ਸਿੱਖ ਕੁੜੀ ਨੇ ਪਾਕਿਸਤਾਨ ਵਿਚ ਰਚਿਆ ਇਤਿਹਾਸ

ਲਾਹੌਰ: ਪਾਕਿਸਤਾਨ ਵਿਚ ਇਕ ਸਿੱਖ ਲੜਕੀ ਨੇ ਇਤਿਹਾਸ ਰਚ ਦਿੱਤਾ ਹੈ। ਮਨਬੀਰ ਕੌਰ ਨਾਮਕ ਲੜਕੀ ਦਸਵੀਂ ਜਮਾਤ ਵਿਚ ਪੂਰੇ ਪਾਕਿਸਤਾਨ ਵਿਚੋਂ ਅੱਵਲ ਰਹੀ ਹੈ। ਮਨਬੀਰ ਕੌਰ ਨੇ 1100 ਅੰਕਾਂ ਵਿਚੋਂ 1023 ਅੰਕ ਪ੍ਰਾਪਤ ਕੀਤੇ ਹਨ। ਇਹ ਪਹਿਲੀ ਵਾਰ ਹੈ ਕਿ ਜਦੋਂ ਮੁਸਲਿਮ ਦੇਸ਼ ਵਿਚ ਘੱਟ ਗਿਣਤੀ ਭਾਈਚਾਰੇ ਦੀ ਲੜਕੀ ਨੇ ਇੰਨੀ ਵੱਡੀ ਸਫਲਤਾ ਹਾਸਲ ਕੀਤੀ ਹੋਵੇ। ਪਾਕਿਸਤਾਨ ਵਿਚ ਸਿਰਫ ਇਕ ਫਿਸਦੀ ਜਨਸੰਖਿਆ ਵਾਲੇ ਸਿੱਖ ਭਾਈਚਾਰੇ ਲਈ ਇਹ ਮਾਨ ਵਾਲੀ ਗੱਲ ਹੈ।

ਮਨਬੀਰ ਕੌਰ ਦੇ ਪਿਤਾ ਗਿਆਨੀ ਪ੍ਰੇਮ ਸਿੰਘ ਗੁਰਦੁਆਰਾ ਸ੍ਰੀ ਜਨਮ ਸਥਾਨ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਹਨ। ਮਨਬੀਰ ਕੌਰ ਨਨਕਾਣਾ ਸਾਹਿਬ ਸਥਿਤ ਸ੍ਰੀ ਗੁਰੂ ਨਾਨਕ ਦੇਵ ਹਾਈ ਸਕੂਲ ਵਿਚ ਪੜ੍ਹਦੀ ਹੈ।
30 ਜੁਲਾਈ ਨੂੰ ਨਤੀਜੇ ਦਾ ਐਲਾਨ ਹੋਣ ਮਗਰੋਂ ਮਨਬੀਰ ਕੌਰ ਨੂੰ ਪਾਕਿਸਤਾਨ ਦੇ ਹਰ ਹਿੱਸੇ ਤੋਂ ਵਧਾਈ ਸੰਦੇਸ਼ ਆ ਰਹੇ ਹਨ। ਉਸ ਦੀ ਪ੍ਰਾਪਤੀ ਅਜਿਹੇ ਦੇਸ਼ ਵਿਚ ਆਸਾਨ ਕੰਮ ਨਹੀਂ ਸੀ ਜਿਥੇ ਸਿੱਖਾਂ ਦੀ ਆਬਾਦੀ ਕੁੱਲ ਆਬਾਦੀ ਦਾ ਇਕ ਫ਼ੀਸਦੀ ਵੀ ਨਹੀਂ ਹੈ। ਮਨਬੀਰ ਦੇ ਪਿਤਾ ਦਾ ਕਹਿਣਾ ਹੈ ਕਿ ਇਹ ਉਸ ਦੀ ਮਿਹਨਤ ਦਾ ਨਤੀਜਾ ਹੈ। ਉਹ ਹਮੇਸ਼ਾ ਮਿਹਨਤੀ ਵਿਦਿਆਰਥਣ ਰਹੀ ਹੈ। ਇਸ ਤੋਂ ਬਿਨਾਂ ਉਸ ਉਤੇ ਰੱਬ ਦੀ ਬਹੁਤ ਮੇਹਰ ਹੈ। ਉਸ ਨੇ ਉਹ ਕਰ ਵਿਖਾਇਆ ਜੋ ਸਿੱਖ ਮੁੰਡੇ ਵੀ ਨਹੀਂ ਕਰ ਸਕੇ। ਮਨਬੀਰ ਨੇ ਲਾਹੌਰ ਦੇ ਪ੍ਰੀ-ਮੈਡੀਕਲ ਕਾਲਜ ਵਿਚ ਦਾਖ਼ਲਾ ਲਿਆ ਹੈ। ਪ੍ਰੇਮ ਸਿੰਘ ਨੇ ਦੱਸਿਆ ਕਿ ਮਨਬੀਰ ਅੰਮ੍ਰਿਤਧਾਰੀ ਹੈ ਤੇ ਗੁਰਦਵਾਰਾ ਨਨਕਾਣਾ ਸਾਹਿਬ ਵਿਚ ਜਥੇ ਨਾਲ ਕੀਰਤਨ ਵੀ ਕਰਦੀ ਹੈ।
ਪਾਕਿਸਤਾਨ ਵਿਚ ਕੁੜੀਆਂ ਦੀ ਪੜ੍ਹਾਈ ਬਾਰੇ ਪੁੱਛਣ ਉਤੇ ਪ੍ਰੇਮ ਸਿੰਘ ਨੇ ਕਿਹਾ, “ਮੇਰੇ ਖ਼ਿਆਲ ਵਿਚ ਔਰਤਾਂ ਨੂੰ ਵੀ ਮਰਦਾਂ ਵਾਂਗ ਹੀ ਸਮਝਿਆ ਜਾਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਵੀ ਆਪਣੇ ਸੁਪਨੇ ਪੂਰੇ ਕਰਨ ਦਾ ਉੱਨਾ ਹੀ ਹੱਕ ਹੈ ਜਿੰਨਾ ਮਰਦਾਂ ਨੂੰ। ਉਨ੍ਹਾਂ ਕਿਹਾ ਕਿ ਸ਼ਹਿਰ ਨਨਕਾਣਾ ਸਾਹਿਬ ਵਿਚ ਰਹਿ ਰਹੇ 200 ਸਿੱਖ ਪਰਵਾਰ ਆਪਣੀਆਂ ਕੁੜੀਆਂ ਦੀ ਬਿਹਤਰੀ ਲਈ ਉਨ੍ਹਾਂ ਨੂੰ ਖੁੱਲ੍ਹ ਕੇ ਉਤਸ਼ਾਹਤ ਕਰਦੇ ਹਨ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਮਨਬੀਰ ਕੌਰ ਨੂੰ ਸਿਰੋਪਾਉ ਭੇਂਟ ਕਰ ਕੇ ਸਨਮਾਨਤ ਕੀਤਾ ਹੈ।
2010 ਦੀ ਮਰਦਮਸ਼ੁਮਾਰੀ ਅਨੁਸਾਰ ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ 50,000 ਤੋਂ ਘਟ ਕੇ ਸਿਰਫ਼ 15,000 ਹੀ ਰਹਿ ਗਈ। ਘੱਟ ਗਿਣਤੀਆਂ ਵਿਰੁੱਧ ਜ਼ੁਲਮ, ਪਾਕਿਸਤਾਨ ਵਿਖੇ ਸਿੱਖਾਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਦਾ ਮੁੱਖ ਕਾਰਨ ਹੈ। ਪਿਛਲੇ ਕੁਝ ਸਾਲਾਂ ਦੌਰਾਨ ਅਜਿਹੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਸਿੱਖ ਕੁੜੀਆਂ ਨੂੰ ਧੱਕੇ ਨਾਲ ਵਿਆਹ ਕਰਨ ਲਈ ਇਸਲਾਮ ਕਬੂਲ ਕਰਾਇਆ ਗਿਆ ਹੈ। ਅਜਿਹੇ ਸਮੇਂ ਮਨਬੀਰ ਦੀ ਪ੍ਰਾਪਤੀ ਸਿੱਖ ਕੁੜੀਆਂ ਲਈ ਉਮੀਦ ਦੀ ਕਿਰਨ ਤੇ ਪ੍ਰੇਰਨਾ ਹੈ।
____________________________________________
ਮਨਬੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇਨਾਮ
ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਨਬੀਰ ਕੌਰ ਨੂੰ 10ਵੀਂ ਦੀ ਪ੍ਰੀਖਿਆ ਵਿਚ ਪੂਰੇ ਪਾਕਿਸਤਾਨ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਉਤੇ ਮੁਬਾਰਕਬਾਦ ਦਿੰਦਿਆਂ ਐਲਾਨ ਕੀਤਾ ਹੈ ਕਿ ਇਸ ਬੱਚੀ ਨੂੰ ਉਚੇਰੀ ਸਿੱਖਿਆ ਲਈ 51 ਹਜ਼ਾਰ ਰੁਪਏ ਦਿੱਤੇ ਜਾਣਗੇ। ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਨਬੀਰ ਕੌਰ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਵੇ ਤੇ ਅੱਗੋਂ ਇਸ ਦੀ ਪੜ੍ਹਾਈ ਉਤੇ ਹੋਣ ਵਾਲਾ ਸਮੁੱਚਾ ਖਰਚ ਸਰਕਾਰ ਕਰੇ।