ਭਾਰਤ ਅਤੇ ਬੰਗਲਾਦੇਸ਼ ਵਿਚਾਲੇ 162 ਪਿੰਡਾਂ ਦੀ ਅਦਲਾ-ਬਦਲੀ

ਕੋਲਕਾਤਾ/ਢਾਕਾ: ਭਾਰਤ ਤੇ ਬੰਗਲਾਦੇਸ਼ ਵਿਚਾਲੇ 162 ਪਿੰਡਾਂ ਦੀ ਅਦਲਾ-ਬਦਲੀ ਦਾ ਸਮਝੌਤਾ ਲਾਗੂ ਹੋ ਗਿਆ। ਭਾਰਤ ਨੇ ਇਸ ਨੂੰ Ḕਇਤਿਹਾਸਕ ਦਿਵਸ’ ਦੱਸਿਆ ਹੈ। ਭਾਰਤ ਨੇ ਜਿਥੇ 51 ਪਿੰਡ ਬੰਗਲਾਦੇਸ਼ ਨੂੰ ਸੌਂਪ ਦਿੱਤੇ ਉਥੇ ਗੁਆਂਢੀ ਮੁਲਕ ਬੰਗਲਾਦੇਸ਼ ਨੇ 111 ਪਿੰਡ ਭਾਰਤ ਨੂੰ ਸੌਂਪੇ। ਰਾਤ 12æ01 ਵਜੇ ਉਤਸ਼ਾਹਿਤ ਹੋਏ ਲੋਕਾਂ ਨੇ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾਉਣਾ ਸ਼ੁਰੂ ਕਰ ਦਿੱਤਾ।

ਦਿੱਲੀ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ 31 ਜੁਲਾਈ ਭਾਰਤ ਤੇ ਬੰਗਲਾਦੇਸ਼ ਲਈ ਇਤਿਹਾਸਿਕ ਦਿਨ ਹੈ। ਇਸ ਤਹਿਤ ਬੰਗਲਾਦੇਸ਼ ਨੂੰ 10 ਹਜ਼ਾਰ ਏਕੜ ਜ਼ਮੀਨ ਤੇ ਭਾਰਤ ਨੂੰ 500 ਏਕੜ ਜ਼ਮੀਨ ਮਿਲੇਗੀ। ਇਸ ਦਿਨ ਗੁੰਝਲਦਾਰ ਮੁੱਦੇ ਦਾ ਨਿਪਟਾਰਾ ਹੋਇਆ ਹੈ। ਬੰਗਲਾਦੇਸ਼ ਤੇ ਭਾਰਤ 1974 ਦੇ ਐਲ਼ਬੀæਏæ ਕਰਾਰ ਨੂੰ ਲਾਗੂ ਕਰਨਗੇ।
ਹੁਣ ਭਾਰਤ ਤੇ ਬੰਗਲਾਦੇਸ਼ ਦੇ ਪਿੰਡ ਵਿਚ ਰਹਿਣ ਵਾਲੇ ਲੋਕਾਂ ਨੂੰ ਸਬੰਧਤ ਦੇਸ਼ ਦੀ ਨਾਗਰਿਕਤਾ ਤੇ ਨਾਗਰਿਕ ਦੇ ਰੂਪ ਵਿਚ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਮਿਲ ਸਕਣਗੀਆਂ। ਇਕ ਅਨੁਮਾਨ ਮੁਤਾਬਕ ਬੰਗਲਾਦੇਸ਼ ਵਿਚ ਭਾਰਤੀ ਪਿੰਡਾਂ ਵਿਚ ਤਕਰੀਬਨ 37 ਹਜ਼ਾਰ ਤੇ ਭਾਰਤ ਵਿਚ ਬੰਗਲਾਦੇਸ਼ੀ ਪਿੰਡਾਂ ਵਿਚ 14 ਹਜ਼ਾਰ ਲੋਕ ਰਹਿੰਦੇ ਹਨ। ਭਾਰਤ-ਬੰਗਲਾਦੇਸ਼ ਵਿਚਕਾਰ ਸਰਹੱਦੀ ਇਲਾਕੇ ਤੇ 162 ਐਨਕਲੇਵ (ਜਿਨ੍ਹਾਂ ਨੂੰ ਵੱਖ-ਵੱਖ ਥਾਂ ਬਣੀਆਂ ਕਾਲੋਨੀਆਂ ਕਾਰਨ ਇਥੇ Ḕਛਿਟਮਹਿਲ’ ਕਿਹਾ ਜਾਂਦਾ ਹੈ) ਵਿਚ ਰਹਿਣ ਵਾਲੇ 50 ਹਜ਼ਾਰ ਤੋਂ ਵੱਧ ਲੋਕਾਂ ਦੀ ਪਛਾਣ ਅੱਧੀ ਰਾਤ ਤੋਂ ਬਦਲ ਗਈ ਜਿਸ ਦੇ ਤਹਿਤ ਜਿਥੇ 14,215 ਭਾਰਤ ਦੇ ਨਾਗਰਿਕ ਬਣ ਗਏ ਉਥੇ 36,021 ਬੰਗਲਾਦੇਸ਼ ਦੇ ਨਾਗਰਿਕ ਬਣੇ।
ਭਾਰਤ ਤੇ ਬੰਗਲਾਦੇਸ਼ ਨੇ ਜ਼ਮੀਨ ਵਟਾਂਦਰਾ ਸਮਝੌਤੇ ਮੁਤਾਬਕ ਅੱਧੀ ਰਾਤ ਨੂੰ ਇਤਿਹਾਸਿਕ ਕਦਮ ਚੁੱਕਦਿਆਂ ਸੱਤ ਦਹਾਕਿਆਂ ਤੋਂ ਲਟਕੇ ਵਿਸ਼ਵ ਦੇ ਸਭ ਤੋਂ ਗੁੰਝਲਦਾਰ ਸਰਹੱਦੀ ਵਿਵਾਦ ਦਾ ਨਬੇੜਾ ਕਰਦਿਆਂ ਆਪਸ ਵਿਚ 162 ਪਿੰਡਾਂ ਦਾ ਵਟਾਂਦਰਾ ਕੀਤਾ। 17,169 ਏਕੜ ਵਿਚ ਫੈਲੇ 111 ਪਿੰਡ ਭਾਰਤ ਦਾ ਹਿੱਸਾ ਬਣ ਗਏ। ਇਸੇ ਤਰ੍ਹਾਂ 7,110 ਏਕੜ ਵਿਚ ਫੈਲੇ 51 ਪਿੰਡ ਬੰਗਲਾਦੇਸ਼ ਦਾ ਹਿੱਸਾ ਬਣ ਗਏ ਹਨ। ਇਤਿਹਾਸਿਕ ਸਰਹੱਦੀ ਸਮਝੌਤੇ ਦੇ ਲਾਗੂ ਹੋਣ ਨਾਲ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਹੁਣ ਲੋਕਾਂ ਨੂੰ ਸਿੱਖਿਆ, ਸਿਹਤ, ਪਛਾਣ ਤੇ ਹੋਰ ਸਹੂਲਤਾਂ ਦੇਣਗੀਆਂ।
___________________________
68 ਸਾਲਾਂ ਪਿੱਛੋਂ 50 ਹਜ਼ਾਰ ਲੋਕਾਂ ਨੂੰ ਮਿਲੀ ਆਜ਼ਾਦੀ
ਸਮਝੌਤੇ ਤਹਿਤ ਭਾਰਤ ਤੇ ਬੰਗਲਾਦੇਸ਼ ਦੀ ਸਰਹੱਦ ਉਤੇ ਵਸੇ 50 ਹਜ਼ਾਰ ਲੋਕਾਂ ਨੂੰ ਆਜ਼ਾਦੀ ਮਿਲ ਗਈ। ਦੋਵੇਂ ਮੁਲਕਾਂ ਨੇ ਛੇ ਦਹਾਕੇ ਪੁਰਾਣੇ ਨਾਗਰਿਕਤਾ ਦੇ ਮਸਲੇ ਨੂੰ ਹੱਲ ਕਰਦਿਆਂ 162 ਬਸਤੀਆਂ ਦਾ ਨਿਪਟਾਰਾ ਕਰ ਦਿੱਤਾ। ਭਾਰਤੀ ਬਸਤੀਆਂ ਦੇ ਸੈਂਕੜੇ ਲੋਕ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਤੇ ਉਨ੍ਹਾਂ ਉਤਸ਼ਾਹ ਵਿਚ ਆ ਕੇ ਤਿਰੰਗਾ ਲਹਿਰਾਇਆ ਤੇ ਖੁਸ਼ੀ ਵਿਚ ਆ ਕੇ ਨੱਚਣ ਲਗ ਪਏ। ਬਸਤੀਆਂ ਦੇ ਲੋਕਾਂ ਨੂੰ ਪਹਿਲੀ ਵਾਰ ਪਛਾਣ ਪੱਤਰ ਮਿਲਣਗੇ ਤੇ ਜ਼ਮੀਨ ਉਨ੍ਹਾਂ ਦੇ ਨਾਮ ਉਤੇ ਹੋਏਗੀ। ਲੋਕਾਂ ਦਾ ਕਹਿਣਾ ਸੀ ਕਿ ਇਹ ਦੂਜੀ ਆਜ਼ਾਦੀ ਦਾ ਸਮਾਂ ਹੈ। ਦੇਸ਼ ਭਾਵੇਂ 1947 ਵਿਚ ਆਜ਼ਾਦ ਹੋਇਆ ਪਰ ਸਾਨੂੰ ਅਸਲ ਆਜ਼ਾਦੀ ਹੁਣ ਮਿਲੀ ਹੈ। ਹੁਣ ਅਸੀਂ ਵੀ ਭਾਰਤੀ ਸੱਦੇ ਜਾਵਾਂਗੇ। ਭਾਰਤ ਦੀਆਂ 111 ਤੇ ਬੰਗਲਾਦੇਸ਼ ਦੀਆਂ 51 ਬਸਤੀਆਂ ਦੀ ਅਦਲਾ-ਬਦਲੀ ਹੋਈ ਹੈ। ਬਸਤੀਆਂ ਦੀ ਅਦਲਾ-ਬਦਲੀ ਉੁਸ ਵੇਲੇ ਸੰਭਵ ਹੋਈ ਹੈ ਜਦੋਂ ਭਾਰਤ ਤੇ ਬੰਗਲਾਦੇਸ਼ ਵਿਚਕਾਰ ਜ਼ਮੀਨ ਸਰਹੱਦੀ ਸਮਝੌਤੇ ਉਤੇ ਦਸਤਖ਼ਤ ਹੋਏ ਸਨ। ਬਸਤੀਆਂ ਦੇ ਤਕਰੀਬਨ 50 ਹਜ਼ਾਰ ਲੋਕਾਂ ਨੂੰ ਕਿਸੇ ਵੀ ਮੁਲਕ ਦੀ ਨਾਗਰਿਕਤਾ ਨਹੀਂ ਮਿਲੀ ਹੋਈ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਮਰਜ਼ੀ ਦੇ ਮੁਲਕ ਨੂੰ ਚੁਣ ਲਿਆ ਹੈ। ਬੰਗਲਾਦੇਸ਼ੀ ਬਸਤੀਆਂ ਦੇ 14 ਹਜ਼ਾਰ ਵਿਅਕਤੀ ਹੁਣ ਭਾਰਤ ਦੇ ਨਾਗਰਿਕ ਬਣ ਗਏ ਹਨ। ਭਾਰਤੀ ਬਸਤੀਆਂ ਪੱਛਮੀ ਬੰਗਾਲ ਦੇ ਕੂਚ ਬਿਹਾਰ ਜ਼ਿਲ੍ਹੇ ਵਿਚ ਪੈਂਦੀਆਂ ਹਨ।
___________________________
ਕੋਈ ਵੀ ਬੰਗਲਾਦੇਸ਼ ‘ਚ ਰਹਿਣ ਲਈ ਤਿਆਰ ਨਹੀਂ
ਸਾਂਝੇ ਸਰਵੇਖਣ ਅਨੁਸਾਰ ਭਾਰਤ ਵਿਚ ਬੰਗਲਾਦੇਸ਼ੀ ਪਿੰਡਾਂ ਵਿਚ ਰਹਿਣ ਵਾਲਾ ਕੋਈ ਵੀ ਨਾਗਰਿਕ ਉਸ ਦੇਸ਼ ਵਿਚ ਨਹੀਂ ਜਾਣਾ ਚਾਹੁੰਦਾ। ਹਾਲਾਂਕਿ ਤਕਰੀਬਨ 600 ਲੋਕ ਭਾਰਤ ਆਉਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਦਾ 30 ਨਵੰਬਰ, 2015 ਤੱਕ ਨਿਪਟਾਰਾ ਕੀਤਾ ਜਾਵੇਗਾ। ਭਾਰਤ ਸਰਕਾਰ ਨੇ ਨਵੇਂ ਨਾਗਰਿਕਾਂ ਦੇ ਮੁੜ ਵਸੇਬੇ ਲਈ 3,048 ਕਰੋੜ ਰੁਪਏ ਰੱਖੇ ਗਏ ਹਨ। ਦੋਵਾਂ ਮੁਲਕਾਂ ਵੱਲੋਂ 30 ਜੂਨ 2016 ਤੱਕ ਜ਼ਮੀਨ ਤਬਦੀਲੀ ਸਮੇਤ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਵੇਗਾ। 111 ਭਾਰਤੀ ਬਸਤੀਆਂ ਦਾ 17160 ਏਕੜ ਰਕਬਾ ਹੁਣ ਬੰਗਲਾਦੇਸ਼ ਵਿਚ ਸ਼ਾਮਲ ਹੋ ਗਿਆ ਹੈ। ਇਸੇ ਤਰ੍ਹਾਂ 51 ਬੰਗਲਾਦੇਸ਼ੀ ਬਸਤੀਆਂ ਦਾ 7110 ਏਕੜ ਰਕਬਾ ਭਾਰਤੀ ਖੇਤਰ ਵਿਚ ਆ ਗਿਆ ਹੈ।