ਚੰਡੀਗੜ੍ਹ: ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਵੱਲੋਂ ਮੋਰਚਾ ਖੋਲ੍ਹਣ ਮਗਰੋਂ ਇਕ ਵਾਰ ਮੁੜ ਭਾਜਪਾ-ਅਕਾਲੀ ਦਲ ਦੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਬੀਬੀ ਸਿੱਧੂ ਨੇ ਐਲਾਨ ਕਰ ਦਿੱਤਾ ਹੈ ਕਿ ਜੇ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ-ਭਾਜਪਾ ਗੱਠਜੋੜ ਕਾਇਮ ਰਿਹਾ ਤਾਂ ਉਹ ਪਾਰਟੀ ਛੱਡ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀਆਂ ਦਾ ਸਮਝੌਤਾ ਕੇਂਦਰੀ ਲੀਡਰਸ਼ਿਪ ਨਾਲ ਹੈ ਜਦਕਿ ਪੰਜਾਬ ਵਿਚ ਭਾਜਪਾ ਵਰਕਰਾਂ ਵਿਚ ਅਕਾਲੀ ਦਲ ਖ਼ਿਲਾਫ਼ ਗੁੱਸੇ ਦੀ ਲਹਿਰ ਹੈ।
ਕਾਬਲੇਗੌਰ ਹੈ ਕਿ ਪੰਜਾਬ ਭਾਜਪਾ ਦੀ ਬਹੁਤੀ ਲੀਡਰਸ਼ਿਪ ਤੇ ਹੇਠਲਾ ਕੇਡਰ ਅਕਾਲੀ ਦਲ ਨਾਲੋਂ ਵੱਖ ਹੋਣ ਦੇ ਹੱਕ ਵਿਚ ਹੈ ਪਰ ਹਾਈਕਮਾਨ ਇਸ ਬਾਰੇ ਦੋਚਿੱਤੀ ਵਿਚ ਹੈ। ਇਸ ਦੇ ਦੋ ਕਾਰਨ ਹਨ- ਪਹਿਲਾ ਇਹ ਕਿ ਭਾਜਪਾ ਦਾ ਸਿਰਫ ਸ਼ਹਿਰਾਂ ਵਿਚ ਆਧਾਰ ਹੈ ਤੇ ਲੱਖ ਕੋਸ਼ਿਸ਼ਾਂ ਮਗਰੋਂ ਵੀ ਪਿੰਡਾਂ ਵਿਚ ਉਸ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ। ਦੂਜਾ ਇਹ ਕਿ ਗੱਠਜੋੜ ਟੁੱਟਣ ਮਗਰੋਂ ਹਿੰਦੂ-ਸਿੱਖ ਵੋਟਰਾਂ ਦਾ ਧਰੁਵੀਕਰਨ ਹੋਏਗਾ। ਇਸ ਨਾਲ ਪੰਜਾਬ ਵਿਚ ਪਹਿਲਾਂ ਹੀ ਸੁਲਗਦੀ ਅੱਗ ਭਾਂਬੜ ਬਣ ਸਕਦੀ ਹੈ। ਇਸ ਲਈ ਭਾਜਪਾ ਅਜੇ ਤੱਕ ਇਹ ਖੇਡ ਖੇਡਣ ਤੋਂ ਕਤਰਾ ਰਹੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ, ਸੰਸਦੀ ਮਾਮਲਿਆਂ ਬਾਰੇ ਮੰਤਰੀ ਮਦਨ ਮੋਹਨ ਮਿੱਤਲ ਤੇ ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਭਾਜਪਾ ਦੇ ਉਹ ਲੀਡਰ ਹਨ ਜਿਨ੍ਹਾਂ ਨੇ ਸਮੇਂ ਸਮੇਂ ਉਤੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਉਤੇ ਸਵਾਲ ਉਠਾਉਂਦਿਆਂ ਭਾਈਵਾਲ ਪਾਰਟੀ ਅਕਾਲੀ ਦਲ ਨੂੰ ਰਗੜੇ ਲਾਏ ਹਨ। ਇਨ੍ਹਾਂ ਲੀਡਰਾਂ ਦਾ ਇਲਜ਼ਾਮ ਹੈ ਕਿ ਅਕਾਲੀ ਦਲ ਉਨ੍ਹਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰਦਾ ਆ ਰਿਹਾ ਹੈ ਤੇ ਗੱਲ ਗੱਲ ਉਤੇ ਨੀਵਾਂ ਵਿਖਾਉਂਦਾ ਹੈ। ਇਸ ਕਰ ਕੇ ਬੇਸ਼ੱਕ ਭਾਜਪਾ ਤੇ ਅਕਾਲੀ ਦਲ ਦਾ ਰਿਸ਼ਤਾ ਹੁਣ ਘਿਓ-ਖਿਚੜੀ ਵਾਲਾ ਨਹੀਂ ਰਿਹਾ ਪਰ ਦੋਵੇਂ ਧਿਰਾਂ ਰਿਸ਼ਤਾ ਤੋੜਨ ਦੀ ਹਿੰਮਤ ਨਹੀਂ ਵਿਖਾ ਰਹੀਆਂ।
ਅਕਾਲੀ ਦਲ ਖਿਲਾਫ ਸੱਤਾ ਵਿਰੋਧੀ ਲਹਿਰ ਪ੍ਰਚੰਡ ਹੋਣ ਕਰ ਕੇ ਭਾਜਪਾ ਨੂੰ ਡੁੱਬਦੇ ਲਈ ਸਹਾਰਾ ਸਮਝ ਰਿਹਾ ਹੈ। ਉਧਰ, ਪੰਜਾਬ ਭਾਜਪਾ ਤਾਂ ਵੱਖ ਰਾਹ ਤਲਾਸ਼ਣ ਲਈ ਕਾਹਲੀ ਹੈ, ਪਰ ਹਾਈਕਮਾਨ ਇਸ ਦੇ ਦੂਰਗਾਮੀ ਅਸਰਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਗੱਲ ਪਿਆ ਢੋਲ ਵਜਾਉਣ ਵਿਚ ਹੀ ਭਲਾਈ ਸਮਝ ਰਹੀ ਹੈ। ਨਵਜੋਤ ਕੌਰ ਸਿੱਧੂ ਦਾ ਦੋਸ਼ ਹੈ ਕਿ ਪੰਜਾਬ ਵਿਚ ਸਰਕਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕੱਲੇ ਨਹੀਂ ਬਲਕਿ ਤਿੱਕੜੀ ਚਲਾ ਰਹੀ ਹੈ, ਜਿਸ ਵਿਚ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਸ਼ਾਮਲ ਹਨ। ਇਨ੍ਹਾਂ ਦੇ ਇਸ਼ਾਰੇ ਉਤੇ ਭਾਜਪਾ ਵਰਕਰਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਡਾæ ਸਿੱਧੂ ਨੇ ਕਿਹਾ ਕਿ ਉਹ ਪਾਰਟੀ ਨੂੰ ਦੱਸ ਚੁੱਕੇ ਹਨ ਕਿ ਉਹ ਭਾਜਪਾ ਦੇ ਉਮੀਦਵਾਰ ਵਜੋਂ ਤਾਂ ਚੋਣ ਲੜਨ ਨੂੰ ਤਿਆਰ ਹਨ ਪਰ ਗੱਠਜੋੜ ਵੱਲੋਂ ਨਹੀਂ।
ਬਾਦਲ ਸਿਰਫ ਬਠਿੰਡੇ ਦੇ ਮੁੱਖ ਮੰਤਰੀ: ਨਵਜੋਤ ਕੌਰ ਸਿੱਧੂ ਨੇ ਸਵਾਲ ਕੀਤਾ ਹੈ ਕਿ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਸਿਰਫ਼ ਬਠਿੰਡਾ ਦੇ ਮੁੱਖ ਮੰਤਰੀ ਤੇ ਉੱਪ ਮੁੱਖ ਮੰਤਰੀ ਹਨ ਤਾਂ ਬਾਕੀ ਸਾਰਾ ਪੰਜਾਬ ਕਿਸੇ ਹੋਰ ਨੂੰ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਫੰਡ ਲੈਣ ਲਈ ਚੱਕਰ ਲਾਉਂਦੀ ਰਹਿੰਦੀ ਹਾਂ ਤੇ ਫੰਡ ਨਹੀਂ ਮਿਲਦੇ ਜਦੋਂਕਿ ਹਰਸਿਮਰਤ ਕੌਰ ਬਾਦਲ ਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ ਤੇ ਉਨ੍ਹਾਂ ਨੂੰ ਫੰਡ ਆਪਣੇ ਆਪ ਮਿਲ ਜਾਂਦੇ ਹਨ।
ਫੰਡ ਉਨ੍ਹਾਂ ਨੂੰ ਹੀ ਮਿਲਦੇ ਹਨ ਜੋ ਸਰਕਾਰ ਦੀ ਚਾਪਲੂਸੀ ਕਰਦੇ ਹਨ ਤੇ ਉਨ੍ਹਾਂ ਜਿਹੇ ਇਮਾਨਦਾਰ ਲੋਕਾਂ ਦੀ ਇਮਾਨਦਾਰੀ ਹੀ ਵੱਡੀ ਮੁਸੀਬਤ ਬਣ ਜਾਂਦੀ ਹੈ। ਕਾਬਲੇਗੌਰ ਹੈ ਕਿ ਬੀਬੀ ਸਿੱਧੂ ਨੇ ਬਾਦਲਾਂ ਨੂੰ ਚਿਤਾਵਨੀ ਦਿੱਤੀ ਹੋਈ ਹੈ ਕਿ ਜੇਕਰ 15 ਅਗਸਤ ਤੱਕ ਹਲਕੇ ਦੇ ਵਿਕਾਸ ਲਈ ਲੋੜੀਂਦੀ ਦਸ ਕਰੋੜ ਰੁਪਏ ਦੀ ਗ੍ਰਾਂਟ ਜਾਰੀ ਨਾ ਕੀਤੀ ਗਈ ਤਾਂ ਉਹ ਮਰਨ ਵਰਤ ਉਤੇ ਬੈਠਣਗੇ। ਪਿਛਲੇ ਦਿਨੀਂ ਮੁੱਖ ਮੰਤਰੀ ਬਾਦਲ ਨੇ ਬੀਬੀ ਸਿੱਧੂ ਨੂੰ 10 ਕਰੋੜ ਰੁਪਏ ਫੰਡ ਦੇਣ ਦਾ ਭਰੋਸਾ ਦਿੱਤਾ ਸੀ।