ਯਾਕੂਬ ਤੋਂ ਕਲਾਮ: ਉਦਾਰਵਾਦ ਲੀਰੋ-ਲੀਰ

ਯਾਕੂਬ ਮੈਮਨ ਦੀ ਫਾਂਸੀ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਈ ਹੈ। ਉਸ ਨੂੰ ਮੁੰਬਈ ਧਮਾਕਿਆਂ ਵਾਲੇ ਕੇਸ ਵਿਚ ਇਹ ਸਜ਼ਾ ਸੁਣਾਈ ਗਈ ਸੀ, ਪਰ ਬਾਬਰੀ ਮਸਜਿਦ ਢਾਹੁਣ ਵਾਲੀ ਜਿਸ ਘਟਨਾ ਕਰ ਕੇ ਇਹ ਧਮਾਕੇ ਵਾਪਰੇ ਸਨ, ਉਹ ਕੇਸ ਅਜੇ ਵੀ ਲਟਕ ਰਿਹਾ ਹੈ।

ਸੀਨੀਅਰ ਪੱਤਰਕਾਰ ਹਰੀਸ਼ ਖਰੇ ਨੇ ਆਪਣੇ ਇਸ ਲੇਖ ਵਿਚ ਇਸ ਨੁਕਤੇ ਨੂੰ ਹੋਰ ਵੀ ਵਿਸਥਾਰ ਦਿੱਤਾ ਹੈ। ਇਸ ਵਿਸਥਾਰ ਵਿਚ ਗੁਜਰਾਤ ਵਿਚ ਮੁਸਲਮਾਨਾਂ ਦੇ ਕਤਲੇਆਮ ਅਤੇ ਏæਪੀæਜੇæ ਅਬਦੁੱਲ ਕਲਾਮ ਦੇ ਰਾਸ਼ਟਰਪਤੀ ਵਾਲੇ ਅਹੁਦੇ ਤੱਕ ਅੱਪੜਨ ਪਿੱਛੇ ਚੱਲੀ ਸਿਆਸਤ ਦੀਆਂ ਘੁੰਢੀਆਂ ਵੀ ਖੋਲ੍ਹੀਆਂ ਗਈਆਂ ਹਨ। -ਸੰਪਾਦਕ
ਹਰੀਸ਼ ਖਰੇ
ਲੰਘਿਆ ਵੀਰਵਾਰ (30 ਜੁਲਾਈ) ਵਾਲਾ ਦਿਨ ਭਾਰਤ ਲਈ ਬੜਾ ਦੁਖਦਾਈ ਸੀ। ਇਸ ਦਿਨ ਅਸੀਂ ਐਨ ਵੱਖਰੇ, ਦੋ ਮੁਸਲਮਾਨਾਂ ਦੀਆਂ ਮੌਤਾਂ ਦੇਖੀਆਂ। ਨਾਗਪੁਰ ਦੀ ਸੈਂਟਰਲ ਜੇਲ੍ਹ ਵਿਚ ਯਾਕੂਬ ਅਬਦੁੱਲ ਰੱਜ਼ਾਕ ਮੈਮਨ ਨੂੰ ਫਾਹੇ ਲਾ ਦਿੱਤਾ। ਇਸ ਕਾਰੇ ‘ਤੇ ਕਿਤੇ ਚੁੱਪ-ਚਾਪ ਅਤੇ ਕਿਤੇ ਰਲ ਕੇ ਬਾਘੀਆਂ ਪਾਈਆਂ ਗਈਆਂ। ਰਾਮੇਸ਼ਵਰਮ ਵਿਚ ਏæਪੀæਜੇæ ਅਬਦੁੱਲ ਕਲਾਮ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ। ਪੂਰੇ ਤਾਮ-ਝਾਮ ਅਤੇ ਸਰਕਾਰੀ ਸਨਮਾਨਾਂ ਨਾਲ ਇਹ ਰਸਮ ਕੀਤੀ ਗਈ। ਕਿਸੇ ਕੈਮਰੇ ਨੂੰ ਨਾਗਪੁਰ ਵਾਲੀ ਮੌਤ ਕੈਮਰਾਬੰਦ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਰਾਮੇਸ਼ਵਰਮ ਵਾਲੀ ਰਸਮ ਵੇਲੇ ਹਰ ਪਾਸੇ ਕੈਮਰਿਆਂ ਦੀਆਂ ਰੌਸ਼ਨੀਆਂ ਦਾ ਹੜ੍ਹ ਸੀ।
ਨਾਗਪੁਰ ਵਿਚ ਇਹ ਭਰਮ ਪੈਦਾ ਕੀਤਾ ਗਿਆ ਕਿ ਸੁਭਾਵਿਕ, ਪਰ ਖ਼ਰਾ ਅਤੇ ਬੇਹੱਦ ਜ਼ਰੂਰੀ ਸੁਨੇਹਾ ਦਿੱਤਾ ਜਾ ਰਿਹਾ ਹੈ। ਆਧੁਨਿਕ ਮੁਲਕ ਦੀ ਇਹ ਜ਼ਿੰਮੇਵਾਰੀ ਹੈ ਕਿ ਇਹ ਅੰਦਰੂਨੀ ਤੇ ਬਹਿਰੂਨੀ ਤਾਕਤਾਂ ਤੋਂ ਆਪਣੇ ਬਾਸ਼ਿੰਦਿਆਂ ਦੀ ਜਾਨ-ਮਾਲ ਦੀ ਰਾਖੀ ਕਰੇ ਤੇ ਅਮਨ-ਅਮਾਨ ਕਾਇਮ ਰੱਖੇ। ਸੁਭਾਵਿਕ ਸਿੱਟਾ ਸਾਹਮਣੇ ਹੈ। ਰਖਵਾਲੇ ਦੇ ਤੌਰ ‘ਤੇ, ਸਟੇਟ ਅਤੇ ਇਸ ਦੇ ਸ਼ਾਸਕਾਂ ਤੇ ਅਹਿਲਕਾਰਾਂ ਦਾ ਇਹ ਫ਼ਰਜ਼ ਹੈ ਕਿ ਜਿਹੜੇ ਅਨਸਰ ਲੋਕਾਂ ਨੂੰ ਮਾਰਦੇ ਜਾਂ ਕੋਈ ਨੁਕਸਾਨ ਪਹੁੰਚਾਉਂਦੇ ਹਨ, ਉਨ੍ਹਾਂ ਨੂੰ ਸਜ਼ਾਵਾਂ ਯਕੀਨੀ ਬਣਾਈਆਂ ਜਾਣ। ਯਾਕੂਬ ਮੈਮਨ ਲਈ ਮੌਤ ਮੰਗ ਕੇ ਅਸੀਂ ਤਸੱਲੀ ਮਹਿਸੂਸ ਕਰ ਸਕਦੇ ਹਾਂ ਕਿ ਬੁਨਿਆਦੀ ਸਿਧਾਂਤ ਬਹਾਲ ਰਹੇ ਹਨ ਅਤੇ ਬੁਨਿਆਦੀ ਫ਼ਰਜ਼ ਵੀ ਨਿਭਾਏ ਗਏ ਹਨ। ਇਹ ਪ੍ਰਭਾਵ ਵੀ ਦਿੱਤਾ ਗਿਆ ਕਿ ਯਾਕੂਬ ਦੀ ਮਜ਼ਹਬੀ ਸ਼ਨਾਖ਼ਤ ਮਹਿਜ਼ ਇਤਫ਼ਾਕ ਹੀ ਸੀ।
ਰਾਮੇਸ਼ਵਰਮ ਵਿਚ ਇਕ ਹੋਰ ਸੁਨੇਹਾ ਦੇਣ ਦਾ ਜ਼ਿੰਮਾ ਲਿਆ: ਭਾਰਤ ਦਾ ਰਾਜ ਪ੍ਰਬੰਧ ਧਰਮ ਨਿਰਪੱਖ ਹੈ ਅਤੇ ਅਸੀਂ ਮਾਣ ਮਹਿਸੂਸ ਕਰ ਸਕਦੇ ਹਾਂ ਕਿ ਇਸ ਦੇ ਉਚੇ ਅਹੁਦੇ, ਘੱਟ ਗਿਣਤੀਆਂ ਦੇ ਹਰ ਮਰਦ-ਔਰਤ ਲਈ ਖੁੱਲ੍ਹੇ ਹਨ। ਅਸੀਂ ਦਾਅਵਾ ਕਰ ਸਕਦੇ ਹਾਂ ਕਿ ਇਨਾਮ ਅਤੇ ਸਜ਼ਾ ਦੇ ਸਿਲਸਿਲੇ ਵਿਚ ਇਕੱਲੇ ਸਦਗੁਣ ਤੇ ਪ੍ਰਾਪਤੀਆਂ ਦਾ ਹੀ ਲੇਖਾ ਹੁੰਦਾ ਹੈ, ਮਜ਼ਹਬੀ ਸਰੋਕਾਰਾਂ ਦਾ ਨਹੀਂ। ਅਸੀਂ ਇਸ ਗੱਲ ‘ਤੇ ਟੇਕ ਰੱਖ ਸਕਦੇ ਹਾਂ ਕਿ ਅਸੀਂ ਕਾਬਲੀਅਤ ਆਧਾਰਤ ਸਿਵਲ ਸੁਸਾਇਟੀ ਅਤੇ ਧਰਮ ਨਿਰਪੱਖ ਸਿਆਸੀ ਪ੍ਰਬੰਧ ਉਸਾਰ ਲਿਆ ਹੈ।
ਨਾਗਪੁਰ ਵਿਚ ਭਾਰਤੀ ਸਟੇਟ ਦੇ ਬਲਸ਼ਾਲੀ ਕਿਰਦਾਰ ਉਤੇ ਜ਼ੋਰ ਦਿੱਤਾ ਅਤੇ ਦਰਸਾਇਆ ਗਿਆ ਕਿ ਭਾਰਤ ਕੋਈ ਫੋਸੜ ਸਟੇਟ ਨਹੀਂ ਹੈ। ਜੇ ਕੋਈ ਸਾਡੇ ਕਾਨੂੰਨ ਤੇ ਪ੍ਰਬੰਧ ਨੂੰ ਵੰਗਾਰਦਾ ਹੈ ਤਾਂ ਅਸੀਂ ਉਸ ਨੂੰ ਸਬਕ ਸਿਖਾਉਣ ਦੇ ਸਮਰੱਥ ਹਾਂ। ਰਾਮੇਸ਼ਵਰਮ ਵਿਚ ਅਸੀਂ ਦਰਸਾਇਆ ਕਿ ਅਸੀਂ ਭਾਰਤੀ ਸਟੇਟ ਦੀ ਧਰਮ ਨਿਰਪੱਖ ਸ਼ਨਾਖ਼ਤ ਕਾਇਮ ਰੱਖੀ ਹੈ। ਇਹ ਦੋਵੇਂ ਦਲੀਲਾਂ ਓੜਕ ਹਨ ਕਿਉਂਕਿ ਦੋਵੇਂ ਹੀ ਨਿਗੂਣਵਾਦੀ ਸਿਆਸੀ ਸੋਚ ਉਤੇ ਪਰਦਾ ਪਾਉਂਦੀਆਂ ਹਨ। ਯਾਕੂਬ ਦੀ ਮੌਤ ਮੌਕੇ ਸਿਰਫ ਜੱਲਾਦ ਦਾ ਸਾਜ਼ੋ-ਸਮਾਨ ਹੀ ਮੌਜੂਦ ਸੀ ਅਤੇ ਕਲਾਮ ਨੂੰ ਸਪੁਰਦ-ਏ-ਖ਼ਾਕ ਕਰਨ ਮੌਕੇ ਫ਼ੌਜੀ ਬਿਗਲਚੀ ਮਾਤਮੀ ਧੁਨਾਂ ਛੇੜ ਰਹੇ ਸਨ। ਇਹ ਦੋਵੇਂ ਹੀ ਦ੍ਰਿਸ਼ ਸਾਨੂੰ ਸਾਡੇ ਸੰਕਲਪ ਦੀ ਯਾਦ ਦਿਵਾ ਰਹੇ ਸਨ ਜੋ ਹੁਣ ਨਿਰੋਲ ਸੰਸਥਾਈ ਤੇ ਬਿਮਾਰ ਉਦਾਰਵਾਦ ਦਾ ਸਰੂਪ ਗ੍ਰਹਿਣ ਕਰ ਚੁੱਕਾ ਹੈ।
ਯਾਕੂਬ ਦੇ ਮਾਮਲੇ ਵਿਚ ਅਸੀਂ ਆਪਣੀ ਸਮੂਹਿਕ ਸੋਚ ਵਿਚੋਂ ਉਸ ਦੇ ਅਪਰਾਧ ਨਾਲ ਜੁੜੇ ਪ੍ਰਸੰਗ ਦਾ ਖੁਰਾ-ਖੋਜ ਪੂੰਝ ਸੁੱਟਿਆ। ਆਓ ਜ਼ਰਾ ਯਾਦ ਕਰੀਏ ਕਿ ਪ੍ਰਸੰਗ ਬਾਬਰੀ ਮਸਜਿਦ ਢਾਹ ਸੁੱਟਣ ਦਾ ਸੀ; ਤੇ ਇਹ ਕੋਈ ਐਵੇਂ ਵਾਪਰੀ ਘਟਨਾ ਨਹੀਂ ਸੀ। ਇਹ ਤਾਂ ਸਿਆਸੀ ਗੋਲਬੰਦੀ ਤਹਿਤ, ਬਾਕਾਇਦਾ ਸੋਚੀ-ਵਿਚਾਰੀ ਅਤੇ ਅਮਲ ਵਿਚ ਲਿਆਂਦੀ ਰਣਨੀਤੀ ਦਾ ਹਿੱਸਾ ਸੀ। ਐਲ਼ਕੇæ ਅਡਵਾਨੀ ਇਸ ਦੀ ਅਗਵਾਈ ਕਰ ਰਹੇ ਸਨ ਜਿਨ੍ਹਾਂ ਸੋਮਨਾਥ ਤੋਂ ਅਯੁੱਧਿਆ ਲਈ ਰੱਥ ਯਾਤਰਾ ਆਰੰਭ ਕਰ ਕੇ ਆਪਣੇ ਪਿਛਾਂਹ ਹਿੰਸਾ, ਭੈਅ ਤੇ ਦਹਿਸ਼ਤ ਦਾ ਝੱਖੜ ਝੁਲਾ ਦਿੱਤਾ ਸੀ। ਰਣਨੀਤੀ ਇਹ ਸੀ ਕਿ ਹਿੰਦੂ ਬਹੁ-ਗਿਣਤੀ ਨੂੰ “ਬਾਬਰ ਕੀ ਔਲਾਦ” (ਜਿਵੇਂ ਅਡਵਾਨੀ ਨੇ ਉਕਸਾਊ ਮੁਹਾਵਰਾ ਵਰਤਿਆ ਸੀ) ਨੂੰ ਇਨ੍ਹਾਂ ਦੀ ਔਕਾਤ ਦਿਖਾਉਣ ਲਈ ਉਤਸ਼ਾਹਿਤ ਕੀਤਾ ਜਾਵੇ। ਇਸ ਦਾ ਅਸਿੱਧਾ ਅਰਥ ਇਹ ਸੀ ਕਿ ਘੱਟ ਗਿਣਤੀਆਂ ਨੂੰ ਬਹੁਗਿਣਤੀ ਦੀਆਂ ਮੰਗਾਂ ਤੇ ਤਰਜੀਹਾਂ ਮੁਤਾਬਕ ਸਿੱਧੇ ਹੋਣ ਦਾ ਸੁਨੇਹਾ ਦਿੱਤਾ ਜਾਵੇ। ਯਾਕੂਬ ਤੇ ਉਸ ਦੇ ਨਾਲ ਵਾਲੇ ਇਹ ਸੋਚ ਕੇ ਗੁੰਮਰਾਹ ਹੋ ਗਏ ਕਿ ਉਹ ਅਡਵਾਨੀ ਦੀ ਸਿਆਸਤ ਨੂੰ ਹਿੰਸਕ ਢੰਗ-ਤਰੀਕਿਆਂ ਨਾਲ ਜਵਾਬ ਦੇ ਸਕਦੇ ਹਨ।
ਮੁਲਕ ਵਿਚ ਕਲਾਮ ਦੀ ਸਭ ਤੋਂ ਉਚੇ ਅਹੁਦੇ ਤੱਕ ਪਹੁੰਚ ਦਾ ਵੀ ਆਪਣਾ ਪ੍ਰਸੰਗ ਹੈ; ਤੇ ਉਹ ਪ੍ਰਸੰਗ 2002 ਵਿਚ ਗੁਜਰਾਤ ਦੇ ਭਿਆਨਕ ਮੁਸਲਮਾਨ-ਵਿਰੋਧੀ ਦੰਗਿਆਂ ਬਾਰੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬੇਵਸੀ ਦਾ ਸੀ। ਵਾਜਪਾਈ ਨੇ ਜਦੋਂ ਇਹ ਕਿਹਾ ਕਿ ਤਤਕਾਲੀ ਮੁੱਖ ਮੰਤਰੀ ਨਰੇਂਦਰ ਮੋਦੀ ਆਪਣਾ ਰਾਜ ਧਰਮ ਨਿਭਾਉਣ ਵਿਚ ਨਾਕਾਮ ਰਹੇ ਹਨ ਤਾਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਸੀਨੀਅਰ ਸਾਥੀਆਂ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ। ਵਾਜਪਾਈ ਚਾਹੁੰਦੇ ਸਨ ਕਿ ਸਿਆਸੀ ਜਵਾਬਦੇਹੀ ਦਾ ਸਿਧਾਂਤ ਕਾਇਮ ਰੱਖਿਆ ਜਾਵੇ। ਉਨ੍ਹਾਂ ਦੀ ਰਾਜ ਧਰਮ ਵਾਲੀ ਸ਼ਾਸਨ ਕਲਾ ਦੀ ਮੰਗ ਨੂੰ ਠੋਕਰ ਮਾਰ ਦਿੱਤੀ ਗਈ ਸੀ। ਇਸੇ ਪਛਤਾਵੇ ਵਿਚੋਂ ਵਾਜਪਾਈ ਧੜਾ ਅਬਦੁੱਲ ਕਲਾਮ ਨੂੰ ਅੱਗੇ ਲੈ ਕੇ ਆਇਆ ਤਾਂ ਕਿ ਭਾਰਤ ਦੇ ਦਾਗ਼ਦਾਰ ਹੋਏ ਅਕਸ ਨੂੰ ਧੋਤਾ ਜਾ ਸਕੇ। ਅਬਦੁੱਲ ਕਲਾਮ ਕਈ ਹੋਰ ਕਾਰਨਾਂ ਕਰ ਕੇ ਵੀ ਇਸ ਮਾਮਲੇ ਵਿਚ ਐਨ ਫਿੱਟ ਬੈਠਦੇ ਸਨ। ਐਨæਡੀæਏæ ਦੇ ਰਾਜ ਦੌਰਾਨ ਰਾਸ਼ਟਰਪਤੀ ਭਵਨ ਦੀ ਲਚਕ ਬਾਰੇ ਤਾਂ ਸਭ ਨੂੰ ਖਬਰ ਹੀ ਹੈ। ਮਸਲਨ, ਪਾਰਲੀਮੈਂਟ ਦੇ ਕੇਂਦਰੀ ਹਾਲ ਵਿਚ ਵੀਰ ਸਾਵਰਕਰ ਦੀ ਤਸਵੀਰ ਤੋਂ ਪਰਦਾ ਉਠਾਉਣ ਦਾ ਕੰਮ ਉਨ੍ਹਾਂ ਨੇ ਖ਼ੁਸ਼ੀ ਖ਼ੁਸ਼ੀ ਕੀਤਾ। ਉਨ੍ਹਾਂ ਤੋਂ ਪਹਿਲੇ ਰਾਸ਼ਟਰਪਤੀ ਕੇæਆਰæ ਨਰਾਇਣਨ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਅਸੀਂ ਇਸ ਗੱਲੋਂ ਤਸੱਲੀ ਮਹਿਸੂਸ ਕਰਦੇ ਹਾਂ ਕਿ ਨਿਆਂਪਸੰਦ ਸਮਾਜ ਦੇ ਸਿਧਾਂਤ ਅਤੇ ਦਸਤੂਰ ਕਾਇਮ ਰੱਖਣ ਲਈ ਸਾਡਾ ਨਿਆਇਕ ਅਮਲ ਬੜਾ ਖ਼ਰਾ ਤੇ ਉਦਾਰ ਹੈ। ਸੱਚਮੁੱਚ, ਯਾਕੂਬ ਅਤੇ ਉਸ ਦੇ ਵਕੀਲਾਂ ਨੂੰ ਹਰ ਕਾਨੂੰਨੀ ਚਾਰਾਜੋਈ ਅਤੇ ਰਾਹਤ ਲਈ ਇਜਾਜ਼ਤ ਦਿੱਤੀ ਗਈ, ਪਰ ਸਵਾਲ ਕਾਨੂੰਨੀ ਢਾਂਚੇ ਦੀ ਮਜ਼ਬੂਤੀ ਬਾਰੇ ਨਹੀਂ ਹੈ; ਸਗੋਂ ਹੁਣ ਤਾਂ ਭਾਰਤੀ ਰਾਜ ਪ੍ਰਬੰਧ ਦੀ ਨਿਰਪੱਖਤਾ, ਇਸ ਦਾ ਨੈਤਿਕ ਵਿਵੇਕ ਅਤੇ ਸਦਾਚਾਰ ਦਾਅ ਉਤੇ ਹੈ। ਦੂਜੇ ਪਾਸੇ, ਅਸੀਂ ਭੁੱਲ ਹੀ ਗਏ ਹਾਂ ਕਿ ਅਡਵਾਨੀ ਤੇ ਹੋਰਨਾਂ ਖ਼ਿਲਾਫ਼ ਬਾਬਰੀ ਮਸਜਿਦ ਢਾਹੁਣ ਵਾਲੇ ਚਰਚਿਤ ਕੇਸ ਦਾ ਕਾਨੂੰਨੀ ਅਮਲ ਅਜੇ ਸਿਰੇ ਚੜ੍ਹਨਾ ਬਾਕੀ ਹੈ।
ਬਾਬਰੀ ਮਸਜਿਦ ਢਾਹੁਣ ਵਾਲੇ ਕੇਸ ਵਿਚ ਅਸਲ ਅਪਰਾਧ ਨੂੰ ਲਾਂਭੇ ਹੀ ਕਰ ਦਿੱਤਾ ਗਿਆ ਹੈ, ਇਥੋਂ ਤੱਕ ਕਿ ਇਸ ਨੂੰ ‘ਸਿਆਸੀ ਕੋਤਾਹੀ’ ਦੱਸ ਕੇ ਪੱਲਾ ਝਾੜਿਆ ਜਾ ਰਿਹਾ ਹੈ ,ਪਰ ਯਾਕੂਬ ਦੇ ਅਪਰਾਧ ਨੂੰ ਵਿਅਕਤੀਗਤ ਅਪਰਾਧ ਆਖ ਕੇ ਨਿਖੇੜ ਲਿਆ ਗਿਆ ਅਤੇ ਉਸ ਨੂੰ ਸਜ਼ਾ ਦੇ ਦਿੱਤੀ ਗਈ। ਉਸ ਦੇ ਵਿਰੋਧੀ ਅਡਵਾਨੀ ਨੂੰ ਬਲੈਕ ਕੈਟ ਕਮਾਂਡੋਜ਼ ਦੀ ਸੁਰੱਖਿਆ ਮਿਲੀ ਹੋਈ ਹੈ। ਇਹ ਕਮਾਂਡੋਜ਼ ਭਾਰਤੀ ਸਟੇਟ ਦੀ ਸਰਦਾਰੀ ਦੇ ਹੀ ਚਿੰਨ੍ਹ ਹਨ। ਯਾਕੂਬ ਨੂੰ ਫਾਹੇ ਲਾਉਣ ‘ਚ ਅਣਐਲਾਨੀ, ਪਰ ਬੜੀ ਪ੍ਰਤੱਖ ਸਮਝ ਝਲਕਾਂ ਮਾਰ ਰਹੀ ਹੈ। ਨਾਗਪੁਰ ਸੈਂਟਰਲ ਜੇਲ੍ਹ ਵਿਚ ਮੌਤ ਦੀ ਇਸ ਵਹਿਸ਼ੀਆਨਾ ਰਸਮ ਨਾਲ, ਕਦੀ ਵੀ ਵੱਖ ਨਾ ਕੀਤਾ ਜਾਣ ਵਾਲਾ ਇਤਿਹਾਸ ਰਲਗੱਡ ਕਰ ਦਿੱਤਾ ਗਿਆ ਹੈ। ਯਾਕੂਬ ਸਾਨੂੰ ਮੁਕਤੀ ਦਾ ਮੌਕਾ ਦੇ ਰਿਹਾ ਸੀ, ਅਸੀਂ ਸਵੀਕਾਰ ਨਹੀਂ ਕੀਤਾ; ਸਗੋਂ ਅਸੀਂ ਬਦਲੇ ਅਤੇ ਵੈਰ ਦੀ ਜ਼ਿੱਦ ਹੇਠ, ਪ੍ਰਸੰਨਚਿੱਤ ਹਾਂ।
ਉਜਵਲ ਨਿਕਮ ਮਾਰਕਾ ਵੱਧ ਤੋਂ ਵੱਧ ਸਜ਼ਾ ਵਾਲੀ ਸੋਚ ਨੇ ਸਾਡੇ ਨਾਮੁਕੰਮਲ ਉਦਾਰਵਾਦ ਨੂੰ ਪਛਾੜ ਦਿੱਤਾ ਹੈ। ਨਾਗਪੁਰ ਵਿਚ ਅਸੀਂ ਸਭ ਤੋਂ ਮੁਸ਼ਕਿਲ ਘੁੰਢੀ ਸੁਲਝਾਉਣ ਦਾ ਮੌਕਾ ਗੁਆ ਲਿਆ ਹੈ ਜਿਹੜਾ ਬਹੁਗਿਣਤੀ ਅਤੇ ਘੱਟ ਗਿਣਤੀਆਂ ਵਿਚਕਾਰ ਸਹਿਹੋਂਦ ਦੇ ਇਕਰਾਰਾਂ ਨਾਲ ਸਬੰਧਤ ਸੀ। ਇਹ ਘੁੰਢੀ ਸਾਡੇ ਰਾਜ ਪ੍ਰਬੰਧ ਦੀ ਅਰੋਗਤਾ ਅਤੇ ਭਾਰਤੀ ਸਟੇਟ ਦੀ ਕਾਰਗਰੀ ਲਈ ਕੱਲ੍ਹ ਵੀ ਅਹਿਮ ਸੀ, ਅੱਜ ਵੀ ਹੈ ਅਤੇ ਕੱਲ੍ਹ ਵੀ ਰਹੇਗੀ। ਰਾਮੇਸ਼ਵਰਮ ਵਿਚ ਫ਼ੌਜੀ ਸਲਾਮੀਆਂ ਤੇ ਰੀਤਾਂ, ਨਾਗਪੁਰ ਵਿਚ ਦਰਸਾਈ ਰੱਤ ਦੀ ਤ੍ਰੇਹ ਤੋਂ ਉਪਜੇ ਪਾੜੇ ਨੂੰ ਪੂਰ ਨਹੀਂ ਸਕਣਗੀਆਂ। ਜੋ ਕੁਝ ਵਾਪਰਿਆ ਹੈ, ਉਸ ਤੋਂ ਜਿੱਥੇ ਇੱਕ ਮੁਲਕ ਦੇ ਤੌਰ ‘ਤੇ ਸਾਨੂੰ ਜ਼ਰੂਰ ਹੀਣੇ ਮਹਿਸੂਸ ਕਰਨਾ ਚਾਹੀਦਾ ਹੈ, ਉੱਥੇ ਇੱਕ ਸਟੇਟ ਦੇ ਤੌਰ ‘ਤੇ ਅਸੀਂ ਆਪਣੇ ਅਕਸ ਨੂੰ ਜੋ ਖ਼ੁਦ-ਬਖ਼ੁਦ ਸੱਟ ਮਾਰੀ ਹੈ, ਉਸ ਤੋਂ ਸਾਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ।