ਸਤੀਸ਼ ਦਾ ’47…

ਖੁਸ਼ਹਾਲ ਦੇਹਲ
1947 ਦੇ ਸਾਕੇ ਮੌਕੇ ਚਿੱਤਰਕਾਰ ਸਤੀਸ਼ ਗੁਜਰਾਲ (25 ਦਸੰਬਰ 1925) ਇੱਕੀ ਵਰ੍ਹਿਆਂ ਦਾ ਸੀ। ਇਸ ਸਾਕੇ ਨੇ ਉਸ ਦੇ ਜ਼ਿਹਨ ਵਿਚ ਬਹੁਤ ਖੌਰੂ ਪਾਇਆ। ਹੌਲੀ ਹੌਲੀ ਇਹ ਖੌਰੂ ਰੰਗਾਂ ਵਿਚ ਵਟਦਾ, ਕੈਨਵਸ ਉਤੇ ਆਣ ਟਿਕਿਆ। ਉਸ ਨੇ ਸੰਤਾਲੀ ਦੇ ਇਸ ਦਰਦ ਬਾਰੇ ਚਿੱਤਰਾਂ ਦੀ ਪੂਰੀ ਸੀਰੀਜ਼ ਤਿਆਰ ਕੀਤੀ ਅਤੇ ਉਜਾੜੇ ਦੀ ਮਾਰ ਹੇਠ ਆਏ ਲੋਕਾਂ ਦੇ ਦਰਦ ਨੂੰ ਕੈਨਵਸ ਉਤੇ ਸਾਕਾਰ ਕਰ ਦਿੱਤਾ। ਇਹ ‘ਆਜ਼ਾਦੀ’ ਦੇ ਦਿਨ ਸਨ!

ਵੰਡ ਤੋਂ ਐਨ ਪਹਿਲਾਂ ਸਤੀਸ਼ ਗੁਜਰਾਲ ਬੰਬੇ ਦੇ ਜੇæਜੇæ ਸਕੂਲ ਆਫ਼ ਆਰਟਸ ਵਿਚ ਪੜ੍ਹਾਈ ਖ਼ਤਮ ਕਰ ਕੇ ਅਜੇ ਲਾਹੌਰ ਪਰਤਿਆ ਹੀ ਸੀ ਕਿ ਇਹ ਭਾਣਾ ਵਰਤ ਗਿਆ ਜਿਸ ਨੇ ਉਸ ਦੇ ਜੀਵਨ ਵਿਚ ਸਦਾ ਲਈ ਆਪਣੀ ਥਾਂ ਮੱਲ ਲਈ। ਉਸ ਵੇਲੇ ਉਸ ਦਾ ਪਿਤਾ ਕਰਾਚੀ ਗਿਆ ਹੋਇਆ ਸੀ। ਉਸ ਵੇਲੇ ਦੇ ਲਾਹੌਰ ਬਾਰੇ ਸਤੀਸ਼ ਬਹੁਤ ਭਾਵੁਕ ਹੋ ਕੇ ਗੱਲਾਂ ਕਰਦਾ ਹੈ। ਉਹ ਦੱਸਦਾ ਹੈ ਕਿ ਜੁਲਾਈ ਵਿਚ ਜਦੋਂ ਲਾਰਡ ਮਾਊਂਟਬੇਟਨ ਲਾਹੌਰ ਪੁੱਜਾ, ਤਾਂ ਉਸ ਵੇਲੇ ਤੱਕ ਲਾਹੌਰ ਵਿਚ ਤਬਾਹੀ ਸ਼ੁਰੂ ਹੋ ਚੁੱਕੀ ਸੀ। ਸ਼ਹਿਰ ਦੀ ਤਕਰੀਬਨ ਅੱਧੀ ਹਿੰਦੂ ਵਸੋਂ ਉਜੜ ਗਈ ਸੀ। ਲੋਕ ਜਾਨ-ਮਾਲ ਦੀ ਰਾਖੀ ਲਈ ਮਾਰੇ ਮਾਰੇ ਫਿਰ ਰਹੇ ਸਨ। ਜਿਉਂ ਹੀ ਅਗਸਤ ਮਹੀਨਾ ਚੜ੍ਹਿਆ, ਇਹ ਸਪਸ਼ਟ ਹੋ ਗਿਆ ਕਿ ਲਾਹੌਰ ਪਾਕਿਸਤਾਨ ਵੱਲ ਹੀ ਜਾਵੇਗਾ। ਇਸ ਵੇਲੇ ਸਤੀਸ਼ ਆਪਣੇ ਸ਼ਹਿਰ ਲਾਹੌਰ ਵਿਚੋਂ ਨਿਕਲਣ ਲੱਗਾ ਤਾਂ ਉਸ ਵੇਲੇ ਉਸ ਦੀ ਜੇਬ ਵਿਚ ਰੇਲ ਦਾ ਭਾੜਾ ਵੀ ਨਹੀਂ ਸੀ। ਉਸ ਦਿਨ ਉਹਦੇ ਜ਼ਿਹਨ ਵਿਚ ਮਨੁੱਖੀ ਤਰਾਸਦੀ ਬਹੁਤ ਡੂੰਘੀ ਉਤਰ ਕੇ ਬੈਠ ਗਈ। ਮੁਲਕ ਦੀ ਆਜ਼ਾਦੀ ਦੇ ਨਾਲ ਹੀ ਤਬਾਹੀ ਦੇ ਮੰਜ਼ਰ ਜੁੜ ਗਏ। ਅਗਲੇ 8 ਮਹੀਨੇ ਉਹ ਆਪਣੇ ਬਾਪ ਨਾਲ ਰਲ ਕੇ ਅਗਵਾ ਕੀਤੀਆਂ ਕੁੜੀਆਂ ਨੂੰ ਲੱਭਦਾ ਰਿਹਾ ਅਤੇ ਉਨ੍ਹਾਂ ਨੂੰ ਸਰਹੱਦ ਪਾਰ ਕਰਵਾਉਂਦਾ ਰਿਹਾ ਜੋ ਪੰਜਾਬੀਆਂ ਦੇ ਲਹੂ ਨਾਲ ਖਿੱਚੀ ਗਈ ਸੀ। ਇਨ੍ਹਾਂ ਵਕਤਾਂ ਦੀ ਵਿਡੰਬਨਾ ਦੇਖੋ, ਜਦੋਂ ਇਹ ਕੁੜੀਆਂ ਆਪੋ-ਆਪਣੇ ਘਰ ਪੁੱਜੀਆਂ ਤਾਂ ਘਰਦਿਆਂ ਨੇ ਉਨ੍ਹਾਂ ਨੂੰ ਸਵੀਕਾਰ ਕਰਨ ਤੋਂ ਹੀ ਨਾਂਹ ਕਰ ਦਿੱਤੀ। ਸਤੀਸ਼ ਦੇ ਕਾਲਜੇ ਦਾ ਮਾਨੋ ਰੁੱਗ ਭਰਿਆ ਗਿਆ। ਸ਼ਾਇਦ ਇਸੇ ਕਰ ਕੇ ਵੰਡ ਨਾਲ ਸਬੰਧਤ ਉਸ ਦੇ ਚਿੱਤਰਾਂ ਵਿਚ ਔਰਤਾਂ ਬਹੁਤ ਖਾਮੋਸ਼ ਬੈਠੀਆਂ ਆਪਣੀ ਦਰਦ ਕਹਾਣੀ ਕਹਿ ਰਹੀਆਂ ਪ੍ਰਤੀਤ ਹੁੰਦੀਆਂ ਹਨ!
ਸਤੀਸ਼ ਗੁਜਰਾਲ ਨੇ 1947 ਤੋਂ 1950 ਤੱਕ ਵੰਡ ਬਾਰੇ ਹੀ ਚਿੱਤਰ ਬਣਾਏ। ਚਿੱਤਰਾਂ ਵਿਚੋਂ ਜਿਹੜੀ ਹੂਕ ਨਿਕਲਦੀ ਸੁਣਾਈ ਦਿੰਦੀ ਹੈ, ਉਹ ਅਸਲ ਵਿਚ ਉਸ ਦੇ ਦਿਲ ਵਿਚੋਂ ਨਿਕਲੀ ਹੂਕ ਹੀ ਹੈ। ਇਨ੍ਹਾਂ ਚਿੱਤਰਾਂ ਵਿਚੋਂ ਪੰਜਾਬੀਆਂ ਦੀ ਪੱਛੀ ਹੋਈ ਮਾਨਸਿਕਤਾ ਦਿਖਾਈ ਦਿੰਦੀ ਹੈ। ਸਤੀਸ਼ ਦਾ ਕਹਿਣਾ ਹੈ ਕਿ ਉਹ ਖੁਦ ਉਨ੍ਹਾਂ ਵਕਤਾਂ ਨੂੰ ਯਾਦ ਕਰ ਕੇ ਬੇਹੱਦ ਬੇਵਸੀ ਮਹਿਸੂਸ ਕਰਦਾ ਰਿਹਾ ਹੈ। ਵੰਡ ਦੌਰਾਨ ਭਾਵੇਂ ਉਨ੍ਹਾਂ ਦਾ ਪਰਿਵਾਰ ਸੁੱਖੀਂ-ਸਾਂਦੀ ਪਾਕਿਸਤਾਨ ਛੱਡ ਆਇਆ ਸੀ, ਪਰ ਆਲੇ-ਦੁਆਲੇ ਦਾ ਮਾਹੌਲ ਇਨ੍ਹਾਂ ਗਮਗੀਨ ਅਤੇ ਦੁੱਖਾਂ ਨਾਲ ਭਰਿਆ ਹੋਇਆ ਸੀ ਕਿ ਅੱਜ ਤੱਕ ਉਸ ਨੂੰ ਇਨ੍ਹਾਂ ਦੁੱਖਾਂ ਦਾ ਚੇਤਾ ਨਹੀਂ ਭੁੱਲ ਸਕਿਆ। ਇਨ੍ਹਾਂ ਦੁੱਖਾਂ ‘ਤੇ ਫਹਿਆ ਰੱਖਣ ਲਈ ਉਸ ਨੇ ਕੈਨਵਸ ਉਤੇ ਰੰਗਾਂ ਨੂੰ ਤਰਤੀਬ ਦੇਣੀ ਸ਼ੁਰੂ ਕੀਤੀ ਅਤੇ ਆਪਣੇ ਇਸ ਦੁੱਖ ‘ਤੇ ਫਹਿਆ ਰੱਖਦਾ ਰੱਖਦਾ ਉਹ ਹਰ ਪੰਜਾਬੀ ਦੇ ਦੁੱਖਾਂ ‘ਤੇ ਫਹਿਆ ਰੱਖਣ ਵਾਲਾ ਚਿੱਤਰਕਾਰ ਬਣ ਗਿਆ।