ਪੰਜਾਬ ‘ਚ ਕਰੋੜਾਂ ਦਾ ਅਨਾਜ ਚੜ੍ਹ ਗਿਆ ਅਣਗਹਿਲੀ ਦੀ ਭੇਟ

ਬਠਿੰਡਾ: ਪੰਜਾਬ ਵਿਚ ਤਕਰੀਬਨ 800 ਕਰੋੜ ਰੁਪਏ ਦਾ ਅਨਾਜ ਸੜ ਗਿਆ ਹੈ ਜੋ ਹੁਣ ਮਨੁੱਖੀ ਵਰਤੋਂ ਦੇ ਯੋਗ ਨਹੀਂ ਰਿਹਾ। ਪੰਜਾਬ ਸਰਕਾਰ ਨੂੰ ਇਹ ਸੜਿਆ ਹੋਇਆ ਅਨਾਜ ਵੇਚਣਾ ਮੁਸ਼ਕਲ ਹੋ ਗਿਆ ਹੈ। ਲੰਘੇ ਅੱਠ ਕੁ ਵਰ੍ਹਿਆਂ ਦੌਰਾਨ ਇਹ ਅਨਾਜ ਸੜਿਆ ਹੈ ਜਿਸ ਕਰਕੇ ਗੁਦਾਮ ਵੀ ਰੁਕੇ ਪਏ ਹਨ। ਸੂਬੇ ਵਿਚ ਇਨ੍ਹਾਂ ਵਰ੍ਹਿਆਂ ਦੌਰਾਨ ਤਕਰੀਬਨ ਇਕ ਕਰੋੜ ਬੋਰੀ ਅਨਾਜ ਸੁਆਹ ਬਣ ਗਈ ਹੈ। ਸੜੀ ਹੋਈ ਕਣਕ ਹੁਣ ਪਸ਼ੂ ਖੁਰਾਕ ਜਾਂ ਫਿਰ ਖਾਦ ਦੇ ਕੰਮ ਹੀ ਆ ਸਕੇਗੀ।

ਖ਼ਰੀਦ ਏਜੰਸੀਆਂ ਵੱਲੋਂ ਅਨਾਜ ਦੀ ਸਾਂਭ-ਸੰਭਾਲ ਵਿਚ ਕੋਤਾਹੀ ਵਰਤੀ ਗਈ ਜਿਸ ਕਾਰਨ ਇਹ ਅਨਾਜ ਖ਼ਰਾਬ ਹੋ ਗਿਆ।
ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਸੂਬੇ ਦੀਆਂ ਖ਼ਰੀਦ ਏਜੰਸੀਆਂ ਦਾ 4æ95 ਲੱਖ ਟਨ ਅਨਾਜ ਸੜ ਗਿਆ ਹੈ। ਭਾਰਤੀ ਖੁਰਾਕ ਨਿਗਮ ਦਾ ਸਿਰਫ਼ 9æ5 ਕੁਇੰਟਲ ਅਨਾਜ ਹੀ ਸੜਿਆ ਹੈ। ਰਾਜ ਵਿਚ ਸਾਲ 2006-07 ਤੋਂ ਸਾਲ 2011-13 ਤੱਕ ਇਹ ਅਨਾਜ ਸੜਿਆ ਹੈ ਜਿਸ ਨੂੰ ਵੇਚਣ ਵਾਸਤੇ ਹੁਣ ਖ਼ਰੀਦ ਏਜੰਸੀਆਂ ਤਰਲੇ ਮਾਰ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਪਹਿਲਾਂ ਤਾਂ ਸੜੇ ਹੋਏ ਅਨਾਜ ਨੂੰ ਕਾਫੀ ਅਰਸਾ ਵੇਚਣ ਦੀ ਪ੍ਰਵਾਨਗੀ ਹੀ ਨਹੀਂ ਮਿਲੀ। ਵੇਰਵਿਆਂ ਅਨੁਸਾਰ ਪੰਜਾਬ ਐਗਰੋ ਕਾਰਪੋਰੇਸ਼ਨ ਦਾ ਸਭ ਤੋਂ ਜ਼ਿਆਦਾ ਅਨਾਜ ਸੜਿਆ ਹੈ। ਪੰਜਾਬ ਐਗਰੋ ਦੀ ਸਾਲ 2006-07 ਤੋਂ 2011-12 ਤੱਕ 1æ80 ਲੱਖ ਟਨ ਕਣਕ ਖ਼ਰਾਬ ਹੋਈ ਹੈ ਜਿਸ ਦੀ ਤਕਰੀਬਨ 36 ਲੱਖ ਬੋਰੀ ਬਣਦੀ ਹੈ। ਇਵੇਂ ਹੀ ਪਨਸਪ ਦਾ ਤਕਰੀਬਨ 34 ਲੱਖ ਬੋਰੀ ਅਨਾਜ ਸੜਿਆ ਹੈ ਜਿਸ ਨੂੰ ਵੇਚਣ ਲਈ ਜੁਲਾਈ ਵਿਚ ਹੀ ਟੈਂਡਰ ਲਾਏ ਗਏ ਹਨ। ਮਾਰਕਫੈੱਡ ਦੀ ਤਕਰੀਬਨ 17 ਲੱਖ ਬੋਰੀ ਕਣਕ ਪਿਛਲੇ ਅਰਸੇ ਦੌਰਾਨ ਸੁਆਹ ਹੋਈ ਹੈ ਜੋ ਸਿਰਫ਼ 2008-09 ਤੋਂ 2011-12 ਦੇ ਸਮੇਂ ਦੀ ਹੈ। ਸੂਤਰਾਂ ਅਨੁਸਾਰ ਖ਼ਰਾਬ ਅਨਾਜ ਨੂੰ ਵੇਚਣ ਦੀ ਸਮੇਂ ਸਿਰ ਪ੍ਰਵਾਨਗੀ ਨਾ ਮਿਲਣ ਕਰਕੇ ਅਨਾਜ ਦੀ ਗੁਣਵੱਤਾ ਹੋਰ ਵੀ ਹੇਠਾਂ ਆਈ ਹੈ ਜਿਸ ਕਰਕੇ ਇਸ ਤੋਂ ਚੰਗਾ ਪੈਸਾ ਮਿਲਣ ਵਿਚ ਅੜਚਣ ਬਣ ਗਈ ਹੈ। ਪੰਜਾਬ ਐਗਰੋ ਦੇ ਜਨਰਲ ਮੈਨੇਜਰ (ਖ਼ਰੀਦ) ਰਤਨ ਮਿੱਤਲ ਦਾ ਕਹਿਣਾ ਹੈ ਕਿ ਖ਼ਰਾਬ ਅਨਾਜ ਵਿਚੋਂ ਸਿਰਫ਼ 23,500 ਟਨ ਵਿਚ ਪਾਰਟੀਆਂ ਨੇ ਦਿਲਚਸਪੀ ਦਿਖਾਈ ਹੈ ਪਰ ਹੁਣ ਉਹ ਦੁਬਾਰਾ ਟੈਂਡਰ ਮੰਗ ਰਹੇ ਹਨ। ਉਨ੍ਹਾਂ ਆਖਿਆ ਕਿ ਖ਼ਰਾਬ ਅਨਾਜ ਨੂੰ ਲੰਬਾ ਸਮਾਂ ਭਾਰਤੀ ਖੁਰਾਕ ਨਿਗਮ ਨੇ ਵੇਚਣ ਲਈ ਪ੍ਰਵਾਨਗੀ ਨਹੀਂ ਦਿੱਤੀ ਸੀ। ਪਨਗਰੇਨ ਏਜੰਸੀ ਦਾ ਰਾਜ ਵਿਚ ਤਕਰੀਬਨ 2æ32 ਲੱਖ ਬੋਰੀ ਅਨਾਜ ਸੜਿਆ ਹੈ ਜਿਸ ਨੂੰ ਵੇਚਣ ਲਈ ਟੈਂਡਰ ਮੰਗੇ ਗਏ ਸਨ। ਇਸ ਤੋਂ ਇਲਾਵਾ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਤਕਰੀਬਨ 37 ਹਜ਼ਾਰ ਟਨ ਅਨਾਜ ਸੜਿਆ ਹੈ।
ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਰ (ਕਮਰਸ਼ੀਅਲ) ਜੇæਐਸ਼ ਜਟਾਣਾ ਦਾ ਕਹਿਣਾ ਹੈ ਕਿ ਖ਼ਰਾਬ ਅਨਾਜ ਦੀ ਖ਼ਰੀਦ ਲਈ ਕਾਫੀ ਕੰਪਨੀਆਂ ਨੇ ਦਿਲਚਸਪੀ ਦਿਖਾਈ ਸੀ ਪਰ ਕੁਝ ਤਕਨੀਕੀ ਕਮੀਆਂ ਰਹਿ ਗਈਆਂ। ਹੁਣ ਉਹ ਦੁਬਾਰਾ ਟੈਂਡਰ ਮੰਗ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਰਾਜ ਵਿਚ ਖ਼ਰਾਬ ਅਨਾਜ ਨੂੰ ਖ਼ਰੀਦਣ ਵਾਲੇ ਘੱਟ ਹਨ ਕਿਉਂਕਿ ਇਥੇ ਪਸ਼ੂ ਖੁਰਾਕ ਦੀਆਂ ਸਨਅਤਾਂ ਜ਼ਿਆਦਾ ਨਹੀਂ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਹਰਦੇਵ ਅਰਸ਼ੀ ਮੁਤਾਬਕ ਰਾਜ ਸਰਕਾਰ ਨੇ ਅਨਾਜ ਸੰਭਾਲ ਕਰਨ ਵਿਚ ਅਣਗਹਿਲੀ ਵਰਤੀ ਜਿਸ ਦੇ ਨਤੀਜੇ ਵਜੋਂ ਕਰੋੜਾਂ ਰੁਪਏ ਦੀ ਮਾਲੀ ਸੱਟ ਰਾਜ ਨੂੰ ਲੱਗੀ ਹੈ।
________________________________________
ਝੋਨੇ ਦੀ ਕੇਂਦਰੀ ਖਰੀਦ ਬਾਰੇ ਭੇਤ ਬਰਕਰਾਰ
ਬਠਿੰਡਾ: ਪੰਜਾਬ ਵਿਚ ਝੋਨੇ ਦੀ ਕੇਂਦਰੀ ਖਰੀਦ ਬਾਰੇ ਭੇਤ ਬਰਕਰਾਰ ਹੈ। ਉਂਜ ਕਿਸਾਨਾਂ ਲਈ ਰਾਹਤ ਵਾਲੀ ਖ਼ਬਰ ਹੈ ਕਿ ਕੇਂਦਰ ਸਰਕਾਰ ਫਿਲਹਾਲ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ (ਐਮæਐਸ਼ਪੀæ) ਤੈਅ ਕਰਨਾ ਬੰਦ ਨਹੀਂ ਕਰ ਰਹੀ। ਇਸ ਕਾਰਨ ਸੂਬਾਈ ਏਜੰਸੀਆਂ ਇਸ ਭਾਅ ਉਤੇ ਹੀ ਖ਼ਰੀਦ ਕਰਨਗੀਆਂ। ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਸ਼ਾਂਤਾ ਕੁਮਾਰ ਕਮੇਟੀ ਵੱਲੋਂ 24 ਸਿਫ਼ਾਰਸ਼ਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ ਕੁਝ ਨੂੰ ਮੰਨ ਲਿਆ ਗਿਆ, ਪਰ ਇਹ ਰਿਪੋਰਟ ਪੰਜਾਬ ਵਿਚੋਂ ਝੋਨੇ ਦੀ ਕੇਂਦਰੀ ਖਰੀਦ ਦੇ ਮਾਮਲੇ ਵਿਚ ਚੁੱਪ ਹੈ। ਇਹ ਸਾਫ਼ ਹੈ ਕਿ ਪੰਜਾਬ ਦੀਆਂ ਖਰੀਦ ਏਜੰਸੀਆਂ ਸਰਕਾਰੀ ਭਾਅ ਉਤੇ ਝੋਨੇ ਦੀ ਖਰੀਦ ਕਰਨਗੀਆਂ ਪਰ ਭਾਰਤੀ ਖੁਰਾਕ ਨਿਗਮ ਬਾਰੇ ਸਥਿਤੀ ਸਪੱਸ਼ਟ ਨਹੀਂ। ਕੇਂਦਰ ਸਰਕਾਰ ਨੇ ਸ਼ਾਂਤਾ ਕੁਮਾਰ ਕਮੇਟੀ ਦੀ ਖਰੀਦ ਉਤੇ ਸੂਬਾ ਸਰਕਾਰ ਦੇ ਟੈਕਸਾਂ ਵਿਚ ਇਕਸਾਰਤਾ ਦੀ ਸਿਫ਼ਾਰਸ਼ ਨਹੀਂ ਮੰਨੀ। ਕਮੇਟੀ ਨੇ ਲਿਖਿਆ ਸੀ ਕਿ ਗੁਜਰਾਤ ਤੇ ਪੱਛਮੀ ਬੰਗਾਲ ਵਿਚ ਇਹ ਟੈਕਸ ਦੋ ਫੀਸਦੀ ਤੇ ਪੰਜਾਬ ਵਿਚ 14æ5 ਫੀਸਦੀ ਹਨ।