ਮੁੰਬਈ: ਮੁੰਬਈ ਵਿਚ 1993 ਦੇ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਫਾਹੇ ਲਾਉਣ ਪਿੱਛੋਂ ਇਸ ਮੁੱਦੇ ‘ਤੇ ਤਿੱਖੀ ਬਹਿਸ ਛਿੜ ਗਈ ਹੈ। ਸਿਆਸੀ ਆਗੂਆਂ, ਸਾਬਕਾ ਜੱਜਾਂ, ਕਲਾ ਤੇ ਸਮਾਜਿਕ ਖੇਤਰ ਦੀਆਂ ਸ਼ਖ਼ਸੀਅਤਾਂ ਨੇ ਉਸ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਣ ਦੀ ਅਪੀਲ ਕੀਤੀ ਸੀ ਪਰ ਇਸ ਸਭ ਨੂੰ ਦਰਕਿਨਾਰ ਕਰਦੇ ਹੋਏ 30 ਮਈ ਵਾਲੇ ਤੈਅ ਦਿਨ ‘ਤੇ ਉਸ ਨੂੰ ਫਾਂਸੀ ਦਿੱਤੀ ਗਈ।
ਮੈਮਨ ਦੀ ਫਾਂਸੀ ਪਿੱਛੋਂ ਸਭ ਤੋਂ ਵੱਧ ਚਰਚਾ ਹਿੰਦੂ ਅਤਿਵਾਦ ਨਾਲ ਲਿਹਾਜ਼ਦਾਰੀ ਦੀ ਛਿੜੀ ਹੈ ਤੇ ਸਵਾਲ ਕੀਤਾ ਜਾਣ ਲੱਗਾ ਹੈ ਕਿ ਬਾਬੂ ਬਜਰੰਗੀ, ਮਾਇਆ ਕੋਦਨਾਨੀ, ਕਰਨਲ ਪੁਰੋਹਿਤ ਤੇ ਸਵਾਮੀ ਅਸੀਮਾਨੰਦ ਨੂੰ ਮੌਤ ਦੀ ਸਜ਼ਾ ਕਦੋਂ ਮਿਲੇਗੀ? ਬਾਬੂ ਬਜਰੰਗੀ ਤੇ ਮਾਇਆ ਗੁਜਰਾਤ ਦੰਗਿਆਂ ਤੇ ਕਰਨਲ ਪੁਰੋਹਿਤ ਤੇ ਸਵਾਮੀ ਅਸੀਮਾਨੰਦ ਮਾਲੇਗਾਉਂ ਧਮਾਕਿਆਂ ਦੇ ਦੋਸ਼ੀ ਹਨ। ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ ਦੇ ਆਗੂ ਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਾਦੂਦੀਨ ਓਵੈਸੀ ਨੇ ਦਿੱਲੀ ਵਿਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਵਕਾਲਤ ਕੀਤੀ ਹੈ, ਜਿਹੜੇ ਖੁਲ੍ਹੇਆਮ ਘੁੰਮ ਰਹੇ ਹਨ।
ਮੁੰਬਈ ਬੰਬ ਧਮਾਕੇ ਬਾਬਰੀ ਮਸਜਿਦ ਨੂੰ ਡੇਗਣ ਦਾ ਬਦਲਾ ਸੀ। ਛੇ ਦਸੰਬਰ, 1992 ਨੂੰ ਭਾਜਪਾ ਤੇ ਉਸ ਦੇ ਸੀਨੀਅਰ ਆਗੂਆਂ ਨੇ ਬਾਬਰੀ ਮਸਜਿਦ ਨੂੰ ਡੇਗ ਦਿੱਤਾ ਤੇ ਇਸ ਤੋਂ ਵੀ ਪਹਿਲਾਂ ਭਾਜਪਾ ਦੇ ਸੀਨੀਅਰ ਆਗੂ ਐਲ਼ਕੇæ ਅਡਵਾਨੀ ਨੇ ਦੇਸ਼ ਵਿਚ ਅਯੁੱਧਿਆ ਵਿਚ ਮੰਦਿਰ ਬਣਾਉਣ ਲਈ ਹਿੰਦੂ ਭਾਈਚਾਰੇ ਨੂੰ ਲਾਮਬੰਦ ਕਰਨ ਵਾਸਤੇ ਰੱਥ ਯਾਤਰਾ ਕੀਤੀ ਸੀ, ਜਿਸ ਦੌਰਾਨ ਮੁਸਲਮਾਨ ਭਾਈਚਾਰੇ ਦੇ ਖਿਲਾਫ਼ ਤਿੱਖੀ ਫ਼ਿਰਕੂ ਬਿਆਨਬਾਜ਼ੀ ਵੀ ਕੀਤੀ ਜਾਂਦੀ ਰਹੀ। ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਮੁੰਬਈ ਤੇ ਦੇਸ਼ ਦੇ ਕਈ ਹੋਰ ਹਿੱਸਿਆਂ ਵਿਚ ਫ਼ਿਰਕੂ ਫਸਾਦ ਹੋਏ। ਮੁੰਬਈ ਵਿਚ ਵੀ ਭਾਵੇਂ ਮੁਸਲਮਾਨਾਂ ਨੇ ਇਸ ਵਿਰੁੱਧ ਸ਼ਾਂਤਮਈ ਢੰਗ ਨਾਲ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਸਨ ਪਰ ਸ਼ਿਵ ਸੈਨਾ ਤੇ ਹੋਰ ਪਾਰਟੀਆਂ ਵੱਲੋਂ ਇਨ੍ਹਾਂ ਵਿਖਾਵਿਆਂ ਦੇ ਵਿਰੋਧ ਵਿਚ ਆ ਜਾਣ ਨਾਲ ਉਥੇ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਦੰਗੇ ਸ਼ੁਰੂ ਹੋ ਗਏ। ਦਸੰਬਰ 1992 ਤੇ ਜਨਵਰੀ 1993 ਵਿਚ ਭਾਜਪਾ ਤੇ ਸ਼ਿਵ ਸੈਨਾ ਦੀ ਸ਼ਹਿ ਉਤੇ ਮੁਸਲਮਾਨਾਂ ਦੇ ਖਿਲਾਫ਼ ਵੱਡੀ ਪੱਧਰ ਉਤੇ ਹਿੰਸਾ ਤੇ ਸਾੜ ਫੂਕ ਹੋਈ, ਜਿਸ ਵਿਚ 900 ਤੋਂ ਵੱਧ ਲੋਕ ਮਾਰੇ ਗਏ ਤੇ 2036 ਦੇ ਲਗਭਗ ਜ਼ਖਮੀ ਹੋ ਗਏ। ਮਹਾਰਾਸ਼ਟਰ ਦੀ ਸਰਕਾਰ ਇਸ ਹਿੰਸਾ ਦੌਰਾਨ ਫਸਾਦੀਆਂ ਨੂੰ ਰੋਕਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ। ਬਾਅਦ ਵਿਚ ਇਸ ਘਟਨਾਕ੍ਰਮ ਦੀ ਜਾਂਚ ਲਈ ਜਸਟਿਸ ਬੀæਐਮæ ਸ੍ਰੀ ਕ੍ਰਿਸ਼ਨਾ ਦੀ ਅਗਵਾਈ ਵਿਚ ਸ੍ਰੀ ਕ੍ਰਿਸ਼ਨਾ ਕਮਿਸ਼ਨ ਬਣਾਇਆ ਗਿਆ, ਜਿਸ ਨੇ ਇਸ ਹਿੰਸਾ ਲਈ ਸਿੱਧੇ ਤੌਰ ਉਤੇ ਸ਼ਿਵ ਸੈਨਾ ਤੇ ਭਾਜਪਾ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਮਹਾਰਾਸ਼ਟਰ ਦੀ ਸਰਕਾਰ ਨੇ ਇਸ ਰਿਪੋਰਟ ਨੂੰ ਹਿੰਦੂ ਵਿਰੋਧੀ ਕਰਾਰ ਦੇ ਕੇ ਰੱਦ ਕਰ ਦਿੱਤਾ ਤੇ ਦੋਸ਼ੀਆਂ ਖਿਲਾਫ਼ ਅੱਜ ਤੱਕ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦਾ ਬਦਲਾ ਲੈਣ ਲਈ ਹੀ ਯਾਕੂਬ ਮੈਮਨ ਤੇ ਉਨ੍ਹਾਂ ਦੇ ਭਰਾ ਟਾਈਗਰ ਮੈਮਨ ਅਤੇ ਡੀ ਕੰਪਨੀ ਦੇ ਕਰਤਾ-ਧਰਤਾ ਦਾਊਦ ਇਬਰਾਹੀਮ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈæਐਸ਼ਆਈæ ਨਾਲ ਰਲ ਕੇ ਮੁੰਬਈ ਵਿਚ ਭਿਆਨਕ ਬੰਬ ਧਮਾਕੇ ਕਰਵਾ ਦਿੱਤੇ, ਜਿਸ ਦੇ ਸਿੱਟੇ ਵਜੋਂ 257 ਲੋਕ ਮਾਰੇ ਗਏ ਤੇ 713 ਦੇ ਲਗਭਗ ਲੋਕ ਜ਼ਖਮੀ ਹੋਏ। ਸਮੁੱਚੇ ਤੌਰ ਉਤੇ 27 ਕਰੋੜ ਦੇ ਲਗਭਗ ਜਾਇਦਾਦ ਦਾ ਨੁਕਸਾਨ ਹੋਇਆ। ਕ੍ਰਿਸ਼ਨਾ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਸਮੇਂ ਮੁੰਬਈ ਦੇ ਛੇ ਪੁਲਿਸ ਅਧਿਕਾਰੀਆਂ ਨੇ ਹਲਫ਼ੀਆ ਬਿਆਨ ਦੇ ਕੇ ਇਹ ਮੰਨਿਆ ਸੀ ਕਿ ਮੁੰਬਈ ਵਿਚ ਹੋਏ ਇਹ ਬੰਬ ਧਮਾਕੇ ਅਯੁੱਧਿਆ ਅੰਦੋਲਨ ਤੇ ਉਸ ਤੋਂ ਬਾਅਦ ਮੁੰਬਈ ਵਿਚ ਮੁਸਲਮਾਨਾਂ ਵਿਰੁੱਧ ਹੋਈ ਹਿੰਸਾ ਦਾ ਹੀ ਪ੍ਰਤੀਕਰਮ ਹਨ।
_____________________________________________
ਮੁੰਬਈ ਦੰਗੇ: 900 ਲੋਕਾਂ ਦੇ ਕਾਤਲਾਂ ਨਾਲ ਲਿਹਾਜ਼!
ਮੁੰਬਈ: 30 ਜੁਲਾਈ ਨੂੰ ਇਸ ਘਟਨਾਕ੍ਰਮ ਤੋਂ ਲਗਭਗ 22 ਸਾਲ ਬਾਅਦ ਮੁੰਬਈ ਬੰਬ ਧਮਾਕਿਆਂ ਦੇ ਇਕ ਦੋਸ਼ੀ ਯਾਕੂਬ ਮੈਮਨ ਨੂੰ ਤਾਂ ਫਾਂਸੀ ਦੀ ਸਜ਼ਾ ਮਿਲ ਗਈ ਹੈ ਪਰ ਇਸ ਗੱਲ ਦੀ ਕਿਸੇ ਨੂੰ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ ਕਿ ਜਸਟਿਸ ਬੀæਐਮæ ਸ੍ਰੀ ਕ੍ਰਿਸ਼ਨਾ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਵੱਲੋਂ ਜੋ ਮੁਸਲਮਾਨਾਂ ਵਿਰੁੱਧ ਹੋਏ ਦੰਗਿਆਂ ਦੀ ਜਾਂਚ ਕਰਕੇ ਰਿਪੋਰਟ ਦਿੱਤੀ ਗਈ ਹੈ, ਉਸ ਨੂੰ ਆਧਾਰ ਬਣਾ ਕੇ ਸ਼ਿਵ ਸੈਨਾ ਤੇ ਭਾਜਪਾ ਦੇ ਆਗੂਆਂ ਵਿਰੁੱਧ ਕਦੇ ਕੋਈ ਮੁਕੱਦਮੇ ਚੱਲਣਗੇ ਜਾਂ ਉਨ੍ਹਾਂ ਨੂੰ ਵੀ 900 ਲੋਕਾਂ ਨੂੰ ਕਤਲ ਕਰਨ ਦਾ ਦੋਸ਼ੀ ਕਰਾਰ ਦੇ ਕੇ ਯਾਕੂਬ ਮੈਮਨ ਦੀ ਤਰ੍ਹਾਂ ਹੀ ਸਖ਼ਤ ਸਜ਼ਾਵਾਂ ਦੇ ਭਾਗੀ ਬਣਾਇਆ ਜਾਏਗਾ? ਨਵੰਬਰ, 1984 ਵਿਚ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਦੇ ਸੰਦਰਭ ਵਿਚ ਵੀ ਸਟੇਟ ਦਾ ਰੋਲ ਪੱਖਪਾਤੀ ਰਿਹਾ। ਸਿੱਖਾਂ ਵਿਰੁੱਧ ਹੋ ਰਹੀ ਹਿੰਸਾ ਸਮੇਂ ਪੁਲਿਸ ਤੇ ਹੋਰ ਸੁਰੱਖਿਆ ਏਜੰਸੀਆਂ ਤਮਾਸ਼ਬੀਨ ਬਣੀਆਂ ਰਹੀਆਂ।
_____________________________________________
22 ਸਾਲ ਦੀ ਸਿਲਸਿਲੇਵਾਰ ਕਹਾਣੀ
12 ਮਾਰਚ, 1993 ਨੂੰ ਮੁੰਬਈ ਵਿਚ ਬੰਬ ਧਮਾਕੇ, 257 ਲੋਕ ਮਾਰੇ
4 ਨਵੰਬਰ 1993 ਨੂੰ 189 ਲੋਕਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ।
19 ਅਪਰੈਲ 1995 ਨੂੰ ਮੁੰਬਈ ਦੀ ਟਾਡਾ ਕੋਰਟ ਵਿਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ।
ਸਤੰਬਰ 2006 ਵਿਚ ਅਦਾਲਤ ਨੇ 123 ਮੁਲਜ਼ਮਾਂ ਵਿਚੋਂ 12 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ, 20 ਨੂੰ ਉਮਰ ਕੈਦ, 68 ਨੂੰ ਉਮਰ ਕੈਦ ਤੋਂ ਘੱਟ ਸਜ਼ਾ ਤੇ 23 ਲੋਕਾਂ ਨੂੰ ਬਰੀ ਕੀਤਾ ਗਿਆ।
ਪਹਿਲੀ ਨਵੰਬਰ 2011 ਨੂੰ ਹੇਠਲੀ ਅਦਾਲਤ ਦੇ ਫੈਸਲਿਆਂ ਖਿਲਾਫ ਸੁਪਰੀਮ ਕੋਰਟ ਵਿਚ ਸੁਣਵਾਈ ਸ਼ੁਰੂ ਹੋਈ
ਮਾਰਚ 2013 ਵਿਚ 12 ਦੋਸ਼ੀਆਂ ਵਿਚੋਂ 10 ਦੀ ਸਜ਼ਾ ਉਮਰ ਕੈਦ ਵਿਚ ਤਬਦੀਲ, ਇਕ ਦੀ ਬਿਮਾਰੀ ਕਾਰਨ ਮੌਤ ਤੇ ਫਾਂਸੀ ਦੀ ਸਜ਼ਾ ਲਈ ਬਚਿਆ ਸੀ ਸਿਰਫ ਯਾਕੁਬ ਮੈਮਨ।
ਮਈ 2014 ਵਿਚ ਰਾਸ਼ਟਰਪਤੀ ਵੱਲੋਂ ਯਾਕੂਬ ਮੈਮਨ ਦੀ ਦਇਆ ਅਰਜ਼ੀ ਖਾਰਜ।
21 ਜੁਲਾਈ, 2015 ਨੂੰ ਯਾਕੁਬ ਨੇ ਮਹਾਰਾਸ਼ਟਰ ਸਰਕਾਰ ਕੋਲ ਰਹਿਮ ਅਪੀਲ ਪਾਈ।
23 ਜੁਲਾਈ 2015 ਨੂੰ ਡੈੱਥ ਵਾਰੰਟ ਖਿਲਾਫ ਯਾਕੁਬ ਦੀ ਸੁਪਰੀਮ ਕੋਰਟ ਵਿਚ ਪਟੀਸ਼ਨ।
29 ਜੁਲਾਈ 2015 ਨੂੰ ਸੁਪਰੀਮ ਕੋਰਟ ਨੇ ਡੈੱਥ ਵਾਰੰਟ ਸਹੀ ਠਹਿਰਾਇਆ
29 ਜੁਲਾਈ 2014 ਨੂੰ ਇਕ ਹੋਰ ਤਾਜ਼ਾ ਰਹਿਮ ਅਪੀਲ ਯਾਕੁਬ ਨੇ ਰਾਸ਼ਟਰਪਤੀ ਨੂੰ ਭੇਜੀ
29 ਜੁਲਾਈ ਦੀ ਰਾਤ ਪੌਣੇ ਗਿਆਰਾਂ ਵਜੇ ਰਾਸ਼ਟਰਪਤੀ ਨੇ ਰੱਦ ਕੀਤੀ ਅਪੀਲ।
30 ਜੁਲਾਈ ਸਵੇਰੇ ਤਕਰੀਬਨ 3-5 ਦੇ ਵਿਚਕਾਰ ਸੁਪਰੀਮ ਕੋਰਟ ਵੱਲੋਂ ਅਰਜ਼ੀ ਖਾਰਜ।
30 ਜੁਲਾਈ ਦੀ ਸਵੇਰੇ 7 ਵਜੇ ਯਾਕੂਬ ਮੈਮਨ ਨੂੰ ਫਾਂਸੀ ਦੇ ਦਿੱਤੀ ਗਈ।
___________________________________________
ਯਾਕੂਬ ਮੈਮਨ ਦਾ ਗੁਨਾਹ
ਮੁੰਬਈ: ਯਾਕੂਬ ਮੈਮਨ 12 ਮਾਰਚ, 1993 ਵਿਚ ਹੋਏ ਮੁੰਬਈ ਧਮਾਕਿਆਂ ਦਾ ਦੋਸ਼ੀ ਸੀ। ਉਹ 1993 ਦੇ ਧਮਾਕਿਆਂ ਤੋਂ ਪਹਿਲਾਂ ਦੁਬਈ ਵਿਚ ਤਿਆਰ ਕੀਤੀ ਸਾਜ਼ਿਸ਼ ਵਾਲੀ ਮੀਟਿੰਗ ਵਿਚ ਦਾਊਦ ਇਬਰਾਹੀਮ ਤੇ ਟਾਈਗਰ ਮੈਨਨ ਨਾਲ ਸ਼ਾਮਲ ਸੀ। ਉਹ ਆਪਣੀ ਫ਼ਰਮ ਰਾਹੀ ਟਾਈਗਰ ਮੈਨਨ ਦੇ ਗ਼ੈਰ-ਕਾਨੂੰਨੀ ਫਾਈਨਾਂਸ ਨੂੰ ਸੰਭਾਲਦਾ ਸੀ। ਉਹ ਪਾਕਿਸਤਾਨ ਜਾ ਕੇ ਹਥਿਆਰਾਂ ਦੀ ਟ੍ਰੇਨਿੰਗ ਲੈਣ ਵਾਲਿਆਂ ਲਈ ਟਿਕਟਾਂ ਦਾ ਪ੍ਰਬੰਧ ਕਰਦਾ ਸੀ। ਮੁੰਬਈ ਧਮਾਕਿਆਂ ਲਈ ਵਰਤੇ ਗਏ ਬੰਬ ਉਸ ਦੇ ਘਰ ਵਿਚ ਤਿਆਰ ਕੀਤੇ ਗਏ ਸਨ ਤੇ ਇਨ੍ਹਾਂ ਨੂੰ ਮੁੰਬਈ ਦੀਆਂ ਵੱਖ-ਵੱਖ ਥਾਵਾਂ ਉਤੇ ਭੇਜਿਆ ਗਿਆ ਸੀ। ਮੁੰਬਈ ਵਿਚ ਧਮਾਕਿਆਂ ਤੋਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਦੇਸ਼ ਤੋਂ ਫਰਾਰ ਹੋ ਗਿਆ ਸੀ। ਮੁੰਬਈ ਬੰਬ ਧਮਾਕੇ 12 ਮਾਰਚ, 1993 ਨੂੰ ਹੋਏ ਸਨ, ਜਿਨ੍ਹਾਂ ਵਿਚ 257 ਵਿਅਕਤੀ ਮਾਰੇ ਗਏ ਸਨ ਤੇ 713 ਜ਼ਖ਼ਮੀ ਹੋਏ ਸਨ। ਯਾਕੂਬ ਮੈਮਨ ਨੂੰ ਛੇ ਅਗਸਤ, 1994 ਨੂੰ ਫੜ ਲਿਆ ਗਿਆ ਸੀ, ਜਦੋਂ ਕਿ ਇਸ ਮਾਮਲੇ ਵਿਚ ਦੂਜੇ ਦੋਸ਼ੀ, ਉਸ ਦਾ ਵੱਡਾ ਭਰਾ ਟਾਈਗਰ ਮੈਮਨ ਤੇ ਦਾਊਦ ਹਾਲੇ ਵੀ ਭਗੌੜੇ ਹਨ।