ਹਰਜੀਤ ਬੇਦੀ
ਫੋਨ: 647-924-9087
ਜਦ ਕੋਈ ਗੱਲ ਦਿਲ ਨੂੰ ਖਲਦੀ ਹੈ।
ਤਾਂ ਸੀਨੇ ਵਿਚ ਅੱਗ ਬਲਦੀ ਹੈ।
ਸ਼ਹੀਦ ਊਧਮ ਸਿੰਘ ਸਿਰਫ ਮਾਈਕਲ ਓਡਵਾਇਰ ਨੂੰ ਮਾਰ ਕੇ ਬਦਲਾ ਲੈਣ ਵਾਲਾ ਸੂਰਮਾ ਹੀ ਨਹੀਂ ਸੀ ਸਗੋਂ ਉਹ ਵਿਚਾਰਧਾਰਕ ਤੌਰ ‘ਤੇ ਪਰਪੱਕ ਇਨਕਲਾਬੀ ਯੋਧਾ ਸੀ ਜੋ ਬ੍ਰਿਟਿਸ਼ ਸਾਮਰਾਜ ਦੇ ਖਿਲਾਫ ਸੀ ਤੇ ਭਾਰਤ ਦੇ ਲੋਕਾਂ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣਾ ਚਾਹੁੰਦਾ ਸੀ। ਉਹ ਆਪਣੇ ਪਿਆਰੇ ਮੁਲਕ ਨੂੰ ਅੰਗਰੇਜ਼ੀ ਸਾਮਰਾਜ ਤੋਂ ਮੁਕਤ ਕਰਾ ਕੇ ਇੱਕ ਆਜ਼ਾਦ, ਜਮਹੂਰੀ, ਸਮਾਜਿਕ ਬਰਾਬਰੀ ਵਾਲੇ ਅਤੇ ਇਨਸਾਫਪਸੰਦ ਦੇਸ਼ ਦੇ ਤੌਰ ‘ਤੇ ਦੇਖਣਾ ਲੋਚਦਾ ਸੀ।
ਊਧਮ ਸਿੰਘ 1920 ਵਿਚ ਅਮਰੀਕਾ ਚਲਿਆ ਗਿਆ ਜਿੱਥੇ ਉਹ ਗਦਰ ਪਾਰਟੀ ਦੇ ਸੰਪਰਕ ਵਿਚ ਆਇਆ। ਉਸ ਨੇ ਗਦਰ ਪਾਰਟੀ ਵਲੋਂ ਛਾਪਿਆ ਸਾਹਿਤ ਪੜ੍ਹਿਆ ਤੇ ਆਜ਼ਾਦੀ ਦੀ ਤੜਪ ਅਤੇ ਸਾਮਰਾਜ ਵਿਰੁਧ ਉਸ ਦਾ ਗੁੱਸਾ ਭਾਂਬੜ ਬਣ ਗਿਆ। ਗਦਰ ਪਾਰਟੀ ਜਿਹੜੀ ਕਿ ਹਥਿਆਰਬੰਦ ਇਨਕਲਾਬ ਰਾਹੀਂ ਭਾਰਤ ਨੂੰ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਵਾ ਕੇ ਕੌਮੀ ਜਮਹੂਰੀਅਤ ਕਾਇਮ ਕਰਨਾ ਚਾਹੁੰਦੀ ਸੀ, ਦੇ ਕਾਰਕੁੰਨ ਦੇ ਤੌਰ ‘ਤੇ ਕੰਮ ਕਰਦਾ ਰਿਹਾ।
ਜੁਲਾਈ 1927 ਦੇ ਅੰਤ ਵਿਚ ਊਧਮ ਸਿੰਘ ਭਾਰਤ ਮੁੜ ਆਇਆ। ਕਰਾਚੀ ਵਿਚ ਉਸ ਕੋਲੋਂ ਗਦਰ ਸਾਹਿਤ ਫੜ੍ਹੇ ਜਾਣ ‘ਤੇ ਉਸ ਨੂੰ ਜੁਰਮਾਨਾ ਹੋਇਆ। ਉਸ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਣ ਲੱਗੀ। 30 ਅਗਸਤ 1927 ਨੂੰ ਅੰਮ੍ਰਿਤਸਰ ਵਿਚ ਊਧਮ ਸਿੰਘ ਨੂੰ ਫੜ ਲਿਆ ਗਿਆ ਤੇ ਉਸ ਤੋਂ ਅਸਲਾ ਅਤੇ ਗਦਰ ਲਹਿਰ ਸਬੰਧੀ ਸਾਹਿਤ ਬਰਾਮਦ ਹੋਇਆ। ਉਸ ‘ਤੇ ਅਸਲਾ ਕਾਨੂੰਨ ਅਧੀਨ ਮੁਕੱਦਮਾ ਚਲਾ ਕੇ ਪੰਜ ਸਾਲ ਦੀ ਸਖਤ ਸਜਾ ਦਿੱਤੀ ਗਈ। ਇਸ ਕੇਸ ਦੌਰਾਨ ਉਸ ਨੇ ਬਿਆਨ ਦਿਤਾ ਕਿ ਪਿਸਤੌਲ ਉਸ ਨੇ ਗੋਰਿਆਂ ਨੂੰ ਮਾਰਨ ਲਈ ਰੱਖਿਆ ਸੀ ਜਿਹੜੇ ਸਾਡੇ ‘ਤੇ ਰਾਜ ਕਰਦੇ ਹਨ ਕਿਉਂਕਿ ਉਸ ਦਾ ਉਦੇਸ਼ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ ਹੈ।
ਉਸ ਲਈ ਆਜ਼ਾਦੀ ਤੇ ਗੁਲਾਮੀ ਦੇ ਕੀ ਅਰਥ ਸਨ? ਇਸ ਗੱਲ ਦਾ ਪਤਾ ਉਸ ਦੇ ਵਿਚਾਰਾਂ ਤੋਂ ਲਗਦਾ ਹੈ। ਉਸ ਦੇ ਵਿਚਾਰ ਮੁਤਾਬਕ, “ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਵਿਰੁਧ ਇਨਕਲਾਬ ਲਿਆਉਣਾ ਮਨੁੱਖ ਦਾ ਧਰਮ ਹੈ। ਇਹ ਮਨੁਖ ਦੀ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ, ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਅਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ ਅਤੇ ਅਸੀਂ ਪ੍ਰਾਪਤ ਕਰਕੇ ਹੀ ਰਹਾਂਗੇ। ਅਸੀਂ ਇਨਕਲਾਬ ਲਈ ਆਪਣੀਆਂ ਜਵਾਨੀਆਂ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ। ਇਸ ਮਹਾਨ ਆਦਰਸ਼ ਦੀ ਭੇਟ ਆਪਣੀ ਜਵਾਨੀ ਤੋਂ ਬਿਨਾਂ ਹੋਰ ਹੋ ਵੀ ਕੀ ਸਕਦਾ ਹੈ।”
ਉਸ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਬੰਬਈ ਵਿਖੇ ਮਜਦੂਰ ਜਥੇਬੰਦੀਆਂ ਵਿਚ ਕੰਮ ਕੀਤਾ ਤੇ ਉਥੋਂ ਅਦਨ ਹੁੰਦਾ ਹੋਇਆ ਲੰਡਨ ਦੀ ਬੰਦਰਗਾਹ ਟਿਲਬਰੀ ਜਾ ਪਹੁੰਚਿਆ। ਉਹ ਯੂਰਪ ਦੇ ਕਈ ਮੁਲਕਾਂ ਵਿਚ ਘੁੰਮਿਆ। ਉਸ ਦੀ ਮੁਲਾਕਾਤ ਬਾਬ ਕੋਨੈਲੋ ਨਾਲ ਹੋਈ ਜਿਸ ਨੇ ਉਸ ਨੂੰ ਡਬਲਿਨ ਦੀਆਂ ਉਹ ਕੰਧਾਂ ਦਿਖਾਈਆ ਜਿਨ੍ਹਾਂ ਵਿਚ ਗੋਲੀਆਂ ਦੇ ਨਿਸ਼ਾਨ ਸਨ। ਉਸ ਨੂੰ ਇਹ ਦੇਖ ਕੇ ‘ਈਸਟਰ ਕਤਲੇਆਮ’ ਅਤੇ ‘ਜਲ੍ਹਿਆਂ ਵਾਲਾ ਬਾਗ’ ਦੀਆਂ ਘਟਨਾਵਾਂ ਇੱਕੋ ਜਿਹੀਆਂ ਪ੍ਰਤੀਤ ਹੋਈਆਂ ਜਿੱਥੇ ਮਨੁੱਖਤਾ ਦਾ ਘਾਣ ਹੋਇਆ ਸੀ।
ਊਧਮ ਸਿੰਘ ਨੂੰ ਪਤਾ ਲੱਗਾ ਕਿ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿਚ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿਚ ਮਾਈਕਲ ਓਡਵਾਇਰ ਅਤੇ ਭਾਰਤ ਵਿਚ ਰਹਿ ਚੁੱਕੇ ਹੋਰ ਅਫਸਰਾਂ ਨੇ ਆਉਣਾ ਹੈ। ਉਹ ਅਜਿਹੇ ਮੌਕੇ ਦੀ ਤਾਕ ਵਿਚ ਹੀ ਸੀ ਤੇ ਭੇਸ ਵਟਾ ਕੇ ਰਿਵਾਲਵਰ ਲਿਜਾਣ ਵਿਚ ਸਫਲ ਹੋ ਗਿਆ। ਜਿਉਂ ਹੀ ਮਾਈਕਲ ਓਡਵਾਇਰ ਮੀਟਿੰਗ ਨੂੰ ਸੰਬੋਧਨ ਕਰਨ ਲੱਗਾ, ਉਸ ਨੇ ਉਸ ਅਤੇ ਹੋਰ ਅੰਗਰੇਜ਼ ਅਫਸਰਾਂ ‘ਤੇ ਗੋਲੀਆਂ ਚਲਾਈਆਂ ਜਿਸ ਨਾਲ ਓਡਵਾਇਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਲਾਰਡ ਲੈਮਿੰਗਟਨ ਦੇ ਸੱਜੇ ਹੱਥ, ਜੈਟਲੈਂਡ ਦੇ ਸਰੀਰ ਦੇ ਖੱਬੇ ਪਾਸੇ ਅਤੇ ਲੁਈਸ ਡੇਨ ਦੀ ਸੱਜੀ ਬਾਂਹ ‘ਤੇ ਜਖ਼ਮ ਆਏ। ਇਹ ਸਾਰੇ ਭਾਰਤ ਦੀ ਆਜ਼ਾਦੀ ਦੇ ਕੱਟੜ ਵਿਰੋਧੀ ਅਤੇ ਜ਼ਾਲਮ ਅਧਿਕਾਰੀ ਸਨ। ਜਦ ਊਧਮ ਸਿੰਘ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੇ ਪੁਛਿਆ ਕਿ ਜੈਟਲੈਂਡ ਮਰ ਗਿਆ, ਉਸ ਨੂੰ ਵੀ ਮਰਨਾ ਚਾਹੀਦਾ ਸੀ।
ਮਾਈਕਲ ਓਡਵਾਇਰ ਦਾ ਕਤਲ ਕਰਨ ਪਿੱਛੋਂ ਆਪਣੇ ਜੁਰਮ ਦਾ ਇਕਬਾਲ ਕਰਨਾ ਉਸ ਦੀ ਬਹਾਦਰੀ ਦੀ ਨਿਸ਼ਾਨੀ ਹੈ। ਗ੍ਰਿਫਤਾਰੀ ਸਮੇਂ ਊਧਮ ਸਿੰਘ ਕਹਿ ਰਿਹਾ ਸੀ ਕਿ ਉਸ ਨੇ ਦੇਸ਼ ਪ੍ਰਤੀ ਆਪਣਾ ਫਰਜ ਨਿਭਾਇਆ ਹੈ। ਉਹ ਮੌਤ ਤੋਂ ਬਿਲਕੁਲ ਨਹੀਂ ਡਰਦਾ। ਉਸ ਦੇ ਬਿਆਨ ਮੁਤਾਬਕ “ਮੈਂ ਮੌਤ ਦੀ ਸਜਾ ਤੋਂ ਡਰਦਾ ਨਹੀਂ। ਰੱਤੀ ਭਰ ਵੀ ਨਹੀਂ। ਮੈਨੂੰ ਮਰ ਜਾਣ ਦੀ ਕੋਈ ਪਰਵਾਹ ਨਹੀਂ। ਮੈਨੂੰ ਭੋਰਾ ਵੀ ਫਿਕਰ ਨਹੀਂ ਹੈ। ਮੈਂ ਕਿਸੇ ਮਕਸਦ ਲਈ ਮਰ ਰਿਹਾ ਹਾਂ।” ਇਸੇ ਤਰ੍ਹਾਂ ਉਹ ਬਿਆਨ ਦਿੰਦਾ ਹੈ, “ਤੁਸੀਂ ਕਹਿੰਦੇ ਹੋ ਹਿੰਦੁਸਤਾਨ ਵਿਚ ਸ਼ਾਂਤੀ ਨਹੀਂ ਹੈ। ਤੁਸੀਂ ਤਾਂ ਸਾਡੇ ਪੱਲੇ ਸਿਰਫ ਗੁਲਾਮੀ ਹੀ ਪਾਈ ਹੈ। ਤੁਹਾਡੀ ਪੁਸ਼ਤਾਂ ਦੀ ਸਭਿਅਤਾ ਨੇ ਸਾਨੂੰ ਤਾਂ ਭ੍ਰਿਸ਼ਟਾਚਾਰ ਤੇ ਗੁਰਬਤ ਹੀ ਦਿੱਤੀ ਹੈ ਜੋ ਇਨਸਾਨੀਅਤ ਵਿਚ ਕਿਧਰੇ ਹੋਰ ਨਹੀਂ ਆਈ।”
ਉਸ ਦੀ ਲੜਾਈ ਕਿਸੇ ਧਰਮ, ਫਿਰਕੇ ਜਾਂ ਦੇਸ਼ ਦੇ ਲੋਕਾਂ ਨਾਲ ਨਹੀਂ ਸੀ ਸਗੋਂ ਸਾਮਰਾਜ ਨਾਲ ਸੀ। ਇਸ ਬਾਰੇ ਉਸ ਦਾ ਬਿਆਨ ਸੀ, “ਜਿੱਥੇ ਕਿਤੇ ਵੀ ਤੁਹਾਡੀ ਅਖੌਤੀ ਜਮਹੂਰੀਅਤ ਦਾ ਝੰਡਾ ਹੈ, ਉਥੇ ਤੁਹਾਡੀਆਂ ਮਸ਼ੀਨ ਗੰਨਾਂ ਹਜ਼ਰਾਂ ਨਿਹੱਥੇ ਔਰਤਾਂ ਤੇ ਬੱਚਿਆਂ ਦੇ ਸੱਥਰ ਵਿਛਾਉਂਦੀਆਂ ਹਨ। ਇਹ ਨੇ ਤੁਹਾਡੇ ਕੁਕਰਮ। ਮੈਂ ਅੰਗਰੇਜ਼ ਸਾਮਰਾਜ ਦੀ ਗੱਲ ਕਰ ਰਿਹਾਂ ਹਾਂ। ਮੇਰੀ ਅੰਗਰੇਜ਼ ਲੋਕਾਈ ਨਾਲ ਕੋਈ ਦੁਸ਼ਮਣੀ ਨਹੀਂ ਹੈ। ਸਗੋਂ ਹਿੰਦੀਆਂ ਨਾਲੋਂ ਗੋਰੇ ਮੇਰੇ ਵਧੇਰੇ ਦੋਸਤ ਹਨ ਅਤੇ ਗੋਰੇ ਮਜਦੂਰਾਂ ਨਾਲ ਮੇਰੀ ਵਧੇਰੇ ਹਮਦਰਦੀ ਹੈ। ਮੈਂ ਤਾਂ ਸਿਰਫ ਅੰਗਰੇਜ਼ੀ ਸਾਮਰਾਜ ਦੇ ਖਿਲਾਫ ਹਾਂ।”
ਫਾਂਸੀ ਦੀ ਸਜ਼ਾ ਸੁਣਾਏ ਜਾਣ ਮਗਰੋਂ ਊਧਮ ਸਿੰਘ ਦੇ ਦੋਸਤਾਂ-ਮਿੱਤਰਾਂ, ਕਿਰਤੀ ਹਿੰਦੁਸਤਾਨੀਆਂ, ਬਾਬ ਕੋਨੈਲੋ ਤੇ ਉਸ ਦੇ ਨਾਲ ਦੇ ਆਇਰਸ਼ ਮਜਦੂਰਾਂ ਨੇ ਉਸ ਨੂੰ ਦੱਸੇ ਬਿਨਾਂ ਹੀ ਪੌਂਡ ਇਕੱਠੇ ਕਰਕੇ ਕ੍ਰਿਸ਼ਨਾ ਮੈਨਨ ਰਾਹੀਂ ਜੋਹਨ ਹਚਨਸਨ ਵਕੀਲ ਕੀਤਾ। ਪਤਾ ਲੱਗਣ ‘ਤੇ ਊਧਮ ਸਿੰਘ ਨੇ ਆਪਣੇ ਮਿੱਤਰ ਜੌਹਲ ਨੂੰ ਅਪੀਲ ਨਾ ਕਰਨ ਲਈ ਲਿਖਿਆ, “ਮੈਂ ਨਹੀਂ ਜਾਣਦਾ ਉਹ ਲੋਕ ਕੌਣ ਹਨ ਜੋ ਪੌਂਡ ਇਕੱਠੇ ਕਰਕੇ ਅਪੀਲ ਕਰ ਰਹੇ ਹਨ। ਜੋ ਪੌਂਡ ਇਕੱਠੇ ਕੀਤੇ ਨੇ ਉਹ ਲੋਕਾਂ ਨੂੰ ਵਿੱਦਿਆ ਦੇਣ ਤੇ ਖਰਚੋ।” ਇਸ ਤਰ੍ਹਾਂ ਊਹ ਆਪਣੇ ਨਾਲੋਂ ਆਪਣੇ ਦੇਸ਼ ਅਤੇ ਉਸ ਤੋਂ ਵੀ ਵੱਧ ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ ਤੇ ਚਾਹੁੰਦਾ ਸੀ ਕਿ ਉਨ੍ਹਾਂ ਵਿਚ ਚੇਤਨਾ ਆਵੇ।
ਜੱਜ ਵਲੋਂ ਓਡਵਾਇਰ ਦੇ ਕਤਲ ਦਾ ਕਾਰਨ ਪੁਛੇ ਜਾਣ ‘ਤੇ ਉਸ ਨੇ ਜਵਾਬ ਦਿੱਤਾ ਕਿ ਉਹ ਸਾਡੇ ਦੇਸ਼ ਦਾ ਪੁਰਾਣਾ ਦੁਸ਼ਮਣ ਸੀ ਤੇ ਇਸ ਸਜ਼ਾ ਦਾ ਹੱਕਦਾਰ ਸੀ। ਜੱਜ ਨੇ ਇਸ ਪਿੱਛੋਂ ਉਸ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ। 31 ਜੁਲਾਈ 1940 ਨੂੰ ਊਧਮ ਸਿੰਘ ਫਾਂਸੀ ਦਾ ਰੱਸਾ ਚੁੰਮ ਕੇ ਮਦਨ ਲਾਲ ਢੀਂਗੜਾ, ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਦੀ ਕਤਾਰ ਵਿਚ ਜਾ ਖੜ੍ਹਾ ਹੋਇਆ।
ਬਹੁਤ ਸਾਰੇ ਭਾਰਤੀ ਲੋਕਾਂ ਨੇ ਊਧਮ ਸਿੰਘ ਦੀ ਇਸ ਲਈ ਸ਼ਲਾਘਾ ਕੀਤੀ ਤੇ ਕਿਹਾ ਕਿ ਅੰਗਰੇਜ਼ੀ ਹਕੂਮਤ ਦੇ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਲਈ ਇਹ ਇੱਕ ਅਹਿਮ ਕਦਮ ਸੀ।
ਦੂਜੇ ਪਾਸੇ ਗਾਂਧੀ ਨੇ ਇਸ ਦੀ ਨਿੰਦਿਆ ਕਰਦਿਆਂ ਕਿਹਾ, “ਇਸ ਹਿੰਸਾਤਮਕ ਕਾਰਵਾਈ ਨੇ ਮੈਨੂੰ ਬੇਹਦ ਦੁੱਖ ਪਹੁੰਚਾਇਆ ਹੈ ਅਤੇ ਮੈਂ ਇਸ ਨੂੰ ਇੱਕ ਮੂਰਖਤਾ ਭਰਿਆ ਕਦਮ ਸਮਝਦਾ ਹਾਂ।” ਟਾਈਮਜ਼ ਆਫ ਲੰਡਨ ਨੇ ਊਧਮ ਸਿੰਘ ਨੂੰ ਆਜ਼ਾਦੀ ਘੁਲਾਟੀਆ ਦਸਦੇ ਹੋਏ ਕਿਹਾ ਕਿ ਇਹ ਹਿੰਦੁਸਤਾਨ ਦੇ ਦੱਬੇ ਕੁਚਲੇ ਲੋਕਾਂ ਦੇ ਭਿਅੰਕਰ ਗੁੱਸੇ ਦਾ ਪ੍ਰਗਟਾਵਾ ਹੈ।
ਨਹਿਰੂ ਨੇ ਨੈਸ਼ਨਲ ਹੈਰਾਲਡ ਵਿਚ ਲਿਖਿਆ ਕਿ ਇਹ ਹੱਤਿਆ ਅਫਸੋਸ ਪ੍ਰਗਟ ਕਰਨ ਯੋਗ ਹੈ ਤੇ ਇਹ ਭਾਰਤੀ ਸਿਆਸਤ ਉਤੇ ਮੋੜਵੇਂ ਰੂਪ ਵਿਚ ਅਸਰ ਪਾਵੇਗੀ। ਉਸੇ ਨਹਿਰੂ ਨੇ ਆਜ਼ਾਦੀ ਤੋਂ ਬਾਦ ਆਪਣੇ ਲਿਖਤੀ ਬਿਆਨ ਵਿਚ ਉਸ ਦੀ ਪ੍ਰਸੰਸਾ ਕਰਦਿਆਂ ਕਿਹਾ ਸੀ, “ਮੈਂ ਊਧਮ ਸਿੰਘ ਨੂੰ ਆਦਰ ਪੂਰਬਕ ਪ੍ਰਣਾਮ ਕਰਦਾ ਹਾਂ ਜਿਸ ਨੇ ਸਾਡੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ।”
ਅੱਜ ਜਦੋਂ ਅਸੀਂ ਸੰਸਾਰ ਪੱਧਰ ‘ਤੇ ਨਜ਼ਰ ਮਾਰਦੇ ਹਾਂ ਤਾਂ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਨਜ਼ਰ ਆਉਂਦਾ ਹੈ। ਡਾਇਰ ਤੇ ਓਡਵਾਇਰ ਦੇ ਵਾਰਿਸ ਥਾਂ ਥਾਂ ਕਤਲੇਆਮ ਕਰ ਰਹੇ ਹਨ ਤੇ ਉਨ੍ਹਾਂ ਦੀ ਚਾਪਲੂਸੀ ਕਰਨ ਵਾਲੇ ਅਰੂੜ ਸਿੰਘ ਦੇ ਵਾਰਸਾਂ ਦੀ ਵੀ ਕੋਈ ਕਮੀ ਨਹੀਂ। ਪਰ ਊਧਮ ਸਿੰਘ ਦੇ ਵਾਰਸ ਵੀ ਜਿਉਂਦੇ ਹਨ ਜੋ ਮਨੁੱਖੀ ਹੱਕਾਂ, ਆਜ਼ਾਦੀ ਅਤੇ ਇਨਸਾਨੀਅਤ ਦੀ ਰਾਖੀ ਲਈ ਘੋਲ ਕਰ ਰਹੇ ਹਨ ਤੇ ਆਪਣੀਆਂ ਜਾਨਾਂ ਵਾਰ ਰਹੇ ਹਨ। ਪਰ ਆਖਰ ਨੂੰ ਜਿੱਤ ਤਾਂ ਸੱਚ ਦੀ ਹੀ ਹੋਣੀ ਹੈ, ਮਨੁੱਖਤਾ ਦੀ ਹੀ ਹੋਣੀ ਹੈ।