ਪਰਵਾਸੀਆਂ ਦੇ ਤਿੱਖੇ ਸਵਾਲਾਂ ਅੱਗੇ ਅਕਾਲੀ ਹੋਏ ਬੇਵੱਸ

ਵੈਨਕੂਵਰ: ਪਰਵਾਸੀਆਂ ਦਾ ਅਗਲੀਆਂ ਚੋਣਾਂ ਵਿਚ ਲਾਹਾ ਲੈਣ ਦੇ ਯਤਨ ਵਿਚ ਪਹਿਲੀ ਟੀਮ ਦੀ ਅਸਫਲਤਾ ਤੋਂ ਬਾਅਦ ਹੁਣ ਇਥੇ ਪੁੱਜੇ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਕਿਸੇ ਸਮਾਗਮ ਦੀ ਥਾਂ ਪੰਜਾਬੀ ਰੇਡੀਓ ਦੀ ਵਰਤੋਂ ਕਰਕੇ ਲੋਕਾਂ ਨੂੰ ਪ੍ਰਚਾਉਣ ਦੇ ਕੀਤੇ ਜਾ ਰਹੇ ਯਤਨਾਂ ਨੂੰ ਵੀ ਬੂਰ ਨਹੀਂ ਪਿਆ ਤੇ ਉਨ੍ਹਾਂ ਦੀਆਂ ਦਲੀਲਾਂ ਵੀ ਪਰਵਾਸੀਆਂ ਦੇ ਗੁੱਸੇ ਨੂੰ ਸ਼ਾਂਤ ਕਰਨ ਕਰਨ ਵਿਚ ਅਸਫ਼ਲ ਨਾ ਸਕੀਆਂ।

ਇਨ੍ਹਾਂ ਆਗੂਆਂ ਨੇ ਸਮਾਗਮ ਦੀ ਥਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਮਿਲਣ ਨੂੰ ਪਹਿਲ ਦਿੱਤੀ। ਲੋਕ ਨੇ ਉਨ੍ਹਾਂ ਦਾ ਘਰ ਵਿਚ ਸਵਾਗਤ ਤਾਂ ਕੀਤਾ ਪਰ ਉਨ੍ਹਾਂ ਦੀਆਂ ਗੱਲਾਂ ਨਹੀਂ ਸੁਣੀ।
ਪਿਛਲੇ ਦਿਨਾਂ ਤੋਂ ਵੈਨਕੂਵਰ ਵਿਚ ਡੇਰਾ ਲਾਈ ਬੈਠੇ ਇਨ੍ਹਾਂ ਆਗੂਆਂ ਵੱਲੋਂ ਰੇਡੀਓ ਦੇ ਪ੍ਰੋਗਰਾਮਾਂ ਦੇ ਸਲਾਟ ਸਪਾਂਸਰ ਕਰਕੇ ਆਪਣੀ ਗੱਲ ਕਹਿਣ ਦਾ ਯਤਨ ਕੀਤਾ ਪਰ ਹੋਸਟ ਵੱਲੋਂ ਲਾਈਨਾਂ ਖੋਲ੍ਹੇ ਜਾਣ ਦੇ ਨਾਲ ਹੀ ਲੋਕਾਂ ਵੱਲੋਂ ਤਿੱਖੇ ਸਵਾਲਾਂ ਦੀ ਝੜੀ ਲਾ ਦਿੱਤੀ। ਅਕਾਲੀ ਆਗੂਆਂ ਕੋਲ ਕੋਈ ਜੁਆਬ ਤਾਂ ਨਹੀਂ ਹੁੰਦਾ ਤੇ ਉਹ ਇਹ ਕਹਿਕੇ ਖਹਿੜਾ ਛੁਡਾਉਂਦੇ ਹਨ ਕਿ ਇਸ ਮਾਮਲੇ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਪਹੁੰਚਾ ਦੇਣਗੇ। ਇਕ ਤੋਂ ਵੱਧ ਇਕ ਅਣਕਿਆਸੇ ਸਵਾਲ ਆਗੂਆਂ ਨੂੰ ਪ੍ਰੇਸ਼ਾਨ ਵੀ ਕਰਦੇ ਹਨ।
ਮੁੱਖ ਤੌਰ ਉਤੇ ਰੇਤ ਬਜਰੀ ਦੀ ਕਾਲਾਬਜ਼ਾਰੀ, ਸੜਕਾਂ ਦੀ ਮਾੜੀ ਹਾਲਤ, ਪੁਲਿਸ ਦਾ ਸਰਕਾਰੀਕਰਨ, ਪਰਵਾਸੀਆਂ ਦੀਆਂ ਜ਼ਮੀਨਾਂ ਹੜੱਪਣ, ਇਨਸਾਫ਼ ਦੀ ਥਾਂ ਖੱਜਲ ਖੁਆਰੀ, ਬੇਰੁਜ਼ਗਾਰੀ, ਵਿਦਿਆ ਦੇ ਖਾਤਮੇ ਵਰਗੇ ਮੁੱਦੇ ਉਠਾਏ ਜਾਂਦੇ ਹਨ ਜਿਨ੍ਹਾਂ ਦੇ ਗੋਲਮੋਲ ਉੱਤਰ ਕਾਰਨ ਇਹ ਆਗੂ ਮਖੌਲ ਦਾ ਪਾਤਰ ਬਣੇ ਰਹੇ।
____________________________________
ਪਰਵਾਸੀ ਪੰਜਾਬੀਆਂ ਦੀ ਕਿਤੇ ਨਹੀਂ ਹੋ ਰਹੀ ਸੁਣਵਾਈ
ਜਲੰਧਰ: ਪੰਜਾਬ ਵਿਚ ਪਰਵਾਸੀਆਂ ਦੀਆਂ ਜਾਇਦਾਦਾਂ ਨੱਪਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ। ਨਕੋਦਰ ਦਾ ਜੰਮਪਲ ਹਾਲ ਵਾਸੀ ਲਾਸ ਏਂਜਲਸ ਨਵੀਨ ਕੁਮਾਰ ਭੱਲਾ ਧੋਖੇ ਨਾਲ ਹਥਿਆਈ ਆਪਣੇ ਪਰਿਵਾਰ ਦੀ ਕਰੋੜਾਂ ਦੀ ਜ਼ਮੀਨ-ਜਾਇਦਾਦ ਵਾਪਸ ਲੈਣ ਲਈ ਦਰ-ਦਰ ਠੋਕਰਾਂ ਖਾ ਰਿਹਾ ਹੈ। ਉਸ ਨੂੰ ਲਾਪਤਾ ਦੱਸ ਕੇ ਤੇ ਫਰਜ਼ੀ ਵਸੀਅਤ ਰਾਹੀਂ ਉਸ ਦੀ ਜਾਇਦਾਦ ਹਥਿਆ ਲਈ ਗਈ। ਹੁਣ ਉਹ ਪ੍ਰਸ਼ਾਸਨਿਕ ਅਧਿਕਾਰੀਆਂ, ਪਰਵਾਸੀ ਪੰਜਾਬੀ ਸੰਗਤ ਦਰਸ਼ਨ ਤੇ ਅਦਾਲਤਾਂ ਦਾ ਦਰਵਾਜ਼ੇ ਖੜਕਾ ਕੇ ਦੱਸ ਰਿਹਾ ਹੈ ਕਿ ਉਹ ਲਾਪਤਾ ਨਹੀਂ ਸਗੋਂ ਜਿਊਂਦਾ-ਜਾਗਦਾ ਹੈ, ਪਰ ਸੱਤ-ਅੱਠ ਸਾਲ ਹੋ ਗਏ ਕਿਧਰੇ ਵੀ ਉਸ ਦੀ ਸੁਣਵਾਈ ਨਹੀਂ।
ਨਵੀਨ ਕੁਮਾਰ ਭੱਲਾ ਤੇ ਉਸ ਦੀ ਭੈਣ ਚੰਦਰ ਮੋਹਨੀ ਭੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਅਮਰੀਕਾ ਰਹਿੰਦਾ ਹੈ। ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ 27 ਜੁਲਾਈ 1990 ਨੂੰ ਫਰਜ਼ੀ ਵਸੀਅਤ ਬਣਾ ਲਈ ਜਾਇਦਾਦ ਦਾ ਇੰਤਕਾਲ ਆਪਣੇ ਨਾਂ ਚੜ੍ਹਾ ਲਿਆ। ਉਨ੍ਹਾਂ ਨੂੰ 2006 ਵਿਚ ਪਤਾ ਲੱਗਾ ਕਿ ਉਨ੍ਹਾਂ ਦੀ ਸਾਰੀ ਜਾਇਦਾਦ ਨਕੋਦਰ ਵਿਚ 16 ਏਕੜ ਜ਼ਮੀਨ, ਏਕੜ ਤੋਂ ਵੱਧ ਖੇਤਰ ਵਿਚ ਬਣੀ ਇਕ ਕੋਠੀ ਤੇ ਪੰਜ ਦੁਕਾਨਾਂ ਤਾਂ ਉਕਤ ਰਿਸ਼ਤੇਦਾਰ ਆਪਣੇ ਨਾਂ ਕਰਵਾ ਗਿਆ। ਨਵੀਨ ਕੁਮਾਰ ਨੇ ਦੱਸਿਆ ਕਿ ਉਹ ਨਕੋਦਰ ਦੀ ਅਦਾਲਤ ਵਿਚ ਪੇਸ਼ ਹੋ ਕੇ ਦੱਸ ਚੁੱਕੇ ਹਨ ਕਿ ਉਹ ਲਾਪਤਾ ਨਹੀਂ ਸਗੋਂ ਧੋਖੇ ਨਾਲ ਜ਼ਮੀਨ ਹੜੱਪਣ ਲਈ ਅਜਿਹਾ ਕਿਹਾ ਗਿਆ ਹੈ। ਪਰਵਾਸੀ ਪੰਜਾਬੀ ਸੰਮੇਲਨ ਤੇ ਸੰਗਤ ਦਰਸ਼ਨ ਵਿਚ ਉਹ ਜਾ ਚੁੱਕੇ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਅੱਗੇ ਉਹ ਭਟਕਦੇ ਫਿਰ ਰਹੇ ਹਨ ਪਰ ਅਧਿਕਾਰੀ ਉਨ੍ਹਾਂ ਨੂੰ ਘੁੰਮਣਘੇਰੀ ਵਿਚ ਪਾਈ ਫਿਰਦੇ ਹਨ।
ਇਸੇ ਤਰ੍ਹਾਂ ਦਾ ਕਿੱਸਾ ਜੰਡੂਸਿੰਘਾ ਲਾਗਲੇ ਪਿੰਡ ਦੇ ਸੁਰਿੰਦਰਪਾਲ ਸਿੰਘ ਚੂਹੜਵਾਲੀ ਦਾ ਹੈ ਜੋ ਨਿਊ ਯਾਰਕ ਰਹਿੰਦਾ ਹੈ। ਉਸ ਦੀ ਜ਼ਮੀਨ ਪਰਿਵਾਰਕ ਮੈਂਬਰ ਸਾਂਝੀ ਮਾਲਕੀ ਦੇ ਨਾਂ ਹੇਠ ਦੱਬੀ ਬੈਠੇ ਹਨ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਸਿਰਫ਼ ਗੱਲਾਂ ਹੀ ਕਰਦਾ ਹੈ, ਪਰਵਾਸੀ ਪੰਜਾਬੀਆਂ ਨੂੰ ਇਨਸਾਫ਼ ਕਿਧਰੇ ਵੀ ਇਨਸਾਫ ਨਹੀਂ ਮਿਲ ਰਿਹਾ।