ਜਲੰਧਰ: ਦੀਨਾਨਗਰ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਕੁੰਭਕਰਨੀ ਨੀਂਦ ਤੋਂ ਜਾਗ ਪਈ ਹੈ ਤੇ ਉਸ ਨੇ ਪੰਜਾਬ ਦੇ ਸਾਰੇ ਥਾਣਿਆਂ ਨੂੰ ਅਸਲੇ ਦਾ ਭੰਡਾਰ ਪੂਰਾ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ, ਜਿਥੇ ਅਸਲੇ ਦੀ ਘਾਟ ਮਹਿਸੂਸ ਕੀਤੀ ਜਾਵੇ ਉਸ ਬਾਰੇ ਥਾਣਿਆਂ ਨੂੰ ਆਪਣੇ ਸੀਨੀਅਰ ਅਫਸਰਾਂ ਨਾਲ ਤੁਰੰਤ ਸਲਾਹ ਮਸ਼ਵਰਾ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ ਹਨ।
ਏæਡੀæਜੀæਪੀæ ਇੰਟੈਲੀਜੈਂਸ ਵੱਲੋਂ ਪੰਜਾਬ ਦੇ ਸਾਰੇ ਐਸ਼ਐਸ਼ਪੀæ ਤੇ ਪੁਲਿਸ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਥਾਣਿਆਂ, ਦਫ਼ਤਰਾਂ ਤੇ ਰਿਹਾਇਸ਼ੀ ਇਮਾਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਤੇ ਹਰ ਥਾਣੇ ਵਿਚ ਲੋੜੀਂਦੇ ਹਥਿਆਰਾਂ ਦੀ ਜਾਂਚ ਕਰਨ।
ਜਾਰੀ ਹਦਾਇਤਾਂ ਦੀ ਸੂਚੀ ਵਿਚ ਹਥਿਆਰਾਂ ਦੇ ਨਾਲ-ਨਾਲ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਕਿਹੜੀ ਰਣਨੀਤੀ ਅਪਣਾਉਣੀ ਹੈ, ਬਾਰੇ ਵੀ ਇਸ਼ਾਰਾ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਇਹ ਸਾਰੀਆਂ ਹਦਾਇਤਾਂ 27 ਜੁਲਾਈ ਨੂੰ ਦੀਨਾਨਗਰ ਦੇ ਪੁਲਿਸ ਥਾਣੇ ਉਤੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਕੀਤੀਆਂ ਹਨ। ਇਸ ਪੱਤਰ ਵਿਚ ਲੋੜੀਂਦੀਆਂ ਬੁਲਟ ਪਰੂਫ ਜੈਕਟਾਂ ਤੇ ਬੁਲਟ ਪਰੂਫ ਵਾਹਨ ਰੱਖਣ , ਸਾਰੇ ਥਾਣਿਆਂ ਵਿਚ ਲਾਈਟ ਮਸ਼ੀਨਗਨਾਂ ਪਹੁੰਚਾਉਣ ਤੇ ਬੁਲਟ ਪਰੂਫ ਮੋਰਚਿਆਂ ਦੇ ਨਾਲ-ਨਾਲ ਰੇਤ ਦੇ ਬੋਰੇ ਭਰ ਕੇ ਬੰਕਰ ਬਣਾਉਣ ਲਈ ਕਿਹਾ ਗਿਆ ਹੈ।
ਥਾਣਿਆਂ ਵਿਚ ਲੋੜੀਂਦੇ ਹੈਂਡ ਗਰਨੇਡ ਤੇ ਗਰਨੇਡ ਲਾਂਚਰ ਰੱਖਣ ਦੇ ਨਾਲ-ਨਾਲ ਜਿਹੜਾ ਅਸਲਾ ਘੱਟ ਹੋਵੇ ਜਾਂ ਖਰਾਬ ਹੋਵੇ, ਉਸ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਲਿਖਤੀ ਸੂਚਨਾ ਤੇ ਮੰਗ ਭੇਜਣ ਦੀ ਵੀ ਹਦਾਇਤ ਕੀਤੀ ਗਈ ਹੈ। ਸੀਨੀਅਰ ਅਫਸਰ ਨੇ ਇਹ ਸਲਾਹ ਵੀ ਭੇਜੀ ਹੈ ਕਿ ਬੰਬਾਂ ਨੂੰ ਨਸ਼ਟ ਕਰਨ ਵਾਲੇ ਦਸਤੇ ਵੀ ਤਿਆਰ ਬਰ ਤਿਆਰ ਰੱਖੇ ਜਾਣ ਤਾਂ ਜੋ ਭਵਿੱਖ ਵਿਚ ਕਿਤੇ ਵੀ ਹਮਲਾ ਹੋਣ ਦੀ ਸੂਰਤ ਵਿਚ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਉਤੇ ਭੇਜਿਆ ਜਾ ਸਕੇ।
_______________________________________________
ਸਾਲਾਨਾ ਫਾਇਰ ਟਰੇਨਿੰਗ ਦਾ ਵੀ ਚੇਤਾ ਆਇਆ
ਬਠਿੰਡਾ: ਪੰਜਾਬ ਪੁਲਿਸ ਨੇ ਹੁਣ ਹਥਿਆਰ ਚਲਾਉਣ ਦੀ ‘ਸਾਲਾਨਾ ਫਾਇਰ’ ਟਰੇਨਿੰਗ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਇਸ ਸਿਖਲਾਈ ਵਿਚ ਕਈ ਵਾਰ ਜ਼ਿਆਦਾ ਸਮਾਂ ਪੈ ਜਾਂਦਾ ਸੀ ਪਰ ਹੁਣ ਇਸ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਸਾਲਾਨਾ ਫਾਇਰ ਨੂੰ ਲਾਜ਼ਮੀ ਕਰਾਰ ਦਿੱਤਾ ਹੈ। ਦੀਨਾਨਗਰ ਦੇ ਅਤਿਵਾਦੀ ਹਮਲੇ ਮਗਰੋਂ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਨੂੰ ਰੈਗੂਲਰ ‘ਸਾਲਾਨਾ ਫਾਇਰ’ ਕਰਵਾਉਣ ਦੇ ਰਾਹ ਤੁਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਦੇ ਬਹੁਤੇ ਹਥਿਆਰ ਅਜਿਹੇ ਹਨ ਜੋ ਕਿ ਵਰ੍ਹਿਆਂ ਤੋਂ ਚਲਾਏ ਹੀ ਨਹੀਂ ਗਏ। ਹੁਣ ‘ਸਾਲਾਨਾ ਫਾਇਰ’ ਦੇ ਬਹਾਨੇ ਪੁਲਿਸ ਆਪਣੇ ਹਥਿਆਰ ਵੀ ਚੈੱਕ ਕਰ ਰਹੀ ਹੈ ਤਾਂ ਜੋ ਕੰਡਮ ਹੋਣ ਵਾਲੇ ਅਸਲੇ ਨੂੰ ਭੰਡਾਰ ਵਿਚੋਂ ਬਾਹਰ ਕੀਤਾ ਜਾ ਸਕੇ। ਫ਼ਰੀਦਕੋਟ ਪੁਲਿਸ ਕੋਲ ਆਪਣੀ ਕੋਈ ਸ਼ੂਟਿੰਗ ਰੇਂਜ ਨਹੀਂ ਹੈ। ਇਸ ਕਰਕੇ ਫ਼ਰੀਦਕੋਟ ਵਿਚ ਵੀ ਫ਼ੌਜ ਦੀ ਰੇਂਜ ਵਰਤੀ ਜਾਂਦੀ ਹੈ।
_______________________________________________
ਹੁਣ ਅਤਿਵਾਦ ਦੇ ਪੈਰ ਨਹੀਂ ਲੱਗਣਗੇ: ਕੇæਪੀæਐਸ਼
ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੇæਪੀæਐਸ਼ ਗਿੱਲ ਨੇ ਦੀਨਾਨਗਰ ਦੀ ਅਤਿਵਾਦੀ ਘਟਨਾ ਦੌਰਾਨ ਪੁਲਿਸ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੌਕੇ ਫੌਜ ਨੂੰ ਬੁਲਾਉਣ ਦੀ ਲੋੜ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਿਚੋਂ ਰਾਜਸੀ ਦਖ਼ਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਸਾਰੇ ਮੁਲਕ ਵਿਚ ਹੀ ਪੁਲਿਸ ਦੇ ਕੰਮ ਵਿਚ ਦਖ਼ਲਅੰਦਾਜ਼ੀ ਵਧ ਗਈ ਹੈ। ਪੰਜਾਬ ਵਿਚ ਸਰਗਰਮ ਰਹੇ ਖਾਲਿਸਤਾਨ ਪੱਖੀ ਅਤਿਵਾਦੀਆਂ ਦੇ ਮੁੜ ਸਿਰ ਚੁੱਕਣ ਦੇ ਮੁੱਦੇ ਉਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਅਤਿਵਾਦੀਆਂ ਨੂੰ ਹਮਾਇਤ ਨਹੀਂ ਦਿੰਦੀ। ਇਸ ਦਾ ਸਬੂਤ ਦੀਨਾਨਗਰ ਦੀ ਘਟਨਾ ਤੋਂ ਵੀ ਮਿਲਦਾ ਹੈ ਕਿ ਲੋਕ ਹੁਣ ਅਤਿਵਾਦ ਖ਼ਿਲਾਫ਼ ਹਨ ਤੇ ਸ਼ਾਂਤੀ ਚਾਹੁੰਦੇ ਹਨ। ਸ੍ਰੀ ਗਿੱਲ ਨੇ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਉਤੇ ਚੌਕਸੀ ਵਧਾਉਣ ਦੀ ਪੈਰਵੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਤਿਵਾਦ ਸਮੇਂ ਕੀਤੇ ਇਕ ਸਰਵੇਖਣ ਦੌਰਾਨ ਇਹ ਤੱਥ ਸਾਹਮਣੇ ਆਏ ਸਨ ਕਿ ਕੁੱਲ ਅਤਿਵਾਦੀਆਂ ਵਿਚੋਂ 75 ਫੀਸਦੀ ਸਰਹੱਦ ਨੇੜਲੇ 125 ਪਿੰਡਾਂ ਨਾਲ ਹੀ ਸਬੰਧਤ ਸਨ।