ਹਰਿਮੰਦਰ ਤੇ ਕੇਸਗੜ੍ਹ ਸਾਹਿਬ ਦੀਆਂ ਇਮਾਰਤਾਂ ਹੋਈਆਂ ਕਮਜ਼ੋਰ

ਸ੍ਰੀ ਅਨੰਦਪੁਰ ਸਾਹਿਬ: ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਅੰਦਰੂਨੀ ਤੌਰ ਉਤੇ ਕਮਜ਼ੋਰ ਹੋ ਗਈ ਹੈ। ਇਸ ਅਸਥਾਨ ਦੀ ਇਮਾਰਤ ਨੂੰ ਮਜ਼ਬੂਤੀ ਪ੍ਰਦਾਨ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਪਹਿਲੂਆਂ ਉਤੇ ਵਿਚਾਰ ਕਰ ਰਹੀ ਹੈ। ਮਾਹਿਰਾਂ ਵੱਲੋਂ ਮੁੱਢਲੇ ਤੌਰ ਉਤੇ ਦਿੱਤੀ ਗਈ ਸਲਾਹ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ। ਇਸ ਕਰਕੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਸੁਰੱਖਿਅਤ ਰੱਖਣਾ ਸ਼੍ਰੋਮਣੀ ਕਮੇਟੀ ਲਈ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੇ ਕਮਜ਼ੋਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਰ ਵੱਖ-ਵੱਖ ਸੰਸਥਾਵਾਂ ਤੋਂ ਅਧਿਐਨ ਕਰਵਾਇਆ ਸੀ ਤੇ ਆਈæਆਈæਟੀæ ਰੁੜਕੀ ਵੱਲੋਂ ਦਿੱਤੇ ਗਏ ਸੁਝਾਅ ਨੂੰ ਅਮਲੀ ਰੂਪ ਵਿਚ ਨੇਪਰੇ ਚਾੜ੍ਹਨ ਉਤੇ ਵਿਚਾਰ ਕੀਤਾ ਜਾ ਰਿਹਾ ਹੈ।
ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਦੇ ਅੰਦਰੂਨੀ ਤੌਰ ਉਤੇ ਕਮਜ਼ੋਰ ਹੋਣ ਬਾਰੇ ਸ਼੍ਰੋਮਣੀ ਕਮੇਟੀ ਦਾ ਕਹਿਣਾ ਹੈ ਕਿ ਇਸ ਇਤਿਹਾਸਿਕ ਇਮਾਰਤ ਦੀ ਉਸਾਰੀ ਲਈ ਲੱਗੀ ਲੱਕੜ, ਚੂਨਾ ਤੇ ਪੁਰਾਣੀਆਂ ਇੱਟਾਂ ਆਦਿ ਨੂੰ ਕੁਝ ਕਾਰਨਾਂ ਕਰਕੇ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵੱਡੀ ਸਮੱਸਿਆ ਸਿਉਂਕ ਦੀ ਹੈ। ਇਹ ਇਮਾਰਤ ਦੇ ਵੱਖ-ਵੱਖ ਹਿੱਸਿਆਂ ਤੇ ਇਮਾਰਤ ਦੇ ਨਿਰਮਾਣ ਵਿਚ ਵਰਤੇ ਗਏ ਸਮਾਨ ਨੂੰ ਖੋਰਾ ਲਾਉਂਦੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਸ਼੍ਰੋਮਣੀ ਕਮੇਟੀ ਨੇ ਕਈ ਮਾਹਿਰਾਂ ਨਾਲ ਰਾਬਤਾ ਵੀ ਬਣਾਇਆ ਹੈ ਪਰ ਉਨ੍ਹਾਂ ਦੇ ਸੁਝਾਵਾਂ ਅਨੁਸਾਰ ਕੰਮ ਕਰਨਾ ਸੰਭਵ ਨਹੀਂ ਹੈ।
_________________________________
ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਮਜ਼ਬੂਤ ਕਰਨ ਦੀ ਯੋਜਨਾ
ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਨੂੰ ਮਜ਼ਬੂਤ ਕਰ ਕੇ 200 ਸਾਲ ਲਈ ਸੁਰੱਖਿਅਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਦੀ ਕਾਰ ਸੇਵਾ ਬਾਬਾ ਮਹਿੰਦਾ ਸਿੰਘ ਯੂæਕੇæ ਵਾਲਿਆਂ ਨੂੰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਹੀ ਸਮੁੱਚਾ ਡਿਜ਼ਾਈਨ ਤਿਆਰ ਕਰਨ ਲਈ ਕਿਹਾ ਗਿਆ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਥੇ ਹੀ ਹੂਬਹੂ ਆਰਜ਼ੀ ਇਮਾਰਤ ਤਿਆਰ ਕਰਵਾਈ ਜਾਵੇਗੀ, ਜਿਥੇ ਦੋ ਮਹੀਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਵੇਗਾ ਜਦੋਂ ਤਖ਼ਤ ਸਾਹਿਬ ਦੀ ਇਮਾਰਤ ਦੀ ਕਾਰ ਸੇਵਾ ਮੁਕੰਮਲ ਹੋ ਜਾਵੇਗੀ, ਉਸ ਤੋਂ ਬਾਅਦ ਉਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਸੰਗਤ ਲਈ ਖੋਲ੍ਹ ਦਿੱਤਾ ਜਾਵੇਗਾ।
_______________________________
ਅਣਗੌਲੇ ਹੀ ਰਹੇ ਪ੍ਰਦੂਸ਼ਣ ਰੋਕਣ ਬਾਰੇ ਸੁਝਾਅ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਵੱਧ ਰਹੇ ਪ੍ਰਦੂਸ਼ਣ ਦਾ ਭਾਵੇਂ ਉੱਚ ਅਦਾਲਤ ਨੇ ਸਖ਼ਤ ਨੋਟਿਸ ਲਿਆ ਸੀ ਪਰ ਇਸ ਦੌਰਾਨ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਾ ਹੋਣ ਕਾਰਨ ਇਸ ਇਲਾਕੇ ਵਿਚ ਮੁੜ ਪ੍ਰਦੂਸ਼ਣ ਵੱਧ ਰਿਹਾ ਹੈ ਤੇ ਦਰਬਾਰ ਸਾਹਿਬ ਦੀ ਇਮਾਰਤ ਉਤੇ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਬਾਰੇ ਅਦਾਲਤ ਵੱਲੋਂ ਸਵੈ ਨੋਟਿਸ ਲੈਂਦਿਆਂ ਸਰਕਾਰ ਕੋਲੋਂ ਰਿਪੋਰਟ ਮੰਗੀ ਗਈ ਸੀ, ਜਿਸ ਦੇ ਆਧਾਰ ਉਤੇ ਅਗਲੀ ਕਾਰਵਾਈ ਸ਼ੁਰੂ ਹੋਈ ਸੀ। ਬੀਤੇ ਵਰ੍ਹੇ ਇਸ ਬਾਰੇ ਕੇਂਦਰ ਸਰਕਾਰ ਦੀ ਹਦਾਇਤ ਉਤੇ ਆਈæਆਈæਟੀæ ਦੇ ਮਾਹਰਾਂ ਵੱਲੋਂ ਸਰਵੇਖਣ ਵੀ ਕੀਤਾ ਗਿਆ ਸੀ ਤੇ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੀ ਗਈ ਸੀ, ਜਿਸ ਦੇ ਆਧਾਰ ਉਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਯਤਨ ਸ਼ੁਰੂ ਹੋਣੇ ਸਨ। ਇਸ ਦੌਰਾਨ ਕੇਂਦਰੀ ਤੇ ਸੂਬਾਈ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਦਰਬਾਰ ਸਾਹਿਬ ਵਿਖੇ ਪ੍ਰਦੂਸ਼ਣ ਮਾਪਣ ਵਾਲਾ ਅਤਿ ਆਧੁਨਿਕ ਯੰਤਰ ਸਥਾਪਤ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਸੀ, ਜੋ ਕਿ ਹੁਣ ਤੱਕ ਸਥਾਪਤ ਨਹੀਂ ਹੋਇਆ। ਇਸ ਕਾਰਵਾਈ ਦੌਰਾਨ ਜਿਥੇ ਸ਼੍ਰੋਮਣੀ ਕਮੇਟੀ ਨੂੰ ਲੰਗਰ ਲਈ ਲੱਕੜ ਦਾ ਬਾਲਣ ਵਰਤਣ ਤੋਂ ਰੋਕਣ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਇਲਾਕੇ ਵਿਚ ਪ੍ਰਦੂਸ਼ਣ ਦੀ ਰੋਕਥਾਮ ਲਈ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਸੀ। ਇਸ ਵਿਚ ਦਰਬਾਰ ਸਾਹਿਬ ਦੇ ਆਲੇ ਦੁਆਲੇ ਹੋਟਲਾਂ ਵਿਚ ਚੱਲਦੇ ਜਨਰੇਟਰ ਬੰਦ ਕਰਨ, ਨੇੜੇ ਸੁਨਿਆਰਿਆਂ ਦੀਆਂ ਦੁਕਾਨਾਂ ਉਤੇ ਸੋਨੇ ਨੂੰ ਢਾਲਣ ਲਈ ਵਰਤੇ ਜਾਂਦੇ ਰਸਾਇਣ ਦੀ ਵਰਤੋਂ ਨੂੰ ਰੋਕਣਾ, ਡੀਜ਼ਲ ਨਾਲ ਚੱਲਣ ਵਾਲੇ ਥ੍ਰੀਵ੍ਹੀਲਰਾਂ ਨੂੰ ਰੋਕਣਾ ਆਦਿ ਸ਼ਾਮਲ ਸੀ।