਨੇ ਮਾਰਨੇ:
ਆਉਂਦੀਏ ਕੁੜੀਏ, ਜਾਂਦੀਏ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀ ਏਥੇ ਦੇ ਮਲੰਗ ਬਾਣੀਏਂ
ਸਾਨੂੰ ਜੰਗ-ਹਰੜਾਂ ਨਾ ਥਿਆਈਆਂ
ਏਥੇ ਦੇ ਮਲੰਗ ਬਾਣੀਏਂæææ।

ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਟੋਕਰਾ ਨੜਿਆਂ ਦਾ
ਕਿੱਥੇ ਲਾਹੇਂਗੀ ਕਿੱਥੇ ਲਾਹੇਂਗੀ
ਸਾਰਾ ਪਿੰਡ ਛੜਿਆਂ ਦਾ
ਕਿੱਥੇ ਲਾਹੇਂਗੀæææ।
ਮੇਲਣਾਂ ਦੀ ਭੰਨ-ਤੋੜ ਅਤੇ ਹਾਸੇ-ਠੱਠੇ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ। ਅਸਲ ਵਿਚ ਪੰਜਾਬ ਦੀ ਔਰਤ ਸਦੀਆਂ ਤੋਂ ਮਰਦ ਦੇ ਦਾਬੇ ਹੇਠ ਰਹੀ ਹੈ ਜਿਸ ਕਰਕੇ ਮਰਦ ਉਸ ਨੂੰ ਕੁਸਕਣ ਨਹੀਂ ਸੀ ਦੇਂਦੇ। ਕੇਵਲ ਵਿਆਹ ਦਾ ਹੀ ਇਕ ਮੌਕਾ ਹੁੰਦਾ, ਜਿੱਥੇ ਔਰਤਾਂ ਆਪਣੀਆਂ ਦੱਬੀਆਂ ਕੁਚਲੀਆਂ ਅਤ੍ਰਿਪਤ ਕਾਮਨਾਵਾਂ ਦਾ ਇਜ਼ਹਾਰ ਨਿਸੰਗ ਹੋ ਕੇ ਕਰਦੀਆਂ ਅਤੇ ਮਨਾਂ ਦੇ ਗੁਭ-ਗੁਭਾੜ ਕੱਢਦੀਆਂ। ਵਿਆਹ ਔਰਤਾਂ ਨੂੰ ਖੁਲ੍ਹਾਂ ਲੈਣ ਦਾ ਮੌਕਾ ਦਿੰਦਾ ਹੈ-ਮਰਦ ਕੋਲ ਨਹੀਂ ਹੁੰਦੇ ਜਿਸ ਕਰਕੇ ਮੇਲਣਾਂ ਜਾਗੋ ਕੱਢਦੀਆਂ ਕਈ ਤਰ੍ਹਾਂ ਦੀਆਂ ਹਾਸੇ ਠੱਠੇ ਵਾਲ਼ੀਆਂ ਸ਼ਰਾਰਤਾਂ ਹੀ ਨਹੀਂ ਕਰਦੀਆਂ ਸਗੋਂ ਜਾਗੋ ਦੇ ਗਿੱਧੇ ਵਿਚ ਦਿਲ ਖੋਲ੍ਹ ਕੇ ਨੱਚਦੀਆਂ ਹੋਈਆਂ ਅਜਿਹੀਆਂ ਬੋਲੀਆਂ ਪਾਉਂਦੀਆਂ ਹਨ ਜਿਹੜੀਆਂ ਉਨ੍ਹਾਂ ਦੀ ਮਾਨਸਿਕਤਾ ਦੀ ਸ਼ਾਹਦੀ ਭਰਦੀਆਂ ਹਨ:
ਕੋਈ ਵੇਚੇ ਸੁੰਢ ਜਵੈਣ
ਕੋਈ ਵੇਚੇ ਰਾਈ।
ਲੰਬੜ ਅਪਣੀ ਜ਼ੋਰੂ ਵੇਚੇ
ਟਕੇ ਟਕੇ ਸਿਰ ਲਾਈ।
ਖ਼ਬਰਦਾਰ ਰਹਿਣਾ ਜੀ
ਜਾਗੋ ਨਾਨਕਿਆਂ ਦੀ ਆਈ।
ਜਾਗੋ ਦਾ ਵਿਆਹੁੰਦੜ ਮੁੰਡੇ ਦੇ ਸ਼ਰੀਕੇ ਵਿਚ ਖ਼ਾਸ ਖ਼ਾਸ ਘਰਾਂ ਵਿਚ ਲੈ ਕੇ ਜਾਣਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਮੁੰਡੇ ਦੀ ਮਾਂ ਜਾਗੋ ਨੂੰ ਖ਼ਾਸ ਖ਼ਾਸ ਅਪਣੱਤ ਵਾਲ਼ੇ ਘਰਾਂ ਵਿਚ ਲੈ ਕੇ ਜਾਂਦੀ ਹੈ ਜਿੱਥੇ ਜਾਗੋ ਦਾ ਗਿੱਧਾ ਪਾ ਕੇ ਖ਼ੂਬ ਨੱਚਿਆ ਜਾਂਦਾ ਹੈ ਅਤੇ ਨਸੰਗ ਹੋ ਕੇ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਜਿਸ ਰਿਸ਼ਤੇਦਾਰੀ ਵਿਚ ਜਾਗੋ ਜਾਂਦੀ ਹੈ ਓਸ ਘਰ ਦੀ ਮਾਲਕਣ ਜਾਗੋ ਦੇ ਦੀਵਿਆਂ ਵਿਚ ਸਰ੍ਹੋਂ ਦਾ ਤੇਲ ਪਾਉਂਦੀ ਹੈ ਤੇ ਨਚਦੀਆਂ ਮੁਟਿਆਰਾਂ ‘ਤੇ ਰੁਪਿਆਂ ਦੇ ਵਾਰਨੇ ਕਰਕੇ ਸ਼ਗਨ ਮਨਾਉਂਦੀ ਹੈ।
ਅੱਧੀ ਰਾਤ ਤਕ ਮੇਲਣਾਂ ਜਾਗੋ ਕੱਢਦੀਆਂ ਪਿੰਡ ਵਿਚ ਖੌਰੂ ਪਾਈ ਰੱਖਦੀਆਂ ਹਨ।
ਜਾਗੋ ਕੱਢਣ ਦੇ ਕੁਝ ਸਾਰਥਕ ਕਾਰਨ ਸਨ। ਸਾਡੇ ਵਡਾਰੂਆਂ ਨੇ ਬੜੀ ਸਿਆਣਪ ਨਾਲ਼ ਸੋਚ ਸਮਝ ਕੇ ਜਾਗੋ ਕੱਢਣ, ਛੱਜ ਕੁੱਟਣ ਅਤੇ ਗਿੱਧਾ ਪਾਉਣ ਦੀ ਰੀਤ ਤੋਰੀ ਸੀ। ਪੁਰਾਣੇ ਸਮਿਆਂ ਵਿਚ ਪਿੰਡਾਂ ਦੀ ਸੁਰੱਖਿਆ ਪੱਖੋਂ ਹਾਲਤ ਬਹੁਤੀ ਚੰਗੀ ਨਹੀਂ ਸੀ। ਚੋਰੀਆਂ-ਡਾਕੇ ਆਮ ਸਨ! ਜੰਗਲ ਬੇਲਿਆਂ, ਝਿੜੀਆਂ ਵਿਚੋਂ ਲੰਘਦੀਆਂ ਬਰਾਤਾਂ ਲੁੱਟਣ ਦੇ ਕਿੱਸੇ ਆਮ ਸਨ। ਉਦੋਂ ਬਰਾਤਾਂ ਕਈ-ਕਈ ਦਿਨ ਕੁੜੀ ਵਾਲ਼ਿਆਂ ਦੇ ਪਿੰਡ ਠਹਿਰਦੀਆਂ ਸਨ। ਜਨਾਨੀਆਂ ਤੇ ਮੁਟਿਆਰਾਂ ਨੂੰ ਅੱਜ ਕਲ੍ਹ ਵਾਂਗ ਬਰਾਤ ਨਾਲ਼ ਨਹੀਂ ਸੀ ਲਿਜਾਇਆ ਜਾਂਦਾ। ਪਿੰਡ ਦੇ ਗੱਭਰੂ ਤਾਂ ਬਰਾਤ ਨਾਲ਼ ਚਲੇ ਜਾਂਦੇ ਸਨ, ਪਿੱਛੋਂ ਗਹਿਣੇ-ਗੱਟਿਆਂ ਨਾਲ਼ ਲੱਦੀਆਂ ਮੇਲਣਾਂ ਅਤੇ ਘਰਾਂ ਦੀ ਚੋਰ ਉਚੱਕਿਆਂ ਪਾਸੋਂ ਸੁਰੱਖਿਆ ਲਈ ਜਾਗੋ ਕੱਢਣ ਦਾ ਰਿਵਾਜ ਪ੍ਰਚੱਲਿਤ ਹੋ ਗਿਆ। ਇਸ ਨਾਲ਼ ਜਿੱਥੇ ਪਿੱਛੇ ਰਹੀਆਂ ਮੇਲਣਾਂ ਦਾ ਵਿਹਲਾ ਸਮਾਂ ਨਚਦਿਆਂ-ਟੱਪਦਿਆਂ ਵਧੀਆ ਢੰਗ ਨਾਲ਼ ਬਤੀਤ ਹੋ ਜਾਂਦਾ, ਉਥੇ ਉਹ ਪਿੰਡ ਦੇ ਲੋਕਾਂ ਨੂੰ ਸਾਰੀ-ਸਾਰੀ ਰਾਤ ਜਗਾਈ ਰੱਖਣ ਲਈ ਵੀ ਕਾਰਗਰ ਸਿੱਧ ਹੁੰਦੀਆਂ।
ਛੱਜ ਬਰਾਤ ਚੜ੍ਹਨ ਵਾਲ਼ੀ ਰਾਤ ਨੂੰ ਕੁੱਟਿਆ ਜਾਂਦਾ ਸੀ ਤੇ ਜਾਗੋ ਗੱਭਲੀ ਰਾਤ ਨੂੰ ਕੱਢੀ ਜਾਂਦੀ।
ਅੱਜਕਲ੍ਹ ਦੇ ਵਿਆਹਾਂ ਸਮੇਂ ਵੀ ਜਾਗੋ ਕੱਢਣ ਦਾ ਰਿਵਾਜ ਤਾਂ ਹੈ ਪਰੰਤੂ ਹੁਣ ਉਹ ਮੁਟਿਆਰਾਂ ਕਿੱਥੇ ਹਨ ਜਿਹੜੀਆਂ ਬਿਨਾਂ ਹੱਥ ਦਾ ਸਹਾਰਾ ਲਏ ਸਿਰ ‘ਤੇ ਜਾਗੋ ਰੱਖ ਕੇ ਨੱਚਣ ਦਾ ਹੌਂਸਲਾ ਕਰ ਸਕਣ। ਹੁਣ ਮੁੰਡੇ-ਕੁੜੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਲੇਡੀਜ਼ ਸੰਗੀਤ ਦੇ ਨਾਲ਼ ਹੀ ਜਾਗੋ ਕੱਢੀ ਜਾਂਦੀ ਹੈ। ਆਰਕੈਸਟਰਾਂ ਵਾਲ਼ੇ ਡੀ ਜੇ ਦੇ ਸ਼ੋਰ ਸ਼ਰਾਬੇ ਵਾਲ਼ੇ ਸੰਗੀਤ ਦੀਆਂ ਧੁਨਾਂ ‘ਤੇ ਮਦਹੋਸ਼ ਹੋਏ ਮੁੰਡੇ-ਕੁੜੀਆਂ ਨੱਚਦੇ ਹਨ।
ਸ਼ਹਿਰਾਂ ਵਿਚ ਤਾਂ ਜਾਗੋ ਕੱਢਣ ਵਾਲ਼ੀਆਂ ਕੁੜੀਆਂ ਵੀ ਕਿਰਾਏ ‘ਤੇ ਮਿਲ ਜਾਂਦੀਆਂ ਹਨ। ਜਾਗੋ ਵਾਲੀਆਂ ਨਕਲੀ ਵਲਟੋਹੀਆਂ ਵੀ ਅਜਕਲ੍ਹ ਬੈਟਰੀਆਂ ਨਾਲ ਚਲਣ ਵਾਲੇ ਬੱਲਬਾਂ ਵਾਲੀਆਂ ਮਿਲਣ ਲਗੀਆਂ ਹਨ। ਹੁਣ ਪੁਰਾਣੀ ਜਾਗੋ ਦੀ ਆਭਾ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਬਸ ਯਾਦਾਂ ਦਾ ਝੋਰਾ ਹੀ ਬਾਕੀ ਰਹਿ ਗਿਆ ਹੈ।